ਗੈਰ-ਕਾਨੂੰਨੀ ਹਿਰਾਸਤ ਵਿਚ ਨੌਜਵਾਨਾਂ’ਤੇ ਤਸ਼ੱਦਦ ਢਾਹੁਣ ਵਾਲਿਆਂ ਵਿਰੁੱਧ ਹੋਵੇ ਸਖ਼ਤ ਕਾਰਵਾਈ : ਪੰਥਕ ਤਾਲਮੇਲ ਸੰਗਠਨ

panthak-talmel-committee

ਪ੍ਰੈਸ ਨੋਟ

– (ਖ਼ਾਨਾਪੂਰਤੀ ਧਾਰਾਵਾਂ ਦੀ ਥਾਂ 295 ਤੇ 307 ਲੱਗੇ ਤੇ ਮੁਲਜ਼ਮਾਂ ਨੂੰ ਬਰਖ਼ਾਸਤ ਕੀਤਾ ਜਾਵੇ)

10 ਅਗਸਤ : ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਸਨੌਰ ਵਿਖੇ 6 ਨੌਜਵਾਨਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਲੈ ਕੇ ਢਾਹੇ ਤਸ਼ੱਦਦ ਪ੍ਰਤੀ ਸਖਤ ਵਿਰੋਧਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਬੀਤੇ ਵਿਚ ਵੀ ਪੰਜਾਬ ਪੁਲਿਸ ਦੀ ਜ਼ਾਲਮਾਨਾ ਮਾਨਸਿਕਤਾ ਕਾਰਨ ਪੰਜਾਬ ਦੀ ਅਣਖੀ ਨੌਜਵਾਨੀ ਦਾ ਘਾਣ ਹੁੰਦਾ ਰਿਹਾ ਹੈ ਅਤੇ ਨੌਜਵਾਨੀ ਨੂੰ ਭਟਕਾਉਣ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ ਹੈ। ਸਨੌਰ ਵਿਖੇ ਸਹਾਇਕ ਥਾਣੇਦਾਰ ਅਤੇ ਪੁਲਿਸ ਟੋਲੀ ਵਲੋਂ ਤਾਜ਼ਾ ਹੀ ਢਾਹੇ ਅਣਮਨੁੱਖੀ ਕਹਿਰ ਨੇ ਕਾਲੇ ਦੌਰ ਨੂੰ ਦੁਹਰਾਇਆ ਹੈ।
ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਕਾਰਵਾਈ ਦੇ ਘੇਰੇ ਵਿਚ ਲੈਣ ਦੀ ਥਾਂ ਕੇਵਲ ਇਕ ਦੋ ਦੋਸ਼ੀਆਂ ਵਿਰੁੱਧ ਨਰਮ ਧਾਰਾਵਾਂ ਲਾਉਣ ਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਈ ਪੀ ਸੀ ਧਾਰਾ 330, 331 ਤੇ 166 ਲਾਉਣੀਆਂ ਕੇਵਲ ਖ਼ਾਨਾਪੂਰਤੀ ਹਨ ਅਤੇ ਇਹ ਅਹੁਦੇ ਦੀ ਦੁਰਵਰਤੋਂ ਦੇ ਗੁਨਾਹ ਨਾਲ ਹੀ ਜੁੜਦੀਆਂ ਹਨ। ਜਦ ਕਿ 295 ਤੇ 307 ਲਗਾ ਕੇ ਕਤਲ ਦਾ ਕੇਸ ਚਲਾ ਕੇ ਦੋਸ਼ੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ ਜਿਸ ਨੇ ਨੌਜਵਾਨ ਦਾ ਤਿੰਨ ਦਿਨ ਤੱਕ ਸਿਟੀ ਸਕੈਨ ਕਰਾਉਣ ਵਿਚ ਆਨਾ ਕਾਨੀ ਕੀਤੀ ਅਤੇ ਨੌਜਵਾਨਾਂ ਨੂੰ ਪ੍ਰਾਈਵੇਟ ਹਸਪਤਾਲ ਵਿਚੋਂ ਇਲਾਜ਼ ਲੈਣ ਲਈ ਨਸੀਹਤ ਕਰਦਾ ਰਿਹਾ।
ਸੰਗਠਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਮੁਲਾਜ਼ਮਾਂ ਤੇ ਮੈਡੀਕਲ ਸੁਪਰਡੈਂਟ ਵਿਰੁੱਧ ਬਣਦੀ ਸਖਤ ਕਾਰਵਾਈ ਨਾ ਕੀਤੀ ਤਾਂ ਪੰਥਕ ਜਥੇਬੰਦੀਆਂ ਇਕ ਜੁਟ ਹੋ ਕੇ ਜਨਤਕ ਵਿਰੋਧ ਅਤੇ ਅਦਾਲਤੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੀਆਂ।

Welcome to Punjabi Akhbar

Install Punjabi Akhbar
×
Enable Notifications    OK No thanks