ਪੰਥਕ ਤਾਲਮੇਲ ਸੰਗਠਨ: ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਜਾ ਰਹੀ ਸੰਭਾਵੀ ਇਕੱਤਰਤਾ ਸਬੰਧੀ ਖਬਰਾਂ ਦੇ ਮੱਦੇ-ਨਜ਼ਰ ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।ਇਸ  ਕੈਲਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਇਤਰਾਜ਼ ਮੰਗੇ ਗਏ ਸਨ।ਜੇ ਇਸ ਵਿਚ ਕੋਈ ਤਰੁੱਟੀ ਸੀ ਤਾਂ ਉਸ ਵਕਤ ਇਤਰਾਜ਼ ਦਰਜ ਕਰਵਾਏ ਜਾਣੇ ਚਾਹੀਦੇ ਸਨ। ਹੁਣ ਇਸ ਉੱਪਰ ਜੇ ਕੋਈ ਵਿਚਾਰ ਕੀਤੀ ਜਾਣੀ ਹੈ ਤਾਂ ਇਸ ਕੈਲੰਡਰ ਦੇ ਰਚੈਤਾ ਸ੍ਰ: ਪਾਲ ਸਿੰਘ ਪੁਰੇਵਾਲ ਅਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਾਲੀਆਂ ਜਥੇਬੰਦੀਆਂ ਨੂੰ ਭਰੋਸੇ ਵਿਚ ਲਿਆ ਜਾਵੇ। ਅੱਜ ਲੋੜ ਹੈ ਕਿ ਸਿੱਖ ਕੌਮ ਦੀ ਸਰਬ-ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦਾ ਮਾਰਗ-ਦਰਸ਼ਨ ਕੀਤਾ ਜਾਵੇ ਨਾ ਕਿ ਕਿਸੇ ਵੀ ਧੜ੍ਹੇ ਜਾਂ ਵਿਅਕਤੀ ਦਾ ਪ੍ਰਭਾਵ ਕਬੂਲਿਆ ਜਾਵੇ ਜੋ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਤੋਂ ਬਾਗੀ ਹੋਵੇ।
ਸਿੱਖ ਜਥੇਬੰਦੀਆਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ 2003 ਵਿਚ ਜਾਰੀ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਸੰਸਾਰ ਭਰ ਦੀਆਂ ਬਹੁ-ਗਿਣਤੀ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਸਿੰਘ ਸੰਭਾਵਾਂ ਦੀ ਭਾਵਨਾ ਅਨੁਸਾਰ ਹੈ ਅਤੇ ਬਹੁ-ਗਿਣਤੀ ਸੰਗਤਾਂ ਗੁਰਪੁਰਬ ਅਤੇ ਇਤਿਹਾਸਿਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਲਈ ਵਚਨਬੱਧ ਹਨ। ਇਸੇ ਦਾ ਨਤੀਜਾ ਸੀ ਕਿ ਇਹ ਕੈਲੰਡਰ ਸਰਕਾਰਾਂ ਵਲੋਂ ਵੀ ਲਾਗੂ ਕੀਤਾ ਗਿਆ ਸੀ। ਪਰ ਸਿਖ ਕੌਮ ਦੇ ਨਿਆਰੇਪਨ ਅਤੇ ਵੱਖਰੇ ਧਰਮ ਦੀ ਪ੍ਰਤੀਨਿਧਤਾ ਕਰਦੇ ਕੈਲੰਡਰ ਵਿਰੋਧੀ ਸ਼ਕਤੀਆਂ ਦੀਆ ਚਾਲਾਂ ਵਿਚ ਫਸ ਕੇ ਕਦੇ ਸੋਧ ਅਤੇ ਕਦੇ ਖਤਮ ਕਰ ਦੇਣ ਵਾਲੀਆਂ ਕਾਰਵਾਈਆਂ ਕੌਮ ਨੂੰ ਕੰਗਾਲੀ ਵੱਲ ਲੈ ਜਾ ਰਹੀਆਂ ਹਨ। ਜਦ ਕਿ ਸਿੱਖ ਕੌਮ ਭਾਰਤ ਸਰਕਾਰ ਤੋਂ ਮੰਗ ਕਰਦੀ ਆ ਰਹੀ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਵਿਚ ਸੋਧ ਕਰਕੇ ਸਿੱਖ ਕੌਮ ਦੀ ਨਿਆਰੀ ਹਸਤੀ ਅਤੇ ਹੋਂਦ ਉੱਤੇ ਲੱਗਦੇ ਸਵਾਲੀਆ ਚਿੰਨ੍ਹ ਨੂੰ ਹਟਾਇਆ ਜਾਵੇ। ਪੰਥਕ ਤਾਲਮੇਲ ਸੰਗਠਨ ਵਿਚ ਸ਼ਾਮਲ ਜਥੇਬੰਦੀਆਂ ਕੈਲੰਡਰ ਦੇ ਕਤਲ ਨੂੰ ਕਿਸੇ ਹਾਲਤ ਵਿਚ ਵੀ ਸਹਿਣ ਨਹੀਂ ਕਰ ਸਕਦੀਆਂ ਇਸ ਲਈ ਕੋਈ ਵੀ ਕਾਰਵਾਈ ਤੋਂ ਪਹਿਲਾਂ ਸੁਹਿਰਦ ਪੈਂਤੜੇ ਲਏ ਜਾਣੇ ਚਾਹੀਦੇ ਹਨ।

ਅਕਾਲ ਹਾਊਸ , ਭਗਤਾਂ ਵਾਲਾ ਅੰਮ੍ਰਿਤਸਰ-143001
9592093472, 9814898802, 9814921297, 9815193839, 9888353957

Install Punjabi Akhbar App

Install
×