ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਭੀੜਤੰਤਰ ਹਿੰਸਾ ਵਿਰੁੱਧ ਆਏ ਬਿਆਨ ਨੂੰ ਸਿੱਖ ਕੌਮ ਨਾਲ ਫਿਰ ਵਧੀਕੀ ਗਰਦਾਨਿਆ ਹੈ। ਉਹਨਾਂ ਕਿਹਾ ਕਿ ਭੀੜਾਂ ਵਲੋਂ ਨਿਹੱਥੇ ਲੋਕਾਂ ਉੱਤੇ ਜੁਲਮ ਢਾਹੁਣੇ ਲੋਕਰਾਜ ਦੀ ਤੌਹੀਨ ਹੈ ਅਤੇ ਅਮਾਨਵੀ ਵਰਤਾਰਾ ਹੈ। ਜਿਸ ਲਈ ਜਮਹੂਰੀਅਤ ਨਾਲ ਸਰੋਕਾਰ ਰੱਖਣ ਵਾਲੇ ਲੋਕਾਂ ਨੂੰ ਸਰਕਾਰਾਂ ਨੂੰ ਸਾਵਧਾਨ ਰਹਿਣ ਲਈ ਨਸੀਹਤ ਕਰਨਾ ਚਾਹੀਦਾ ਹੈ। ਨਿਆਂ ਪਸੰਦ ਲੋਕਾਂ ਨੂੰ ਮਜ਼ਬੂਤ ਤਾਲਮੇਲ ਬਣਾ ਕੇ ਨਫ਼ਰਤ ਦੇ ਝੱਖੜ ਵਿਰੁੱਧ ਡਟ ਕੇ ਖੜੇ ਹੋਣਾ ਚਾਹੀਦਾ ਹੈ।
ਪੰਥਕ ਤਾਲਮੇਲ ਸੰਗਠਨ ਇਨਸਾਫ-ਪਸੰਦ ਲੋਕਾਂ ਦੀ ਕਚਹਿਰੀ ਵਿਚ ਗ੍ਰਹਿ ਮੰਤਰੀ ਦੇ ਬਿਆਨ ਵਿਰੁੱਧ ਇਤਰਾਜ਼ ਦਰਜ ਕਰਵਾਉਣਾ ਚਾਹੁੰਦਾ ਹੈ ਕਿ 1984 ਵਿਚ ਸਿੱਖਾਂ ਦਾ ਕਤਲੇਆਮ ਕਿਸੇ ਭੀੜਤੰਤਰ ਦੁਆਰਾ ਨਹੀਂ ਬਲਕਿ ਰਾਜਤੰਤਰ ਦੁਆਰਾ ਕੀਤਾ ਗਿਆ ਸੀ। ਜਿਸ ਨੂੰ ਸਰਕਾਰੀ ਤੰਤਰ ਨੇ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤਾ ਸੀ। ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ ਸੀ। ਸੰਸਾਰ ਦੇ ਸਾਹਮਣੇ ਸਬੂਤ ਹੈ ਕਿ ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਦੋਸ਼ੀ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਹਨ। ਏਥੋਂ ਤੱਕ ਕਿ ਇਕ ਪਾਸੜ ਕਤਲੇਆਮ’ਤੇ ਪਰਦਾ ਪਾਉਣ ਲਈ ਇਸ ਵਰਤਾਰੇ ਨੂੰ ਦੰਗਿਆਂ ਦਾ ਨਾਮ ਦਿਤਾ ਗਿਆ ਹੈ। ਇਹ ਚਤੁਰਤਾ ਤੇ ਚਲਾਕੀ ਕੌਮ ਨੂੰ ਹੋਰ ਚਿੜਾਉਣ ਵਾਲਾ ਕਾਰਾ ਹੈ। ਇਸ ਕਾਰੇ ਦੀ ਦਾਸਤਾਨ ਜਾਣ ਕੇ ਵਿਸ਼ਵ ਭਰ ਦੇ ਜਮਹੂਰੀਅਤ ਪਸੰਦ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਅਤੇ ਉਹ ਭਾਰਤੀ ਰਾਾਜਤੰਤਰ ਨੂੰ ਫਿਟਕਾਰਾਂ ਪਾਉਂਦੇ ਹਨ।