ਓਵਰਸੀਜ਼ ਕਾਂਗਰਸ ਵੱਲੋਂ ਅੰਮ੍ਰਿਤਸਰ ਤੋਂ ਮੌਜ਼ੂਦਾ ਐਮ ਪੀ ਗੁਰਜੀਤ ਔਜ਼ਲਾ ਨੂੰ ਸਮਰਥਨ :- ਲਾਲੀ ਗਿੱਲ, ਪ੍ਰਣਾਮ ਹੇਅਰ

(ਮੀਟਿੰਗ 'ਚ ਸ਼ਾਮਿਲ ਲਾਲੀ ਗਿੱਲ, ਪ੍ਰਣਾਮ ਹੇਅਰ, ਜਗਦੀਪ ਗਿੱਲ, ਲਖਬੀਰ ਗਿੱਲ, ਸੁੱਖਾ ਜੌਹਲ ਤੇ ਹੋਰ ਪਤਵੰਤੇ ਸੱਜਣ)
(ਮੀਟਿੰਗ ‘ਚ ਸ਼ਾਮਿਲ ਲਾਲੀ ਗਿੱਲ, ਪ੍ਰਣਾਮ ਹੇਅਰ, ਜਗਦੀਪ ਗਿੱਲ, ਲਖਬੀਰ ਗਿੱਲ, ਸੁੱਖਾ ਜੌਹਲ ਤੇ ਹੋਰ ਪਤਵੰਤੇ ਸੱਜਣ)

ਭਾਰਤ ਵਿੱਚ ਆ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਨੇ ਪੂਰੇ ਵਿਸ਼ਵ ਵੱਸਦੇ ਪੰਜਾਬੀਆਂ ਵਿੱਚ ਇਕ ਸਰਗਰਮੀ ਦੀ ਲਹਿਰ ਭਰ ਦਿੱਤੀ ਹੈ। ਪੰਜਾਬ ਵਿਚ ਰਾਜ ਕਰਦੀ ਧਿਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 13 ਦੀਆਂ 13 ਸੀਟਾਂ ਜਿੱਤਣ ਲਈ ਤਿਆਰੀ ਅਰੰਭੀ ਹੋਈ ਹੈ। ਇਸ ਵਾਰ ਅਕਾਲੀ ਦਲ ਦੀ ਪਾਟੋਧਾੜ ਅਤੇ ਆਮ ਆਦਮੀ ਦੇ ਬਿਖਰਣ ਦਾ ਫਾਇਦਾ ਵੀ ਕਾਂਗਰਸ ਨੂੰ ਮਿਲਣ ਦਾ ਅਨੁਮਾਨ ਹੈ। ਅਜਿਹੇ ਵਿਚਾਰ ਹੀ ਬ੍ਰਿਸਬੇਨ ਵਿਖੇ ਹੋਈ ਮੀਟਿੰਗ ਵਿਚ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕਵੀਨਜਲੈਂਡ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਗਿੱਲ, ਓਵਰਸੀਜ਼ ਕਾਂਗਰਸ ਔਫ ਬ੍ਰਿਸਬੇਨ ਚੈਪਟਰ ਤੋਂ ਕਾਂਗਰਸ ਪ੍ਰਧਾਨ ਸੱਤਪਾਲ ਸਿੰਘ ਕੂਨਰ ਅਤੇ ਪ੍ਰਣਾਮ ਸਿੰਘ ਹੇਅਰ ਨੇ ਪ੍ਰਗਟਾਏ।

