ਪਾਕਿ ਦਾ ਸਿਆਸੀ ਸੰਕਟ ਜਾਰੀ-ਕਾਦਰੀ ਵੱਲੋਂ ਲੋਕਾਂ ਦੀ ਸੰਸਦ ਬਣਾਉਣ ਦਾ ਐਲਾਨ

imran-kadri140817

ਪਾਕਿਸਤਾਨ ਦੇ ਧਾਰਮਿਕ ਆਗੂ ਤਾਹਿਰ-ਉਲ ਕਾਦਰੀ ਨੇ ਅੱਜ ਅਵਾਮੀ ਸੰਸਦ (ਲੋਕਾਂ ਦੀ ਸੰਸਦ) ਬਣਾਉਣ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਮੁਸਲਿਮ ਲੀਗ-ਐਨ ਸਰਕਾਰ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕਾਨੂੰਨ ਘਾੜਿਆਂ ਦੀ ਬਣਾਈ ਕਮੇਟੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਕਾਦਰੀ ਵੱਲੋਂ ਅਹੁਦਾ ਛੱਡਣ ਲਈ 48 ਘੰਟੇ ਦਿੱਤੀ ਸਮੇਂ ਦੀ ਹੱਦ ਲੰਘਣ ਪਿੱਛੋਂ ਉਨ੍ਹਾਂ ਇੱਥੇ ਆਬਪਾਰਾ ਚੌਕ ਵਿਖੇ ਇਕੱਤਰ ਹੋਏ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਕਿਹਾ ਕਿ ਅਸੀਂ ਨਵੀਂ ਲੋਕ ਸੰਸਦ ਕਾਇਮ ਕਰਾਂਗੇ। ਕਾਦਰੀ ਨੇ ਲੋਕ ਸੰਸਦ ਦੇ ਗਠਨ ਦੇ ਤੌਰ ਤਰੀਕੇ ਬਾਰੇ ਕੁੱਝ ਨਹੀਂ ਦੱਸਿਆ ਪਰ ਕਿਹਾ ਕਿ ਉਸ ਦੇ ਫ਼ੈਸਲਿਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸੰਸਦ ਹੀ ਭਵਿੱਖ ਦੇ ਕਾਰਵਾਈ ਬਾਰੇ ਫ਼ੈਸਲਾ ਲਵੇਗੀ ਅਤੇ ਦੇਸ਼ ਦੀ ਤਕਦੀਰ ਬਦਲ ਰਹੀ ਹੈ। ਕਾਦਰੀ ਮੌਜੂਦਾ ਸੰਸਦ ਨੂੰ ਪਹਿਲਾਂ ਹੀ ਬਣਾਉਟੀ ਕਰਾਰ ਦੇ ਚੁੱਕੇ ਹਨ ਕਿਉਂਕਿ ਇਸ ਵਿਚ ਦਾਗ਼ੀ ਕਾਨੂੰਨ ਘਾੜੇ ਹਨ ਜਿਹੜੇ ਚੋਣਾਂ ‘ਚ ਧਾਂਦਲੀ ਕਰਕੇ ਸੱਤਾ ਵਿਚ ਆਏ ਹਨ। ਉਨ੍ਹਾਂ ਸਰਕਾਰ ਵੱਲੋਂ ਗੱਲਬਾਤ ਲਈ ਕਾਨੂੰਨ ਘਾੜਿਆਂ ਦੀ ਬਣਾਈ ਕਮੇਟੀ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਕਾਦਰੀ ਨੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ ਅਤੇ ਸਰਕਾਰ ਨੂੰ ਸੱਤਾ ਛੱਡਣ ਲਈ ਮਜਬੂਰ ਕਰਨ ਵਾਸਤੇ ਆਪਣੇ ਹਮਾਇਤੀਆਂ ਨੂੰ ਰਸਤੇ ਰੋਕਣ ਲਈ ਕਿਹਾ ਹੈ। ਇਸ ਤੋਂ ਵੱਖਰੇ ਤੌਰ ‘ਤੇ ਤਹਿਰੀਕ-ਏ-ਇੰਸਾਫ ਦੇ ਮੁਖੀ ਇਮਰਾਨ ਖ਼ਾਨ ਆਪਣੇ ਸੈਂਕੜੇ ਸਮਰਥਕਾਂ ਨਾਲ ਨੇੜਲੇ ਕਸ਼ਮੀਰ ਹਾਈਵੇ ‘ਤੇ ਰੋਸ ਮੁਜ਼ਾਹਰਾ ਕਰ ਰਹੇ ਹਨ ਜਿਹੜੇ ਉਨ੍ਹਾਂ ਦੇ ਆਜ਼ਾਦੀ ਮਾਰਚ ‘ਚ ਸ਼ਾਮਿਲ ਹੋਣ ਲਈ ਲਾਹੌਰ ਤੋਂ ਆਏ ਹਨ। ਉਨ੍ਹਾਂ ਨੇ ਕੌਮੀ ਅਤੇ ਤਿੰਨ ਪ੍ਰਾਂਤਿਕ ਅਸੰਬਲੀਆਂ ਤੋਂ ਅਸਤੀਫ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਖ਼ਾਨ ਦੀ ਪਾਰਟੀ ਨੇ ਟਵਿੱਟਰ ‘ਤੇ ਪਾਇਆ ਕਿ ਪਾਰਟੀ ਦੇ ਸਾਰੇ ਕਾਨੂੰਨ ਘਾੜਿਆਂ ਨੇ ਅਸਤੀਫ਼ੇ ਸੌਂਪ ਦਿੱਤੇ ਹਨ। ਉੱਧਰ ਖ਼ਾਨ ਵੱਲੋਂ ਰੈੱਡ ਜ਼ੋਨ ਵਿਚ ਦਾਖਲ ਹੋਣ ਦੀ ਧਮਕੀ ਦੇਣ ਕਾਰਨ ਸਰਕਾਰ ਨੇ ਰੈੱਡ ਜ਼ੋਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। ਪਾਕਿਸਤਾਨ ਦੀ ਪੁਲਿਸ ਨੇ ਦੱਸਿਆ ਕਿ ਰਾਜਧਾਨੀ ਵਿਚ ਮੁਜ਼ਾਹਰੇ ਫੈਲਣ ਤੋਂ ਪਹਿਲਾਂ ਉਸ ਨੇ ਫੜੋ ਫੜੀ ਵਿਚ ਪੰਜਾਬ ਸੂਬੇ ਵਿਚ ਰਾਤ ਭਰ ਦੇ ਛਾਪਿਆਂ ਦੌਰਾਨ ਮੁਜ਼ਾਹਰਾ ਕਰ ਰਹੇ ਨੇਤਾਵਾਂ ਦੇ 150 ਦੇ ਲਗਭਗ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Welcome to Punjabi Akhbar

Install Punjabi Akhbar
×