ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਅਤੇ ਪਾਕਿਸਤਾਨ ਦੇ ਹੜ੍ਹ

ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਵੇਲੇ ਬੁਰੀ ਤਰਾਂ ਨਾਲ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਭਿਆਨਕ ਹੜ੍ਹ ਸਦੀ ਵਿੱਚ ਇੱਕ ਅੱਧ ਵਾਰ ਹੀ ਆਉਂਦੇ ਹਨ। ਉਥੋਂ ਦੀ ਵਾਤਾਵਰਣ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਹੈ ਕਿ ਇਨ੍ਹਾਂ ਹੜ੍ਹਾਂ ਕਾਰਨ ਪਾਕਿਸਤਾਨ ਦੀ ਇੱਕ ਤਿਹਾਈ ਧਰਤੀ ਪਾਣੀ ਵਿੱਚ ਡੁੱਬ ਗਈ ਹੈ, 1000 ਤੋਂ ਵੱਧ ਲੋਕ ਮਾਰੇ ਗਏ ਹਨ, ਲੱਖਾਂ ਬੇਘਰ ਹੋ ਗਏ ਹਨ ਤੇ ਜਾਇਦਾਦ ਦਾ ਅਰਬਾਂ ਖਰਬਾਂ ਦਾ ਨੁਕਸਾਨ ਹੋ ਚੁੱਕਾ ਹੈ। ਕਈ ਦਿਨਾਂ ਤੱਕ ਹੋਈ ਇਸ ਭਿਆਨਕ ਬਾਰਸ਼ ਕਾਰਨ ਸਿੰਧ, ਕਾਬਲ ਅਤੇ ਸਵਾਤ ਦਰਿਆ ਸਮੇਤ ਪਾਕਿਸਤਾਨ ਦੀਆਂ ਜਿਆਦਾਤਰ ਨਦੀਆਂ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਪਾਣੀ ਦੇ ਰੂਪ ਵਿੱਚ ਆਈ ਇਸ ਰੱਬੀ ਮੁਸੀਬਤ ਕਾਰਨ ਸੂਬਾ ਪਖਤੂਨਵਾ (ਸੂਬਾ ਸਰਹੱਦ), ਸਿੰਧ ਅਤੇ ਬਲੋਚਿਸਤਾਨ ਬੁਰੀ ਤਰਾਂ ਬਰਬਾਦ ਹੋ ਚੁੱਕੇ ਹਨ।
ਪਾਕਿਸਤਾਨ ਵਿੱਚ ਆਏ ਇਨ੍ਹਾਂ ਹੜ੍ਹਾਂ ਵਿੱਚ ਬਾਰਸ਼ ਤੋਂ ਇਲਾਵਾ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਾਕਿਸਤਾਨ ਵਿੱਚ 7253 ਗਲੇਸ਼ੀਅਰ ਹਨ ਜੋ ਉੱਤਰੀ ਅਤੇ ਦੱਖਣੀ ਧਰੁਵ ਤੋਂ ਬਾਅਦ ਸੰਸਾਰ ਦੇ ਸਭ ਦੇਸ਼ਾਂ ਨਾਲੋਂ ਵੱਧ ਹਨ। ਭਾਰਤ ਅਤੇ ਪਾਕਿਸਤਾਨ ਵਿੱਚ ਇਸ ਸਾਲ ਮਈ ਅਤੇ ਜੂਨ ਵਿੱਚ ਬਹੁਤ ਸਖਤ ਗਰਮੀ ਪਈ ਸੀ ਜਿਸ ਕਾਰਨ ਹਿਮਾਲੀਆ ਦੇ ਇਹ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗ ਪਏ ਸਨ। ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਉਪਰੋਕਤ ਦਰਿਆ ਇਸ ਪਾਣੀ ਨਾਲ ਨੱਕੋ ਨੱਕ ਭਰ ਗਏ ਸਨ। ਜਦੋਂ ਬਾਰਸ਼ ਆਈ ਤਾਂ ਪਹਿਲਾਂ ਤੋਂ ਹੀ ਆਫਰੇ ਪਏ ਦਰਿਆ ਆਪਣੇ ਕਿਨਾਰੇ ਤੋੜ ਕੇ ਬਾਹਰ ਨਿਕਲ ਗਏ ਤੇ ਲੋਕਾਂ ਲਈ ਕਿਆਮਤ ਆ ਗਈ। ਪਖਤੂਨਵਾ ਸੂਬੇ ਦੀ ਚਿਤਰਾਲ ਵਾਦੀ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਜਿਸ ਦੇ ਨਜ਼ਦੀਕੀ ਪਰਬਤਾਂ ਵਿੱਚ 543 ਦੇ ਕਰੀਬ ਗਲੇਸ਼ੀਅਰ ਹਨ। ਹਿਮਾਲਿਆ ਪਰਬਤ ਦੀ ਕੁੱਲ ਲੰਬਾਈ ਕਰੀਬ 3500 ਕਿ.ਮੀ. ਹੈ ਤੇ ਇਹ ਅਫਗਾਨਿਸਤਾਨ, ਪਾਕਿਸਤਾਨ, ਚੀਨ, ਨੇਪਾਲ, ਭੁਟਾਨ, ਮਿਆਂਮਾਰ ਅਤੇ ਭਾਰਤ ਦੇ ਵਿਸ਼ਾਲ ਇਲਾਕੇ ਵਿੱਚ ਫੈਲੇ ਹੋਏ ਹਨ। ਭਾਰਤ ਵਿੱਚ ਵੀ 7000 ਦੇ ਕਰੀਬ ਗਲੇਸ਼ੀਅਰ ਹਨ, ਜਿਨ੍ਹਾਂ ਦੇ ਗਲੋਬਲ ਵਾਰਮਿੰਗ ਕਾਰਨ ਪਿਘਲਣ ਨਾਲ ਬਿਆਸ, ਸਤਲੁੱਜ, ਗੰਗਾ ਅਤੇ ਬ੍ਰਹਮਪੁੱਤਰ ਦੇ ਪਾਣੀ ਵਿੱਚ ਵਰਨਣਯੋਗ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਕਾਰਨ ਹੀ ਸੰਨ 2021 ਵਿੱਚ ਉੱਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਇੱਕ ਗਲੇਸ਼ੀਅਰ ਝੀਲ ਦੇ ਟੁੱਟਣ ਕਰ ਕੇ 200 ਦੇ ਕਰੀਬ ਬੰਦੇ ਮਾਰੇ ਗਏ ਸਨ।
ਹਿਮਾਲੀਆ ਪਰਬਤਾਂ ਦਾ ਕਰੀਬ 42000 ਸੁਕੇਅਰ ਕਿ.ਮੀ. ਇਲਾਕਾ ਗਲੇਸ਼ੀਅਰਾਂ ਹੇਠ ਹੈ ਜਿਸ ਵਿੱਚੋਂ 25000 ਸੁਕੇਅਰ ਕਿ.