ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਨਿਹੰਗ ਜਥੇਬੰਦੀਆਂ ਅਤੇ ਸਤਿਕਾਰ ਕਮੇਟੀਆਂ ਵਿਚਕਾਰ ਹੋਏ ਸਮਝੌਤੇ ਨੂੰ ਪੰਥ-ਹਿਤ ਵਿਚ ਪ੍ਰਵਾਨਦਿਆਂ ਸਹੀ ਭੂਮਿਕਾ ਨਿਭਾਉਣ ਵਾਲੇ ਸਿੱਖਾਂ ਦੀ ਸਰਾਹਨਾ ਕੀਤੀ ਹੈ। ਉਹਨਾਂ ਕਿਹਾ ਕਿ ਸੰਗਠਨ ਨੇ ਵੀ ਭਰ੍ਹਾ-ਮਾਰੂ ਜੰਗ ਦੇ ਛਾਏ ਬੱਦਲਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਜੰਗ ਨੂੰ ਟਾਲਣ ਲਈ ਮੀਡੀਏ ਰਾਹੀਂ ਅਪੀਲ ਕੀਤੀ ਸੀ ਅਤੇ ਦਰਜ ਕਰਾਏ ਪਰਚੇ ਵਾਪਸ ਲਈ ਬੇਨਤੀ ਕੀਤੀ ਸੀ।
ਸੰਗਠਨ ਨੇ ਕਿਹਾ ਕਿ ਮੀਰੀ-ਪੀਰੀ ਦਿਵਸ’ਤੇ ਪੰਥ ਵਿਚ ਆਏ ਸਮਝੌਤੇ ਸੁਨੇਹੇ ਨੇ ਪੰਥ ਨੂੰ ਨਿੱਗਰਤਾ ਬਖ਼ਸ਼ੀ ਹੈ। ਸਬੂਤ ਮਿਲਿਆ ਹੈ ਕਿ ਅਸੀਂ ਅਮੀਰ ਵਿਰਸੇ ਦੇ ਵਾਰਸ ਬਣਨ ਦੇ ਆਦੀ ਹਾਂ। ਸਾਡੀ ਚੁੱਪ ਕਿਸੇ ਸ਼ੋਰ ਨੂੰ ਚੁੱਪ ਕਰਾਉਣ ਦੇ ਸਮਰੱਥ ਹੈ। ਅਸਹਿਣਸ਼ੀਲਤਾ ਦੇ ਵਿਰੁੱਧ ਸਹਿਣਸ਼ੀਲਤਾ ਰੱਖਣ ਵਾਲੇ ਯੋਧੇ ਹਾਂ। ਚੌਂਕੜੇ ਮਾਰਨ ਦੀ ਅਤੇ ਸੁਰਤ ਨੂੰ ਟਿਕਾਉਣ ਦੀ ਅਮੀਰੀ ਅੰਗ-ਸੰਗ ਹੈ।
ਸੰਗਠਨ ਅਪੀਲ ਕਰਦਾ ਹੈ ਕਿ ਸ਼ੋਸ਼ਲ ਮੀਡੀਏ ਦੀ ਦੁਰਵਰਤੋਂ ਅਤੇ ਕਾਹਲੇਪਨ ਕਾਰਣ ਫ਼ੈਲ ਰਹੀ ਹਿੰਸਾ ਵਲੋਂ ਵੀ ਮੂੰਹ ਮੋੜ ਕੇ ਬਜ਼ੁਰਗੀ ਦੇ ਰਾਹ ਵੱਲ ਨੂੰ ਵਹੀਰਾਂ ਘੱਤੀਏ। ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਨਮਾਨ ਨੂੰ ਸਨਮੁੱਖ ਰੱਖਦਿਆਂ ਸਿੱਖੀ ਸਿੱਖਿਆ ਦੇ ਜ਼ਾਬਤੇ ਵਿਚ ਰਹਿਣ ਦੀ ਸੇਵਾ ਕਮਾਈਏ।