ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੀ ਗੁਰੂ ਪੰਥ ਨੂੰ ਸਮਝੀਏ ਤੇ ਪੰਥ ਦੇ ਸੇਵਾਦਾਰ ਬਣੀਏ: ਕੇਵਲ ਸਿੰਘ

20 ਨਵੰਬਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼ਤਾਬਦੀ ਸਮਾਗਮ ਸਬੰਧੀ ਅਤੇ ਇਸ ਮੌਕੇ ਮੌਜੂਦਾ ਜਥੇਦਾਰ ਵਲੋਂ ਕੀਤੀ ਤਕਰੀਰ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਫ਼ਸੋਸ ਜਾਹਰ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਵਰ੍ਹੇ ਪੂਰੇ ਹੋਣ ਮੌਕੇ ਜੋ ਸਮਾਗਮ ਕੀਤਾ ਗਿਆ ਉਹ ਮਹਿਜ਼ ਇਕ ਖ਼ਾਨਾਪੂਰਤੀ ਹੈ। ਇਸ ਮੌਕੇ ਧੜ੍ਹੇ ਦੀ ਮਾਰ ਹੇਠ ਆਏ ਮਨੁੱਖ ਇਕੱਠੇ ਹੋਏ। ਉਸ ਇਕੱਠ ਵਿਚ ਭਾਈ ਹਰਪ੍ਰੀਤ ਸਿੰਘ ਜੀ ਨੇ ਸਾਬਤ ਕਰ ਦਿੱਤਾ ਕਿ ਉਹ ਇਕ ਖ਼ਾਸ ਧਿਰ ਅਤੇ ਧੜ੍ਹੇ ਦੀ ਚਾਕਰੀ ਕਰ ਰਹੇ ਹਨ। ਸ਼ਾਇਦ ਉਹ ਖ਼ਾਲਸਾ ਪੰਥ ਦੇ ਵਿਸ਼ਾਲ ਰੂਪ ਨੂੰ ਵਿਸਾਰ ਬੈਠੇ ਅਤੇ ਉਸ ਨਾਲ ਕੋਈ ਵਾਸਤਾ ਹੀ ਮੁਕਾ ਬੈਠੇ। ਜਥੇਦਾਰ ਦੀ ਹੈਸੀਅਤ ਵਿਚ ਸਹਿਜ ਤੇ ਠਰੰਮੇ ਨਾਲ ਐਨੀ ਦੂਰੀ ਨੇ ਵੀ ਹੈਰਾਨਗੀ ਪੈਦਾ ਕੀਤੀ ਹੈ। ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਇਸ ਮੌਕੇ ਗੱਲ ਨਾ ਕਰਕੇ ਗੁਰਸਿੱਖਾਂ ਦੀ ਘਾਲਣਾ ਨੂੰ ਪਿੱਠ ਦਿਖਾਈ ਗਈ ਹੈ। ਸਿੱਖ ਕੇਵਲ ਸਿੱਖ ਹੁੰਦਾ ਹੈ ਤੇ ਉਹ ਦਲਿਤ ਨਹੀਂ ਹੁੰਦਾ। ਸਿੱਖਾਂ ਨੂੰ ਦਲਿਤ ਕਹਿ ਕਹਿ ਕੇ ਸਿੱਖੀ ਦੀ ਤੌਹੀਨ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਨਿਹੰਗ ਸਿੰਘਾਂ ਦਾ ਇਕ ਹਿੱਸਾ ਅਕਾਲ ਤਖ਼ਤ ਸਾਹਿਬ ‘ਤੇ ਫਰਿਆਦ ਕਰਦਾ ਹੈ ਕਿ ਖੰਡੇ ਦੀ ਪਾਹੁਲ ਛਕਾਉਣ ਵੇਲੇ ਸਾਡੇ ਨਾਲ ਛੂਆ-ਛਾਤ ਦਾ ਵਿਤਕਰਾ ਕੀਤਾ ਜਾਂਦਾ ਹੈ। ਜਿਸ’ਤੇ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਨਿਰਣਾ ਤਾਂ ਕੀ, ਕੋਈ ਕਾਰਵਾਈ ਵੀ ਨਹੀਂ ਪਾਈ ਗਈ।
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਸ਼੍ਰੋਮਣੀ ਅਕਾਲੀ ਦਲ ਉਸ ਦਿਨ ਮਰ ਗਿਆ ਸੀ ਜਦੋਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਉਹਨਾਂ ਦੇ ਪਿਛਲਗਾਂ ਨੇ ਇਸ ਨੂੰ ਇਕ ਪੰਜਾਬੀ ਪਾਰਟੀ ਬਣਾ ਦਿੱਤਾ ਸੀ। ਅੱਜ ਉਸ ਦੀ ਲਾਸ਼ ਨੂੰ ਪੰਜਾਬ ਤੋਂ ਪੰਥ ਵੱਲ ਮੁੜਨ ਦੀ ਸਲਾਹ ਤੇ ਨਸੀਹਤ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਅਸਲ ਖ਼ਾਲਸਾ ਪੰਥ ਦਾ ਨਿਰਾਦਰ ਕਰ ਰਹੇ ਹਨ। ਜਿਸ ਅਕਾਲੀ ਦਲ ਦੀ ਸਰਕਾਰ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਐਲਾਨੀਆ ਬੇਅਦਬੀ ਹੁੰਦੀ ਹੈ, ਅਦਬ ਲਈ ਉੱਠੀਆਂ ਆਵਾਜ਼ਾਂ ਨੂੰ ਦਰੜ ਦਿੱਤਾ ਜਾਂਦਾ ਹੈ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਖਾਮੋਸ਼ੀ ਧਾਰਨ ਕਰ ਲਈ ਜਾਂਦੀ ਹੈ ਉਸ ਦਾ ਖ਼ਾਲਸਾ ਪੰਥ ਨਾਲ ਸਬੰਧ ਹੀ ਕੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮਾਂ-ਪੁੱਤ ਦੇ ਨੱਕ ਹੇਠ ਅਗਨ ਦਾਹ ਹੁੰਦੇ ਹਨ ਅਤੇ ਲਾਪਤਾ ਹੁੰਦੇ ਹਨ, ਜਿਸ ਦੀ ਪੁਸ਼ਟੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਾਂਚ ਕਮੇਟੀ ਕਰਦੀ ਹੈ। ਜੇਕਰ ਪੰਥ ਇਸ ਗੁਨਾਹ ਲਈ ਸਵਾਲ ਪੁੱਛਦਾ ਹੈ ਤਾਂ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਤੱਕ ਚਲੇ ਜਾਣਾ ਪੰਥ ਸਾਹਮਣੇ ਵੱਡਾ ਇਮਤਿਹਾਨ ਹੈ। ਪੰਥ ਬੇਅੰਤ ਖੇਤਰਾਂ ਵਿਚ ਵਿਚਰ ਰਿਹਾ ਹੈ। ਪਰ ਪੰਥ ਨੂੰ ਭਰਾ ਮਾਰੂ ਜੰਗ ਲਈ ਹੱਲਾਸ਼ੇਰੀ ਸਿਰੇ ਦੀ ਹਿੰਸਾ ਦਾ ਹਿੱਸਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੋਬਿੰਦ ਸਿੰਘ ਲ਼ੌਂਗੋਵਾਲ ਨੇ ਆਪਣੇ ਲੇਖ਼ ਵਿਚ ਸਿੱਖ ਰਹਿਤ ਮਰਯਾਦਾ ਨੂੰ ਇਕਸੁਰਤਾ ਤੇ ਇਕਸਾਰਤਾ ਦਾ ਸੂਤਰ ਅਤੇ ਪੰਥਕ ਬਲ ਦੇ ਨਾਂਅ ਨਾਲ ਵਡਿਆਇਆ ਹੈ। ਪਰ ਜਿਹੜੀਆਂ ਸੰਪਰਦਾਵਾਂ ਨੇ ਸਿੱਖ ਰਹਿਤ ਮਰਯਾਦਾ ਨੂੰ ਵੰਗਾਰਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਆਪਣੇ ਜਥੇਦਾਰ ਥਾਪੇ ਉਹਨਾਂ ਨੂੰ ਅੱਜ ਇਹੀ ਕਮੇਟੀ ਨੇ ਸਿਰ ਦਾ ਸਾਹਿਬ ਬਣਾਇਆ ਹੋਇਆ ਹੈ।
ਇਹ ਸ਼ਤਾਬਦੀ ਦਾ ਮੌਕਾ ਸੀ ਕਿ ਆਤਮ ਮੰਥਨ ਕੀਤਾ ਜਾਂਦਾ। ਸਿੱਖ ਪੰਥ ਦੀ ਆਨ ਸ਼ਾਨ ਲਈ ਸਿਰ ਜੋੜ ਕੇ ਖ਼ਾਲਸਈ ਰਾਜ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ। ਪਰ ਰਾਜਨੀਤਕ ਧੜ੍ਹੇਬੰਦੀ ਦੇ ਸਿਰ ਸਿਹਰੇ ਬੰਨਦਿਆਂ ਕੌਮ ਸਾਹਮਣੇ ਸਪੱਸ਼ਟ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਅਖੌਤੀ ਆਗੂਆਂ ਵਿਚੋਂ ਗੁਰੂ ਗ੍ਰੰਥ ਗੁਰੂ ਪੰਥ ਪ੍ਰਤੀ ਸਮਰਪਨ ਸਿਫ਼ਰ ਹੈ ਤੇ ਇਹਨਾਂ ਲਈ ਸਿਰਫ ਸੱਤਾ ਹੀ ਸਤ ਵੀ ਹੈ ਤੇ ਸੰਤ ਵੀ।

Install Punjabi Akhbar App

Install
×