ਤਖਤ ਸਾਹਿਬਾਨ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਤਿਹਾਸਿਕ ਭੁੱਲ ਹੋਵੇਗੀ ਰਾਗੀਆਂ’ਤੇ ਪਾਬੰਦੀ

panthak-talmel-committee

( ਮਾਮਲਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਏ ਜਾ ਰਹੇ ਗੁਰਪੁਰਬ ਦਾ )
ਸਿੱਖ ਸੰਸਥਾਵਾਂ ਅਤੇ ਸਿੱਖ ਸ਼ਖਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਜੇਕਰ ਤਖਤ ਸਾਹਿਬਾਨਾਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੂੰ 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬਾਂ ਮੌਕੇ ਹਾਜ਼ਰੀ ਭਰਨ ਤੋਂ ਰੋਕਿਆ ਜਾ ਰਿਹਾ ਹੈ ਤਾਂ ਇਹ ਬਹੁਤ ਮੰਦਭਾਗਾ ਹੈ। ਜਿੱਥੇ ਪਹਿਲਾਂ ਹੀ ਕੌਮ ਦੀਆਂ ਮਾਣਮੱਤੀਆਂ ਸੰਸਥਾਵਾਂ ਦਾ ਸਿਆਸੀਕਰਣ ਕਰਕੇ ਗੁਨਾਹਾਂ ਦੀ ਲੰਮੀ ਸੂਚੀ ਦਾ ਹਿੱਸਾ ਬਣ ਚੁੱਕੀਆਂ ਹੋਈਆਂ ਹਨ , ਉੱਥੇ ਐਸੀ ਅਣਐਲਾਨੀ ਪਾਬੰਦੀ ਬੜੀ ਵੱਡੀ ਇਤਿਹਾਸਿਕ ਭੁੱਲ ਹੋਵੇਗੀ। ਇਸ ਮੌਕੇ ਸ਼ਰੋਮਣੀ ਸੰਸਥਾਵਾਂ ਨੂੰ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨੂੰ ਸੁਣਨਾ ਤੇ ਸਵੀਕਾਰਨਾ ਚਾਹੀਦਾ ਹੈ। ਦੇਸ਼-ਵਿਦੇਸ਼ ਅੰਦਰ ਗੁਰਦੁਆਰਾ ਸਾਹਿਬਾਨ ਅਤੇ ਸਭਾ ਸੁਸਾਇਟੀਆਂ ਪੂਰੇ ਜਾਹੋ-ਜਲਾਲ ਨਾਲ ਗੁਰਪੁਰਬ ਮਨਾ ਰਹੀਆਂ ਹਨ।

ਪੰਥਕ ਤਾਲਮੇਲ ਸੰਗਠਨ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਸਵੈ-ਮਾਣ, ਅਣਖ ਤੇ ਨਿਆਰੇਪਨ ਦੀ ਪਹਿਰੇਦਾਰੀ ਕਰਦਿਆਂ ਗੁਰਪੁਰਬ ਮਨਾਉਣ ਅਤੇ ਗੁਰੂ ਸਾਹਿਬ ਜੀ ਦੇ ਕਲਿਆਣਕਾਰੀ ਉਪਦੇਸ਼ਾਂ ਨੂੰ ਘਰ ਘਰ ਪਹੁੰਚਾਉਣ ਦੀ ਸੇਵਾ ਨਿਭਾਉਣ।

Install Punjabi Akhbar App

Install
×