ਚੋਣਾਂ ਦਾ ਵਾਪਰੀਆਂ ਘਟਨਾਵਾਂ ਦਾ ਵਿਸਲੇਸ਼ਣ 

  • ਚੋਣ ਹਿੰਸਕ ਵਾਰਦਾਤਾਂ ਜਾਇਜ਼ ਨਹੀਂ, ਪਰ ਝੜਪਾਂ ਅਦਲੇ ਦਾ ਬਦਲਾ ਹਨ

panchayatpollsssss

ਬਠਿੰਡਾ/ 20 ਸਤੰਬਰ/ — ਬੂਥ ਕਬਜਿਆਂ ਹਿੰਸਕ ਵਾਰਦਾਤਾਂ ਜਾਂ ਚੋਣਾਂ ਹਥਿਆਉਣ ਲਈ ਸੱਤ੍ਹਾ ਅਤੇ ਧਨ ਦੀ ਦੁਰਵਰਤੋਂ ਨੂੰ ਕੋਈ ਵੀ ਸੰਤੁਲਤ ਵਿਅਕਤੀ ਜ਼ਾਇਜ਼ ਨਹੀ ਠਹਿਰਾ ਸਕਦਾ। ਪਰੰਤੂ ਜੇ ਕੱਲ੍ਹ ਵਾਪਰੀਆਂ ਘਟਨਾਵਾਂ ਦਾ ਵਿਸੇਲਸਣ ਕੀਤਾ ਜਾਵੇ ਤਾਂ ਵੱਡੇ ਪੱਧਰ ਤੇ ਹੋਈਆਂ ਝੜਪਾਂ ਦਾ ਅਹਿਮ ਕਾਰਨ ਅਦਲੇ ਦਾ ਬਦਲਾ ਵੀ ਹੈ।

ਮਾਲਵੇ ਤੇ ਮਾਝੇ ਦੇ ਖੇਤਰਾਂ ‘ਚ ਦੁਆਬੇ ਦੇ ਮੁਕਾਬਲਤਨ ਕੱਲ੍ਹ ਹੋਈਆਂ ਚੋਣ ਹਿੰਸਾ ਦੀਆਂ ਘਟਨਾਵਾਂ ਕਿਤੇ ਜਿਆਦਾ ਹਨ। ਮੁੱਖ ਤੌਰ ਤੇ ਜਿਆਦਾਤਰ ਝੜਪਾਂ ਮੌਜੂਦਾ ਹਾਕਮ ਕਾਂਗਰਸ ਅਤੇ ਸਾਬਕਾ ਹੋ ਚੁੱਕੇ ਅਕਾਲੀ ਦਲ ਬਾਦਲ ਦੇ ਵਰਕਰਾਂ ਦੇ ਦਰਮਿਆਨ ਹੀ ਹੋਈਆਂ ਹਨ। ਭਾਵੇਂ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਵੀ ਚੋਣਾਂ ਵਿੱਚ ਹੋਈ ਹਿੰਸਾ ਦੀ ਨਿਖੇਧੀ ਕੀਤੀ ਹੈ, ਲੇਕਿਨ ਆਮ ਤੌਰ ਤੇ ਉਸ ਨਾਲ ਸਬੰਧਤ ਵਰਕਰਾਂ ਨੂੰ ਹਾਕਮ ਧਿਰ ਦੇ ਕਾਡਰ ਤੋਂ ਓਨੀ ਸਿਕਾਇਤ ਨਹੀਂ ਜਿਨੀ ਅਕਾਲੀ ਦਲ ਵਾਲਿਆਂ ਨੂੰ ਹੈ।

