ਰਣਜੀਤ ਸਿੰਘ ਕਮਿਸ਼ਨ ਨੂੰ ਝੁਠਲਾਉਣ ਦੀਆਂ ਸਾਜਿਸ਼ਾਂ ਜੱਗ-ਜ਼ਾਹਰ – ਮੋਹਰ ਕਿ ਤਖ਼ਤ ਸਾਹਿਬਾਨ ਤੇ ਸਿੱਖ ਸੰਸਥਾਵਾਂ ਪੰਥ-ਦੋਖੀ ਸ਼ਕਤੀਆਂ ਅਧੀਨ ਹਨ: ਪੰਥਕ ਤਾਲਮੇਲ ਸੰਗਠਨ

panthak-talmel-committee
22 ਅਗਸਤ 2018 : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਤੋਂ ਚੱਲੀ ਕੜੀ ਦੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਬਿਆਨਾਂ ਤੋਂ ਮੁਕਰਨ ਵਾਲੇ ਹਿੰਮਤ ਸਿੰਘ ਵਿਰੁੱਧ ਪੰਥਕ ਤਾਲਮੇਲ ਸੰਗਠਨ ਨੇ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਕਮਿਸ਼ਨ ਵਿਰੁੱਧ ਮੁਹਾਜ਼ ਖੋਲ੍ਹਣ ਵਾਲਾ ਹਿੰਮਤ ਸਿੰਘ ਕਦੇ ਵੀ ਸਿੱਖ ਕੌਮ ਅੰਦਰ ਆਪਣਾ ਵਿਸ਼ਵਾਸ਼ ਨਹੀਂ ਬਹਾਲ ਕਰ ਸਕੇਗਾ ਅਤੇ ਮੀਣੇ ਮਸੰਦ ਟੋਲੇ ਨੂੰ ਵੀ ਲੈ ਡੁੱਬੇਗਾ। ਇਹ ਅਪ੍ਰੈਲ 2017 ਤੋਂ ਬਾਦਲਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਰੁੱਧ ਬਿਆਨ ਦੇ ਰਿਹਾ ਸੀ ਅਤੇ ਦਸੰਬਰ 2017 ਵਿਚ ਇਸੇ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ’ਤੇ ਇਸ ਦਾ ਬਿਆਨ ਸੀ ਕਿ ਬਾਦਲਾਂ ਤੇ ਤਖਤਾਂ ਦੇ ਜਥੇਦਾਰਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਅੱਜ ਇਹ ਅਕਤੂਬਰ 2017 ਵਿਚ ਦਿੱਤੇ ਬਿਆਨ ਨੂੰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਦਬਾਅ ਦੱਸ ਰਿਹਾ ਹੈ। ਇਸ ਦਾ ਭਰਾ ਗੁਰਮੁਖ ਸਿੰਘ ਜਿਸ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਲਾਂਭੇ ਕੀਤਾ ਸੀ, ਉਸ ਨੇ ਵੀ 17 ਅਪ੍ਰੈਲ 2016 ਨੂੰ ਬਾਦਲਾਂ ਤੇ ਜਥੇਦਾਰਾਂ ਵਿਰੁੱਧ ਬਿਆਨਾਂ ਨੂੰ ਮੀਡੀਆ ਸਾਹਮਣੇ ਦੁਹਰਾਇਆ ਸੀ। ਕਿਸੇ ਵੀ ਸਾਜਿਸ਼ ਦਾ ਹਿੱਸਾ ਬਣਨ ਤੋਂ ਪਹਿਲਾਂ ਦੋਵਾਂ ਭਰਾਵਾਂ ਨੂੰ ਆਪਣੀ ਖੋਪਰੀ ਤੋਂ ਕੰਮ ਲੈਣਾ ਚਾਹੀਦਾ ਸੀ ਕਿ ਅਪ੍ਰੈਲ 2016 ਵਿਚ ਨਾ ਤੇ ਪੰਜਾਬ ਅੰਦਰ ਕਾਂਗਰਸ ਸਰਕਾਰ ਸੀ ਅਤੇ ਨਾ ਹੀ ਰਣਜੀਤ ਕਮਿਸ਼ਨ ਕਾਇਮ ਸੀ। ਜਦੋਂ ਇਹਨਾਂ ਦੇ ਕੁਆਟਰਾਂ ਦੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟੇ ਸਨ ਤਾਂ ਉਦੋਂ ਮੀਡੀਏ ਵਿਚ ਲਗਾਤਾਰ ਚਰਚਾ ਚੱਲੀ ਸੀ। ਉਦੋਂ ਵੀ ਨਾ ਕਾਂਗਰਸ ਸਰਕਾਰ ਸੀ ਤੇ ਨਾ ਹੀ ਕਮਿਸ਼ਨ। 11 ਦਸੰਬਰ 2017 ਨੂੰ ਹਿੰਮਤ ਸਿੰਘ ਨੇ ਆਪਣੀ ਇੱਛਾ ਨਾਲ ਕਮਿਸ਼ਨ ਅੱਗੇ ਬਿਆਨ ਦਰਜ ਕਰਵਾਏ ਸਨ। ਜਦ ਕਿ ਕਮਿਸ਼ਨ ਨੇ ਇਸ ਨੂੰ ਕਦੇ ਵੀ ਸੰਮਨ ਨਹੀਂ ਭੇਜੇ ਸਨ।
ਸੰਗਠਨ ਨੇ ਕਿਹਾ ਕਿ 24 ਸਤੰਬਰ 2015 ਨੂੰ ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮੁਆਫ਼ੀ ਵਿਚ ਗੁਰਮੁਖ ਸਿੰਘ ਦੀ ਭੂਮਿਕਾ, ਗੁਰਮੁਖ ਸਿੰਘ ਦੀ ਬਰਖ਼ਾਸਤੀ ਤੇ ਹੁਣ 3 ਅਗਸਤ 2018 ਨੂੰ ਇਸੇ ਦੀ ਅਕਾਲ ਤਖਤ ਸਾਹਿਬ ਵਿਖੇ ਮੁੜ ਹੈਡ ਗ੍ਰੰਥੀ ਵਜੋਂ ਨਿਯੁਕਤੀ ਨਾਲ ਪੰਥ ਸਾਹਮਣੇ ਡੂੰਘੇ ਸਵਾਲ ਖੜ੍ਹੇ ਹਨ। ਜਿਨ੍ਹਾਂ ਦਾ ਸਪੱਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਪੰਥ ਸਾਹਮਣੇ ਰੱਖਣਾ ਹੀ ਪਵੇਗਾ। ਸ਼੍ਰੋਮਣੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਭਾਵੇਂ ਅਵਤਾਰ ਸਿੰਘ ਹੋਵੇ ਤੇ ਭਾਵੇਂ ਬਡੂੰਗਰ ਹੋਵੇ ਇਹਨਾਂ ਨੂੰ ਵੀ ਕੌਮ ਸਾਹਮਣੇ ਸੱਚ ਰੱਖ ਕੇ ਬੰਦਖਲਾਸੀ ਮਿਲ ਸਕੇਗੀ। ਉਕਤ ਕਾਂਡ ਨਾਲ ਖੇਡੀ ਜਾ ਰਹੀ ਖੇਡ ਤੋਂ ਇਹ ਜ਼ਰੂਰ ਜੱਗ-ਜ਼ਾਹਰ ਹੋ ਗਿਆ ਹੈ ਕਿ ਤਖਤ ਸਾਹਿਬਾਨਾਂ ਅਤੇ ਸ਼੍ਰੋਮਣੀ ਸੰਸਥਾਵਾਂ ਉੱਪਰ ਪੰਥ-ਵਿਰੋਧੀ ਤਾਕਤਾਂ ਦਾ ਕਬਜ਼ਾ ਹੈ। ਯੋਜਨਾਬੱਧ ਢੰਗ ਨਾਲ ਸਿੱਖੀ ਸਿਧਾਂਤਾਂ, ਸੰਸਥਾਵਾਂ ਦੀ ਆਜ਼ਾਦ ਹੋਂਦ ਅਤੇ ਨਿਰਮਲ ਮਰਿਆਦਾ ਨੂੰ ਰੋਲ਼ ਦੇਣ ਲਈ ਸ਼ਕਤੀਆਂ ਸਫ਼ਲ ਹੋ ਰਹੀਆਂ ਹਨ। ਜਿਸ ਲਈ ਬਾਦਲ ਕਾਰਗਰ ਹਥਿਆਰ ਸਾਬਤ ਹੋਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks