ਕੈਬਨਿਟ ਮੀਟਿੰਗ ਦਾ ਫੈਸਲਾ…..? ‘ਆਈਸੋਲੇਸ਼ਨ ਪੇਮੈਂਟ’ ਤੇ ਕੀ ਕਿਹਾ ਪ੍ਰਧਾਨ ਮੰਤਰੀ ਨੇ….?

ਅੱਜ ਕੈਬਨਿਟ ਦੀ ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਪੀੜਿਤਾਂ ਲਈ ਆਈਸੋਲੇਸ਼ਨ ਪੇਮੈਂਟ ਨਾਲ ਸਬੰਧਤ ਸਾਰੇ ਰਾਜਾਂ ਦੇ ਵਿਚਾਰ ਸੁਣਨ ਤੋਂ ਬਾਅਦ ਫੈਸਲਾ ਲਿਆ ਕਿ ਇਸ ਸਕੀਮ ਨੂੰ 30 ਸਤੰਬਰ ਤੋਂ ਬਾਅਦ ਵੀ ਲਾਗੂ ਰੱਖਿਆ ਜਾਵੇਗਾ ਅਤੇ ਇਹ ਫੈਸਲਾ ਜਨਹਿਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਇਹ ਸਕੀਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਆਈਸੋਲੇਸ਼ਨ ਵਾਲਾ ਨਿਯਮ ਲਾਗੂ ਰਹੇਗਾ ਅਤੇ ਹਾਲ ਦੀ ਘੜੀ ਦੇਸ਼ ਅੰਦਰ 5 ਦਿਨਾਂ ਦੀ ਆਈਸੋਲੇਸ਼ਨ ਦਾ ਨਿਯਮ ਲਾਗੂ ਹੈ।
ਇਸ ਸਕੀਮ ਤਹਿਤ ਉਹ ਲੋਕ ਜਿਨ੍ਹਾਂ ਨੂੰ ਕੋਵਿਡ-19 ਦੇ ਇਨਫੈਕਸ਼ਨ ਕਾਰਨ ਆਈਸੋਲੇਸ਼ਨ ਵਿੱਚ ਰਹਿਣਾ ਪੈਂਦਾ ਹੈ ਅਤੇ ਜਾਂ ਫੇਰ ਅਜਿਹੇ ਲੋਕ ਜਿਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰਹਿ ਰਹੇ ਆਪਣੇ ਸਕੇ ਸਬੰਧੀਆਂ ਦੀ ਦੇਖ ਰੇਖ ਆਦਿ ਲਈ ਉਨ੍ਹਾਂ ਦੇ ਨਾਲ ਰਹਿਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਸਰਕਾਰ ਮੁਆਵਜ਼ੇ ਵਜੋਂ ਉਕਤ ਅਦਾਇਗੀ ਕਰਦੀ ਹੈ।
ਇਸ ਅਦਾਇਗੀ ਦੇ ਤਹਿਤ ਆਈਸੋਲੇਸ਼ਨ ਤਹਿਤ, ਜੇਕਰ ਕਿਸੇ ਦੇ 8 ਘੰਟੇ (ਜਾਂ 20 ਘੰਟਿਆਂ ਤੋਂ ਘੱਟ) ਦੀ ਦਿਹਾੜੀ ਦਾ ਨੁਕਸਾਨ ਹੁੰਦਾ ਹੈ ਤਾਂ ਉਸਨੂੰ ਇੱਕ-ਮੁਸ਼ਤ ਅਦਾਇਗੀ ਵੱਜੋਂ 450 ਡਾਲਰ ਦਿੱਤੇ ਜਾਂਦੇ ਹਨ ਅਤੇ ਜੇਕਰ ਨੁਕਸਾਨ 20 ਘੰਟਿਆਂ ਤੋਂ ਜ਼ਿਆਦਾ ਦਾ ਹੁੰਦਾ ਹੈ ਤਾਂ ਉਕਤ ਵਿਅਕਤੀ ਨੂੰ 750 ਡਾਲਰਾਂ ਦੀ ਇੱਕ ਮੁਸ਼ਤ ਅਦਾਇਗੀ, ਸਰਕਾਰ ਵੱਲੋਂ ਕੀਤੀ ਜਾਂਦੀ ਹੈ।
ਅਦਾਇਗੀ ਲਈ ਯੋਗ ਵਿਅਕਤੀਆਂ ਲਈ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ:
– ਆਸਟ੍ਰੇਲੀਆ ਦਾ ਨਾਗਰਿਕ ਹੋਣਾ ਚਾਹੀਦਾ ਹੈ।
– ਕੋਵਿਡ-19 ਟੈਸਟ ਪਾਜ਼ਿਟਿਵ ਹੋਣਾ ਚਾਹੀਦਾ ਹੈ ਅਤੇ ਜਾਂ ਫੇਰ ਕਿਸੇ ਅਜਿਹੇ ਕੋਵਿਡ ਪਾਜ਼ਿਟਿਵ ਵਿਅਕਤੀ ਦੀ ਦੇਖਰੇਖ ਕਰਨ ਵਾਸਤੇ ਹੋਣਾ ਚਾਹੀਦਾ ਹੈ।
– ਉਕਤ ਵਿਅਕਤੀ ਦੀ ਕਿਸੇ ਵੀ ਹੋਰ ਅਦਾਰੇ ਨਾਲ ਬਿਮਾਰੀ ਦੀ ਛੁੱਟੀ ਦੇ ਮੁਆਵਜ਼ੇ ਵਾਲੀ ਸ਼ਰਤ ਨਹੀਂ ਹੋਣੀ ਚਾਹੀਦੀ।
– ਚਲੰਤ ਨਕਦੀ 10,000 ਡਾਲਰਾਂ ਤੋਂ ਘੱਟ ਹੋਣੀ ਚਾਹੀਦੀ ਹੈ।
– ਕੋਵਿਡ-19 ਇਨਫੈਕਸ਼ਨ ਤੋਂ ਆਈਸੋਲੇਸ਼ਨ ਸ਼ੁਰੂ ਹੋਣ ਦੇ 14 ਦਿਨਾਂ ਦੇ ਅੰਦਰ ਅੰਦਰ (ਪੀੜਿਤ ਵਿਅਕਤੀ ਜਾਂ ਦੇਖਰੇਖ ਕਰਨਾ ਵਾਲਾ ਵਿਅਕਤੀ ਦੋਹਾਂ ਉਪਰ ਲਾਗੂ) ਉਕਤ ਅਦਾਇਗੀ ਵਾਸਤੇ ਕਲੇਮ ਕਰਨਾ ਜ਼ਰੂਰੀ ਹੈ।