ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਏ ਹਿੰਸਕ ਟਾਕਰੇ ਨੇ ਕੌਮ ਨੂੰ ਦਰਦ ਦਿੱਤਾ: ਪੰਥਕ ਤਾਲਮੇਲ ਸੰਗਠਨ

ਸਿੱਖ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਏ ਹਿੰਸਕ ਟਕਰਾਅ’ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕੌਮ ਲਈ ਘਾਤਕ ਘਟਨਾ ਕਰਾਰ ਦਿੱਤਾ ਹੈ। ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੋਰ ਕਮੇਟੀ ਨੇ ਕਿਹਾ ਕਿ 40 ਦਿਨਾਂ ਤੋਂ ਮੋਰਚੇ’ਤੇ ਬੈਠੀਆਂ ਸੰਗਤਾਂ ਨਾਲ ਬੀਬੀਆਂ ਸਮੇਤ ਹੱਥੋਪਾਈ, ਬੰਧਕ ਬਣਾਉਣ ਅਤੇ ਆਪਸੀ ਹਥਿਆਰਾਂ ਦੇ ਵਾਰ ਦੇ ਕਾਰੇ ਨੇ ਕੌਮ ਦੇ ਹਿਰਦਿਆਂ ਨੂੰ ਛਲਣੀ ਕੀਤਾ ਹੈ। ਜਦ ਕਿ ਅੱਜ ਤੱਕ ਮਾਮਲਾ ਸੁਲ਼ਝਣ ਦੀ ਦਿਸ਼ਾ ਵੱਲ ਵਧਣਾ ਚਾਹੀਦਾ ਸੀ। ਜਿਸ ਲਈ ਜਰੂਰੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਹਿਲੇ ਐਲਾਨ ਅਨੁਸਾਰ ਫੌਜਦਾਰੀ ਕਾਰਵਾਈ ਵਾਲਾ ਰਸਤਾ ਅਖ਼ਤਿਆਰ ਕਰ ਲੈਂਦੀ ਤੇ ਜਾਂ ਖ਼ਾਲਸਾ ਪੰਥ ਨੂੰ ਸਮੁੱਚੀ ਜਾਂਚ ਤੇ ਕਾਰਵਾਈ ਸੌਂਪ ਕੇ ਪੰਥ ਨੂੰ ਸੰਤੁਸ਼ਟ ਕਰਦੀ। ਸਿੱਖ ਜਥੇਬੰਦੀਆਂ ਦੀ ਵੱਡੀ ਜ਼ਿੰਮੇਵਾਰੀ ਬਣੀ ਹੋਈ ਹੈ ਕਿ ਉਹ ਮਾਮਲੇ ਨੂੰ ਉਲਝਣ ਤੋਂ ਸੁਲਝਾਉਣ ਦੀ ਦਿਸ਼ਾ ਪੂਰੀ ਸਾਵਧਾਨੀ ਦੀ ਵਰਤੋਂ ਕਰਨ। ਸੰਗਠਨ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨਾਲ ਬਦਸਲੂਕੀ ਅਤੇ ਉਹਨਾਂ ਨੂੰ ਕਵਰੇਜ ਤੋਂ ਰੋਕਣਾ ਜਿੱਥੇ ਲੋਕਤੰਤਰ ਨਾਲ ਧੱਕਾ ਹੈ, ਉੱਥੇ ਇਸ ਘਟਨਾਕ੍ਰਮ ਦੇ ਵਾਪਰਨ ਪਿੱਛੇ ਕਈ ਤਰ੍ਹਾਂ ਦੇ ਸਵਾਲ ਸ਼ੰਕੇ ਖੜ੍ਹੇ ਹੋ ਗਏ ਹਨ।

Install Punjabi Akhbar App

Install
×