ਪੰਥ-ਦੋਖੀ ਹੀ ਸਿੱਖੀ ਦੇ ਉੱਚੇ ਮੀਨਾਰ ਦਸਤਾਰ ਵੱਲ ਕਰ ਸਕਦੇ ਹਨ ਉਂਗਲ: ਪੰਥਕ ਤਾਲਮੇਲ ਸੰਗਠਨ

panthak-talmel-committee

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਾਲਮੇਲ ਕੋਰ ਕਮੇਟੀ ਨੇ ਗਿਆਨੀ ਸਰਬਜੀਤ ਸਿੰਘ ਧੁੰਦਾ ਦੀ ਪਿੰਡ ਤਰਸਿੱਕਾ ਵਿਖੇ ਦਸਤਾਰ ਉਤਾਰਨ ਲਈ ਅਪਣਾਏ ਹਥ-ਕੰਡੇ ਦੀ ਸਖ਼ਤ ਨਿਖੇਧੀ ਕੀਤੀ ਹੈ। ਸਾਵਧਾਨੀ ਦੀ ਬਦੌਲਤ ਦਸਤਾਰ ਉਤਰਨ ਤੋਂ ਹੋਏ ਬਚਾਅ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਦਸਤਾਰ ਸਿੱਖ ਸੱਭਿਆਚਾਰ ਦਾ ਉੱਚਾ ਮੀਨਾਰ ਹੈ ਅਤੇ ਇਸ ਵੱਲ ਉਂਗਲ ਕਰਨ ਵਾਲਾ ਕੋਈ ਵੀ ਮਨੁੱਖ ਸਿੱਖ ਨਹੀਂ ਹੋ ਸਕਦਾ। ਬਾਜਾ ਨਾਮ ਦੇ ਦੋਸ਼ੀ ਦੀ ਸ਼ਕਲ ਤੇ ਅਕਲ਼ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿੱਖ ਨਹੀਂ ਹੈ। ਭੇਖੀ ਸਿੱਖਾਂ ਦਾ ਖਰੀਦਿਆ ਪਿਆਦਾ ਜ਼ਰੂਰ ਹੋ ਸਕਦਾ ਹੈ। ਭੇਖੀ ਆਪਣਾ ਭੇਖ ਬਚਾਉਣ ਦੀ ਮਜ਼ਬੂਰੀ ਵਸ ਹਮੇਸ਼ਾਂ ਅਮਾਨਵੀ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਆਏ ਹਨ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਾਖੰਡੀਆਂ ਤੇ ਕਰਮ-ਕਾਂਡੀਆਂ ਦੇ ਪੋਲ ਖੋਲ੍ਹੇ ਅਤੇ ਜ਼ਾਲਮ ਰਾਜਿਆਂ ਨੂੰ ਬੁੱਚੜ ਗਰਦਾਨਦਿਆਂ ਆਮ ਮਨੁੱਖ ਨੂੰ ਹਰ ਭੈ ਤੋਂ ਮੁਕਤ ਕੀਤਾ। ਕਿਸੇ ਭੇਖੀ ਤੇ ਦੋਖੀ ਦੀ ਈਨ ਨਹੀਂ ਮੰਨੀ।
ਸਿੱਖੀ ਸਿਧਾਂਤਾਂ ਦੇ ਉਲਟ ਘਿਨਾਉਣੀਆਂ ਕਾਰਵਾਈਆ ਕਰਨ ਤੇ ਕਰਵਾਉਣ ਵਾਲਿਆਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਸਿਰ ਤੇ ਲਹਾ ਸਕਦਾ ਹੁੰਦਾ ਹੈ। ਪਰ ਤਲਵਾਰ ਦੇ ਜ਼ੋਰ ਵਿਚਾਰ ਕਦੇ ਨਹੀਂ ਬਦਲਦਾ। ਸਿੱਖੀ ਦਾ ਅਸੂਲ ਹੈ ਕਿ ਮਤ-ਭੇਦਾਂ ਨੂੰ ਭੁਲਾਉਣ ਲਈ ਵਿਚਾਰਾਂ ਦੇ ਰਾਹੀ ਬਣਿਆ ਜਾਂਦਾ ਹੈ ਨਾ ਕਿ ਧੱਕੇਸ਼ਾਹੀ ਦੇ। ਗੁਰੁ ਸਾਹਿਬਾਨ ਨੇ ਮਨੁੱਖੀ ਵਿਕਾਸ ਦੀਆਂ ਦੋ ਪ੍ਰਮੁੱਖ ਖੂਬੀਆਂ ਨਿਰਭੈਤਾ ਤੇ ਸੁਤੰਤਰਤਾ ਨੂੰ ਸਿੱਖ ਅੰਦਰ ਦੱਬ ਕੇ ਭਰਿਆ ਹੋਇਆ ਹੈ। ਇਸ ਲਈ ਕਿਸੇ ਵੀ ਏਜੰਸੀ ਵਲੋਂ ਡਰਾਉਣ ਤੇ ਧਮਕਾਉਣ ਦੇ ਤਰੀਕੇ ਕਦੇ ਵੀ ਸਫਲ ਨਹੀਂ ਹੋ ਸਕਦੇ।
ਸੰਗਠਨ ਨੇ ਅਪੀਲ ਕੀਤੀ ਕਿ ਪੰਥ ਸ਼ਬਦ-ਗੁਰੂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦਾ ਡਟ ਕੇ ਸਾਥ ਦੇਵੇ ਅਤੇ ਪ੍ਰਚਾਰਕ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਧੀਨ ਬੇ-ਖੌਫ਼ ਸੇਵਾਵਾਂ ਨਿਭਾ ਕੇ ਗੁਰੂ ਗ੍ਰੰਥ ਤੇ ਪੰਥ ਦੀ ਚੜ੍ਹਦੀ ਕਲ਼ਾ ਲਈ ਭੂਮਿਕਾ ਨਿਭਾਉਣ।

Install Punjabi Akhbar App

Install
×