ਇਹਨਾਂ ਘਟਨਾਵਾਂ ਦੀ ਤਹਿ ਤੱਕ ਪੁੱਜਣ ਲਈ ਮਾਲਵਾ ਖਿੱਤੇ ਦੇ ਦੋ ਜਿਲ੍ਹਿਆਂ ਬਠਿੰਡਾ ਅਤੇ ਸ੍ਰੀ ਮੁਕਤਸਰ ਦੀ ਜਮੀਨੀ ਹਕੀਕਤ ਜਾਣਨ ਲਈ ਜਦ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਸੰਪਰਕ ਸਥਾਪਤ ਕੀਤਾ, ਤਾਂ ਅਸਲੀਅਤ ਦੇ ਸਪਸ਼ਟ ਹੋਣ ਲਈ ਬਹੁਤ ਦੇਰ ਨਹੀਂ ਲੱਗੀ। ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਜੱਦੀ ਰਿਹਾਇਸ ਤੋਂ ਕਰੀਬ ਤਿੰਨ ਕੁ ਕਿਲੋਮੀਟਰ ਤੇ ਸਥਿਤ ਪਿੰਡ ਮਾਨ ਦੇ ਲੋਕਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਕਿ ਧੂਹ ਘਸੀਟ ਦਾ ਕਾਰਨ ਜਿੱਤ ਜਾਂ ਹਾਰ ਦੀ ਬਜਾਏ ਉਸ ਗੁੱਭ ਗੁਭਾਟ ਨੂੰ ਕੱਢਣਾ ਸੀ ਜੋ ਪਿਛਲੇ ਕਈ ਵਰ੍ਹਿਆਂ ਤੋਂ ਉੱਥੋਂ ਦੇ ਵਸਨੀਕਾਂ ਨੂੰ ਬੇਚੈਨ ਕਰਦਾ ਆ ਰਿਹਾ ਸੀ।

ਪਿੰਡ ਦੇ ਸਰਕਾਰੀ ਸਕੂਲ ਕੋਲ ਮਿਲੇ ਇੱਕ ਅਧਖੜ ਵਿਅਕਤੀ ਜਿਸਨੇ ਆਪਣੇ ਨਾਂ ਨੂੰ ਜੱਗ ਜਾਹਰ ਕਰਨ ਤੋਂ ਇਨਕਾਰ ਕਰ ਦਿੱਤਾ, ਦਾ ਕਹਿਣਾ ਸੀ ਕਿ ਉਹਨਾਂ ਦੇ ਪਿੰਡ ਨੇ ਦਸ ਸਾਲ ਦੀ ਅਕਾਲੀ ਹਕੂਮਤ ਦੌਰਾਨ ਜੋ ਸੰਤਾਪ ਝੱਲਿਐ ਉਹ ਇਹੀ ਦੁਆ ਕਰ ਸਕਦੈ ਕਿ ਕਿਸੇ ਹੋਰ ਨੂੰ ਉਹਨਾਂ ਹਾਲਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਖ਼ਸ ਨੇ ਦੱਸਿਆ ਕਿ ਲੰਬੀ ਹਲਕੇ ਨਾਲ ਸਬੰਧਤ ਬਾਦਲ ਪਰਿਵਾਰ ਦੇ ਸਿਪਾਹ ਸਲਾਰਾਂ ਦੀ ਅਗਵਾਈ ਹੇਠ ਆਏ ਲੱਠਮਾਰਾਂ ਦੇ ਇੱਕ ਵੱਡੇ ਟੋਲੇ ਨੇ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਬੂਥਾਂ ਤੇ ਸਿਰਫ਼ ਕਬਜੇ ਹੀ ਨਹੀਂ ਸਨ ਕੀਤੇ, ਬਲਕਿ ਵਿਰੋਧੀ ਧਿਰ ਦੇ ਪੋਲਿੰਗ ਏਜੰਟਾਂ ਨੂੰ ਬੁਰ੍ਹੀ ਤਰ੍ਹਾਂ ਕੁਟਾਪਾ ਚਾੜ੍ਹਦਿਆਂ ਮੁੱਖ ਗੇਟ ਨੂੰ ਬੰਦ ਕਰਕੇ ਚੋਣ ਅਮਲ ਨੂੰ ਕਲੰਕਿਤ ਕਰ ਦਿੱਤਾ ਸੀ।

ਉਤੋਂ ਸਿਤਮ ਜਰੀਫ਼ੀ ਇਹ ਕਿ ਇਸ ਕਥਿਤ ਗੁੰਡਾਗਰਦੀ ਦਾ ਪਿੰਡ ਦੇ ਜਿਹਨਾਂ ਵਿਅਕਤੀਆਂ ਨੇ ਵਿਰੋਧ ਕੀਤਾ ਸਿਰਫ਼ ਉਹਨਾਂ ਨੂੰ ਹੀ ਨਹੀਂ ਸਗੋਂ ਬਜੁਰਗਾਂ ਸਮੇਤ ਘਰੋਂ ਘਰੀਂ ਕੰਮ ਕਾਰ ਵਿੱਚ ਲੱਗੇ ਹੋਏ ਸੈਂਕੜੇ ਬੰਦਿਆਂ ਨੂੰ ਉਦੋਂ ਦੀ ਸਰਕਾਰ ਦੇ ਹੁਕਮ ਤੇ ਪੁਲਿਸ ਨੇ ਇਰਾਦਾ ਕਤਲ ਵਰਗੇ ਖਤਰਨਾਕ ੁਮਕੱਦਮੇ ਵਿੱਚ ਨਾਮਜਦ ਕਰ ਦਿੱਤਾ ਸੀ। ਹਾਲਾਤ ਇੱਥੋਂ ਤੱਕ ਬਦਤਰ ਹੋ ਗਏ ਕਿ ਸਰਕਾਰੀ ਤਸੱਦਦ ਤੋਂ ਡਰਦਿਆਂ ਜਦ ਮਰਦ ਦੂਰ ਦੁਰੇਡੇ ਦੇ ਇਲਾਕਿਆਂ ਵਿੱਚ ਕੂਚ ਕਰ ਗਏ ਤਾਂ ਘਰਾਂ ਵਿੱਚ ਖੜੇ ਪਸੂ ਬਾਲ ਬੱਚੇ ਤੇ ਔਰਤਾਂ ਲਈ ਆਪਣੇ ਪੇਟ ਦੀ ਭੁੱਖ ਦਾ ਪ੍ਰਬੰਧ ਕਰਨਾ ਮੁਸਕਿਲ ਹੋ ਗਿਆ ਸੀ।

ਉਸਦੇ ਹੋਰ ਸਾਥੀ ਨੇ ਦੱਸਿਆ ਕਿ ਜਦੋਂ ਬੱਚੇ ਬੁੱਢੇ ਤੇ ਔਰਤਾਂ ਟੁੱਕ ਦੀ ਇੱਕ ਬੁਰਕੀ ਨੂੰ ਤਰਸ ਰਹੇ ਸਨ ਤਾਂ ਹੁਣ ਲੋਕਤੰਤਰ ਨੂੰ ਬਚਾਉਣ ਲਈ ਮੈਦਾਨ ਵਿੱਚ ਉੱਤਰੇ ਬਾਦਲ ਬਾਬੇ ਨੇ ਉਹਨਾਂ ਦੀ ਮੱਦਦ ਲਈ ਤਾਂ ਕੀ ਬਹੁੜਣਾ ਸੀ, ਹਮਦਰਦੀ ਦਾ ਇੱਕ ਸ਼ਬਦ ਤੱਕ ਵੀ ਕਹਿਣਾ ਮੁਨਾਸਿਬ ਨਹੀਂ ਸੀ ਸਮਝਿਆ। ਉਹਨਾਂ ਅਨੁਸਾਰ ਜੇ ਉਦੋਂ ਦੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਵਿਰੋਧੀ ਧਿਰਾਂ ਦੇ ਹੋਰ ਆਗੂਆਂ ਨੇ ਪੀੜ੍ਹਤਾਂ ਪ੍ਰਤੀ ਹਾਅ ਦਾ ਨਾਅਰਾ ਮਾਰਿਆ ਤਾਂ ਬਾਦਲ ਪਰਿਵਾਰ ਦੇ ਹੀ ਇੱਕ ਦਰਵੇਸ ਸਿਆਸਤਦਾਨ ਨੇ ਲੋੜਵੰਦਾਂ ਵਾਸਤੇ ਰਾਸਨ ਪਾਣੀ ਅਤੇ ਪਸੂਆਂ ਲਈ ਚਾਰੇ ਦੀ ਜੁਮੇਵਾਰੀ ਓਟੀ। ਬਾਦਲ ਸਾਹਿਬ ਵੱਲੋਂ ਲੋਕਤੰਤਰ ਦੇ ਕਤਲ ਦੀ ਪਾਈ ਜਾ ਰਹੀ ਦੁਹਾਈ ਤੇ ਚੁਟਕੀ ਲੈਂਦਿਆਂ ਉਹਨਾਂ ਕਿਹਾ ਕਿ ਅੱਗ ਦੇ ਸੇਕ ਦਾ ਉਦੋਂ ਪਤਾ ਲਗਦੈ ਜਦੋਂ ਆਪਣੇ ਘਰ ਨੂੰ ਪੈਂਦੀ ਐ, ਦੂਜਿਆਂ ਦੇ ਘਰਾਂ ਚੋਂ ਉੱਠੀਆਂ ਲਾਟਾਂ ਤਾਂ ਬਸੰਤਰ ਹੀ ਦਿਸਦੀਆਂ ਹਨ।

