ਪਾਕਿਸਤਾਨੀ ਫ਼ੌਜ ਵਲੋਂ ਪਿਸ਼ਾਵਰ ਹਮਲੇ ਦਾ ਕਰਾਰਾ ਜਵਾਬ- 57 ਅੱਤਵਾਦੀ ਮਾਰੇ

ਪਿਸ਼ਾਵਰ ਦੇ ਸਕੂਲੀ ਵਿਦਿਆਰਥੀਆਂ ‘ਤੇ ਕੀਤੇ ਗਏ ਤਾਲਿਬਾਨ ਦੇ ਹਮਲੇ ਦਾ ਕਰਾਰਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੀ ਸੈਨਾ ਨੇ 57 ਅੱਤਵਾਦੀ ਮਾਰ ਦਿੱਤੇ। ਸੈਨਾ ਨੇ ਇਹ ਹਮਲਾ ਖੈਬਰ ਦੇ ਕਬਾਇਲੀ ਇਲਾਕਿਆਂ ‘ਚ ਕੀਤਾ ਜਿਥੇ ਅੱਤਵਾਦੀਆਂ ਨੂੰ ਸਿਖਲਾਈ ਦੇਣ ਦੀ ਖਬਰ ਸੀ। ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਸੈਨਾ ਨੇ ਬੁੱਧਵਾਰ ਨੂੰ ਖੈਬਰ ਦੇ ਕਬਾਇਲੀ ਇਲਾਕਿਆਂ ‘ਚ ਤਿਰਾਹ ਘਾਟੀ ‘ਚ ਤਾਲਿਬਾਨ ਦੇ ਲੁਕਣ ਸਥਾਨਾਂ ‘ਤੇ 20 ਹਵਾਈ ਹਮਲੇ ਕਰਕੇ 57 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ। ਇਹ ਇਲਾਕਾ ਪਿਸ਼ਾਵਰ ਦੇ ਨੇੜੇ ਹੈ। ਪਿਸ਼ਾਵਰ ਦੇ ਸੈਨਿਕ ਸਕੂਲ ‘ਚ ਹਮਲਾ ਕਰਨ ਵਾਲਿਆਂ ‘ਚ ਸ਼ਾਮਿਲ ਅੱਤਵਾਦੀਆਂ ਦੇ ਬਾਰੇ ‘ਚ ਇਹ ਸੂਚਨਾ ਮਿਲਣ ‘ਤੇ ਕਿ ਉਨ੍ਹਾਂ ਦੀ ਸਿਖਲਾਈ ਖੈਬਰ ਦੇ ਬਾਰਾ ਖੇਤਰ ‘ਚ ਹੋਈ ਸੀ, ਇਹ ਮੁਹਿੰਮ ਸ਼ੁਰੂ ਕੀਤੀ ਗਈ। ਸਕੂਲ ‘ਤੇ ਹਮਲੇ ਦੀ ਘਟਨਾ ‘ਚ 132 ਵਿਦਿਆਰਥੀਆਂ ਸਮੇਤ ਕੁਲ 148 ਲੋਕ ਮਾਰੇ ਗਏ ਸਨ। ਸੈਨਾ ਨੇ ਕਿਹਾ ਹੈ ਕਿ ਜਾਰੀ ਮੁਹਿੰਮ ਖੈਬਰ-1 ਦੀ ਸਮੀਖਿਆ ਵੀ ਚੱਲ ਰਹੀ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਅੱਤਵਾਦ ਨਾਲ ਲੜਨ ਲਈ ਇਕ ਹਫ਼ਤੇ ਦੇ ਅੰਦਰ ਇਕ ਰਾਸ਼ਟਰੀ ਯੋਜਨਾ ਦੀ ਗੱਲ ਕੀਤੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਇਸ ਪੂਰੇ ਖੇਤਰ ਤੋਂ ਅੱਤਵਾਦ ਦਾ ਸਫਾਇਆ ਕਰ ਦਿੱਤਾ ਜਾਵੇਗਾ। ਤਾਲਿਬਾਨ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਛੇ ਆਤਮਘਾਤੀ ਬੰਬ ਹਮਲਾਵਰਾਂ ਨੇ ਸੈਨਿਕ ਸਕੂਲ ‘ਤੇ ਹਮਲਾ ਕੀਤਾ ਸੀ ਅਤੇ ਇਹ ਹਮਲਾ ਉਤਰੀ ਵਜ਼ੀਰਸਤਾਨ ‘ਚ ਸੈਨਾ ਵਲੋਂ ਅੱਤਵਾਦੀਆਂ ‘ਤੇ ਕੀਤੀ ਜਾ ਰਹੀ ਸੈਨਿਕ ਕਾਰਵਾਈ ਦਾ ਬਦਲਾ ਲੈਣ ਲਈ ਕੀਤਾ ਗਿਆ। ਸੁਰੱਖਿਆ ਬਲਾਂ ਨੇ ਇਸ ਖੇਤਰ ‘ਚ ਸੈਕੜੇ ਅੱਤਵਾਦੀਆਂ ਨੂੰ ਮਾਰ ਦਿੱਤਾ ਪਰ ਅਜੇ ਵੀ ਉਹ ਉਨ੍ਹਾਂ ਨੂੰ ਹਰਾ ਨਹੀਂ ਸਕੇ ਹਨ। ਅੱਤਵਾਦੀ ਪਹਾੜੀ ਖੇਤਰਾਂ ‘ਚ ਲੁਕ ਜਾਂਦੇ ਹਨ ਅਤੇ ਅਕਸਰ ਅਫਗਾਨਿਸਤਾਨ ਦੀ ਸਰਹੱਦ ‘ਚ ਆਉਂਦੇ ਜਾਂਦੇ ਰਹਿੰਦੇ ਹਨ।

Install Punjabi Akhbar App

Install
×