ਈਕੋ-ਸੋਸ਼ਿਲਿਸਟ ਵਿਕਾਸ ਮਾਡਲ ਲਈ ਵਾਤਾਵਰਣ ਪ੍ਰੇਮੀ ਸਿਰਜਣਗੇ ਲੋਕ ਲਹਿਰ : ਪੰਥਕ ਤਾਲਮੇਲ ਸੰਗਠਨ

panthak-talmel-committee
ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਥਕ ਤਾਲਮੇਲ ਸੰਗਠਨ ਨੇ ਵਾਤਾਵਰਣ ਪ੍ਰੇਮੀਆਂ ਦੀ ਉਹ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ, ਜਿਸ ਦਾ ਆਧਾਰ ਸਰਬੱਤ ਦਾ ਭਲ਼ਾ ਹੋਵੇ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਗੰਗਾ ਜਮੁਨਾ, ਸਤਲੁਜ, ਕਾਵੇਰੀ ਅਤੇ ਨਰਮਦਾ ਅੰਦਰ ਗੰਦਗੀ ਦਾ ਇਕ ਰਿਕਾਰਡ ਬਣ ਚੁੱਕਾ ਹੈ। ਨਦੀਆਂ ਦਰਿਆ ਗੰਦਗੀ ਢੋ ਢੋ ਕੇ ਥੱਕ ਚੁੱਕੇ ਹਨ। ਪਹਾੜਾਂ ਤੋਂ ਦਰਿਆਵਾਂ ਨਦੀਆਂ ਰਾਹੀਂ ਮਿਲਣ ਵਾਲਾ ਮਿਨਰਲ ਭਰਪੂਰ ਸ਼ੁੱਧ ਤੇ ਮੁਫ਼ਤ ਪਾਣੀ ਗੰਦਾ ਹੋ ਚੁੱਕਾ ਹੈ ਅਤੇ ਹੁਣ ਲੋਕ ਆਰ. ਓ. ਜਾਂ ਬੋਤਲ ਬੰਦ ਪਾਣੀ ਖਰੀਦਣ ਦੇ ਮੁਥਾਜ ਹੋ ਚੁੱਕੇ ਹਨ। ਤੌਖ਼ਲਾ ਹੈ ਕਿ ਜੇਕਰ ਅਗਲਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਉਸ ਦੀ ਵਜ੍ਹਾ ਪਾਣੀ ਹੀ ਹੋਵੇਗਾ।
ਸੰਗਠਨ ਦੀਆਂ ਵਾਤਾਵਰਣ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਸੰਸਥਾਵਾਂ ਦੇ ਮਾਹਿਰਾਂ ਨੇ ਕਿਹਾ ਕਿ ਮਾਲਵਾ ਖੇਤਰ ਕੈਂਸਰ, ਪੀਲ਼ੀਆ ਤੇ ਮਾਨਸਿਕ ਰੋਗਾਂ ਦਾ ਗੜ੍ਹ ਬਣ ਰਿਹਾ ਹੈ। ਦੋਆਬਾ ਅਤੇ ਮਾਝਾ ਖੇਤਰ ਵਿਚਲੇ ਪਾਣੀ ਵਿਚ ਵੀ ਵੱਡੀ ਮਾਤਰਾ ਵਿਚ ਯੂਰੇਨੀਅਮ ਤੱਤ ਦੀ ਪੁਸ਼ਟੀ ਹੋ ਚੁੱਕੀ ਹੈ। ਰਸਾਇਣਕ ਖੇਤੀ ਅਤੇ ਕੀਟਨਾਸ਼ਕਾਂ ਦੇ ਕਾਰਨ ਦੇ ਨਾਲ ਨਾਲ ਪਾਣੀ ਦਾ ਸੱਤਿਆਨਾਸ ਕਰਨ ਵਿਚ ਸਨਅਤਾਂ ਵੀ ਖਾਸ ਜ਼ਿੰਮੇਵਾਰ ਹਨ। ਸਤਲੁਜ ਦਾ ਪਾਣੀ ਪੰਜਾਬ ਵਿਚ ਪੁੱਜਦਿਆਂ ‘ਈ’ ਗਰੇਡ ਦਾ ਹੋ ਜਾਂਦਾ ਹੈ। ਬੁੱਢਾ ਨਾਲ਼ਾ ਉਦਯੋਗਾਂ ਦਾ ਜ਼ਹਿਰੀਲਾ ਕੂੜਾ ਸਤਲੁਜ ਵਿਚ ਸੁੱਟ ਰਿਹਾ ਹੈ। ਇਸ ਸਾਰੇ ਵਰਤਾਰੇ ਦਾ ਚਾਲਕ ਕਾਰਪੋਰੇਟ ਪੂੰਜੀਵਾਦ ਹੈ ਜੋ ਸਮਾਜਿਕ ਪ੍ਰਬੰਧ, ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਨੂੰ ਪੈਸੇ ਨਾਲ ਮਾਪਦਾ ਹੈ। ਜਿਸ ਦਾ ਸਬੂਤ ਹੈ ਭਾਰਤ ਸਰਕਾਰ ਵਲੋਂ ਸੰਨ 2012 ਵਿਚ ਅਮਲ ਵਿਚ ਲਿਆਂਦੀ ਕੌਮੀ ਜਲ ਨੀਤੀ। ਜਿਸ ਨੀਤੀ ਦੀ ਸੱਤਵੀਂ ਮੱਦ ਪਾਣੀ ਦਾ ਪ੍ਰਬੰਧ ਮੁਲਕ ਦੀਆਂ ਅੰਦਰਲੀਆਂ ਜਾਂ ਬਾਹਰਲੀਆਂ ਏਜੰਸੀਆਂ ਨੂੰ ਸੌਂਪਣ ਦਾ ਸੰਕੇਤ ਦਿੰਦੀ ਹੈ। ਵਿਸ਼ਵ ਬੈਂਕ ਦੇ ਥਾਪੜੇ ਨਾਲ ਚੱਲ ਰਹੀ ਵਿਸ਼ਵ ਜਲ ਕੌਂਸਲ ਸੰਸਾਰ ਦੇ ਪਾਣੀਆਂ ਦੇ ਸੰਦਰਭ ਵਿਚ ਨੀਤੀ ਘਾੜਾ ਬਣਨ ਅਤੇ ਚੌਧਰ ਸੰਭਾਲਣ ਲਈ ਉਤਾਵਲੀ ਹੈ। ਪਾਣੀਆਂ ਦਾ ਮੰਡੀਕਰਨ ਵਾਲਿਆਂ ਨੂੰ ਪਾਣੀ ਚੋਂ ਪੈਸਾ ਨਜ਼ਰ ਪੈ ਰਿਹਾ ਹੈ। ਪੂੰਜੀ ਦੀ ਫਿਲਾਸਫ਼ੀ ਨੇ ਮਨੁੱਖਤਾ ਸਾਹਮਣੇ ਜੀਵਨ ਅਤੇ ਮੌਤ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਯੂ. ਐਨ. ਓ. ਅਨੁਸਾਰ 2050 ਤੱਕ ਭਾਰਤ ਦੀ ਪ੍ਰਤੀ ਜੀਅ ਪਾਣੀ ਦੀ ਮੰਗ ਏਨੀ ਵਧ ਜਾਵੇਗੀ ਕਿ ਕਿਸੇ ਹਾਲਤ ਵਿਚ ਵੀ ਪੂਰਤੀ ਨਹੀਂ ਹੋ ਸਕੇਗੀ। ਧਰਤੀ ਦੀ ਹਿੱਕ ਡੂੰਘੀ ਪਾੜਨ ਨਾਲ ਨਿੱਤ ਵਾਤਾਵਰਨ ਲਈ ਮੁਸੀਬਤ ਖੜ੍ਹੀ ਹੋ ਰਹੀ ਹੈ। ਧਰਤੀ ਅਤੇ ਸਮੁੰਦਰ ਦੇ ਗਰਭ ਵਿਚ ਪ੍ਰਮਾਣੂ ਧਮਾਕੇ ਖਤਰਨਾਕ ਰੁਝਾਨ ਹੈ।
ਪੰਥਕ ਤਾਲਮੇਲ ਸੰਗਠਨ ਨੇ ਅਪੀਲ ਕੀਤੀ ਕਿ ਵਿਗੜਦੇ ਵਾਤਾਵਰਣ ਕਾਰਣ ਜੀਵਨ-ਮੌਤ ਦਾ ਇਹ ਮੁੱਦਾ ਸਾਡੇ ਉੱਤੇ ਇਕ ਅਜਿਹੀ ਲੋਕ ਲਹਿਰ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਪਾਉਂਦਾ ਹੈ ਜਿਸ ਦਾ ਏਜੰਡਾ ਕੁਦਰਤੀ ਸਰੋਤਾਂ ਦੀ ਰਾਖੀ ਹੋਵੇ। ਜਿਸ ਲਈ ਲੋਕਾਂ ਦੇ ਸ਼ਕਤੀਕਰਨ ਰਾਹੀਂ ਉਹੀ ਸਰਕਾਰਾਂ ਬਣਾਉਣੀਆਂ ਹੋਣਗੀਆਂ ਜੋ ਸਾਡੇ ਜੀਵਨ ਨੂੰ ਜੀਊਂਦਾ ਰੱਖ ਲੈਣ ਦੇ ਯੋਗ ਹੋਣ। ਇਸ ਦੇ ਮੱਦੇ-ਨਜ਼ਰ ਇਕ ਲੋਕ ਲਹਿਰ ਪੰਜਾਬ ਦੇ ਦਰਿਆਵਾਂ ਦੇ ਕੰਢੇ ਵਸਦੇ ਲੋਕਾਂ ਦੇ ਸਹਿਯੋਗ ਨਾਲ ਵਕਤੀ ਤੇ ਸਿਆਸੀ ਧੜ੍ਹੇਬੰਦੀਆਂ ਨੂੰ ਲਾਂਭੇ ਕਰਦਿਆਂ ਆਰੰਭ ਕਰਨੀ ਸਮੇਂ ਦੀ ਮੰਗ ਹੈ, ਜਿਸ ਵਾਸਤੇ ਧਾਰਮਿਕ ਜਥੇਬੰਦੀਆਂ ਦਾ ਸਾਂਝਾ ਮੰਚ ਪੰਥਕ ਤਾਲਮੇਲ ਸੰਗਠਨ ਪਹਿਲਕਦਮੀ ਕਰਨ ਦੀ ਵਿਸ਼ੇਸ਼ ਕੋਸ਼ਿਸ਼ ਕਰੇਗਾ।

Install Punjabi Akhbar App

Install
×