ਸ੍ਰੀ ਮੁਕਤਸਰ ਜਿਲ੍ਹੇ ਦੇ ਇੱਕ ਬਜੁਰਗ ਪੱਤਰਕਾਰ ਨੇ 2008 ਵਿੱਚ ਹੋਈਆਂ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਮਰਹੂਮ ਅਕਾਲੀ ਆਗੂ ਇਕਬਾਲ ਸਿੰਘ ਤਰਮਾਲਾ ਦੀ ਅਗਵਾਈ ਹੇਠ ਸੈਂਕੜੇ ਲੱਠਮਾਰਾਂ ਨੇ ਵੱਖ ਵੱਖ ਬੂਥਾਂ ਤੇ ਕਬਜੇ ਹੀ ਨਹੀਂ ਸਨ ਕੀਤੇ, ਬਲਕਿ ਲੰਬੀ ਵਿਖੇ ਦੋ ਅੰਗਰੇਜੀ ਅਖ਼ਬਾਰਾਂ ਦੇ ਸੀਨੀਅਰ ਪੱਤਰਕਾਰਾਂ ਨੂੰ ਵੀ ਬੰਦੀ ਬਣਾ ਲਿਆ ਸੀ। ਪੱਤਰਕਾਰ ਭਾਈਚਾਰੇ ਵੱਲੋਂ ਤੁਰੰਤ ਕੀਤੀ ਪਹੁੰਚ ਦੇ ਸਿੱਟੇ ਵਜੋਂ ਉਸ ਵੇਲੇ ਦੇ ਡੀ ਜੀ ਪੀ ਸ੍ਰੀ ਐਨ ਪੀ ਐਸ ਔਲਖ ਦੀ ਦਖ਼ਲਅੰਦਾਜੀ ਤੇ ਹੀ ਉਹਨਾਂ ਨੂੰ ਛੁਟਕਾਰਾ ਹਾਸਲ ਹੋਇਆ ਸੀ।

ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਦੀ ਪਿਛਲੇ ਦਸ ਸਾਲਾਂ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ, ਬਠਿੰਡਾ ਮਾਨਸਾ ਸ੍ਰੀ ਮੁਕਤਸਰ ਮੋਗਾ ਅਤੇ ਫਰੀਦਕੋਟ ਵਿਖੇ ਅਕਾਲੀ ਸਰਕਾਰ ਦੌਰਾਨ ਹੋਏ ਧੱਕਿਆਂ ਦੀ ਉੱਥੋਂ ਦੇ ਲੋਕ ਸ਼ਾਹਦੀ ਭਰਦੇ ਹਨ। ਕਾਂਗਰਸ ਦੇ ਬਲਾਕ ਪੱਧਰ ਦੇ ਕਈ ਆਗੂਆਂ ਨੂੰ ਜਦ ਟਟੋਲਿਆ ਤ૮ਾਂ ਜ਼ਾਹਰਾ ਤੌਰ ਤੇ ਉਹ૮ਨਾਂ ਕੁੱ૮ਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਪਰ ਗੱਲਬਾਤ ਦਾ ਸਾਰ ਤੱਤ ਉਹੀ ਨਿਕਲਦਾ ਹੈ ਕਿ ਭਾਵੇਂ ਸੀਨੀਅਰ ਤੇ ਜੂਨੀਅਰ ਬਾਦਲ ਹੁਣ ਜਮਹੂਰੀਅਤ ਦਾ ਵਾਰ ਵਾਰ ਵਾਸਤਾ ਪਾਉਂਦੇ ਨਹੀਂ ਥੱਕਦੇ, ਲੇਕਿਨ ਉਹਨਾਂ ਦੀ ਪਾਰਟੀ ਨੂੰ ਚੁਗਣਾ ਉਹੀ ਪੈ ਰਿਹੈ, ਜੋ ਪਿਛਲੇ ਦਹਾਕੇ ਦੌਰਾਨ ਬੀਜਿਆ ਸੀ।

ਬਲਵਿੰਦਰ ਸਿੰਘ ਭੁੱਲਰ
098882-75913

Welcome to Punjabi Akhbar

Install Punjabi Akhbar
×
Enable Notifications    OK No thanks