ਨਿਊਜ਼ੀਲੈਂਡ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਨੇ ਮੁੱਖ ਸੜਕ ‘ਤੇ ਲਗਵਾਏ ਬੋਰਡ ‘ਤੇ ਲਿਖਵਾਇਆ ‘ਜੀ ਆਇਆਂ ਨੂੰ’

NZ PIC 25 Feb-1ਨਿਊਜ਼ੀਲੈਂਡ ਦੇ ਵਿਚ ਬੈਠ ਕੇ ਜਦੋਂ ਕੈਨੇਡਾ ਤੇ ਯੂ.ਕੇ ਦੇ ਵਿਚ ਲਗਦੇ ਸਰਕਾਰੀ ਪੰਜਾਬੀ ਬੋਰਡਾਂ ਦੀਆਂ ਗੱਲਾਂ ਹੁੰਦੀਆਂ ਸਨ ਤਾਂ ਬਹੁਤ ਸਾਰੇ ਪੰਜਾਬੀ ਸੋਚਦੇ ਸਨ ਕਿ ਕਾਸ਼ ਨਿਊਜ਼ੀਲੈਂਡ ਵਸਦੇ ਪੰਜਾਬੀ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ। ਖੈਰ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪਾਉਂਦਿਆਂ ਇਥੇ ਇਕ ਬਿਹਤਰ ਮਲਟੀ ਕਾਰੋਬਾਰ ਚਲਾ ਰਹੇ ਅਟਵਾਲ ਪਰਿਵਾਰ ਦੇ ਸ. ਤੀਰਥ ਸਿੰਘ ਅਟਵਾਲ ਅਤੇ ਸ. ਗੁਰਦੀਪ ਸਿੰਘ ਅਟਵਾਲ ਨੇ ਆਕਲੈਂਡ ਕੌਂਸਿਲ ਦੇ ਕੋਲੋਂ ਇਕ ਅਜਿਹੇ ਬੋਰਡ ਦੀ ਆਗਿਆ ਲੈ ਲਈ ਜਿਸ ਦੇ ਵਿਚ ਸਭ ਤੋਂ ਉਪਰ ਲਿਖਿਆ ਹੈ ‘ਜੀ ਆਇਆਂ ਨੂੰ’। ਹੇਠਾਂ ਭਾਵੇਂ ਇੰਗਲਿਸ਼ ਦੇ ਵਿਚ ਦੁਕਾਨ ਦਾ ਨਾਂਅ ‘ਇੰਡੋ ਸਪਾਈਸ ਵਰਲ਼ਡ’ ਰੱਖਿਆ ਗਿਆ ਹੈ, ਪਰ ਹਰ ਲੰਘਣ ਵਾਲੇ ਦੀ ਨਿਗ੍ਹਾ ਜਦੋਂ ਉਪਰਲੀ ਲਾਈਨ ਉਤੇ ਪੈਂਦੀ ਹੈ ਤਾਂ ਪੰਜਾਬੀ ਭਾਸ਼ਾ ਦੀ ਹਾਜ਼ਰੀ ਆਪਣੇ-ਆਪ ਨਿਊਜ਼ੀਲੈਂਡ ਵਿਚ ਲੱਗੀ ਲੱਗਦੀ ਹੈ। ਜਦੋਂ ਕੋਈ ਇਸਦੇ ਅਰਥ ਦੂਜੇ ਲੋਕਾਂ ਨੂੰ ਦਸਦਾ ਹੈ ਤਾਂ ਉਹ ਵੀ ਖੁਸ਼ ਹੁੰਦੇ ਹਨ ਕਿ ‘ਵੈਲ ਕਮ’ ਕਹਿਣ ਦਾ ਇਹ ਤਰੀਕਾ ਵੀ ਵਧੀਆ ਹੈ। ਪੰਜਾਬੀ ਰਾਹਗੀਰਾਂ ਨੂੰ ਤਾਂ ਇਸਦੀ ਬੇਹੱਦ ਖੁਸ਼ੀ ਹੁੰਦੀ ਹੈ। ਇਸ ਸਬੰਧੀ ਸ. ਅਟਵਾਲ ਹੋਰਾਂ ਦੱਸਿਆ ਕਿ 1.2 ਮੀਟਰ ਲੰਬਾ ਅਤੇ 0.8 ਮੀਟਰ ਚੌੜਾ ਇਹ ਸਾਈਨ ਬੋਰਡ ਕੌਂਸਿਲ ਦੇ ਸਟ੍ਰੀਟ ਖੰਬੇ ਉਤੇ ਲਗਾਇਆ ਗਿਆ ਹੈ। ਇਸ ਦੇ ਅੰਦਰ ਬਿਜਲੀ ਦਾ ਪ੍ਰਬੰਧ ਵੀ ਕੌਂਸਿਲ ਕਰ ਰਹੀ ਹੈ ਅਤੇ ਰੱਖ-ਰਖਾਵ ਵੀ ਉਨ੍ਹਾਂ ਦਾ ਹੈ। ਜਦੋਂ ਸਟ੍ਰੀਟ ਲਾਈਟ ਰਾਤ ਨੂੰ ਜਗਣ ਲਗਦੀ ਹੈ ਤਾਂ ਇਹ ਬੋਰਡ ਵੀ ਆਪਣੇ ਆਪ ਜਗਣ ਲਗਦਾ ਹੈ। ਉਹ ਇਸ ਬੋਰਡ ਦਾ ਮਹੀਨਾਵਾਰ ਕਿਰਾਇਆ ਭਰਦੇ ਹਨ। ਇਸ ਬੋਰਡ ਦੀ ਆਗਿਆ ਲੈਣ ਵਾਸਤੇ ਉਨ੍ਹਾਂ ਨੂੰ ਕਾਫੀ ਸਮਾਂ ਲੱਗਿਆ ਸੀ ਅਤੇ ਪੰਜਾਬੀ ਭਾਸ਼ਾ ਦੇ ਵਿਚ ਲਿਖਾ ਕੇ ਮੁੱਖ ਸੜਕ ਗ੍ਰੇਟ ਸਾਊਥ ਰੋਡ ਉਤੇ ਲਾਉਣਾ ਵੀ ਉਨ੍ਹਾਂ ਲਈ ਇਕ ਚੁਣੌਤੀ ਸੀ। ਸੜਕਾਂ ਦਾ ਨਾਂਅ ਦੱਸਣ ਵਾਲੇ ਸਰਕਾਰੀ ਬੋਰਡਾਂ ਦੇ ਸਿਰ ਉਤੇ ਟਿਕਿਆ ਇਹ ਵੱਡ ਅਕਾਰੀ ਬੋਰਡ ਦੂਰੋਂ ਹੀ ਹਰ ਇਕ ਦੀ ਨਜ਼ਰ ਪੈ ਜਾਂਦਾ ਹੈ। ਨਿਊਜ਼ੀਲੈਂਡ ਵਸਦਾ ਪੰਜਾਬੀ ਭਾਈਚਾਰਾ ਹੁਣ ਇਸ ਗੱਲ ਦੀ ਉਡੀਕ ਵਿਚ ਹੈ ਕਿ ਕਦੋਂ ਕੈਨੇਡਾ ਅਤੇ ਯੂ.ਕੇ. ਦੀ ਤਰਜ਼ ਉਤੇ ਇਥੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਦੇ ਵਿਚ ਵੀ ਬੋਰਡ ਲਗਾਉਣ ਦੀ ਪਿਰਤ ਸ਼ੁਰੂ ਹੋਵੇ।