ਮੀ. ਭਾਰਤ ਵਿੱਚ ਹੈ। ਹਿਮਾਲੀਆ ਪਰਬਤ ਉੱਤਰੀ ਅਤੇ ਦਖਣੀ ਧਰੁਵਾਂ ਤੋਂ ਬਾਅਦ ਸੰਸਾਰ ਦਾ ਸਭ ਤੋਂ ਵੱਡਾ ਬਰਫ ਜਮਾਉ ਖੇਤਰ ਹੈ। ਗਲੋਬਲ ਵਾਰਮਿੰਗ ਨਾਲ ਇਹ ਬਰਫ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਗਈ ਹੈ। ਇਸ ਨਾਲ ਭਵਿੱਖ ਵਿੱਚ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਬੇਮੌਸਮੇ ਹੜ੍ਹਾਂ ਦੇ ਬਹੁਤ ਵੱਡਾ ਖਤਰਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਲੋਬਲ ਵਾਰਮਿੰਗ ਕਾਰਨ ਮੌਸਮ ਦਾ ਮਿਜ਼ਾਜ਼ ਲਗਾਤਾਰ ਬਦਲ ਰਿਹਾ ਹੈ। ਅਜਿਹੇ ਇਲਾਕਿਆਂ ਵਿੱਚ ਜਿਆਦਾ ਬਾਰਸ਼ ਹੋ ਰਹੀ ਹੈ, ਜਿੱਥੇ ਪਹਿਲਾਂ ਘੱਟ ਜਾਂ ਨਾਂਹ ਦੇ ਬਰਾਬਰ ਹੁੰਦੀ ਸੀ। ਜਿਵੇਂ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਬਜਾਏ ਰਾਜਸਥਾਨ ਵਿੱਚ ਜਿਆਦਾ ਬਾਰਸ਼ਾਂ ਹੋ ਰਹੀਆਂ ਹਨ। ਭਾਰਤ ਦੇ ਵਾਤਾਵਰਣ ਮੰਤਰਾਲੇ ਵੱਲੋਂ 2020 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਹਿਮਾਲਿਆ ਪਰਬਤੀ ਖੇਤਰ ਦਾ ਤਾਪਮਾਨ ਮੈਦਾਨੀ ਖੇਤਰ ਦੇ ਮੁਕਾਬਲੇ ਦੁਗਣੀ ਤੇਜ਼ੀ ਨਾਲ ਵਧ ਰਿਹਾ ਹੈ। ਹਿਮਾਲੀਆ ਖੇਤਰ ਦਾ ਅੋਸਤ ਤਾਪਮਾਨ 1951 ਤੋਂ 2019 ਤੱਕ 1.3 ਡਿਗਰੀ ਸੈਲਸੀਅਸ ਵਧਿਆ ਹੈ ਜਦੋਂ ਕਿ ਭਾਰਤ ਦੇ ਮੈਦਾਨੀ ਖੇਤਰ ਦਾ ਔਸਤ ਤਾਪਮਾਨ ਇਸ ਹੀ ਸਮੇਂ ਦੌਰਾਨ 0.7 ਡਿਗਰੀ ਵਧਿਆ ਹੈ। ਇਸ ਵਾਧੇ ਕਾਰਨ ਹਿਮਾਲੀਆ ਦੇ ਕਈ ਖੇਤਰਾਂ ਵਿੱਚ ਬਰਫਬਾਰੀ ਘਟ ਗਈ ਹੈ ਤੇ ਗਲੇਸ਼ੀਅਰ ਸੁੰਗੜਦੇ ਜਾ ਰਹੇ ਹਨ। ਇੱਕ ਅਨੁਮਾਨ ਮੁਤਾਬਕ 21ਵੀਂ ਸਦੀ ਦੇ ਅੰਤ ਤੱਕ ਹਿਮਾਲੀਆ ਖੇਤਰ ਦਾ ਔਸਤ ਤਾਪਮਾਨ ਹੁਣ ਨਾਲੋਂ 5.2 ਡਿਗਰੀ ਜਿਆਦਾ ਵਧ ਜਾਵੇਗਾ। ਇਸ ਨਾਲ ਪਹਿਲਾਂ ਤਾਂ ਉੱਤਰੀ ਭਾਰਤ ਦੇ ਜਿਆਦਾਤਰ ਦਰਿਆਵਾਂ ਵਿੱਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋਵੇਗੀ ਤੇ ਬਾਅਦ ਵਿੱਚ ਗਲੇਸ਼ੀਅਰਾਂ ਦੀ ਅਣਹੋਂਦ ਕਾਰਨ ਇਹ ਦੱਖਣੀ ਭਾਰਤ ਦੇ ਦਰਿਆਵਾਂ ਵਾਂਗ ਬਰਸਾਤੀ ਨਦੀਆਂ ਬਣ ਕੇ ਰਹਿ ਜਾਣਗੇ। ਇਸ ਕਾਰਨ ਖੇਤੀਬਾੜੀ ਅਤੇ ਉਦਯੋਗ ਤਬਾਹੀ ਦੇ ਕਿਨਾਰੇ ‘ਤੇ ਪਹੁੰਚ ਜਾਣਗੇ।
