ਕੌਮੀ ਜਥੇਬੰਦੀ ਚੀਫ ਖਾਲਸਾ ਦੀਵਾਨ ਦੀ ਪਹਿਰੇਦਾਰੀ ਇਕ ਪੰਥਕ ਜ਼ਿੰਮੇਵਾਰੀ : ਪੰਥਕ ਤਾਲਮੇਲ ਸੰਗਠਨ

panthak-talmel-committee
ਗੈਰ-ਸਿਆਸੀ ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਇਕ ਪੁਰਾਤਨ ਤੇ ਨਾਮਵਰ ਜਥੇਬੰਦੀ ਹੈ ਜਿਸ ਦਾ ਸਿੱਖਿਆ ਅਤੇ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਹੈ। ਇਸ ਜਥੇਬੰਦੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਸ਼ਰਮਨਾਕ ਵਿਵਾਦ ਵਿਚ ਘਿਰਨਾ ਆਪਣੇ ਆਪ ਵਿਚ ਇਕ ਨਮੋਸ਼ੀਜਨਕ ਸਥਿਤੀ ਹੈ। ਜਿਸ ਨੇ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਤੇ ਘਾਟਾ ਪਾਇਆ ਹੈ। ਇਸ ਦੇ ਬਾਵਜੂਦ ਕਥਿਤ ਪ੍ਰਧਾਨ ਵਲੋਂ ਅੱਜ ਤੱਕ ਅਸਤੀਫਾ ਨਾ ਦੇਣਾ ਅਤੇ ਕਾਬਜ਼ ਰਹਿਣ ਲਈ ਸਰਗਰਮ ਰਹਿਣਾ ਅਨੈਤਿਕ ਵਰਤਾਰਾ ਹੈ। ਕਿਉਂਕਿ ਇਹ ਮਾਮਲਾ ਲੋਕ ਕਚਹਿਰੀ ਵਿਚ ਜਾ ਚੁੱਕਾ ਹੈ ਇਸ ਲਈ ਇਸ ਨੂੰ ਕੇਵਲ ਕਾਨੂੰਨੀ ਪ੍ਰਕਿਰਿਆ ਦੇ ਦਾਅ-ਪੇਚਾਂ ਨਾਲ ਉਲਝਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਜੋ ਲੋਕ ਦੀਵਾਨ ਦੇ ਮੈਂਬਰ ਹੁੰਦਿਆਂ ਇਸ ਪਰਿਵਾਰ ਨੂੰ ਪਕੜ ਤੇ ਜਕੜ ਬਣਾਏ ਰੱਖਣ ਦੀ ਉਲਝਣ ਲਈ ਉਤਸ਼ਾਹਿਤ ਕਰ ਰਹੇ ਹਨ ਉਹ ਜਿੱਥੇ ਸਿੱਖ ਪੰਥ ਨਾਲ ਧੋਖਾ ਕਰ ਰਹੇ ਹਨ, ਉੱਥੇ ਪਰਿਵਾਰ ਨੂੰ ਸੇਵਾ ਦੀ ਥਾਂ ਸੰਕਟ ਵੱਲ ਧੱਕ ਰਹੇ ਹਨ।
ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਕਿਸੇ ਢੰਗ ਨਾਲ ਵੀ ਪ੍ਰਦਰਸ਼ਨ ਕਰਕੇ ਚੀਫ ਖਾਲਸਾ ਦੀਵਾਨ ਨੂੰ ਪ੍ਰਭਾਵਤ ਕਰਨ ਵਾਲੀਆਂ ਸਰਗਰਮੀਆਂ ਤੁਰੰਤ ਬੰਦ ਕੀਤੀਆਂ ਜਾਣ। ਉੱਚੀ-ਸੁੱਚੀ ਸੰਸਥਾ ਦੇ ਸੁੱਚੇ ਲੋਕਤੰਤਰ ਨੂੰ ਪਹਿਲ ਦਿੱਤੀ ਜਾਵੇ ਅਤੇ ਕਿਸੇ ਵੀ ਖਾਨਾਜੰਗੀ ਨੂੰ ਪਛਾੜਿਆ ਜਾਵੇ। ਇਸ ਸੰਸਥਾ ਅੰਦਰਲੀਆਂ ਨੈਤਿਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਹਰ ਮੈਂਬਰ ਆਪਣਾ ਫਰਜ ਨਿਭਾਵੇ ਅਤੇ ਆਪਣੇ ਆਪ ਨੂੰ ਪੰਥ ਅੱਗੇ ਜਵਾਬਦੇਹ ਸਮਝੇ। ਸਿੱਖ ਕੌਮ ਕਿਸੇ ਵੀ ਅਨੈਤਿਕ ਵਰਤਾਰੇ ਨੂੰ ਸਹਿਣ ਨਹੀਂ ਕਰ ਸਕਦੀ। ਇਸ ਲਈ ਚੀਫ ਖਾਲਸਾ ਦੀਵਾਨ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਵਿਸ਼ਵਾਸ਼ ਦਿਵਾਉਣ ਲਈ ਤੁਰੰਤ ਕਦਮ ਉਠਾਵੇ।

Install Punjabi Akhbar App

Install
×