ਗਲਤ ਭਵਿੱਖਬਾਣੀ ਦੱਸਣ ਵਾਲਿਆਂ ਨੂੰ ਵੀ ਹੁਣ ਜੇਲ੍ਹ ਦੀ ਦਾਲ ਪਵੇਗੀ ਪੀਣੀ

(ਬਠਿੰਡਾ) – ਰੱਬ ਦੇ ਨਾਂ ਤੇ ਡਰਾ ਕੇ ਜਾਂ ਵਿਆਹ ਲਈ ਕੁੰਡਲੀ ਮਿਲਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਹੁਣ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇਲ੍ਹਾ ਦੀ ਦਾਲ ਪੀਣੀ ਪੈ ਸਕੇਗੀ। ਇਸ ਚੰਗੇ ਤੇ ਜ਼ਾਇਜ ਰੁਝਾਨ ਦੀ ਸੁਰੂਆਤ ਰੋਹਤਕ ਦੀ ਇੱਕ ਔਰਤ ਨੇ ਹੌਂਸਲਾ ਕਰਦਿਆਂ ਕਰ ਦਿੱਤੀ ਹੈ। ਉਸ ਵੱਲੋਂ ਅਜਿਹੇ ਇੱਕ ਕਥਿਤ ਲੁਟੇਰੇ ਪਾਂਡੇ ਵਿਰੁੱਧ ਕੀਤੀ ਕਾਰਵਾਈ ਨੂੰ ਆਮ ਲੋਕਾਂ ਲਈ ਪਰੇਰਨਾ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉੱਥੋਂ ਦੀ ਇੱਕ ਲੜਕੀ ਰੇਖਾ ਮਲਿਕ ਦਾ ਵਿਆਹ ਹਰਿਆਣਾ ਦੇ ਹੀ ਇੱਕ ਨੌਜਵਾਨ ਬਿਕਰਮ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਉਹਨਾਂ ਦੇ ਭਵਿੱਖ ਦੀ ਸਫ਼ਲਤਾ ਲਈ ਪੰਡਿਤ ਬ੍ਰਹਮਾ ਦੱਤ ਸਰਮਾਂ ਨੇ ਲੜਕਾ ਲੜਕੀ ਦੀਆਂ ਕੁੰਡਲੀਆਂ ਮਿਲਾਈਆਂ ਸਨ। ਪੰਡਿਤ ਨੇ ਵਿਸਵਾਸ ਦਿਵਾਇਆ ਸੀ ਕਿ ਉਹਨਾਂ ਦੇ ਵਿਆਹ ਵਿੱਚ ਕੋਈ ਵਿਘਨ ਨਹੀਂ ਪਵੇਗਾ ਅਤੇ ਉਹਨਾਂ ਦੀ ਵਿਆਹੁਤਾ ਜਿੰਦਗੀ ਸਫ਼ਲ ਹੋਵਗੀ। ਉਹਨਾਂ ਦੀ ਕੁੰਡਲੀ ਮਿਲਾਉਣ ਅਤੇ ਵਿਸਵਾਸ ਦਿਵਾਉਣ ਲਈ ਉਸਨੇ ਰੇਖਾ ਮਲਿਕ ਦੇ ਪਰਿਵਾਰ ਤੋਂ ਗਿਆਰਾਂ ਹਜਾਰ ਰੁਪਏ ਵਸੂਲ ਪਾਏ ਸਨ।
ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਰੇਖਾ ਮਲਿਕ ਤੇ ਬਿਕਰਮ ਸਿੰਘ ਦੇ ਸਬੰਧਾਂ ਵਿੱਚ ਵਿਗਾੜ ਪੈਣਾ ਸੁਰੂ ਹੋ ਗਿਆ ਅਤੇ ਤਿੰਨ ਮਹੀਨੇ ਵਿੱਚ ਹੀ ਉਹਨਾਂ ਦਾ ਤਲਾਕ ਹੋ ਗਿਆ। ਇਸ ਤਰ੍ਹਾਂ ਪੰਡਿਤ ਵੱਲੋਂ ਕੁੰਡਲੀ ਮਿਲਾਨ ਤੇ ਭਵਿੱਖਬਾਣੀ ਦੱਸਣਾ ਗਲਤ ਸਾਬਤ ਹੋਇਆ। ਰੇਖਾ ਮਲਿਕ ਨੇ ਮਹਿਸੂਸ ਕੀਤਾ ਕਿ ਪੰਡਿਤ ਨੇ ਉਹਨਾਂ ਨੂੰ ਵਿਸਵਾਸ ਵਿੱਚ ਲੈ ਕੇ ਤੇ ਗੁੰਮਰਾਹ ਕਰਕੇ ਗਿਆਰਾਂ ਹਜ਼ਾਰ ਰੁਪਏ ਹਾਸਲ ਕਰ ਲਏ, ਪਰ ਉਸਦੇ ਭਵਿੱਖ ਪ੍ਰਤੀ ਧੋਖਾ ਕੀਤਾ ਹੈ। ਆਖ਼ਰ ਰੇਖਾ ਨੇ ਸਬੰਧਤ ਥਾਨੇ ਵਿੱਚ ਪਹੁੰਚ ਕਰਕੇ ਪੰਡਿਤ ਬ੍ਰਹਮਾਦੱਤ ਸਰਮਾਂ ਵਿਰੁੱਧ ਸਿਕਾਇਤ ਕੀਤੀ, ਪਰ ਪੁਲਿਸ ਵੱਲੋਂ ਟਾਲ ਮਟੋਲ ਕੀਤੀ ਗਈ ਅਤੇ ਇਸ ਸਬੰਧੀ ਕੋਈ ਕਾਰਵਾਈ ਕਰਨ ਤੋਂ ਰੋਕਣ ਦੇ ਯਤਨ ਕੀਤੇ। ਰੇਖਾ ਮਲਿਕ ਆਪਣੇ ਜੀਵਨ ਨਾਲ ਕੀਤੇ ਧੋਖੇ ਪ੍ਰਤੀ ਕਾਰਵਾਈ ਕਰਵਾਉਣ ਲਈ ਬਜਿੱਦ ਸੀ। ਅਖ਼ੀਰ ‘ਚ ਪੁਲਿਸ ਨੂੰ ਕਾਰਵਾਈ ਕਰਨੀ ਪਈ। ਥਾਨਾ ਪੁਲਿਸ ਨੇ ਪੰਡਿਤ ਵਿਰੁੱਧ ਮੁਕੱਦਮ ਦਰਜ ਕਰਕੇ ਉਸਨੂੰ ਗਿਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਇਸ ਮਾਮਲੇ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਬਲਰਾਜ ਮੌੜ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਬਠਿੰਡਾ ਜੋਨ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਵਾਲਿਆਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਰੋਹਤਕ ਦੇ ਮਾਮਲੇ ਵਿੱਚ ਜਦੋਂ ਰਕਮ ਹਾਸਲ ਕਰਕੇ ਵਿਸਵਾਸ ਦਿਵਾਇਆ ਸੀ ਗਾਰੰਟੀ ਦਿੱਤੀ ਸੀ, ਤਾਂ ਉਸਦੀ ਪੂਰਤੀ ਕਰਵਾਉਣੀ ਚਾਹੀਦੀ ਸੀ। ਪੰਡਿਤ ਤੇ ਮੁਕੱਦਮਾ ਦਰਜ ਕਰਵਾ ਕੇ ਰੇਖਾ ਮਲਿਕ ਨੇ ਲੁਟੇਰਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਉਸਦਾ ਕਦਮ ਸਲਾਘਾਯੋਗ ਹੈ। ਉਹਨਾਂ ਲੋਕਾਂ ਨੂੰ ਸੁਝਾਅ ਦਿੱਤਾ ਕਿ ਇਸ ਮਾਮਲੇ ਤੋਂ ਪਰੇਰਨਾ ਲੈਣੀ ਚਾਹੀਦੀ ਹੈ।

Install Punjabi Akhbar App

Install
×