ਕੌਮਾਂਤਰੀ ਸ਼ਾਂਤੀ ਹਿਤ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣੇ ਅਤੇ ਦਿਲ ਵੀ ਢਾਹੁਣੇ ਅਜੀਬੋ ਗਰੀਬ ਵਰਤਾਰਾ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਫ਼ਿਰਕੂ ਹਿੰਸਾਗ੍ਰਸਤ ਜਹਾਂਗੀਰਪੁਰੀ ਦਿੱਲੀ ਵਿਖੇ ਬੁਲਡੋਜ਼ਰ ਚਲਾ ਕੇ ਕੱਚੀਆਂ ਪੱਕੀਆਂ ਉਸਾਰੀਆਂ ਨੂੰ ਢਹਿ ਢੇਰੀ ਕਰਨ ਦੀ ਕਾਰਵਾਈ ਨੂੰ ਏਕਤਾ ਤੇ ਅਖੰਡਤਾ ਢਾਹੁਣ ਵਾਲਾ ਖ਼ਤਰਾ ਕਰਾਰ ਦਿੱਤਾ ਹੈ। ਦੇਸ਼ ਦੀ ਸੁਪਰੀਮ ਕੋਰਟ ਵਲੋਂ ਦੋ ਵਾਰ ਦਖ਼ਲ ਦੇਣ ਦੇ ਬਾਵਜੂਦ ਮਸਜਿਦ ਦਾ ਗੇਟ ਅਤੇ ਹੋਰ ਭੰਨ ਤੋੜ ਦੇ ਜਾਰੀ ਰਹਿਣ ਨਾਲ ਅਸੁਰੱਖਿਆ ਦੇ ਸਹਿਮ ਵਿਚ ਭਾਰੀ ਵਾਧਾ ਹੋਣਾ ਸੁਭਾਵਕ ਹੈ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਕੀਤੀ ਇਸ ਕਾਰਵਾਈ ਵਿਰੁੱਧ ਇਸ ਕਰਕੇ ਸਵਾਲ ਉੱਠਦੇ ਹਨ ਕਿ ਅਜਿਹਾ ਕੁਝ ਦੇਸ਼ ਵਿਚ ਜ਼ਖ਼ਮੀ ਥਾਵਾਂ ‘ਤੇ ਅਤੇ ਜ਼ੋਖਮ ਸਮੇਂ ਅੰਦਰ ਕੀਤਾ ਜਾ ਰਿਹਾ ਹੈ। ਦੂਸਰਾ ਕਿਸੇ ਵੀ ਫ਼ਿਰਕੂ ਫ਼ਸਾਦ ਲਈ ਇਕ ਦੋ ਜਾਂ ਵੱਧ ਧਿਰਾਂ ਕਸੂਰਵਾਰ ਹੋ ਸਕਦੀਆਂ ਹਨ, ਪਰ ਦੇਸ਼ ਦੀ ਸਰਕਾਰ ਵਲੋਂ ਸ਼ਾਂਤੀ ਦਾ ਸੰਦੇਸ਼ ਦੇਣ ਤੋਂ ਵੀ ਕੰਜੂਸੀ ਵੱਡੇ ਪ੍ਰਸ਼ਨ ਖੜ੍ਹੇ ਕਰਦੀ ਹੈ। ਸ਼ਾਇਦ ਇਸੇ ਕਾਰਨ ਹੀ ਸੁਪਰੀਮ ਕੋਰਟ ਨੇ ਵੀ ਸੌਲੀਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਵਾਲ ਕੀਤਾ ਹੈ ਕਿ ਕੀ ਸਟਾਲ, ਕੁਰਸੀਆਂ, ਮੇਜ਼ ਤੇ ਬਕਸੇ ਹਟਾਉਣ ਲਈ ਵੀ ਬੁਲਡੋਜ਼ਰਾਂ ਦੀ ਜ਼ਰੂਰਤ ਹੁੰਦੀ ਹੈ?
ਦੁੱਖ ਦੀ ਗੱਲ ਹੈ ਜਦੋਂ ਭਾਰਤ ਸਰਕਾਰ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਲੱਖਣ ਸ਼ਹਾਦਤ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 401ਵਾਂ ਪ੍ਰਕਾਸ਼ ਗੁਰਪੁਰਬ ਅਲੌਕਿਕ ਸਮਾਗਮ ਰਚਾਉਣ ਲਈ ਆਪਣੇ ਆਪ ਨੂੰ ਸੁਭਾਗੀ ਸਮਝ ਰਹੀ ਸੀ, ਉਹਨਾਂ ਦਿਨਾਂ ਦੌਰਾਨ ਇਹ ਸਭ ਕੁਝ ਵਾਪਰਿਆ ਹੈ। ਯਾਦ ਦਾ ਹਿੱਸਾ ਰਹਿਣਾ ਚਾਹੀਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੇਵਲ ਭਾਰਤ ਲਈ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਨੇ ਭਾਰਤੀ ਨਿਮਾਣੀ ਤੇ ਨਿਤਾਣੀ ਆਤਮਾ ਨੂੰ ਹਲੂਣਦਿਆਂ ਉਸ ਦੇ ਹੱਕ ਤੇ ਫ਼ਰਜ਼ ਚੇਤੇ ਕਰਾਏ ਹੋਏ ਹਨ। ਅਧਰਮ ਅਤੇ ਅਨਿਆਂ ਵਿਰੁੱਧ ਸਭ ਸੀਮਾਵਾਂ ਉਲੰਘ ਧਰਮ ਨਿਭਾਉਣ ਦਾ ਸਬਕ ਸਿਖਾਇਆ ਹੋਇਆ ਹੈ।
ਸਗਲ ਸ਼੍ਰਿਸ਼ਟੀ ਦੀ ਚਾਦਰ ਗੁਰੂ ਸਾਹਿਬ ਦੇ ਗੁਰਪੁਰਬ ਮਨਾਉਣ ਵਾਲੀ ਭਾਰਤ ਸਰਕਾਰ ਸਮੇਂ ਅਜਿਹੇ ਅਨਿਆਂ ਅਤੇ ਇਸੇ ਸਮੇਂ ਸਿੱਖ ਕੌਮ ਦੇ ਜਥੇਦਾਰਾਂ ਤੇ ਸਿਰਮੌਰ ਸੰਸਥਾਵਾਂ ਵਲੋਂ ਗੂੰਗੇ, ਬੋਲੇ ਤੇ ਅੰਨ੍ਹੇ ਹੋਣ ਵਰਤਾਰਾ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਪਿੱਠ ਦਿਖਾਉਣ ਦੇ ਤੁੱਲ ਹੈ। ਮਾਨਵਤਾ ਦੇ ਘਾਣ ਨਾਲ ਸਹਿਮਤੀ ਦਾ ਨੰਗਾ ਚਿੱਟਾ ਸਬੂਤ ਹੈ।

Install Punjabi Akhbar App

Install
×