ਹਿਮਾਲੀਆ ਦੇ ਗਲੇਸ਼ੀਅਰ ਹਰ ਸਾਲ ਦਰਿਆਵਾਂ ਨੂੰ 86 ਲੱਖ ਘਣ ਮੀਟਰ ਪਾਣੀ ਮੁਹੱਈਆ ਕਰਦੇ ਹਨ। ਪਰ ਗਲੋਬਲ ਵਾਰਮਿੰਗ ਕਾਰਨ ਉਨ੍ਹਾਂ ਦੀ ਸਮਰੱਥਾ ਦਿਨੋ ਦਿਨ ਘਟਦੀ ਜਾ ਰਹੀ ਹੈ। ਇਸਰੋ ਦੀ ਇੱਕ ਰਿਪੋਰਟ ਮੁਤਾਬਕ 2001 ਤੋਂ ਲੈ ਕੇ 2016 ਤੱਕ, ਸਿਰਫ 15 ਸਾਲਾਂ ਵਿੱਚ ਗੰਗਾ ਨਦੀ ਦਾ ਉਦਗਮ ਸਥਲ ਗੰਗੋਤਰੀ ਗਲੇਸ਼ੀਅਰ ਕਰੀਬ .23 ਸੁਕੇਅਰ ਕਿ.ਮੀ. ਸੁੰਗੜ ਗਿਆ ਹੈ। 2016 ਤੋਂ ਬਾਅਦ ਇਹ ਰਫਤਾਰ ਹੋਰ ਵੀ ਤੇਜ਼ ਹੋ ਗਈ ਹੈ। ਇਸੇ ਤਰਾਂ ਮਾਊਂਟ ਐਵਰੈਸਟ ਦੇ ਖੇਤਰ ਦੇ ਗਲੇਸ਼ੀਅਰ ਵੀ ਖਤਰਨਾਕ ਹੱਦ ਤੱਕ ਸੁੰਗੜ ਗਏ ਹਨ। ਵਾਤਾਵਰਣ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ 40 ਸਾਲਾਂ ਵਿੱਚ ਹਿਮਾਲੀਆ ਦੇ ਗਲੇਸ਼ੀਅਰ ਆਪਣਾ 13% ਭਾਗ ਗਵਾ ਚੁੱਕੇ ਹਨ। ਇਸ ਸਦੀ ਦੇ ਅੰਤ ਤੱਕ ਹਿਮਾਲੀਆ ਪਰਬਤਾਂ ਦੇ 2.6 ਤੋਂ 4.6 ਡਿਗਰੀ ਸੈਲਸੀਅਸ ਤੱਕ ਹੋਰ ਗਰਮ ਹੋ ਜਾਣ ਦਾ ਖਤਰਾ ਹੈ ਜੋ ਵਾਤਾਵਰਣ ਅਤੇ ਖੇਤੀਬਾੜੀ ‘ਤੇ ਸਖਤ ਮਾਰੂ ਪ੍ਰਭਾਵ ਪਾਉਣਗੇ। ਪਾਕਿਸਤਾਨ ਵਿੱਚ ਜੋ ਕੁਝ ਹੋਇਆ ਹੈ, ਉਹ ਇਸ ਆਉਣ ਵਾਲੀ ਪਰਲੋ ਦਾ ਇੱਕ ਛੋਟਾ ਜਿਹਾ ਨਮੂਨਾ ਹੈ। ਇਸ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਤਬਦੀਲੀ ਦੇ ਸਭ ਤੋਂ ਮਾਰੂ ਪ੍ਰਭਾਵ ਭਾਰਤ ਅਤੇ ਪਾਕਿਸਤਾਨ ‘ਤੇ ਪੈਣੇ ਹਨ। ਪਰ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਇਸ ਮੁਸੀਬਤ ਵੱਲ ਕੋਈ ਧਿਆਨ ਨਹੀਂ ਹੈ। ਪਾਕਿਸਤਾਨ ਜਦੋਂ ਦਾ ਬਣਿਆ ਹੈ, ਰਾਜਨੀਤਕ ਅਸਥਿਰਤਾ ਦਾ ਸ਼ਿਕਾਰ ਹੈ। ਇੱਕ ਅੱਧੇ ਨੂੰ ਛੱਡ ਕੇ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜ ਕਾਲ ਪੂਰਾ ਨਹੀਂ ਕਰ ਸਕਿਆ। ਇਸ ਅਸਫਲ ਦੇਸ਼ ਦੇ ਨੇਤਾਵਾਂ ਕੋਲ ਗਲੋਬਲ ਵਾਰਮਿੰਗ ਵਰਗੇ ਵਿਸ਼ੇ ‘ਤੇ ਸੋਚਣ ਦਾ ਵਿਹਲ ਹੀ ਨਹੀਂ ਹੈ।
ਅਜਿਹਾ ਹੀ ਹਾਲ ਭਾਰਤ ਦਾ ਵੀ ਹੈ। ਇਥੇ ਵੀ ਗੁਰਬਾਣੀ ਦੇ ਮਹਾਂਵਾਕ ”ਗਲੀਂ ਅਸੀਂ ਚੰਗੀਆ ਆਚਾਰੀ ਬੁਰੀਆਹ” ਵਾਲੀ ਗੱਲ ਹੋਈ ਪਈ ਹੈ। ਗਲੋਬਲ ਵਾਰਮਿੰਗ ਵੱਲ ਸਾਡਾ ਬਿਲਕੁਲ ਵੀ ਧਿਆਨ ਨਹੀਂ ਹੈ। ਕਰੋੜਾਂ ਫੈਕਟਰੀਆਂ, ਗੱਡੀਆਂ ਅਤੇ ਖੇਤੀਬਾੜੀ ਦੀ ਰਹਿੰਦ ਖੂੰਹਦ ਦੇ ਧੂੰਏਂ ਰਾਹੀਂ ਬਿਨਾਂ ਕਿਸੇ ਡਰ ਭੈਅ ਦੇ ਰੋਜ਼ਾਨਾ ਕਰੋੜਾਂ ਟਨ ਕਾਰਬਨ ਡਾਇਆਕਸਾਈਡ ਅਤੇ ਕਾਰਬਨ ਮੌਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਵਿੱਚ ਮਿਲਾਈਆਂ ਜਾ ਰਹੀਆਂ ਹਨ। 2019 ਵਿੱਚ ਹੋਏ ਇੱਕ ਸਰਵੇ ਮੁਤਾਬਕ ਦੁਨੀਆਂ ਦੇ 30 ਸਭ ਤੋਂ ਗੰਦੀ ਹਵਾ ਵਾਲੇ ਸ਼ਹਿਰਾਂ ਵਿੱਚੋਂ 21 ਭਾਰਤ ਵਿੱਚ ਹਨ। ਕਿਸੇ ਵੀ ਦੇਸ਼ ਦੇ ਜੰਗਲ ਉਸ ਦੇ ਫੇਫੜੇ ਮੰਨੇ ਜਾਂਦੇ ਹਨ। ਅਸੀਂ ਨਵੇਂ ਜੰਗਲ ਲਗਾਉਣੇ ਤਾਂ ਕੀ ਸਨ, ਵਿਕਾਸ ਦੇ ਨਾਮ ‘ਤੇ ਪੁਰਾਣੇ ਵੀ ਨਸ਼ਟ ਕਰ ਦਿੱਤੇ ਹਨ। ਹਿਮਾਲੀਆ ਪਰਬਤਾਂ ਨੂੰ ਹਰੇ ਜੰਗਲਾਂ ਦੀ ਬਜਾਏ ਕੰਕਰੀਟ ਦੇ ਜੰਗਲ ਵਿੱਚ ਬਦਲ ਦਿੱਤਾ ਹੈ। ਸ਼ਿਮਲੇ ਵਰਗੇ ਜਿਹੜੇ ਹਿੱਲ ਸਟੇਸ਼ਨ 20 ૶ 22 ਸਾਲ ਪਹਿਲਾਂ ਤੱਕ ਹਰੇ ਭਰੇ ਸਨ, ਉਥੇ ਹੁਣ ਸਾਰੇ ਪਾਸੇ ਬਹੁ ਮੰਜ਼ਿਲਾ ਫਲੈਟ ਦਿਖਾਈ ਦਿੰਦੇ ਹਨ। ਰੋਹਤਾਂਗ ਦਰੇ ਵਰਗੇ ਅਨੇਕਾਂ ਦਰਸ਼ਨੀ ਸਥਾਨਾਂ ਤੋਂ ਬਰਫ ਸਦਾ ਲਈ ਗਾਇਬ ਹੋ ਚੁੱਕੀ ਹੈ।
