ਸਿੱਖ ਕੌਂਮ ਲਈ ਰਾਸ਼ਟਰੀ ਸਨਮਾਨਾਂ ਤੋਂ ਵੱਡੇ “ਪੰਥ ਰਤਨ” ਅਤੇ “ਫਖ਼ਰ ਏ ਕੌਮ” ਵਰਗੇ ਮਹੱਤਵਪੂਰਨ ਪੁਰਸਕਾਰਾਂ ਦਾ ਹੋ ਰਿਹਾ ਅਪਮਾਨ ਬੇਹੱਦ ਚਿੰਤਾਜਨਕ

imagesਸਿੱਖਾਂ ਲਈ ਸ੍ਰੀ ਅਕਾਲ ਤਖਤ ਸਹਿਬ ਸਰਬ ਉੱਚ ਹੈ। ਉਥੋਂ ਦੀ ਰਹਿਤ ਮਰਯਾਦਾ ਸਰਬ ਉੱਤਮ ਹੈ,ਜਿਹੜੀ ਸਿੱਖ ਕੌਂਮ ਨੂੰ ਨਿਯੰਤਰਣ ਵਿੱਚ ਰੱਖਣ ਦੇ ਸਮਰੱਥ ਹੈ। ਸ੍ਰੀ ਅਕਾਲ ਤਖਤ ਸਹਿਬ ਦੇ ਮੁੱਖ ਸੇਵਾਦਾਰ ਭਾਵ ਜਥੇਦਾਰ ਵੱਲੋਂ ਇਥੋਂ ਦੀ ਮਾਣ ਮਰਯਾਦਾ ਨੂੰ ਬਚਾਉਂਣ ਅਤੇ ਕੌਂਮ ਤੇ ਹੋਏ ਬਾਹਰੀ ਹਮਲਿਆਂ ਤੋਂ ਬਚਾਉਂਣ ਲਈ ਮੈਦਾਨ ਏ ਜੰਗ ਵਿੱਚ ਜੂਝ ਕੇ ਸਹਾਦਤ ਪਾਉਣ ਦਾ ਸੁਨਿਹਰੀ ਇਤਿਹਾਸ ਵੀ ਰਿਹਾ  ਹੈ। ਜਦੋਂ ਵੀ ਸਿੱਖ ਦੁਸ਼ਮਣ ਤਾਕਤਾਂ ਨੇ ਇੱਥੋਂ ਦੀ ਮਾਣ ਮਰਯਾਦਾ ਅਤੇ ਪਵਿੱਤਰਤਾ ਨੂੰ ਭੰਗ ਕਰਨ ਦੀ ਗੁਸ਼ਤਾਖੀ ਭਰੀ ਕੋਸਿਸ ਕੀਤੀ ਹੈ ਤਾਂ ਸਿੱਖ ਕੌਮ ਦੇ ਸੰਤ ਸਿਪਾਹੀ ਜਰਨੈਲਾਂ ਨੇ ਜਿੱਥੇ ਸ੍ਰੀ ਅਕਾਲ ਤਖਤ ਸਹਿਬ ਦੀ ਹੋਈ ਅਸ਼ੁੱਧਤਾ ਨੂੰ ਮਣਾਂ ਮੂੰਹੀ ਖੂੰਨ ਨਾਲ ਧੋਕੇ ਹਮੇਸਾਂ ਸ਼ੁੱਧ ਰੱਖਿਆ ਹੈ, ਉਥੇ ਸ੍ਰੀ ਅਕਾਲ ਤਖਤ ਸਹਿਬ ਦੇ ਹਮਲਾਵਰਾਂ ਨੂੰ ਵੀ ਕੀਤੇ ਦੀ ਸਜ਼ਾ ਹਰ ਹਾਲਤ ਵਿੱਚ ਅਤੇ ਕੁਦਰਤੀ ਨਿਯਮਾਂ ਅਨੁਸਾਰ ਨਿਯਮਤ ਸਮੇ ਦੇ ਵਿੱਚ ਮਿਲਦੀ ਰਹੀ ਹੈ ਜਿਸ ਦਾ ਇੱਕ ਵੱਖਰਾ ਅਲੌਕਿਕ ਇਤਿਹਾਸ ਹੈ। ਉਹ ਵੱਖਰੀ ਗੱਲ ਹੈ ਕਿ ਸਮੇ ਦੇ ਹਾਕਮ ਸਤ੍ਹਾ ਦੇ ਨਸ਼ੇ ਵਿੱਚ ਅਕਾਲ ਪੁਰਖ ਦੇ ਭੈਅ ਨੂੰ ਵਿਸਾਰਦੇ ਰਹੇ ਹਨ ਅਤੇ ਜੋਰ ਜੁਲਮ ਨਾਲ ਸਿੱਖਾਂ ਦੀ ਸ਼ਕਤੀ ਦੇ ਅਮੁੱਕ ਤੇ ਅਮਿੱਟ ਸੋਮੇ ਨੂੰ ਨਸਟ ਕਰਨ ਦਾ ਭਰਮ ਮਨ ਚੋਂ ਕੱਢਣ ਤੋਂ ਵੀ ਅਸਮਰੱਥ ਰਹੇ ਹਨ। ਸਿੱਖ ਮਿਸਲਾਂ ਦੇ ਸਮੇ ਵੀ ਸੰਕਟ ਦੀ ਘੜੀ ਵਿੱਚ ਦੁਸ਼ਮਣ ਦਾ ਮੁਕਾਬਲਾ  ਕਰਨ ਲਈ ਸਿੱਖ ਸਰਦਾਰਾਂ ਨੂੰ ਇਕੱਠੇ ਕਰਨ ਦਾ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਦਾ ਪ੍ਰਭਾਵਸ਼ਾਲੀ ਰੋਲ ਸਿੱਖ ਇਤਿਹਾਸ ਵਿੱਚ ਅੰਕਿਤ ਹੈ।ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਵੱਲੋਂ ਕੌਂਮ ਦੇ ਨਾਂ ਦਿੱਤੇ ਸੰਦੇਸ ਸਿੱਖਾਂ ਲਈ ਇਲਾਹੀ ਹੁਕਮ ਮੰਨੇ ਜਾਂਦੇ ਰਹੇ ਹਨ। 1849 ਈਸਵੀ ਵਿੱਚ ਖਾਲਸਾ ਰਾਜ ਨੂੰ ਅੰਗਰੇਜਾਂ ਨੇ ਆਪਣੇ ਰਾਜ ਅਧੀਨ ਲੈ ਲੈਣ ਤੋਂ ਵਾਅਦ ਪਵਿੱਤਰ ਸ੍ਰੀ ਅਕਾਲ ਤਖਤ ਸਹਿਬ ਸਮੇਤ ਸਮੁੱਚੇ ਗੁਰਦੁਆਰਾ  ਪ੍ਰਬੰਧ ਨੂੰ ਅਪਣੇ ਅਧੀਨ ਕਰਕੇ ਸਿੱਖ ਰਹਿਤ ਮਰਯਾਦਾ ਨੂੰ ਭਾਰੀ ਢਾਹ ਲਾਈ।ਸ੍ਰੀ ਅਕਾਲ ਤਖਤ ਸਹਿਬ ਤੋਂ ਸਿੱਖ ਹਿਤਾਂ ਲਈ ਦਿੱਤੇ ਜਾਣ ਵਾਲੇ ਫੈਸਲੇ ਅੰਗਰੇਜ ਸਰਕਾਰ ਦੀ ਮਰਜੀ ਮੁਤਾਬਿਕ ਹੋਣ ਲੱਗੇ। ਗੁਰਦੁਆਰਿਆਂ ਤੇ ਕਾਬਜ ਮਹੰਤਾਂ ਤੋ ਸਮੁੱਚਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਸਿੱਖਾਂ ਨੂੰ ਲਹੂ ਡੋਲਵੀਂ ਲੰਮੀ ਲੜਾਈ ਲੜਨੀ ਪਈ, ਪਰੰਤੂ ਇਹ ਗੱਲ ਬੜੇ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਭਾਰੀ ਕੁਰਬਾਨੀਆਂ ਅਤੇ ਗੁਰਦੁਆਰਿਆਂ ਦੀ ਅਜਾਦੀ ਦੇ ਸੰਘਰਸ਼ ਵਿੱਚੋਂ ਹੋਂਦ ਵਿੱਚ ਆਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸਮੁੱਚੇ ਗੁਰਦੁਆਰਾ ਪ੍ਰਬੰਧ ਵਿੱਚ ਆਏ ਨਿਘਾਰ ਨੂੰ ਦੂਰ ਕਰਕੇ ਸੁਚਾਰੂ ਢੰਗ ਨਾਲ ਪ੍ਰਬੰਧ ਨੂੰ ਚਲਾਉਣ ਦੇ ਉਪਰਾਲੇ ਕਰਨੇ ਸਨ, ਉਹਦੇ ਤੇ ਕਾਬਜ ਲੋਕ ਖੁਦ ਹੀ ਰਸਤੇ ਤੋਂ ਭਟਕ ਗਏ।ਸਿੱਖਾਂ ਲਈ ਦੁਨਿਆਵੀ ਉੱਚ ਅਦਾਲਤਾਂ ਤੋਂ ਉੱਚੀ  ਰੁਹਾਨੀਅਤ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਸਰਬਤ ਖਾਲਸਾ ਦੁਆਰਾ ਪ੍ਰਵਾਣਿਤ ਪੁਰਾਤਨ ਮਾਪਦੰਡਾਂ ਨੂੰ ਤਿਲਾਂਜਲੀ ਦੇ ਕੇ ਇਸ ਅਤਿ ਮਹੱਤਵਪੂਰਨ ਅਤੇ ਬੇਹੱਦ ਹੀ ਸਤਿਕਾਰਿਤ ਰੁਤਬੇ ਦੀ ਮਹੱਤਤਾ ਨੂੰ ਠੇਸ ਪੰਹੁਚਾਉਣ ਵਾਲੇ ਮਾਪਦੰਡ ਜੋ  ਸਰਬ ਉੱਚ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਦੀ ਅਜਾਦ ਹਸਤੀ ਨੂੰ ਸ੍ਰੋਮਣੀ ਗੁਰਦੁਆ ਪ੍ਰਬੰਧਕ ਕਮੇਟੀ ਦੇ ਅਧੀਨ ਕਰਦੇ ਹਨ,ਲਾਗੂ ਕਰ ਦਿੱਤੇ ਗਏ, ਤਾਂ ਕਿ ਇਸ  ਸਰਬ ਉੱਚ ਆਹੁਦੇ ਤੇ ਮੁੜ ਜੀ ਹਜੂਰੀਏ ਸਿੱਖ ਹੀ ਸ਼ੁਸ਼ੋਭਤ ਕੀਤੇ ਜਾ ਸਕਣ ਅਤੇ ਅੰਗਰੇਜਾਂ ਦੀ ਤਰਜ ਤੇ ਇਸ ਸਤਿਕਾਰਤ ਰੁਤਬੇ ਦੀ ਦੁਰਬਰਤੋਂ ਕੀਤੀ ਜਾ ਸਕੇ।ਦੂਜਾ ਮੁੱਖ ਕਾਰਨ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੰਮੇ ਸਮੇ ਤੋਂ ਕਾਬਜ ਚੱਲੇ ਆ ਰਹੇ ਇਹ ਸਿੱਖ ਆਗੂਆਂ ਦਾ ਨਿੱਜਵਾਦੀ ਹੋਣਾ ਅਤੇ ਰਾਜ ਭਾਗ ਦੀ ਲਾਲਸਾ ਵਸ ਸਿੱਖ ਦੁਸ਼ਮਣ ਜਮਾਤ ਦੇ ਹੱਥਾਂ ਦੀ ਕਠਪੁਤਲੀ ਬਣਕੇ ਸ੍ਰੀ ਅਕਾਲ ਤਖਤ ਸਹਿਬ ਤੇ ਸ਼ੁਸ਼ੋਭਤ ਜਥੇਦਾਰ ਤੋਂ ਸਿੱਖ ਕੌਂਮ ਨੂੰ ਗੁਮਰਾਹ ਕਰਨ ਵਾਲੇ ਇੱਕਤਰਫਾ ਹੁਕਮਨਾਮੇ ਜਾਰੀ ਕਰਵਾ ਕੇ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਕਰਨੀ।ਮੌਜੂਦਾ ਹਾਲਾਤ ਇਸਤਰਾਂ ਦੇ ਬਣ ਚੁੱਕੇ ਹਨ ਕਿ ਸ੍ਰੀ ਅਕਾਲ ਤਖਤ ਸਹਿਬ ਦੀ ਅਜਾਦ ਪ੍ਰਭੂਸਤਾ ਮੂਲੋਂ ਹੀ ਖਤਮ ਕਰ ਦਿੱਤੀ ਗਈ ਹੈ। ਕੋਈ ਵੀ ਫੈਸਲਾ ਜਥੇਦਾਰ ਆਪਣੀ ਮਰਜੀ ਨਾਲ ਨਹੀ ਕਰ ਸਕਦਾ। ਜਾਗਦੀ ਜਮੀਰ ਦਾ ਇਸ ਆਹੁਦੇ ਤੇ ਬਣੇ ਰਹਿਣਾ ਸੰਭਵ ਹੀ ਨਹੀ।ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਲਈ ਸਿੱਖ ਰਹਿਤ ਮਰਯਾਦਾ ਵਿੱਚ ਫੋਕੇ ਕਰਮਕਾਂਡ ਰਲਗਡ ਕਰ ਦਿੱਤੇ ਗਏ ਹਨ।ਇਹ ਕੌੜੀ ਸਚਾਈ ਹੈ ਕਿ ਪਿਛਲੇ ਲੰਮੇ ਸਮੇ ਤੋਂ ਇਸ ਸਤਿਕਾਰਤ ਆਹੁਦੇ ਤੇ ਬਿਰਾਜਮਾਨ ਹੁੰਦੇ ਆ ਰਹੇ ਸਿੱਖਾਂ ਦੀ ਜਮੀਰ ਉਹਨਾਂ ਦੀ ਸੇਵਾ ਦੇ ਕਾਰਜਕਾਲ ਦੌਰਾਨ ਜੇ ਮਰੀ ਨਹੀ ਤਾਂ ਬੇਹੋਸ ਜਰੂਰ ਰਹੀ ਹੈ ਜਿਹੜੀ ਆਹੁਦਾ ਤਿਆਗਣ ਤੋਂ ਵਾਅਦ ਹੀ ਸੁਰਤ ਫੜਦੀ ਰਹੀ ਹੈ। ਬਹੁਤ ਅਜਿਹੇ ਜਥੇਦਾਰਾਂ ਦੀ ਉਦਾਹਰਣ ਪੇਸ ਕੀਤੀ ਜਾ ਸਕਦੀ ਹੈ ਜਿੰਨਾਂ ਦੀ ਜੁਵਾਨ ਰੁਤਬਾ ਗੁਵਾਉਣ ਤੋਂ ਵਾਅਦ ਹੀ ਖੁੱਲੀ ਹੈ। ਜਿਸ ਵੀ ਜਥੇਦਾਰ ਨੇ ਜਾਗਦੀ ਜਮੀਰ ਨਾਲ ਫੈਸਲੇ ਲੈਣ ਦੀ ਹਿੰਮਤ ਦਿਖਾਈ ਉਸ ਨੂੰ ਅਪਮਾਨਿਤ ਕਰ ਕੇ ਇਸ ਆਹੁਦੇ ਤੋਂ ਫਾਰਗ ਕਰਨ ਦਾ ਕਾਲੀ ਸਿਆਹੀ ਨਾਲ ਅੰਕਤ ਲੰਮਾ ਇਤਿਹਾਸ ਹੈ। ਇਹ ਦੁਖਾਂਤ ਹੈ ਕਿ ਸਿੱਖਾਂ ਦੀ ਰਾਜਨੀਤਕ ਅਤੇ ਧਾਰਮਿਕ ਖੇਤਰ ਵਿੱਚ ਅਗਵਾਈ ਕਰਦੀ ਲੀਡਰਸ਼ਿੱਪ ਬੜੀ ਚਲਾਕੀ ਅਤੇ ਮਕਾਰੀ ਨਾਲ ਸਿੱਖ ਵਿਰੋਧੀ ਨਾਗਪੁਰੀ ਅਜੰਡੇ ਨੂੰ ਲਾਗੂ ਕਰਨ ਲਈ ਸਿੱਖਾਂ ਦੀ ਸਰਬ ਉੱਚ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸਤੇਮਾਲ ਸਫਲਤਾਪੂਰਨ ਢੰਗ ਨਾਲ ਕਰ ਰਹੀ ਹੈ।ਸਿੱਖੀ ਦੀ ਨਿਆਰੀ ਵਿਲੱਖਣ ਹੋਂਦ ਨੂੰ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਹਨ।ਸਿੱਖੀ ਦੇ ਗੌਰਵਮਈ ਸ਼ਾਨਾਮੱਤੇ ਇਤਿਹਾਸ ਦੀ ਇਤਿਹਾਸਿਕ ਮਹੱਤਤਾ ਤੇ ਸਵਾਲੀਆ ਚਿੰਨ ਲਾਕੇ ਮਿਥਿਹਾਸਿਕਤਾ ਵਿੱਚ ਬਦਲਣ ਦੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਹਨ। ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ 2003 ਦੇ ਮੂਲ ਨਾਨਕਸ਼ਾਹੀ ਕਲੰਡਰ ਨੂੰ ਰੱਦ ਕਰਕੇ ਬਿਕਰਮੀ ਕਲੰਡਰ ਲਾਗੂ ਕਰਨ ਪਿੱਛੇ ਵੀ ਇਹਨਾਂ ਤਾਕਤਾਂ ਦਾ ਸਿੱਧਾ ਹੱਥ ਰਿਹਾ ਹੈ ਜਿਸ ਤੇ ਅਮਲ ਕਰਵਾਉਂਣ ਲਈ ਸਿੱਖਾਂ ਦੀ ਨੁਮਾਇਂਦਾ ਪਾਰਟੀ ਸਰੋਮਣੀ ਅਕਾਲੀ ਦਲ ਦੀ  ਪਰਿਵਾਰ ਵਾਦੀ ਲੀਡਰਸ਼ਿੱਪ ਨੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਮੋਹਰਾ ਬਣਾ ਕੇ ਬਰਤਿਆ ਹੈ।ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਹਿਬ ਤੋਂ ਦਿੱਤੇ ਜਾਣ ਵਾਲੇ ਮਾਨ ਸਨਮਾਨਾਂ ਦੀ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਸ੍ਰੀ ਅਕਾਲ ਤਖਤ ਸਮੇਤ ਸਾਰੇ ਹੀ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੇ ਇਸ ਗੱਲ ਨੂੰ ਕਦੇ ਵੀ ਤਬੱਜੋ ਨਹੀ ਦਿੱਤੀ ਕਿ ਸਿੱਖ ਕੌਂਮ ਦੇ ਭਲੇ ਲਈ ਕਾਰਜਸ਼ੀਲ ਸਖਸ਼ੀਅਤਾਂ ਨੂੰ ਉਹਨਾਂ ਦੇ ਯੋਗਦਾਨ ਬਦਲੇ ਮਾਨ ਸਨਮਾਨ ਦਿੱਤਾ ਜਾਵੇ,ਸਿੱਖ ਕੌਂਮ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਕੌਮੀ ਸੰਘਰਸ਼ ਵਿੱਚ ਕੁਰਬਾਨੀਆਂ ਕਰਨ ਵਾਲਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਵੇ। ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰਾਂ ਵੱਲੋਂ ਸਿੱਖ ਕੌਮ ਦੀ ਅਣਖ ਗੈਰਤ ਦੇ ਪ੍ਰਤੀਕ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਮੇਤ ਉਹਨਾਂ ਦੇ ਨਾਲ ਸ਼ਹੀਦੀਆਂ ਪਰਾਪਤ ਕਰਨ ਵਾਲੇ ਜਰਨਲ ਸੁਬੇਗ ਸਿੰਘ,ਭਾਈ ਅਮਰੀਕ ਸਿੰਘ ਆਦਿ ਸਿੰਘਾਂ ਤੋਂ ਇਲਾਵਾ ਸ਼ਹੀਦ ਭਾਈ ਬੇਅੰਤ ਸਿੰਘ,ਸਤਵੰਤ ਸਿੰਘ ਤੇ ਉਹਨਾਂ ਦੇ ਸਾਥੀ ਅਤੇ ਸ਼ਹੀਦ ਹਰਜਿੰਦਰ ਸਿੰਘ ਜਿੰਦਾ ,ਸੁਖਦੇਵ ਸਿੰਘ ਸੁੱਖਾ ਵਰਗੇ ਮਹਾਂਨ ਸ਼ਹੀਦਾਂ ਜਿੰਨਾਂ ਦੀਆਂ ਕੁਰਬਾਨੀਆਂ ਨੇ ਗੈਰ ਸਿੱਖਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਸੀ ਉਹਨਾਂ ਨੂੰ  ਅਣਗੌਲਿਆ ਕੀਤਾ ਗਿਆ ਹੈ,ਇਹਨਾਂ ਮਹਾਂਨ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਪਹਿਰਾ ਦੇਣ ਅਤੇ ਸਿੱਖ ਕੌਂਮ ਦੇ ਅਧਿਕਾਰਾਂ ਦੀ ਲੜਾਈ ਲੜਨ ਵਾਲੇ,ਸਿੱਖੀ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸੰਘਰਸ਼ਸ਼ੀਲ ਸਿੱਖ ਆਗੂਆਂ ਨੂੰ ਅਣਗੌਲਿਆਂ ਕੀਤਾ ਗਿਆ ਹੈ, ਸਿੱਖ ਕੌਂਮ ਦੀ ਆਣ ਆਬਰੂ ਦੀ ਰਾਖੀ ਲਈ ਹੱਸ ਹੱਸ ਕੇ ਫਾਂਸੀਆਂ ਦੇ ਰੱਸਿਆਂ ਨੂੰ ਗਲਾਂ ਚ ਪਾਉਂਣ ਲਈ ਕਾਹਲੇ ਜੇਹਲਾਂ ਦੀਆਂ ਕਾਲ ਕੋਠੜੀਆਂ ਵਿੱਚ ਨਜਰਬੰਦ ਸਿੱਖ ਨੌਜਵਾਨਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ,ਜਦੋਂ ਕਿ ਹਮੇਸਾਂ ਸਿੱਖ ਕੌਮ ਨਾਲ ਧਰੋਹ ਕਮਾਉਂਦੇ ਆ ਰਹੇ ਅਤੇ ਆਪਣੀ ਨਿੱਜੀ ਲਾਲਸਾ ਵਸ ਸਿੱਖ ਅਤੇ ਸਿੱਖੀ ਦਾ ਮਲੀਆਮੇਟ ਕਰਨ ਲਈ ਸਾਰੀ ਉਮਰ ਯਤਨਸ਼ੀਲ ਰਹੇ ਅਖੌਤੀ ਸਿੱਖ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਥ ਰਤਨ ਅਤੇ ਫਖ਼ਰ ਏ ਕੌਮ ਦੇ ਵੱਡੇ ਸਨਮਾਨ ਦੇ ਕੇ ਸਿੱਖ ਕੌਂਮ ਲਈ ਰਾਸਟਰੀ ਅਤੇ ਅੰਤਰਰਾਸਟਰੀ ਸਨਮਾਨਾਂ ਤੋਂ ਵੀ ਵੱਡੇ ਇਹਨਾਂ ਕੌਂਮੀ ਪੁਰਸਕਾਰਾਂ ਦੀ ਮਹੱਤਤਾ ਦਾ ਅਪਮਾਨ ਕੀਤਾ ਹੈ ਜਿਸ ਲਈ ਸਮੁੱਚੀ ਕੌਂਮ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਤੋਂ ਇਸ ਗਲਤੀ ਨੂੰ ਸੁਧਾਰਨ ਲਈ ਇਹ ਕੌਮੀ ਸਨਮਾਨ ਵਾਪਸ ਲੈਣ ਦੀ ਮੰਗ ਕਰਦੀ ਹੈ।ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਇਹ ਵੀ ਸਮਝ ਲੈਣਾ ਚਾਹੀਂਦਾ ਹੈ  ਕਿ ਇਹ ਰੁਤਬਾ ਕਿਸੇ ਵਿਅਕਤੀ ਵਿਸੇਸ ਦੀ ਖਾਸ ਪਾਰਟੀ ਦਾ ਨਹੀ ਬਲਕਿ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਪਰਪੱਕਤਾ ਨਾਲ ਪਹਿਰਾ ਦੇਣ ਨੂੰ ਯਕੀਨੀ ਬਨਾਉਂਣ ਲਈ ਸਿੱਖਾਂ ਦਾ ਸਰਬ ਸਾਂਝਾ ਹੈ ਜਿਸ ਨਾਲ ਸਮੁੱਚੀ ਸਿੱਖ ਕੌਂਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ,ਸੋ ਇਸਦੇ ਮੱਦੇਨਜਰ ਭਵਿੱਖ ਵਿੱਚ ਇਹਨਾਂ ਬੇਹੱਦ ਮਹੱਤਵਪੂਰਨ ਕੌਮੀ ਪੁਰਸਕਾਰਾਂ ਦੇ ਸਤਿਕਾਰ ਨੂੰ ਬਣਾਈ ਰੱਖਣ ਲਈ ਇਹ ਅਤਿ ਜਰੂਰੀ ਹੈ ਕਿ ਅਜਿਹੇ ਸਨਮਾਨ ਉਹਨਾਂ ਮਹਾਂਨ ਸਿੱਖ ਹਸਤੀਆਂ ਨੂੰ ਹੀ ਦਿੱਤੇ ਜਾਣ ਜਿੰਨਾਂ ਦਾ ਕੌਮੀ ਕਾਰਜਾਂ ਲਈ ਕੋਈ ਬਡਮੁੱਲਾ ਯੋਗਦਾਨ ਰਿਹਾ ਹੋਵੇ।

ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×