ਤਿੰਨ ਵਾਰੀ ਦੇ ਭਾਰਤੀ ਹਾਕੀ ਉਲੰਪੀਅਨ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਸੰਸਾਰ ਤੋਂ ਫਾਨੀ

ਤਿੰਨ ਵਾਰੀ ਹਾਕੀ ਉਲੰਪੀਅਨ ਰਹੇ ਬਲਬੀਰ ਸਿੰਘ ਦੁਸਾਂਝ ਉਰਫ ਸੀਨੀਅਰ ਆਖਰ ਉਮਰ ਦੇ ਪੈਂਡੇ ਤੋਂ ਹਾਰ ਗਏ। ਲੰਬੀ ਬਿਮਾਰੀ ਤੋਂ ਬਾਅਦ ਉਹ ਸੰਸਾਰ ਤੋਂ ਰੁਖਸਤ ਹੋ ਗਏ । “ ਜਿਵੇਂ ਤੇਰੇ ਭਾਗ ਲੱਛੀਏ ਵਾਲੀ ” ਪੰਜਾਬੀ ਦੀ ਕਹਾਵਤ ਉਹਨਾਂ ਦੀ ਮੌਤ ਤੋਂ ਬਾਅਦ ਉਨਾਂ ਤੇ ਪੂਰੀ ਢੁੱਕ ਗਈ। ਉਹ ਇਸ ਲਈ ਕਿ ਸਰਕਾਰ ਦੇ ਨਾਲ ਨਾਲ ਕੁਦਰਤ ਦੀ ਵੀ ਬੇਰੁੱਖੀ ਰਹੀ। ਜਿਉਂਦੇ ਜੀਅ ਉਹਨਾਂ ਦੀ ਭਾਰਤ ਰਤਨ ਦੀ ਉਪਾਧੀ ਹਾਸਿਲ ਕਰਨ ਦੀ ਇੱਛਾ ਸਰਕਾਰ ਨੇ ਪੂਰੀ ਨਾਂ ਕੀਤੀ ਅਤੇ ਮੌਤ ਤੋਂ ਬਾਅਦ ਕੁਦਰਤ ਦੀ ਕਰੋਪੀ ਚ ਚਾਰ ਚਾਹੁੰਣ ਵਾਲਿਆਂ ਦਾ ਮੋਢਾ ਵੀ ਨਸੀਬ ਨਹੀਂ ਹੋਇਆ । ਮੌਤ ਵੇਲੇ ਤਾਂ ਭਾਵੇਂ ਕੁਦਰਤ ਦੀ ਕਰੋਪੀ ਸੀ ਪਰ ਇਸਤੋਂ ਬਿਨਾਂ ਵੀ ਉਹ ਆਪਣੇ ਆਪ ਨੂੰ ਲੋਕਾਂ ਦੀ ਬੇਰੁੱਖੀ ਦਾ ਪੀੜਤ ਮੰਨਦੇ ਸਨ । 1980 ਵਿੱਚ ਕਨੇਡਾ ਆਪਣੇ ਪੁਤਰਾਂ ਕੋਲ ਰਿਹਾਇਸ ਕਰਨ ਤੋਂ ਬਾਅਦ ਚੰਡੀਗੜ ਉਨਾਂ ਦਾ ਇਹ ਕਹਿਣਾ ਕਿ ਕਨੇਡਾ ਚ ਲੋਕ ਮੈਨੂੰ ਪੰਜਾਬ ਤੋ ਜਿਆਦਾ ਪਹਿਚਾਣਦੇ ਨੇ ਸ਼ਾਇਦ ਇਸੇ ਬੇਰੁੱਖੀ ਦਾ ਵਰਨਣ ਹੋਵੇ । ਬਲਬੀਰ ਸਿੰਘ ਸੀਨੀਅਰ ਨੇ ਉਲੰਪਿਕ ਹਾਕੀ ਦਾ ਸੋਨ ਤਮਗਾ ਸੰਨ 1948 ਵਿੱਚ ਦੇਸ਼ ਦੀ ਝੋਲੀ ਉਦੋਂ ਪਾਇਆ ਜਦੋਂ ਭਾਰਤ ਦੋ ਟੁਕੜਿਆਂ ਚ ਵੰਡਿਆਂ ਆਪਣੇ ਵੰਡ ਦੇ ਦਰਦ ਨੂੰ ਸਮੇਟਣ ਲੱਗਾ ਸੀ । 1948 ਤੋਂ ਬਾਅਦ 1952 ਅਤੇ 1956 ਲਗਾਤਾਰ ਤਿੰਨ ਉਲੰਪਿਕ ਹਾਕੀ ਸੋਨ ਤਮਗਿਆਂ ਦਾ ਸਿਹਰਾ ਬਲਬੀਰ ਸਿੰਘ ਸੀਨੀਅਰ ਨੂੰ ਜਾਂਦਾ ਹੈ। 