ਲੱਖਾ ਸਿਧਾਣਾ ਦੇ ਭਰਾ ਨੂੰ ਦਿੱਲੀ ਪੁਲਿਸ ਵਲੋਂ ਪੰਜਾਬ ਚੋਂ ਚੁੱਕ ਤਸ਼ੱਦਦ ਢਾਹੁਣਾ ਸੂਬਿਆਂ ਦੀ ਤਾਕਤ ਨੂੰ ਵੰਗਾਰ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਚਰਚਿਤ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਮੁੰਡੀ ਸਿਧਾਣਾ ਨੂੰ ਦਿੱਲੀ ਪੁਲਿਸ ਵਲੋਂ ਪੰਜਾਬ ਚੋਂ ਚੁੱਕ ਕੇ ਤਸ਼ੱਦਦ ਢਾਹੁਣ ਵਾਲੇ ਕਾਰੇ ਨੂੰ ਸੂਬਿਆਂ ਦੀ ਤਾਕਤ ਨੂੰ ਵੰਗਾਰ ਕਰਾਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਗਵਾਹੀ ਭਰਦੀਆਂ ਹਨ ਕਿ ਸੂਬਿਆਂ ਕੋਲੋਂ ਉਹਨਾਂ ਦੇ ਅਧਿਕਾਰ ਖੁੱਸ ਰਹੇ ਹਨ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਆਗਿਆ ਬਿਨਾਂ ਬਾਹਰੀ ਪੁਲਿਸ ਵਲੋਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣਾ ਸੂਬਿਆਂ ਦੀ ਕਮਜ਼ੋਰ ਸਥਿਤੀ ਦਾ ਸੰਕੇਤ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪਟਿਆਲਾ ਯੂਨੀਵਰਸਿਟੀ ਵਿਖੇ ਕਾਨੂੰਨੀ ਪੜ੍ਹਾਈ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀ ਨੂੰ ਅਗਵਾ ਕਰ ਕੇ ਅੰਨਾ ਤਸ਼ੱਦਦ ਢਾਹੁਣਾ ਜਿੱਥੇ ਮਨੁੱਖੀ ਅਧਿਕਾਰਾਂ ਦੀ ਸਰਾਸਰ ਉਲੰਘਣਾ ਹੈ, ਉੱਥੇ ਬੇਕਸੂਰ ਵਿਦਿਆਰਥੀ ਨਾਲ ਵੱਡਾ ਧੱਕਾ ਹੈ। ਕੀ ਪੁਲਿਸ ਨੂੰ ਲੋੜੀਂਦੇ ਕਿਸੇ ਵਿਅਕਤੀ ਨਾਲ ਰਿਸ਼ਤਾ ਨਾਤਾ ਹੋਣਾ ਵੀ ਕਸੂਰ ਹੈ ? ਲੋੜੀਂਦੇ ਵਿਅਕਤੀਆਂ ਵਾਸਤੇ ਵੀ ਮਨੁੱਖੀ ਅਧਿਕਾਰਾਂ ਦਾ ਇਕ ਦਾਇਰਾ ਹੈ। ਇਸ ਗ਼ੈਰ-ਕਾਨੂੰਨੀ ਕਾਰਵਾਈ ਤੋਂ ਸਿੱਧ ਹੁੰਦਾ ਹੈ ਕਿ ਕਿਸਾਨੀ ਅੰਦੋਲਨ ਨਾਲ ਜੁੜੇ ਆਗੂਆਂ ਦੇ ਹੌਂਸਲੇ ਪਸਤ ਕਰਨ ਵਾਸਤੇ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ।
ਮੁੰਡੀ ਸਿਧਾਣਾ ਦੇ ਬਿਆਨਾਂ ਅਨੁਸਾਰ ਉਸ ਦੇ ਮੂੰਹ ਵਿਚ ਕੱਪੜਾ ਤੁੰਨਿਆ ਗਿਆ ਅਤੇ ਹੱਥਾਂ ਪੈਰਾਂ ਉੱਪਰ ਸੱਟਾਂ ਮਾਰੀਆਂ ਗਈਆਂ। ਤਸ਼ੱਦਦ ਢਾਹੁੰਦਿਆਂ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਲਈ ਧਮਕਾਇਆ ਗਿਆ। ਇਹ ਵਿਦਿਆਰਥੀ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ। ਵਿਦਿਆਰਥੀ ਨੌਜਵਾਨ’ਤੇ ਢਾਹੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਲਈ ਜ਼ਿੰਮੇਵਾਰ ਮੁਲਜ਼ਮ ਮੁਲਾਜ਼ਮ ਕਾਨੂੰਨ ਦੇ ਕਟਹਿਰੇ ਵਿਚ ਖੜਨੇ ਚਾਹੀਦੇ ਹਨ। ਜਿਸ ਲਈ ਪੰਜਾਬ ਸਰਕਾਰ ਦਾ ਮੁਢਲਾ ਫਰਜ਼ ਬਣਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਰੇ ਅਤੇ ਵਾਪਰੇ ਘਟਨਾਕ੍ਰਮ ਲਈ ਤੁਰੰਤ ਠੋਕਵੀਂ ਕਾਨੂੰਨੀ ਕਾਰਵਾਈ ਕਰੇ। ਕੇਂਦਰ ਸਰਕਾਰ ਸੰਘੀ ਢਾਂਚੇ ਨੂੰ ਵੰਗਾਰਦੀ ਪ੍ਰਣਾਲੀ ਪ੍ਰਤੀ ਕਾਇਦੇ ਕਾਨੂੰਨ ਦੇ ਸਨਮੁਖ ਮੰਥਨ ਕਰੇ।

Install Punjabi Akhbar App

Install
×