ਖ਼ਾਲਸਾ ਪੰਥ ਪੀੜ੍ਹਤ ਵਿਦਿਆਰਥੀਆਂ ਨਾਲ ਖੜ੍ਹ ਕੇ ਖ਼ਾਲਸਈ ਰਵਾਇਤ ਨਿਭਾਏਗਾ : ਪੰਥਕ ਤਾਲਮੇਲ ਸੰਗਠਨ

(10 ਜਨਵਰੀ) ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਿਹੱਥੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਉੱਪਰ ਵਿਉਂਤਬੱਧ ਢੰਗ ਨਾਲ ਹੋਏ ਵਹਿਸ਼ੀਆਨਾ ਹਮਲੇ ਨੂੰ ਮਾਨਵਤਾ ਦਾ ਘਾਣ ਗਰਦਾਨਿਆ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਭਾਰਤ ਅੰਦਰ ਸੁਤੰਤਰ ਸੋਚ ਅਤੇ ਸੰਵਾਦ ਪਹੁੰਚ ਨੂੰ ਮਸਲਨ ਲਈ ਹਮਲਿਆਂ ਦਾ ਰੁਝਾਨ ਦੇਸ਼ ਦੇ ਵਿਰੁੱਧ ਹੈ ਤੇ ਘਾਤਕ ਹੈ।
ਸੰਗਠਨ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਰਵਾਇਤ ਹੈ ਕਿ ਉਹ ਭਿੰਨ-ਭੇਦਾਂ ਤੋਂ ਉੱਪਰ ਰਹਿ ਕੇ ਹਮੇਸ਼ਾਂ ਮਜ਼ਲੂਮਾਂ ਲਈ ਆਪਣਾ ਆਪ ਕੁਰਬਾਨ ਕਰਦਾ ਆ ਰਿਹਾ ਹੈ ਅਤੇ ਇਸ ਰਵਾਇਤ ਨੂੰ ਅੱਜ ਵੀ ਨਿਭਾ ਰਿਹਾ ਹੈ। ਜੇਐਨਯੂ ਵਿਚ ਨਕਾਬਪੋਸ਼ਾਂ ਵਲੋਂ ਸ਼ਰੇਆਮ ਕੀਤੇ ਹਮਲੇ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹਿਲ਼ਾ ਕੇ ਰੱਖ ਦਿੱਤਾ ਹੈ। ਕੌਮਾਂਤਰੀ ਪੱਧਰ’ਤੇ ਨਿੰਦਾ ਹੋ ਰਹੀ ਹੈ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਇਸ ਹਮਲੇ ਦੀ ਪੀੜਾ ਨੂੰ ਖ਼ਾਲਸਾ ਪੰਥ ਵੀ ਪੂਰੀ ਗੰਭੀਰਤਾ ਨਾਲ ਮਹਿਸੂਸ ਕਰ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਰੋਸ ਪ੍ਰੋਗਰਾਮਾਂ ਵਿਚ ਪੁੱਜ ਕੇ ਹਮਦਰਦੀ ਦਾ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਹੋਇਆ ਹੈ।
ਸੰਗਠਨ ਨੇ ਦੁੱਖ ਪ੍ਰਗਟ ਕੀਤਾ ਕਿ ਨਾਗਰਿਕਾਂ ਵਲੋਂ ਮੰਗਾਂ ਅਤੇ ਆਵਾਜ਼ਾਂ ਦੇ ਮਿਲੇ ਅਧਿਕਾਰ ਦੀ ਵਰਤੋਂ ਕਰਨ’ਤੇ ਉਹਨਾਂ ਨੂੰ ਰਾਸ਼ਟਰ ਵਿਰੋਧੀ, ਗਦਾਰ ਅਤੇ ਅੱਤਵਾਦੀ ਐਲਾਨਿਆ ਜਾ ਰਿਹਾ ਹੈ। ਸੱਤਾਧਾਰੀਆਂ ਦੇ ਸੂਤਰ ਦੇ ਅਨੁਸ਼ਾਸ਼ਨ, ਲਾਅ ਐਂਡ ਆਰਡਰ ਅਤੇ ਦੇਸ਼ ਭਗਤੀ ਦੇ ਨਾਮ ਹੇਠ ਹਿੰਸਾ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਭਾਰਤ ਨੂੰ ਸੰਵਾਦ ਦੇ ਸੱਭਿਆਚਾਰ ਤੋਂ ਧੱਕ ਕੇ ਹਿੰਸਾ ਰਾਹੀਂ ਦਿਲ-ਦਿਮਾਗ ਸੁੰਨ ਕਰਨ ਦਾ ਸਿਲਸਲਾ ਚੱਲ ਰਿਹਾ ਹੈ। ਇਹ ਸਿਲਸਲਾ ਕਿਸੇ ਵੀ ਧਰਮ-ਮਜ਼੍ਹਬ ਦੀ ਇਨਸਾਫ਼ ਪਸੰਦ ਜਨਤਾ ਲਈ ਅਸਹਿ ਹੈ ਅਤੇ ਜਨਤਾ ਦਾ ਵਿਰੋਧ ਦਰਜ ਕਰਾਉਣਾ ਲਾਜ਼ਮੀ ਹੈ। ਮੰਗ ਕੀਤੀ ਕਿ ਦੇਸ਼ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਕੂਮਤੀ ਅਹੁਦੇਦਾਰਾਂ ਨੂੰ ਆਪਣੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ।

Install Punjabi Akhbar App

Install
×