ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਬਾਣੀ ਤੇ ਕੀਰਤਨ ਕਿਸੇ ਕੰਪਨੀ ਦੀ ਮਲਕੀਅਤ ਨਹੀਂ : ਪੰਥਕ ਤਾਲਮੇਲ ਸੰਗਠਨ

(13 ਜਨਵਰੀ) : ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਗੁਰਬਾਣੀ ਮੁੱਖਵਾਕ ਦੀ ਆਵਾਜ਼ ਅਤੇ ਲਿਖਤ ਦੇ ਪ੍ਰਸਾਰਨ ਲਈ ਆਪਣੇ ਹੱਕਾਂ ਦਾ ਦਾਅਵਾ ਠੋਕਣ ਵਾਲੀ ਪੀਟੀਸੀ ਕੰਪਨੀ ਦੀ ਬੇਹੂਦਾ ਕਾਰਵਾਈ ਨੂੰ ਸਰਾਸਰ ਅਪਰਾਧ ਕਰਾਰ ਦਿੱਤਾ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਖ਼ਬਰਦਾਰ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੇ ਸਰਬੱਤ ਇਤਿਹਾਸਕ ਗੁਰਦੁਆਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਅਤੇ ਕਥਾ-ਕੀਰਤਨ ਕਿਸੇ ਕੰਪਨੀ ਦੀ ਮਲਕੀਅਤ ਨਹੀਂ ਹਨ। ਵਿਸ਼ਵ ਭਰ ਦੇ ਪ੍ਰਾਣੀ-ਮਾਤਰ ਦੀ ਰੂਹ ਤੱਕ ਰੂਹ ਦੀ ਖ਼ੁਰਾਕ ਪਹੁੰਚਾਉਣ ਦੀ ਸੇਵਾ ਹਰ ਵਿਅਕਤੀ ਤੇ ਅਦਾਰਾ ਨਿਭਾ ਸਕਦੇ ਹਨ। ਅਜਿਹੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਪ੍ਰਕਾਰ ਦੇ ਮੀਡੀਏ ਨੂੰ ਉਤਸ਼ਾਹਤ ਤਾਂ ਕੀਤਾ ਜਾ ਸਕਦਾ ਹੈ, ਪਰ ਕਿਸੇ’ਤੇ ਰੋਕ ਲਾਉਣ ਵਾਲਾ ਕਰਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਹੀਂ ਕਰ ਸਕਦੀ।
ਇਸ ਦੇ ਬਾਵਜੂਦ ਮੌਲਿਕ ਅਧਿਕਾਰ ਦੇ ਵਿਰੁੱਧ ਜਾ ਕੇ ਪੀਟੀਸੀ ਦੀ ਸ਼ਿਕਾਇਤ ਦੇ ਆਧਾਰ’ਤੇ ਫੇਸਬੇਕ ਵਲੋਂ ਵੈਬਪੋਰਟਲ ਤੋਂ ਇਸ ਸੁਵਿਧਾ ਨੂੰ ਹਟਾ ਦਿੱਤਾ ਗਿਆ ਹੈ। ਜਿਸ ਨਾਲ ਸੰਸਾਰ ਭਰ ਦੇ ਗੁਰਬਾਣੀ ਪ੍ਰੇਮੀਆਂ ਅਤੇ ਆਪਣੇ ਆਪਣੇ ਪ੍ਰਚਾਰ-ਪ੍ਰਸਾਰ ਦੇ ਮਾਧਿਅਮਾਂ ਰਾਹੀਂ ਸੇਵਾਵਾਂ ਦੇ ਰਹੇ ਮੰਚਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਸੰਗਠਨ ਨੇ ਕਿਹਾ ਕਿ ਕੁਦਰਤੀ ਸਰੋਤਾਂ, ਰੇਤਾ ਅਤੇ ਬਜਰੀ’ਤੇ ਨਿੱਜੀ ਕਬਜ਼ਿਆਂ ਤੋਂ ਬਾਅਦ ਹੁਣ ਗੁਰਬਾਣੀ ਪ੍ਰਸਾਰਨ’ਤੇ ਕਬਜ਼ਾ ਕਰਨ ਦੀ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਜਿਸ ਲਈ ਜਿਸ ਅਦਾਰੇ ਨੇ ਆਪਣੀ ਅਜਾਰੇਦਾਰੀ ਦਾ ਦਾਅਵਾ ਠੋਕਿਆ ਹੈ, ਉਸ ਨੂੰ ਤੁਰੰਤ ਵਾਪਸ ਲੈ ਕੇ ਸੰਗਤ ਤੋਂ ਖਿਮਾਂ ਯਾਚਨਾ ਕਰੇ।

Install Punjabi Akhbar App

Install
×