ਪਾਕ ਸਰਕਾਰ ਸੰਮਤੀਆਂ ਦੇ ਮਾਧਿਅਮ ਨਾਲ ਇਮਰਾਨ ਖ਼ਾਨ, ਕਾਦਰੀ ਨਾਲ ਕਰੇਗੀ ਗੱਲਬਾਤ

imran-kadri140818

ਪਾਕਿਸਤਾਨ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਦੋ ਵੱਖ ਵੱਖ ਸੰਮਤੀਆਂ ਵਿਰੋਧੀ ਨੇਤਾ ਇਮਰਾਨ ਖ਼ਾਨ ਤੇ ਮੌਲਵੀ ਤਾਹਿਰ ਉਲ ਕਾਦਰੀ ਨੂੰ ਇੱਥੇ ਉਨ੍ਹਾਂ ਦਾ ਪ੍ਰਦਰਸ਼ਨ ਖ਼ਤਮ ਕਰਨ ਦੇ ਵਾਸਤੇ ਰਾਜ਼ੀ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨਗੀਆਂ। ਸੰਮਤੀਆਂ ‘ਚ ਸਾਰੇ ਵੱਡੇ ਰਾਜਨੀਤਕ ਦਲਾਂ ਦੇ ਮੈਂਬਰ ਹੋਣਗੇ। ਪ੍ਰਦਰਸ਼ਨ ਕਰ ਰਹੇ ਨੇਤਾਵਾਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ ਜਦੋਂ ਸਿਰਫ਼ ਕੁੱਝ ਘੰਟੇ ਪਹਿਲਾਂ ਖ਼ਾਨ ਨੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਹਟਾਉਣ ਲਈ ਨਾਗਰਿਕ ਅਵੱਗਿਆ ਅੰਦੋਲਨ ਸ਼ੁਰੂ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ-ਮੰਤਰੀ ਚੌਧਰੀ ਨਿਸਾਰ ਨੇ ਦੇਰ ਰਾਤ ਪੱਤਰ ਪ੍ਰੇਰਕ ਸੰਮੇਲਨ ‘ਚ ਕਿਹਾ ਕਿ ਦੋਵਾਂ ਟੀਮਾਂ ‘ਚ ਸਾਰੇ ਵੱਡੇ ਰਾਜਨੀਤਕ ਦਲਾਂ ਦੇ ਪ੍ਰਤੀਨਿਧੀ ਹੋਣਗੇ ਤੇ ਉਹ ਕੱਲ੍ਹ ਪ੍ਰਦਰਸ਼ਨਕਾਰੀ ਨੇਤਾਵਾਂ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਰੈੱਡ ਜੋਨ ਖੇਤਰ ਦੀ ਸੁਰੱਖਿਆ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਜਿੱਥੇ ਸੰਸਦ ਭਵਨ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਦੂਤਾਵਾਸ ਸਥਿਤ ਹੈ। ਜ਼ਿਕਰਯੋਗ ਹੈ ਕਿ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਗੱਲਬਾਤ ਦੇ ਜਰੀਏ ਗਤੀਰੋਧ ਦੂਰ ਕਰਨ ਦੀ ਕੋਸ਼ਿਸ਼ ਨਾ ਕਰਨ ਨੂੰ ਲੈ ਕੇ ਡੂੰਘੇ ਦਬਾਅ ‘ਚ ਆ ਗਈ ਹੈ।