ਆਸਟ੍ਰੇਲੀਆਈ ਲਿਬਰਲ ਪਾਰਟੀ ਵਲੋਂ ਮਾਪਿਆਂ ਦੇ ਵੀਜ਼ੇ ਦੀ ਮਿਆਦ ਪੰਜ ਸਾਲ ਕਰਨ ਦਾ ਐਲਾਨ

2 ਜੁਲਾਈ ਨੂੰ ਹੋਣ ਜਾ ਰਹੀਆਂ ਸੰਘੀ ਚੋਣਾਂ ਦੇ ਮੱਦੇਨਜ਼ਰ ਆਸਟ੍ਰੇਲੀਆਈ ਰਾਜਨੀਤਕ ਪਾਰਟੀਆਂ ਵਲੋਂ ਵੋਟਰਾਂ ਨੂੰ ਭਰਮਾਉਣ ਦੀ ਕਵਾਇਦ ਜਾਰੀ ਹੈ ।ਇਸ ਸਮੇਂ ਮਾਪਿਆਂ ਦੇ ਵੀਜ਼ੇ ਨੂੰ ਲੈ ਕੇ ਆਸਟ੍ਰੇਲੀਆਈ ਸਿਆਸਤ ਗਰਮਾਈ ਹੋਈ ਹੈ ਅਤੇ ਰਾਜਨੀਤਕ ਦਲਾਂ ਵਲੋਂ ਪ੍ਰਵਾਸੀ ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਦਾਅ-ਪੇਚ ਖੇਡੇ ਜਾ ਰਹੇ ਹਨ। ਬੀਤੇ ਕੱਲ ਆਸਟ੍ਰੇਲੀਆ ਦੀ ਮੁੱਖ ਹੁਕਮਰਾਨ ਧਿਰ ਨੇ ਐਲਾਨ ਕੀਤਾ ਹੈ ਕਿ ਲਿਬਰਲ ਪਾਰਟੀ ਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਉਣ ਤੇ ਮਾਪਿਆਂ ਦੀ ਵੀਜ਼ੇ ਦੀ ਮਿਆਦ ਵਧਾ ਕੇ ਪੰਜ਼ ਸਾਲ ਕਰ ਦਿੱਤੀ ਜਾਵੇਗੀ ਜੋ ਕਿ ਮੌਜੂਦਾ ਕਾਨੂੰਨ ਮੁਤਾਬਿਕ 12 ਮਹੀਨੇ ਹੈ।

ਇੰਮੀਗਰੇਸ਼ਨ ਮੰਤਰੀ ਨੇ ਦੱਸਿਆ ਕਿ ਭਾਰਤ,ਚੀਨ ਸਮੇਤ ਕਈ ਏਸ਼ੀਆਈ ਦੇਸ਼ਾਂ ਦੇ ਮੂਲ ਨਿਵਾਸੀ ਆਸਟ੍ਰੇਲੀਆ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਰਹਿ ਰਹੇ ਹਨ ਅਤੇ ਲਿਬਰਲ ਪਾਰਟੀ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਣ ਅਤੇ ਇਕੱਠਿਆਂ ਸਮਾਂ ਬਿਤਾਉਣ ਲਈ ਕਾਰਜ਼ਸ਼ੀਲ ਹੈ।ਉਹਨਾਂ ਕਿਹਾ ਕਿ ਅਰਜ਼ੀਕਰਤਾ ਨੂੰ ਆਪਣੇ ਮਾਪਿਆਂ ਲਈ ਪ੍ਰਾਈਵੇਟ ਸਿਹਤ ਬੀਮੇ ਦਾ ਇੰਤਜ਼ਾਮ ਅਤੇ ਪ੍ਰਸਤਾਵਿਤ ਰਾਸ਼ੀ ਜਮਾਂ ਕਰਵਾਉਣੀ ਪਵੇਗੀ।

ਜ਼ਿਕਰਯੋਗ ਹੈ ਕਿ ਪ੍ਰਵਾਸੀਆਂ ਦੇ ਪ੍ਰਭਾਵ ਨੂੰ ਕਬੂਲਦਿਆਂ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆਈ ਲੇਬਰ ਪਾਰਟੀ ਨੇ ਵੀ `ਮਾਪਿਆਂ` ਦੇ ਵੀਜ਼ੇ ਦੀ ਮਿਆਦ ਤਿੰਨ ਸਾਲ ਕਰਨ ਦਾ ਐਲਾਨ ਕੀਤਾ ਸੀ ਪਰ ਲਿਬਰਲ ਪਾਰਟੀ ਦੇ ਇਸ ਨਵੇਂ ਫੈਸਲੇ ਨਾਲ ਚੋਣਾਂ ਦਾ ਮਾਹੌਲ ਹੋਰ ਦਿਲਚਸਪ ਹੋ ਗਿਆ ਹੈ।ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨਾਲ ਕੀਤੇ `ਵਾਅਦੇ` ਕਿੰਨੇ ਕੁ ਵਫਾ ਹੁੰਦੇ ਹਨ ਇਹ ਤਾਂ 2 ਜੁਲਾਈ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਰਾਜਨੀਤਕ ਪਾਰਟੀਆਂ ਦੇ ਐਲਾਨਾਂ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਵਲੋਂ ਮਾਪਿਆਂ ਨੂੰ ਆਸਟ੍ਰੇਲੀਆ ਬੁਲਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ।

(ਮੈਲਬੌਰਨ,ਮਨਦੀਪ ਸਿੰਘ ਸੈਣੀ)

mandeepsaini@live.in