ਸੂਬਿਆਂ ਦੀਆਂ ਤਾਕਤਾਂ ਤੇ ਅਧਿਕਾਰਾਂ ਦੀ ਰਾਖੀ ਹਿਤ 5 ਨਵੰਬਰ ਨੂੰ ਚੱਕਾ ਜਾਮ ਦਾ ਸਮੱਰਥਨ ਕਰੇ ਹਰ ਵਰਗ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਂਵਾਂ ਤੇ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ 5 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਸਮੱਰਥਨ ਕਰਦਿਆਂ ਅਪੀਲ ਕੀਤੀ ਕਿ ਹਰ ਵਰਗ ਵਪਾਰੀ, ਕਰਮਚਾਰੀ, ਖਪਤਕਾਰੀ, ਬੱਸ-ਟਰੱਕ-ਆਟੋ ਰਿਕਸ਼ਾ ਯੂਨੀਅਨਾਂ, ਧਾਰਮਿਕ, ਵਿਦਿਅਕ ਅਤੇ ਸਮਾਜ-ਸੇਵੀ ਸੰਸਥਾਂਵਾਂ ਇਸ ਦੀਆਂ ਹਿੱਸੇਦਾਰ ਬਣਨ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੋਰ ਕਮੇਟੀ ਨੇ ਕਿਹਾ ਕਿ ਜਦੋਂ ਸੂਬਿਆਂ ਦੀਆਂ ਸਰਕਾਰਾਂ ਕਰੋਨਾ ਹਿਫਾਜ਼ਤ ਵਿਚ ਲੱਗੀਆਂ ਹੋਈਆਂ ਸਨ ਤਾਂ ਕੇਂਦਰ ਵਲੋਂ ਖੇਤੀ ਸਬੰਧੀ ਤਿੰਨ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ। ਬਿਜਲੀ ਸੋਧ ਬਿਲ ਵੀ ਪੇਸ਼ ਕਰ ਦਿੱਤਾ ਗਿਆ। ਇਹ ਬਿਲ ਭਾਰਤ ਦੇ ਸੰਘੀ ਢਾਂਚੇ ਦੀ ਸੰਘੀ ਘੁੱਟਦੇ ਹਨ। ‘ਇਕ ਦੇਸ਼ ਇਕ ਮੰਡੀ’ ਦੇ ਨਾਮ’ਤੇ ਸੂਬਿਆਂ ਦੀਆਂ ਮੰਡੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਪਾਵਰ ਰੈਗੂਲੇਟਰੀ ਐਕਟ ਵਿਚ ਤਬਦੀਲੀ ਕਰਕੇ ਕਿਸਾਨਾਂ ਨੂੰ ਸੂਬਾ ਪੱਧਰੀ ਮਿਲਦੀਆਂ ਸਹੂਲਤਾਂ ਤੋਂ ਵਾਂਝਾ ਕਰਕੇ ਕੇਂਦਰ ਸਰਕਾਰ ਦੇ ਗ਼ੁਲਾਮ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਮਾਰੇ ਇਹਨਾਂ ਡਾਕਿਆਂ ਵਿਰੁੱਧ ਸੂਬਾ ਸਰਕਾਰਾਂ ਵੀ ਰੋਸ ਪ੍ਰਗਟਾ ਰਹੀਆਂ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੋਈ ਮੰਤਰੀ ਦੇਸ਼ ਦੇ ਲੋਕਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ ਹਨ। ਕਿਸਾਨਾਂ ਵਲੋਂ ਮਾਲ ਗੱਡੀਆਂ ਲਈ ਰਸਤੇ ਖੋਲ਼ੇ ਜਾਣ ਦੇ ਬਾਵਜੂਦ ਕੇਂਦਰ ਵਲੋਂ ਗੱਡੀਆਂ ਰੁਕੀਆਂ ਹੋਈਆਂ ਹਨ। ਪੇਂਡੂ ਵਿਕਾਸ ਫੰਡ ਵੀ ਰੱਦ ਕਰ ਦਿੱਤਾ ਗਿਆ ਹੈ। ਇਕ ਲੜੀ ਵਿਚ ਝਟਕੇ’ਤੇ ਝਟਕਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਾਲ ਲਿਜਾ ਕੇ ਰਾਸ਼ਟਰਪਤੀ ਨੂੰ ਮਿਲਣ ਦਾ ਐਲਾਨ ਕੀਤਾ, ਪਰ ਉਹਨਾਂ ਨੂੰ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਹੈ।
ਕਿਸਾਨ ਅੰਦੋਲਨ ਤੋਂ ਲੋਕ ਅੰਦੋਲਨ ਵੱਲ ਵਧ ਰਹੇ ਸਿਲਸਲੇ ਦੇ ਬਾਵਜੂਦ ਕੇਂਦਰ ਦੇ ਮਿਜ਼ਾਜ਼ ਵਿਚ ਕੋਈ ਤਬਦੀਲੀ ਨਹੀਂ ਆ ਰਹੀ ਹੈ। ਬਲਕਿ ਕੇਂਦਰ ਸਰਕਾਰ ਖਫ਼ਾ ਹੋ ਕੇ ਬਦਲਾ ਲਊ ਕਾਰਵਾਈਆਂ ਕਰ ਰਹੀ ਹੈ। ਕੇਂਦਰ ਦਾ ਇਹ ਰਵੱਈਆ ਜਮਹੂਰੀ ਰਾਜ-ਪ੍ਰਣਾਲੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੇ ਮੂਲੋਂ ਵਿਰੁੱਧ ਹੈ। ਜਿਸ ਲਈ ਅੱਜ ਅਵਾਮ ਨੂੰ ਆਪਣੀ ਰੋਟੀ-ਰੋਜ਼ੀ, ਕੰਮਾਂ-ਕਾਰਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਸੜਕਾਂ’ ਤੇ ਉੱਤਰਨਾ ਮਜ਼ਬੂਰੀ ਹੈ। ਸੰਗਠਨ ਦੀਆਂ ਪ੍ਰਮੁੱਖ ਸੰਸਥਾਂਵਾਂ ਅਕਾਲ ਪੁਰਖ ਕੀ ਫ਼ੌਜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸਿੱਖ ਮਿਸ਼ਨਰੀ ਕਾਲਜ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਮਾਈ ਭਾਗੋ ਬ੍ਰਿਗੇਡ, ਗੁਰੂ ਅੰਗਦ ਦੇਵ ਸੇਵਕ ਸਭਾ, ਭਾਈ ਘਨ੍ਹਈਆ ਸੇਵਾ ਦਲ, ਅਕਾਲੀ ਕੌਰ ਸਿੰਘ ਮੈਮੋਰੀਅਲ ਟਰੱਸਟ, ਗੁਰਸਿੱਖ ਫੈਮਿਲੀ ਕਲੱਬ, ਗੁਰਮਤਿ ਪ੍ਰਚਾਰ ਟਰੱਸਟ, ਵਿਰਸਾ ਫਾਊਡੇਸ਼ਨ, ਕਲਗੀਧਰ ਸੇਵਕ ਜੱਥਾ, ਤ੍ਰਾਈ ਸਿੱਖ ਮਹਾਂ ਸਭਾ, ਕਲਗੀਧਰ ਮਿਸ਼ਨ ਚੈਰੀਟੇਬਲ ਟਰੱਸਟ, ਸਿੱਖ ਫਰੰਟ, ਸ਼ਬਦ ਗੁਰੂ ਵਿਚਾਰ ਮੰਚ, ਸ਼ੁਭ ਕਰਮਨ ਸੁਸਾਇਟੀ, ਸਿੱਖ ਸੇਵਕ ਸੁਸਾਇਟੀ, ਪੰਜਾਬ ਵਿਕਾਸ ਮੰਚ, ਲੰਗਰ ਚਲੈ ਗੁਰ ਸ਼ਬਦ ਅਤੇ ਸੁਚੇਤ ਸਿੱਖ ਸਮਾਜ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਦੀਆਂ ਭਰਾਤਰੀ ਜਥੇਬੰਦੀਆਂ ਤੇ ਗੁਰਦੁਆਰਿਆਂ ਵਲੋਂ ਭਰਪੂਰ ਸਮੱਰਥਨ ਹੈ।

Install Punjabi Akhbar App

Install
×