ਲਾਲੀ ਗਿੱਲ ਅਤੇ ਸ਼ਹਿਰ ਦੀਆਂ ਹੋਰ ਨਾਮਵਰ ਹਸਤੀਆਂ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਹੋਈ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਰੀਅਲ ਇਸਟੇਟ ਕਾਰੋਬਾਰੀ ਪ੍ਰਣਾਮ ਸਿੰਘ ਹੇਅਰ, ਕਬੱਡੀ ਪ੍ਰਮੋਟਰ ਸੁੱਖਾ ਜੌਹਲ, ਵਿਰਸਾ ਗਰੁੱਪ ਦੇ ਬੁਲਾਰੇ ਜਗਦੀਪ ਸਿੰਘ ਗਿੱਲ, ਯੁਵਾ ਕਾਂਗਰਸ ਦੇ ਪ੍ਰਤੀਨਿਧ ਤਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਜੱਸੀ, ਲਖਬੀਰ ਸਿੰਘ ਬੱਲ, ਸਰਬਜੀਤ ਸਿੰਘ ਸਾਬੀ ਆਦਿ ਪ੍ਰਮੁੱਖ ਮੈਂਬਰਾਂ ਨੇ ਹਿੱਸਾ ਲਿਆ।

ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਰਾਸ਼ਟਰੀ ਕਾਂਗਰਸ ਚੋਣ ਕਮੇਟੀ ਅਤੇ ਪੰਜਾਬ ਕਾਂਗਰਸ ਕਮੇਟੀ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਲੋਕ ਸਭ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ ਹੀ ਸਭ ਤੋਂ ਢੁੱਕਵੇਂ ਅਤੇ ਲੋਕਲ ਉਮੀਦਵਾਰ ਹਨ। ਉਨਾਂ ਨੇ ਰਾਮਦਾਸ ਏਅਰਪੋਰਟ ਤੇ ਅੰਤਰ ਰਾਸ਼ਟਰੀ ਫਲਾਈਟਾਂ, ਸਥਾਨਿਕ ਮੁੱਦਿਆਂ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਵਿੱਚ ਆਪਣਾ ਕੱਦ ਹੋਰ ਉੱਚਾ ਕੀਤਾ ਹੈ। ਗੁਰਜੀਤ ਸਿੰਘ ਔਜਲਾ ਦੀ ਇਹ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਰੋਧੀ ਧਿਰ ਦੀ ਇਜਾਰੇਦਾਰੀ ਤੋੜ ਕੇ ਜਿੱਤ ਕਾਂਗਰਸ ਪਾਰਟੀ ਦੀ ਝੋਲੀ ਪਾਈ ਸੀ। ਇਸ ਕਰਕੇ ਗੁਰਜੀਤ ਸਿੰਘ ਔਜ਼ਲਾ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ। ਗੁਰਜੀਤ ਸਿੰਘ ਔਜਲਾ ਜੋ ਕਿ ਯੂਥ ਦੇ ਦਿਲਾਂ ਦੀ ਧੜਕਣ ਹਨ, ਉਨਾਂ ਨੂੰ ਪਹਿਲਾਂ ਨਾਲ਼ੋਂ ਵੀ ਵਧੇਰੇ ਬਹੁਮਤ ਨਾਲ ਜਤਾ ਕੇ ਭੇਜਿਆ ਜਾਵੇਗਾ। ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਤੋਂ ਇਲਾਵਾ ਫ਼ੋਨ ਰਾਹੀਂ ਹੋਰ ਕਾਂਗਰਸੀ ਸਮਰਥਕ ਪਾਲ ਰਾਊਕੇ, ਸ਼ਮਸ਼ੇਰ ਸਿੰਘ ਚੀਮਾਬਾਠ, ਸ਼ੈਲੀ ਕਾਂਹਲੋ, ਰਘਬੀਰ ਸਿੰਘ ਸਰਾਏ ਆਦਿ ਨੇ ਗੁਰਜੀਤ ਸਿੰਘ ਔਜ਼ਲਾ ਦੀ ਦਾਅਵੇਦਾਰੀ ਅਤੇ ਜਿੱਤ ਲਈ ਪੂਰਨ ਸਮਰਥਨ ਦਾ ਸੰਦੇਸ਼ ਭੇਜਿਆ।

Install Punjabi Akhbar App

Install
×