1948 ਵਾਲਾ ਉਲੰਪਿਕ ਮੈਡਲ ਸ਼ਾਇਦ ਇਸ ਲਈ ਜਿਆਦਾ ਮਹੱਤਵਪੂਰਣ ਮੰਨਿਆਂ ਜਾਦਾਂ ਕਿਉਂਕਿ ਦੇਸ਼ ਦੀ ਨਵੀਂ ਨਵੀਂ ਵੰਡ ਦੇ ਕਾਰਨ ਖੇਡ ਦੀ ਕਮਜੋਰੀ ਨੂੰ ਬਚਾਉਣ ਲਈ ਉਲੰਪਿਕ ਵਾਸਤੇ ਭਾਰਤ ਪਾਕਿਸਤਾਨ ਦੀ ਸਾਂਝੀ ਟੀਮ ਦੇ ਤਿਆਰ ਕਰਨ ਦਾ ਜਿਕਰ ਵੀ ਹੋਣ ਲੱਗ ਗਿਆ ਸੀ ਪਰ ਦੇਸ਼ ਦੇ ਬਹਾਦਰ ਖਿਡਾਰੀਆਂ ਨੇ ਇਹ ਜੰਗ ਇਕੱਲਿਆਂ ਲੜ ਕੇ ਜਿੱਤਣ ਦਾ ਲਿਆ ਸੰਕਲਪ ਪੂਰਾ ਕਰ ਦਿਖਾਇਆ । ਜਲੰਧਰ ਜਿਲੇ ਦੇ ਪਿੰਡ ਹਰੀਪੁਰ ਖਾਲਸਾ ਵਿੱਚ 1923 ਵਿੱਚ ਜਨਮੇ ਬਲਬੀਰ ਸਿੰਘ ਦੁਸਾਂਝ ਦਾ ਹਾਕੀ ਉਲੰਪਿਕ ਵਿੱਚ ਇੱਕ ਵਿਅਕਤੀ ਦੁਆਰਾ ਸਭ ਤੋ ਜਿਆਦਾ ਗੋਲ਼ ਕਰਨ ਦਾ ਰਿਕਾਰਡ ਅੱਜ ਵੀ ਬਰਕਰਾਰ ਹੈ । ਇਹ ਰਿਕਾਰਡ ਉਨਾਂ ਨੇ 1952 ਦੇ ਉਲੰਪਿਕ ਹਾਕੀ ਮੁਕਾਬਲੇ ਵਿੱਚ ਹਾਲੈਂਡ ਨਾਲ ਹੋਏ ਮੈਚ ਵਿੱਚ ਛੇ ਗੋਲਾਂ ਵਿੱਚੋਂ ਪੰਜ ਗੋਲ ਕਰਕੇ ਬਣਾਇਆ ਸੀ । 1956 ਵਿਚਲਾ ਉਲੰਪਿਕ ਹਾਕੀ ਮੈਚ ਉਨਾਂ ਨੇ ਉਂਗਲ ਤੇ ਸੱਟ ਲੱਗਣ ਦੇ ਬਾਵਜੂਦ ਖੇਡਿਆ ਸੀ ਅਤੇ ਚੈਪੀਂਅਨ ਬਣੇ ।

1952 ਅਤੇ 1956 ਦੀਆਂ ਉਲੰਪਿਕ ਖੇਡਾਂ ਦੌਰਾਨ ਭਾਰਤ ਦਾ ਰਾਸ਼ਟਰੀ ਝੰਡਾ ਚੁੱਕਣ ਵਾਲੇ ਬਲਬੀਰ ਸਿੰਘ ਨੇ ਇਸੇ ਲਈ ਕਿਹਾ ਸੀ ਕਿ ਭਾਰਤ ਰਤਨ ਦੀ ਉਪਾਧੀ ਦੀ ਚੋਣ ਵਿੱਚ ਭਾਰਤੀ ਖੇਡਾਂ ਲਈ ਮੇਰੇ ਯੋਗਦਾਨ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ । ਸੰਨ 1947 ਵਿੱਚ ਆਜਾਦੀ ਤੋਂ ਬਾਅਦ ਭਾਰਤ ਤੋਂ ਰੁਖਸਤ ਕੀਤੇ ਗੋਰਿਆਂ ਦੇ ਦੇਸ਼ ਇੰਗਲੈਂਡ ਦੇ ਲੰਡਨ ਵਿੱਚ ਅਗਲੇ ਸਾਲ 1948 ਵਿੱਚ ਹੀ ਆਜਾਦ ਭਾਰਤ ਨੇ ਬਲਬੀਰ ਸਿੰਘ ਦੀ ਮਿਹਨਤ ਸਦਕਾ ਹਾਕੀ ਉਲੰਪਿਕ ਦਾ ਸੋਨ ਤਮਗਾ ਫੁੰਡ ਲਿਆ ਸੀ। ਇਸ ਉਲੰਪਿਕ ਵਿੱਚ ਬਲਬੀਰ ਸਿੰਘ ਨੇ ਖੇਡੇ ਦੋ ਮੈਚਾਂ ਵਿੱਚ 13 ਵਿੱਚੋਂ 8 ਗੋਲ ਕੀਤੇ । ਹੇਲਿੰਸਕੀ ਚ ਹੋਈਆਂ 1952 ਉਲੰਪਿਕ ਖੇਡਾਂ ਵਿੱਚ ਤਿੰਨ ਮੈਚ ਖੇਡ ਕੇ ਬਲਬੀਰ ਸਿੰਘ ਨੇ ਕੁੱਲ 13 ਗੋਲਾਂ ਵਿੱਚੋਂ 9 ਗੋਲ ਆਪਣੇ ਨਾਮ ਕੀਤੇ । ਮੈਲਬਰਨ ਦੀ 1956 ਦੀ ਉਲੰਪਿਕ ਵਿੱਚ ਉਹ ਸੋਨ ਤਮਗਿਆਂ ਦੀ ਹੈਟ੍ਰਿਕ ਮਾਰਨ ਵਾਲਾ ਆਜਾਦ ਭਾਰਤ ਦਾ ਪਹਿਲਾ ਹਾਕੀ ਖਿਡਾਰੀ ਬਣਿਆ । ਇਸ ਹੈਟ੍ਰਿਕ ਤੋਂ ਬਾਅਦ 1957 ਵਿੱਚ ਭਾਰਤ ਸਰਕਾਰ ਦੁਆਰਾ ਬਲਬੀਰ ਸਿੰਘ ਸੀਨੀਅਰ ਨੂੰ ਪਦਮ ਸ਼੍ਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਖੇਡਾਂ ਦੇ ਖੇਤਰ ਵਿੱਚ ਇਹ ਸਨਮਾਨ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਖਿਡਾਰੀ ਸੀ । ਆਪਣੇ ਸਮਿਆਂ ਦਾ ਵਿਸ਼ਵ ਪ੍ਰਸਿੱਧ ਉਲੰਪੀਅਨ ਬਲਬੀਰ ਸਿੰਘ ਦਾ ਹਾਕੀ ਸਫਰ ਉਹਦੇ ਸੱਤਵੇਂ ਜਨਮ ਦਿਨ ਤੇ ਉਹਦੇ ਬਾਪ ਸ. ਦਲੀਪ ਸਿੰਘ ਦੁਆਰਾ ਉਸਨੂੰ ਦਿੱਤੇ ਹਾਕੀ ਦੇ ਤੋਹਫੇ ਨਾਲ ਸ਼ੁਰੂ ਹੋ ਗਿਆ ਸੀ ਜੋ ਭਾਰਤ ਨੂੰ ਉਲੰਪਿਕ ਹਾਕੀ ਚ ਮਾਣ ਦੁਆਉਣ ਦਾ ਕਾਰਨ ਬਣਿਆ । ਉਲੰਪਿਕ ਦੀਆਂ ਆਪਣੀਆਂ ਪ੍ਰਾਪਤੀਆਂ ਦੇ ਕਾਰਨ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਵਜੋਂ ਤਾਇਨਾਤ ਬਲਬੀਰ ਸਿੰਘ ਸੀਨੀਅਰ ਨੂੰ ਪੰਜਾਬ ਦਾ ਡਾਇਰੈਕਟਰ ਖੇਡ ਨਿਯੁਕਤ ਕਰ ਦਿੱਤਾ ਗਿਆ ਜਿਥੋਂ ਲੱਗਭੱਗ ਦਸ ਸਾਲ ਦੀ ਨੌਕਰੀ ਤੋਂ ਬਾਅਦ ਉਹ ਸੇਵਾ ਮੁਕਤ ਹੋ ਗਏ । ਬਲਬੀਰ ਸਿੰਘ ਸੀਨੀਅਰ 1975 ਵਾਲੇ ਪੁਰਸ਼ ਵਿਸ਼ਵ ਕੱਪ ਦੀ ਚੈਪੀਂਅਨ ਅਤੇ 1971 ਦੇ ਵਿਸ਼ਵ ਹਾਕੀ ਕੱਪ ਵਿੱਚ ਤਾਂਬੇ ਦਾ ਤਮਗੇ ਦੌਰਾਨ ਭਾਰਤੀ ਹਾਕੀ ਟੀਮਾਂ ਦਾ ਕੋਚ ਅਤੇ ਮੈਨੇਜਰ ਵੀ ਸੀ । ਉਨਾਂ ਵੱਲੋਂ ਦੋ ਪੁਸਤਕਾਂ ਆਪਣੀ ਸਵੈ-ਜੀਵਨੀ “ ਦ ਗੋਲ਼ਡਨ ਹੈਟ੍ਰਿਕ ” ਤੋਂ ਇਲਾਵਾ ਸਿਖਲਾਈ ਪੁਸਤਕ “ ਦ ਗੋਲ਼ਡਨ ਯਾਰਡਸਟਿਕ ” ਵੀ ਲਿਖੀਆਂ ਗਈਆਂ । ਉਨਾਂ ਸੰਬੰਧੀ ਮਿਲਦੇ ਰਿਕਾਰਡ ਤੋਂ ਇਹ ਵੀ ਚਾਹੇ ਦੱਸਿਆ ਜਾਂਦਾ ਹੈ ਕਿ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀ ਨਾਲ ਸੰਬੰਧ ਹੋਣ ਕਰਕੇ ਉਨਾਂ ਨੂੰ ਉਹਨਾਂ ਤੇ ਪੱਧਰ ਦਾ ਮਾਣ ਨਹੀਂ ਦਿੱਤਾ ਗਿਆ ਲੇਕਿਨ ਬਲਬੀਰ ਸਿੰਘ ਸੀਨੀਅਰ ਨੇ 2006 ਵਿੱਚ ਸਰਵੋਤਮ ਸਿੱਖ ਹਾਕੀ ਖਿਡਾਰੀ ਦੇ ਮਿਲਣ ਵਾਲੇ ਸਨਮਾਨ ਤੇ ਨਾਂਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਧਾਰਮਿਕ ਵਲਗਣ ਵਿੱਚ ਬੰਨਣਾ ਉਚਿਤ ਨਹੀਂ ਅਤੇ ਹਾਕੀ ਖੇਡ ਦਾ ਮਾਣ ਰੱਖਣ ਲਈ ਉਨਾਂ ਨੇ ਇਹ ਸਨਮਾਨ ਪ੍ਰਾਪਤ ਕੀਤਾ। ਖਿਡਾਰੀ ਅੰਦਰਲੀ ਦੇਸ਼ ਭਗਤੀ ਵਾਲੇ ਜਜਬੇ ਦੀ ਇੱਕ ਕਹਾਣੀ ਦੇ ਜਿਕਰ ਬਿਨਾਂ ਉਹਨਾਂ ਦੀ ਸ਼ਖਸ਼ੀਅਤ ਦਾ ਬਿਆਨ ਸ਼ਾਇਦ ਅਧੂਰਾ ਹੋਵੇ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਸਾਲ 1984 ਦੌਰਾਨ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਮੈਚ ਦੇਖਦਿਆਂ ਜਦੋਂ ਉਹਨਾਂ ਨੇ ਇੱਕ ਸਿੱਖ ਵਿਅਕਤੀ ਦੇ ਹੱਥ ਵਿੱਚ ਟੁਕੜੇ ਟੁਕੜੇ ਹੋਣ ਕਰਨ ਲਈ ਭਾਰਤ ਦਾ ਰਾਸ਼ਟਰੀ ਝੰਡਾ ਦੇਖਿਆ ਤਾਂ ਉਨਾਂ ਨੇ ਭੱਜ ਕੇ ਉਸ ਸਖਸ਼ ਦੇ ਹੱਥੋਂ ਇਹ ਰਾਸ਼ਟਰੀ ਝੰਡਾ ਮਾਣ ਨਾਲ ਫੜ ਲਿਆ । ਉਕਤ ਸਖਸ਼ ਵੱਲੋਂ ਇਹ ਝੰਡਾ 1984 ਦੇ ਸਿੱਖ ਵਿਰੋਧੀ ਦੰਗਿਆਂ ਪ੍ਰਤੀ ਆਪਣਾ ਰੋਸ ਜਾਹਰ ਕਰਨ ਲਈ ਅਪਮਾਨਤ ਕੀਤਾ ਜਾਣਾ ਸੀ। ਭਾਰਤੀ ਅਤੇ ਪੰਜਾਬੀ ਨੌਜਵਾਨਾਂ ਲਈ ਬਲਬੀਰ ਸਿੰਘ ਸੀਨੀਅਰ ਹਮੇਸ਼ਾ ਮਾਰਗ ਦਰਸ਼ਕ ਰਹਿਣਗੇ ।

(ਡਾ. ਸੁਰਜੀਤ ਸਿੰਘ ਭਦੌੜ)
98884-88060

Install Punjabi Akhbar App

Install
×