ਪੰਥਕ ਤਾਲਮੇਲ ਸੰਗਠਨ ਵਲੋਂ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਸੰਮੇਲਨ ਸੰਪੰਨ

panthak-talmel-committee

ਪੰਥ-ਦਰਦੀ ਸਿੱਖਾਂ ਤੇ ਸੰਸਥਾਵਾਂ ਦੀ ਅਵਾਜ਼ ਪੰਥਕ ਤਾਲਮੇਲ ਸੰਗਠਨ ਵਲੋਂ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਸਾਲਾਨਾ ਸੰਮੇਲਨ ਦਾ ਆਯੋਜਨ ਗੁਰਦੁਆਰਾ ਸਿੰਘ ਸਭਾ ਮਾਡਲ ਗ੍ਰਾਮ ਲੁਧਿਆਣਾ ਵਿਖੇ ਕੀਤਾ ਗਿਆ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਸਰਬੱਤ ਖਾਲਸਾ ਦੀ ਕੌਮੀ ਸੰਸਥਾ ਦੀ ਪੁਨਰ ਸੁਰਜੀਤੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਤਖਤਾਂ ਦੇ ਪ੍ਰਬੰਧ, ਪੰਥਕ ਨਿਰਣੇ ਲੈਣ ਦੀ ਜੁਗਤਿ, ਸਿੱਖ ਰਾਜਨੀਤੀ ਦਾ ਸਰੂਪ ਅਤੇ ਨਿਸ਼ਾਨਦੇਹੀ ਅਤੇ ਵਿਸ਼ਵ ਅੰਦਰ ਸਿੱਖ ਗੁਰਦੁਆਰਾ ਪ੍ਰਬੰਧ ਦਾ ਸਹੀ ਕੌਮੀ ਸਰੂਪ ਸਵਾਰਨ ਲਈ ਯੋਗ ਨਹੀਂ ਹੋਵਾਂਗੇ।
ਡਾ:ਕੁਲਵੰਤ ਕੌਰ ਮਾਈ ਭਾਗੋ ਬ੍ਰਿਗੇਡ ਪਟਿਆਲਾ ਨੇ ਮਾਂ ਬੋਲੀ ਪੰਜਾਬੀ ਤੋਂ ਮੋਹ ਭੰਗ ਕਰਨ ਦੀਆਂ ਚਾਲਾਂ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਪੰਜ ਪਿਆਰੇ ਸੰਸਥਾ ਤੇ ਸਰਬੱਤ ਖਾਲਸਾ ਸੰਸਥਾ ਦੇ ਮਿਆਰ ਅਤੇ ਪਵਿੱਤਰਤਾ ਨੂੰ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਅਧੀਨ ਚੁਣੌਤੀ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ।
ਗਿਆਨੀ ਜਗਤਾਰ ਸਿੰਘ ਜਾਚਕ ਅੰਤਰਰਾਸ਼ਟਰੀ ਪ੍ਰਚਾਰਕ ਨੇ ਅਪੀਲ ਕੀਤੀ ਕਿ ਹੁਣ ਕੌਮ ਜਾਗ ਪਈ ਹੋਈ ਹੈ। ਹੁਣ ਸੁਚੱਜੀ ਅਗਵਾਈ ਦੀ ਲੋੜ ਹੈ ਅਤੇ ਨਿਯਤ ਮੁੱਦਿਆਂ’ਤੇ ਅਮਲੀ ਰੂਪ ਵਿਚ ਕੰਮ ਕਰਨ ਲਈ ਤੁਰਨਾ ਹੋਵੇਗਾ।