ਹੁਣ ਕੁਦਰਤ ਵੀ ਬਦਲਾ ਲੈਣ ‘ਤੇ ਉਤਾਰੂ ਹੋ ਗਈ ਹੈ। ਹਿਮਾਲੀਆ ਪਰਬਤਾਂ ‘ਤੇ ਭ੍ਰਿਸ਼ਟਾਚਾਰ ਕਾਰਨ ਅੰਨ੍ਹੇਵਾਹ ਹੋ ਰਹੇ ਸ਼ਹਿਰੀਕਰਣ ਨਾਲ ਪਹਾੜ ਅਸਥਿਰ ਹੋ ਗਏ ਹਨ। ਹਰ ਸਾਲ ਪਹਾੜ ਖਿਸਕਣ, ਬੱਦਲ ਫਟਣ ਅਤੇ ਅਚਾਨਕ ਆਉਣ ਵਾਲੇ ਹੜ੍ਹਾਂ ਵਿੱਚ ਬੇਹਿਸਾਬ ਵਾਧਾ ਹੋ ਰਿਹਾ ਹੈ। ਨੈਨੀਤਾਲ ਸ਼ਹਿਰ ਦਾ ਇੱਕ ਵੱਡਾ ਹਿੱਸਾ ਪਹਾੜ ਖਿਸਕਣ ਨਾਲ ਤਬਾਹ ਹੋ ਚੁੱਕਾ ਹੈ ਤੇ ਨਵੇਂ ਇਲਾਕਿਆਂ ਲਈ ਖਤਰਾ ਪੈਦਾ ਹੋ ਗਿਆ ਹੈ। ਕੰਕਰੀਟ ਦਾ ਬੇਹਿਸਾਬ ਭਾਰ ਪੈਣ ਕਾਰਨ ਬਲੀਆਨਾਲਾ, ਚਾਈਨਾ ਟਾਪ, ਟਿਫਿਨ ਟਾਪ ਅਤੇ ਨੈਨਾ ਟਾਪ ਪਹਾੜਾਂ ਵਿੱਚ ਵੱਡੇ ਵੱਡੇ ਪਾੜ ਪੈ ਗਏ ਹਨ ਤੇ ਇਹ ਕਿਸੇ ਵੇਲੇ ਵੀ ਢਹਿ ਕੇ ਨੈਨੀਤਾਲ ਦੇ ਵੱਡੇ ਹਿੱਸੇ ਨੂੰ ਗਰਕ ਕਰ ਸਕਦੇ ਹਨ। ਇਹ ਹੀ ਹਾਲ ਹੋਰ ਪਹਾੜੀ ਸ਼ਹਿਰਾਂ ਦਾ ਹੈ। ਭਾਰਤ ਨੂੰ ਇਸ ਵੇਲੇ ਚੋਣ ਰਾਜਨੀਤੀ ਵਾਸਤੇ ਜ਼ਾਤੀਵਾਦ ਅਤੇ ਧਾਰਮਿਕ ਫਿਰਕਾਪ੍ਰਸਤੀ ਵਾਲੀਆਂ ਨੀਤੀਆਂ ਛੱਡ ਕੇ ਇਸ ਆ ਰਹੀ ਅਟੱਲ ਮੁਸੀਬਤ ਵੱਲ ਧਿਆਨ ਦੇਣਾ ਚਾਹੀਦਾ ਹੈ। ਟੀ.ਵੀ. ਚੈਨਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੀ.ਆਰ.ਪੀ. ਵਧਾਉਣ ਲਈ 24 ਘੰਟੇ ਧਾਰਮਿਕ ਬਹਿਸਾਂ ਵਾਲੇ ਪ੍ਰੋਗਰਾਮ ਵਿਖਾਉਣ ਦੀ ਬਜਾਏ ਸਰਕਾਰ ਦਾ ਧਿਆਨ ਇਸ ਨਾਜ਼ਕ ਮੁੱਦੇ ਵੱਲ ਦਿਵਾਉਣ। ਕਿਉਂਕਿ ਜੇ ਅਸੀਂ ਬਿੱਲੀ ਵੇਖ ਕੇ ਕਬੂਤਰ ਵਾਂਗ ਅੱਖਾਂ ਮੀਟ ਛੱਡੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਹੋਰ ਵੀ ਜਿਆਦਾ ਭੁੱਖਮਰੀ, ਗਰੀਬੀ ਅਤੇ ਬੇਰੋਜ਼ਗਾਰੀ ਵਰਗੀਆਂ ਭਿਆਨਕ ਮੁਸੀਬਤਾਂ ਵਿੱਚ ਘਿਰ ਜਾਵੇਗਾ।

Install Punjabi Akhbar App

Install
×