ਸਿੱਖ ਕੌਮ ਅਤੇ ਪੰਜਾਬ ਦੇ ਸੰਘਰਸ਼ਾਂ ਨੂੰ ਦਿਸ਼ਾਹੀਣ ਕਰਨ ਲਈ ਬੇਅਦਬੀ ਕਰਵਾਉਂਦੀਆਂ ਖ਼ੁਫ਼ੀਆ ਏਜੰਸੀਆਂ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਢਲੇ ਸੰਕਲਪ ਨੂੰ ਸਮਰਪਿਤ ਸਿੱਖ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਜੱਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀਆਂ ਵਾਪਰੀਆਂ ਘਟਨਾਵਾਂ ਨੂੰ ਯੋਜਨਾਬੱਧ ਸਾਜਿਸ਼ਾਂ ਦੀ ਕੜੀ ਕਰਾਰ ਦਿੱਤਾ ਹੈ।
ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਅੱਜ ਤੱਕ ਹੋਈਆਂ ਬੇਅਦਬੀਆਂ ਦੇ ਸਿਲਸਲੇ ਆਪਣੇ ਆਪ ਵਿਚ ਸਬੂਤ ਹਨ ਕਿ ਜਦੋਂ ਵੀ ਪੰਜਾਬ ਅੰਦਰ ਕੋਈ ਸੰਘਰਸ਼ ਸਿਖ਼ਰ’ ਤੇ ਹੁੰਦਾ ਹੈ ਤਾਂ ਅਜਿਹੇ ਪਾਪਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਬਰਗਾੜੀ ਕਾਂਡ ਵੇਲੇ ਵੀ ਕਿਸਾਨੀ ਸੰਘਰਸ਼ ਸੜਕਾਂ’ ਤੇ ਸੀ। ਸਿਆਸਤ ਤੇ ਪੈਸਾ ਹਥਿਆਉਣ ਲਈ ਖ਼ੁਫ਼ੀਆ ਏਜੰਸੀਆਂ ਦੁਆਰਾ ਧਰਮਾਂ ਨਾਲ ਖਿਲਵਾੜ ਕਰਨ ਤੱਕ ਦੇ ਇਹ ਹੱਥਕੰਡੇ ਅਪਣਾਏ ਜਾਂਦੇ ਹਨ।
ਪੰਥਕ ਤਾਲਮੇਲ ਸੰਗਠਨ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਨਿਆਂ, ਕਾਨੂੰਨ ਅਤੇ ਧਾਰਮਿਕ ਭਾਵਨਾਵਾਂ ਦੀਆਂ ਅਲੰਬਰਦਾਰ ਹਨ ਤਾਂ ਉਹ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਸਮਰੱਥਾ ਦਿਖਾਉਣ। ਪਿੰਡ ਤਰਖਾਣ ਮਾਜਰਾ ਵਿਚ ਸਿੱਖ ਨੌਜਵਾਨ ਵਲੋਂ ਬੜੀ ਬਹਾਦਰੀ ਨਾਲ ਇਕ ਅਪਰਾਧੀ ਨੂੰ ਕਾਬੂ ਕਰ ਕੇ ਕਾਨੂੰਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਹੁਣ ਅਸਲ ਅਪਰਾਧੀਆਂ ਤੱਕ ਪਹੁੰਚ ਯਕੀਨੀ ਬਣਨੀ ਚਾਹੀਦੀ ਹੈ। ਪਰ ਅੱਜ ਤੱਕ ਇਹਨਾਂ ਮਾਮਲਿਆਂ ਵਿਚ ਦੋਸ਼ੀ ਕਾਨੂੰਨੀ ਖੇਡਾਂ ਖੇਡਦੇ ਆ ਰਹੇ ਹਨ। ਮਿਸਾਲੀ ਸਜਾਵਾਂ ਦਾ ਸੁਪਨਾ ਵੀ ਲੈਣਾ ਅਸੰਭਵ ਹੈ ਤੇ ਲੋਕ-ਕਚਹਿਰੀ ਵਲੋਂ ਲਾਏ ਜਾ ਰਹੇ ਦੋਸ਼ ਵੱਡਾ ਵਜ਼ਨ ਰੱਖਦੇ ਹਨ।

Install Punjabi Akhbar App

Install
×