ਮੈਲਬੋਰਨ ਵਿੱਚ 550 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਬਣੇਗਾ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੀਆਂ ਖੋਜਾਂ ਵਾਲਾ ਅਦਾਰਾ

(ਦ ਏਜ ਮੁਤਾਬਿਕ) ਮੈਲਬੋਰਨ ਦੇ ਪਾਰਕਵਿਲੇ ਵਿਖੇ 550 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਇੱਕ ਅਜਿਹਾ ਅਦਾਰਾ ਬਣਨ ਜਾ ਰਿਹਾ ਹੈ ਜਿੱਥੇ ਕਿ ਹਰ ਤਰ੍ਹਾਂ ਦੀਆਂ ਇਨਫੈਕਸ਼ਨ ਕਰਨ ਵਾਲੀਆਂ ਬਿਮਾਰੀਆਂ ਦੇ ਵਿਸ਼ਾਣੂਆਂ ਸਬੰਧੀ ਖੋਜਾਂ ਕੀਤੀਆਂ ਜਾਣਗੀਆਂ। ਸਰਕਾਰ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ, ਕੋਵਿਡ-19 ਦੀ ਮਾਰ ਹੇਠ ਪੂਰਾ ਸਾਲ ਲੰਘਾਉਣ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਜਨਤਕ ਸਿਹਤ ਸਭ ਤੋਂ ਜ਼ਰੂਰੀ ਹੈ ਅਤੇ ਇਸ ਵਾਸਤੇ ਨਿਤ ਨਵੀਆਂ ਖੋਜਾਂ ਕਰਦੇ ਰਹਿਣ ਵਾਸਤੇ ਉਕਤ ਅਦਾਰਿਆਂ ਦੀ ਭਰਪੂਰ ਜ਼ਰੂਰਤ ਹੈ ਅਤੇ ਇਸੇ ਕਮੀ ਨੂੰ ਦੇਖਦਿਆਂ ਹੋਇਆਂ ਉਕਤ ਕਦਮ ਚੁਕੇ ਜਾ ਰਹੇ ਹਨ। ਰਾਇਲ ਮੈਲਬੋਰਨ ਹਸਪਤਾਲ ਤਹਿਤ ਨਵਾਂ ਬਣਨ ਵਾਲਾ ਇਹ ਅਦਾਰਾ ਬਰਨੈਟ ਇੰਸਟੀਚਿਊਟ ਦਾ ਹਿੱਸਾ ਹੋਵੇਗਾ ਅਤੇ ਡੋਹਰਟੀ ਇੰਸਟੀਚਿਊਟ ਦੇ ਨਾਲ ਹੀ ਸਥਾਪਿਤ ਕੀਤਾ ਜਾਵੇਗਾ। ਇਸ ਨਾਲ, ਵਾਲਟਰ ਅਤੇ ਐਲਿਜ਼ਾ ਹਾਲ ਇੰਸਟੀਚਿਊਟ ਫਾਰ ਮੈਡੀਕਸਲ ਰਿਸਰਚ, ਮਰਡੋਕ ਚਿਲਡਰਨਜ਼ ਰਿਸਰਚ ਇੰਸਟੀਚਿਊਟ, ਡੋਹਰਟੀ ਇੰਸਟੀਚਿਊਟ ਐਂਡ ਵੀ ਯੂਨੀ. ਆਫ ਮੈਲਬੋਰਨ, ਅਤੇ ਸੰਸਾਰ ਪ੍ਰਸਿੱਧ ਬਾਇਓਟੈਕਨਾਲੋਜੀ ਕੰਪਨੀ ਸੀ.ਐਸ.ਐਲ. ਆਦਿ ਦੇ ਵਿਗਿਆਨੀ ਅਤੇ ਖੋਜੀ ਦਸਤੇ ਇੱਥੇ ਇੱਕ ਛੱਤ ਦੇ ਹੇਠਾਂ ਹੀ ਆਪਸ ਵਿੱਚ ਪੂਰਨ ਤਾਲਮੇਲ ਬਣਾ ਕੇ ਕੰਮ ਕਰ ਸਕਣਗੇ। ਰਾਇਲ ਮੈਲਬੋਰਨ ਹਸਪਤਾਲ ਦੀ ਉਕਤ ਨਵੀਂ ਸਹੂਲਤ ਭਵਿੱਖ ਵਿਚਲੇ ਕਲਿਨਿਕਲ ਟ੍ਰਾਇਲਾਂ ਅਤੇ ਨਵੇਂ ਤਰੀਕਿਆਂ ਦੇ ਇਲਾਜਾਂ ਵਾਸਤੇ ਨਵੀਆਂ ਵੈਕਸੀਨਾਂ ਦੀ ਖੋਜ ਅਤੇ ਉਨ੍ਹਾਂ ਨੂੰ ਬਣਾਉਣ ਵਿੱਚ ਆਪਣਾ ਪੂਰਨ ਯੋਗਦਾਨ ਦੇਵੇਗੀ। ਇਸ ਪ੍ਰਾਜੈਕਟ ਵਿੱਚ ਰਾਜ ਸਰਕਾਰ ਵੀ 155 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਅਤੇ 2025 ਵਿੱਚ ਇਸੇ ਦੇ ਬਣ ਕੇ ਕੰਮ ਕਰਨ ਦੀ ਸੰਭਾਵਨਾ ਮਿੱਥੀ ਗਈ ਹੈ। ਇਸ ਪ੍ਰਾਜੈਕਟ ਨਾਲ 850 ਦੀ ਗਿਣਤੀ ਨੂੰ ਸਿੱਧੇ ਤੌਰ ਤੇ ਅਤੇ ਹਜ਼ਾਰਾਂ ਦੀ ਗਿਣਤੀ ਨੂੰ ਅਸਿੱਧੇ ਤੌਰ ਤੇ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ।

Install Punjabi Akhbar App

Install
×