ਪ੍ਰੋਫੈਸਰ ਜਗਮੋਹਨ ਸਿੰਘ ਟੋਨੀ ਨੇ ਕਿਹਾ ਕਿ ਅਜੇ ਗੁਰਦੁਆਰਿਆਂ ਦੀ ਅਸਲ ਅਜ਼ਾਦੀ ਕਾਇਮ ਕਰਨੀ ਬਾਕੀ ਹੈ। ਜਿਸ ਨਾਲ ਕੌਮ ਦੇ ਗਰੀਬ ਭਾਈਚਾਰੇ ਨੂੰ ਭੌਤਿਕ ਤੇ ਆਤਮਿਕ ਖੁਸ਼ਹਾਲੀ ਦਾ ਦਰਸ਼ਨ ਨਸੀਬ ਹੋ ਸਕੇ।
ਪ੍ਰੋ:ਮਨਰਾਜ ਕੌਰ ਨੇ ਵਿੱਦਿਅਕ ਮਿਆਰ ਨੂੰ ਵਿਸ਼ਵ ਦਾ ਹਾਣੀ ਤੇ ਰੂਹਾਨੀਅਤ ਭਰਪੂਰ ਬਣਾਉਣ’ਤੇ ਜ਼ੋਰ ਦਿੱਤਾ।ਪ੍ਰਿੰ: ਮਨਜਿੰਦਰ ਕੌਰ ਨੇ ਔਰਤਾਂ ਅਤੇ ਬੱਚਿਆਂ ਦਾ ਅਮੀਰ ਵਿਰਸੇ ਤੋਂ ਕੋਰੇ ਹੋਣ ਦੀ ਸਥਿਤੀ ਨੂੰ ਸੰਭਾਲਣ ਦੇ ਨੁਕਤੇ ਸੁਝਾਏ। ਗਿਆਨੀ ਹਰਬੰਸ ਸਿੰਘ ਤੇਗ ਨੇ ਕਿਹਾ ਕਿ ਬਹਾਦਰ ਕੌਮਾਂ ਆਪਣੀ ਛਾਪ ਛੱਡਦੀਆਂ ਹਨ ਅਤੇ ਪ੍ਰਛਾਵੇਂ ਪਾਉਣ ਵਾਲੀਆਂ ਤਾਕਤਾਂ ਦਾ ਅੰਤ ਹੁੰਦਾ ਆਇਆ ਹੈ। ਸ: ਭਰਪੂਰ ਸਿੰਘ ਸਾਬਕਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਤੇ ਰਾਜਨੀਤੀ ਦੇ ਸੁਮੇਲ’ਤੇ ਚਰਚਾ ਕਰਦਿਆਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਸ਼ਹੀਦਾਂ ਦੇ ਖੂਨ ਵਿਚੋਂ ਜੰਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਿਵਾਰਵਾਦ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸ: ਬਲਦੇਵ ਸਿੰਘ ਬਟਾਲਵੀ ਨੇ ਗੁਰੂ-ਜੁਗਤਿ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅੱਗੇ ਆਉਣ ਲਈ ਪ੍ਰੇਰਿਆ। ਡਾ: ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਕਿਹਾ ਕਿ ਸਰਕਾਰਾਂ ਤੇ ਸ਼ਕਤੀਆਂ ਜਥੇਦਾਰਾਂ ਅਤੇ ਪ੍ਰਬੰਧਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਲਈ ਵਿਅਕਤੀਗਤ ਦੀ ਥਾਂ ਸਮੂਹਿਕ ਖਾਲਸਾ ਪੰਥ ਹੀ ਕੌਮ ਨੂੰ ਸੁਰੱਖਿਅਤ ਰੱਖ ਸਕਦਾ ਹੈ। ਸ: ਮੱਖਣ ਸਿੰਘ ਜੰਮੂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਬਹੁ-ਗਿਣਤੀ ਸੰਗਤਾਂ ਹਰ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਂਦੀਆਂ ਵੀ ਹਨ ਅਤੇ ਮਨਾਉਣ ਦਾ ਫੈਸਲਾ ਵੀ ਕੀਤਾ ਹੋਇਆ ਹੈ। ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਸੰਸਥਾਵਾਂ ਤੇ ਸੰਗਤਾਂ ਦੇ ਤਾਲਮੇਲ ਨਾਲ ਤਬਦੀਲੀ ਦੀਆਂ ਉਦਾਹਰਨਾਂ ਨੂੰ ਸਾਂਝਾ ਕੀਤਾ। ਗਿਆਨੀ ਗੁਨਵੰਤ ਸਿੰਘ ਹਰਿਆਣਾ ਰਾਜ ਨੇ ਦਸਵੰਧ ਬਚਾਉ ਅਤੇ ਸਮਾਜ ਬਚਾਉ ਦੀ ਮੁਹਿੰਮ ਆਰੰਭਣ’ਤੇ ਜ਼ੋਰ ਦਿੱਤਾ। ਪ੍ਰੋ: ਹਰਕੰਵਲ ਕੌਰ ਨੇ ਵਪਾਰਕ ਸਕੂਲਾਂ ਦੀ ਥਾਂ ਸੇਵਾਰਥੀ ਸਕੂਲਾਂ ਦਾ ਰੂਪ ਸਿਰਜਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸੰਮੇਲਨ ਵਲੋਂ ਖਾਸ ਮਤੇ ਪਾਸ ਕੀਤੇ ਗਏ।
ਖਾਲਸਾ ਪੰਥ ਨੂੰ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ-ਸਨਮਾਨ ਨੂੰ ਹਰ ਹੀਲੇ ਬਹਾਲ ਰੱਖਣ ਲਈ ਕੇਵਲ ਤੇ ਕੇਵਲ ਪੰਥ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਉੱਤੇ ਅਮਲ ਕਰਨਾ ਤੇ ਕਰਵਾਉਣਾ ਚਾਹੀਦਾ ਹੈ। ਸ਼੍ਰੋ:ਗੁ:ਪ੍ਰ:ਕਮੇਟੀ, ਦਿੱਲੀ ਸਿੱਖ ਗੁ:ਪ੍ਰ:ਕਮੇਟੀ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ, ਤਖਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕ ਕਮੇਟੀ ਅਤੇ ਹੋਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸਿੱਖ ਰਹਿਤ ਮਰਯਾਦਾ ਦੇ ਅਮਲ ਵਿਚ ਕਿਸੇ ਪ੍ਰਕਾਰ ਦੀ ਢਿੱਲ ਅਥਵਾ ਕੁਤਾਹੀ ਨਹੀਂ ਕਰਨੀ ਚਾਹੀਦੀ।ਜੋ ਵੀ ਸਿੱਖ ਆਪਣੇ ਇਸ ਕੌਮੀ ਫਰਜ਼ ਵਿਚ ਢਿੱਲ ਵਰਤਦਾ ਹੈ, ਉਹ ਖਾਲਸਾ ਪੰਥ ਦਾ ਗੁਨਾਹਗਾਰ ਹੈ।
ਖਾਲਸਾ ਪੰਥ ਦੀ ਨਿਰਮਲ ਨਿਆਰੀ ਹੋਂਦ ਇਕਸੁਰਤਾ ਤੇ ਇਕਸਾਰਤਾ ਨੂੰ ਕਾਇਮ ਰੱਖਣ ਹਿਤ ਬ੍ਰਾਹਮਣਵਾਦੀ ਸੋਚ ਦੇ ਪ੍ਰਭਾਵ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਕੀਤੀ ਗਈ ਛੇੜਛਾੜ ਖਾਲਸਾ ਪੰਥ ਬਰਦਾਸ਼ਤ ਨਾ ਕਰੇ। ਜਿਹੜੀਆਂ ਵੀ ਸੰਸਥਾਵਾਂ ਜਾਂ ਕੁਝ ਸਿੱਖ ਜਾਣ ਬੁਝ ਕੇ ਇਹ ਮੂਲ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੇ ਹਨ ਉਹ ਖਾਲਸਾ ਪੰਥ ਦੀ ਇਕਸੁਰਤਾ ਅਤੇ ਇਕਸਾਰਤਾ ਨੂੰ ਢਾਹ ਲਾਉਣ ਦੇ ਜ਼ਿੰਮੇਵਾਰ ਹਨ।
ਸ੍ਰੀ ਗੁਰੁ ਨਾਨਕ ਸਾਹਿਬ ਜੀ ਦਾ 550 ਸਾਲਾ ਆਗਮਨ ਪੁਰਬ ਸਾਰੀ ਸਿੱਖ ਕੌਮ ਨੂੰ ਅਤੇ ਕੌਮ ਦੀਆਂ ਵੱਡੀਆਂ ਛੋਟੀਆਂ ਸੰਸਥਾਵਾਂ ਨੂੰ ਮਿਲ ਕੇ ਮਨਾਉਣ ਲਈ ਖਾਸ ਵਿਉਂਤਬੰਦੀ ਕਰਨ ਦੀ ਜ਼ਰੂਰਤ ਹੈ। ਗੁਰੂ ਕਾਲ ਤੋਂ ਸਿੱਖ ਕੌਮ ਨਾਲ ਜੁੜੇ ਹੋਏ ਉਨ੍ਹਾਂ ਭਾਈਚਾਰਿਆਂ ਜੋ ਆਪਣੇ ਆਪ ਨੂੰ ਨਾਨਕ ਪੰਥੀ ਕਹਾਉਣ ਦਾ ਮਾਣ ਮਹਿਸੂਸ ਕਰਦੇ ਹਨ (ਜਿਵੇਂ ਕਿ ਸਿਗਲੀਗਰ ਸਿੱਖ ਭਾਈਚਾਰਾ, ਵਣਜਾਰਾ ਸਿੱਖ ਭਾਈਚਾਰਾ, ਸਤਿਨਾਮੀਏ ਸਿੱਖ ਭਾਈਚਾਰਾ,ਥਾਰੂ ਸਿੱਖ ਭਾਈਚਾਰਾ, ਮਾਹਰ ਸਿੱਖ ਭਾਈਚਾਰਾ ਆਦਿ )। ਸਮਰਪਿਤ ਕਰ ਕੇ ਮਨਾਉਣਾ ਚਾਹੀਦਾ ਹੈ। ਕਿਉਂਕਿ ਇਹ ਸਾਰੇ ਭਾਈਚਾਰੇ ਵੱਖ ਵੱਖ ਵਿਚਾਰਵਾਨਾਂ ਅਤੇ ਭਾਈਚਾਰਿਆਂ ਦੇ ਮੁਖੀਆਂ ਵੱਲੋਂ ਦੱਸਣ ਮੁਤਾਬਕ 16 ਤੋਂ 20 ਕਰੋੜ ਦੀ ਗਿਣਤੀ ਵਿਚ ਹਨ। ਖਾਸ ਤੌਰ ਤੇ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਹੋਰ ਵੱਡੀਆਂ ਕੌਮੀ ਸਿੱਖ ਸੰਸਥਾਵਾਂ ਨੂੰ ਨਾਨਕ ਪੰਥੀ ਸਿੱਖ ਭਾਈਚਾਰਿਆਂ ਨੂੰ ਸਮਰਪਿਤ ਕਰਕੇ 550 ਸਾਲਾ ਆਗਮਨ ਪੁਰਬ ਮਨਾਉਣ ਦਾ ਐਲਾਨ ਕਰਨਾ ਚਾਹੀਦਾ।
ਸਾਕਾ ਨਨਕਾਣਾ ਸਾਹਿਬ ਦਾ 100 ਸਾਲਾ ਦਿਹਾੜੇ ਨੂੰ ਮਨਾਉਣ ਲਈ ਹੁਣ ਤੋਂ ਹੀ ਵਿਧੀਵਧ ਢੰਗ ਨਾਲ ਤਿਆਰੀ ਕਰਨੀ ਚਾਹੀਦੀ ਹੈ। ਇਹ ਸ਼ਤਾਬਦੀ ਸਾਨੂੰ ਕੌਮ ਦੇ ਵਰਤਮਾਨ ਨੂੰ ਸੰਵਾਰਨ ਅਤੇ ਭਵਿੱਖ ਦੀ ਤਿਆਰੀ ਲਈ ਕੋਈ ਕੌਮੀ ਜੁਗਤ ਘੜ੍ਹਨ ਲਈ ਯੋਜਨਾਬੱਧ ਢੰਗ ਨਾਲ ਮਨਾਉਣੀ ਚਾਹੀਦੀ ਹੈ। ਉਹਨਾਂ ਸ਼ਹੀਦ ਸਿੰਘਾਂ ਦੀਆਂ ਰੂਹਾਂ ਅੱਜ ਪੂਰੇ ਖਾਲਸਾ ਪੰਥ ਤੋਂ ਮੰਗ ਕਰ ਰਹੀਆਂ ਹਨ ਕਿ ਅਸੀਂ ਕੌਮੀ ਤੌਰ’ਤੇ ਇਕ ਹੋਈਏ ਅਤੇ ਉਹਨਾਂ ਵਾਂਗ ਹੀ ਪੰਥ-ਪ੍ਰਸਤੀ ਦੀ ਭਾਵਨਾ ਲੈ ਕੇ ਕੌਮ ਦੇ ਧਾਰਮਿਕ, ਸ਼ਮਾਜਿਕ, ਰਾਜਨੀਤਕ ਤੇ ਆਰਥਿਕ ਪੱਖ ਲਈ ਕੁਝ ਕਰ ਗੁਜ਼ਰੀਏ। ਇਹ ਤਾਂ ਹੀ ਸੰਭਵ ਹੈ ਜੇ ਕੌਮ ਹੁਣ ਤੋਂ ਹੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ’ਤੇ ਇਹ ਸ਼ਤਾਬਦੀ ਨੂੰ ਮਨਾਉਣ ਲਈ ਆਪਣੇ ਆਪ ਨੂੰ ਤਿਆਰ ਕਰੇਗੀ। ਪੰਥਕ ਤਾਲਮੇਲ ਸੰਗਠਨ ਦੇਸ਼-ਵਿਦੇਸ਼ਾਂ ਵਿਚ ਵਸਦੇ ਸਾਰੇ ਪੰਥ-ਦਰਦੀਆਂ ਨੂੰ ਅਵਾਜ਼ ਮਾਰਦਾ ਹੈ।
ਇਸ ਮੌਕੇ ਪ੍ਰੋ: ਗੁਰਸ਼ਰਨ ਸਿੰਘ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸ: ਸੁਖਦੇਵ ਸਿੰਘ ਲਾਜ, ਸ: ਚਰਨਜੀਤ ਸਿੰਘ, ਪ੍ਰਿੰ: ਗੁਰਦੇਵ ਸਿੰਘ ਬੈਂਚਾਂ ਹੁਸ਼ਿਆਰਪੁਰ, ਸ: ਪ੍ਰੀਤਮ ਸਿੰਘ, ਸ: ਮੇਜਰ ਸਿੰਘ, ਚਮਕੌਰ ਸਿੰਘ ਰਾਜੋਆਣਾ, ਸੁਲੋਚਨਬੀਰ ਸਿੰਘ, ਗਿਆਨੀ ਫਤਹਿ ਸਿੰਘ ਮਾਡਲ ਗ੍ਰਾਮ ਨੇ ਵੀ ਵਿਚਾਰਾਂ ਦੀ ਸਾਂਝ ਕੀਤੀ। ਉਚੇਚੇ ਤੌਰ’ਤੇ ਗੁਨਵੰਤ ਕੌਰ, ਗੁਰਚਰਨ ਕੌਰ, ਗੁਰਸ਼ਰਨ ਸਿੰਘ, ਚਰਨ ਸਿੰਘ ਮੋਹਾਲੀ, ਸੁਰਜੀਤ ਸਿੰਘ ਜੰਮੂ, ਹਰਜੀਤ ਸਿੰਘ ਭਾਟੀਆ ਸਿੰਘ ਸਭਾ ਕਪੂਰਥਲਾ, ਸੁਰਿੰਦਰ ਸਿੰਘ, ਜਗਤਾਰ ਸਿੰਘ ਸਹਾਰਨ ਮਾਜਰਾ, ਜਰਨੈਲ ਸਿੰਘ ਪੰਥਕ ਫਰੰਟ, ਜਸਵਿੰਦਰ ਸਿੰਘ ਕਾਹਮਾ ਅਤੇ ਪੰਜਾਬ ਤੇ ਹੋਰ ਰਾਜਾਂ ਦੀਆਂ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਤੇ ਸੰਗਤਾਂ ਹਾਜ਼ਰ ਸਨ।
ਸ: ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਿੰਘ ਸਭਾ ਮਾਡਲ ਗਰਾਮ ਨੇ ਗੁਰਦੁਆਰਾ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਸੰਮੇਲਨ ਦਾ ਮੰਚ ਸੰਚਾਲਨ ਸ: ਰਸ਼ਪਾਲ ਸਿੰਘ ਹੁਸ਼ਿਆਰਪੁਰ ਨੇ ਕੀਤਾ।

Install Punjabi Akhbar App

Install
×