ਅੰਮ੍ਰਿਤਸਰ ਤੋਂ ਮੌਜ਼ੂਦਾ ਐਮ.ਪੀ ਗੁਰਜੀਤ ਔਜ਼ਲਾ ਨੂੰ ਓਵਰਸੀਜ਼ ਕਾਂਗਰਸ ਵੱਲੋਂ ਸਮਰਥਨ 

(ਮੀਟਿੰਗ 'ਚ ਸ਼ਾਮਿਲ ਲਾਲੀ ਗਿੱਲ, ਪ੍ਰਣਾਮ ਹੇਅਰ, ਜਗਦੀਪ ਗਿੱਲ, ਲਖਬੀਰ ਗਿੱਲ, ਸੁੱਖਾ ਜੌਹਲ ਤੇ ਹੋਰ ਪਤਵੰਤੇ ਸੱਜਣ)
(ਮੀਟਿੰਗ ‘ਚ ਸ਼ਾਮਿਲ ਲਾਲੀ ਗਿੱਲ, ਪ੍ਰਣਾਮ ਹੇਅਰ, ਜਗਦੀਪ ਗਿੱਲ, ਲਖਬੀਰ ਗਿੱਲ, ਸੁੱਖਾ ਜੌਹਲ ਤੇ ਹੋਰ ਪਤਵੰਤੇ ਸੱਜਣ)

ਅੰਮ੍ਰਿਤਸਰ ‘ਚ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਚੋਣਾਂ ਨੂੰ ਲੈਕੇ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਆਸਟ੍ਰੇਲੀਆ ਦੇ ਐਨ.ਆਰ.ਆਈਜ਼ ਨਿੱਤਰ ਆਏ ਹਨ। ਇਸੇ ਦੌਰਾਨ ਅੰਮ੍ਰਿਤਸਰ ਵਰਗੀ ਵੱਕਾਰੀ ਸੀਟ ਨੂੰ ਜਿੱਤਣ ਲਈ ਹਰ ਪਾਰਟੀ ਉਤਾਵਲੀ ਹੈ। ਪੰਜਾਬ ਵਿਚ ਰਾਜ ਕਰਦੀ ਧਿਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 13 ਦੀਆਂ 13 ਸੀਟਾਂ ਜਿੱਤਣ ਲਈ ਤਿਆਰੀ ਅਰੰਭੀ ਹੋਈ ਹੈ। ਇਸ ਵਾਰ ਅਕਾਲੀ ਦਲ ਦੀ ਪਾਟੋਧਾੜ ਅਤੇ ਆਮ ਆਦਮੀ ਦੇ ਬਿਖਰਣ ਦਾ ਫਾਇਦਾ ਵੀ ਕਾਂਗਰਸ ਨੂੰ ਮਿਲਣ ਦਾ ਅਨੁਮਾਨ ਹੈ। ਅਜਿਹੇ ਵਿਚਾਰ ਹੀ ਬ੍ਰਿਸਬੇਨ ਵਿਖੇ ਹੋਈ ਮੀਟਿੰਗ ਵਿਚ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕਵੀਨਜਲੈਂਡ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਗਿੱਲ, ਓਵਰਸੀਜ਼ ਕਾਂਗਰਸ ਔਫ ਬ੍ਰਿਸਬੇਨ ਚੈਪਟਰ ਤੋਂ ਕਾਂਗਰਸ ਪ੍ਰਧਾਨ ਸੱਤਪਾਲ ਸਿੰਘ ਕੂਨਰ ਅਤੇ ਪ੍ਰਣਾਮ ਸਿੰਘ ਹੇਅਰ ਨੇ ਪ੍ਰਗਟਾਏ।

ਲਾਲੀ ਗਿੱਲ ਅਤੇ ਸ਼ਹਿਰ ਦੀਆਂ ਹੋਰ ਨਾਮਵਰ ਹਸਤੀਆਂ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਹੋਈ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਰੀਅਲ ਇਸਟੇਟ ਕਾਰੋਬਾਰੀ ਪ੍ਰਣਾਮ ਸਿੰਘ ਹੇਅਰ, ਕਬੱਡੀ ਪ੍ਰਮੋਟਰ ਸੁੱਖਾ ਜੌਹਲ, ਵਿਰਸਾ ਗਰੁੱਪ ਦੇ ਬੁਲਾਰੇ ਜਗਦੀਪ ਸਿੰਘ ਗਿੱਲ, ਯੁਵਾ ਕਾਂਗਰਸ ਦੇ ਪ੍ਰਤੀਨਿਧ ਤਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਜੱਸੀ, ਲਖਬੀਰ ਸਿੰਘ ਬੱਲ, ਸਰਬਜੀਤ ਸਿੰਘ ਸਾਬੀ ਆਦਿ ਪ੍ਰਮੁੱਖ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਰਾਸ਼ਟਰੀ ਕਾਂਗਰਸ ਚੋਣ ਕਮੇਟੀ ਅਤੇ ਪੰਜਾਬ ਕਾਂਗਰਸ ਕਮੇਟੀ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਲੋਕ ਸਭ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ ਹੀ ਸਭ ਤੋਂ ਢੁੱਕਵੇਂ ਅਤੇ ਲੋਕਲ ਉਮੀਦਵਾਰ ਹਨ। ਉਨਾਂ ਨੇ ਰਾਮਦਾਸ ਏਅਰਪੋਰਟ ਤੇ ਅੰਤਰ ਰਾਸ਼ਟਰੀ ਫਲਾਈਟਾਂ, ਸਥਾਨਿਕ ਮੁੱਦਿਆਂ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਵਿੱਚ ਆਪਣਾ ਕੱਦ ਹੋਰ ਉੱਚਾ ਕੀਤਾ ਹੈ। ਗੁਰਜੀਤ ਸਿੰਘ ਔਜਲਾ ਦੀ ਇਹ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਰੋਧੀ ਧਿਰ ਦੀ ਇਜਾਰੇਦਾਰੀ ਤੋੜ ਕੇ ਜਿੱਤ ਕਾਂਗਰਸ ਪਾਰਟੀ ਦੀ ਝੋਲੀ ਪਾਈ ਸੀ। ਇਸ ਕਰਕੇ ਗੁਰਜੀਤ ਸਿੰਘ ਔਜ਼ਲਾ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ। ਗੁਰਜੀਤ ਸਿੰਘ ਔਜਲਾ ਜੋ ਕਿ ਯੂਥ ਦੇ ਦਿਲਾਂ ਦੀ ਧੜਕਣ ਹਨ, ਉਨਾਂ ਨੂੰ ਪਹਿਲਾਂ ਨਾਲ਼ੋਂ ਵੀ ਵਧੇਰੇ ਬਹੁਮਤ ਨਾਲ ਜਤਾ ਕੇ ਭੇਜਿਆ ਜਾਵੇਗਾ। ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਤੋਂ ਇਲਾਵਾ ਫ਼ੋਨ ਰਾਹੀਂ ਹੋਰ ਕਾਂਗਰਸੀ ਸਮਰਥਕ ਪਾਲ ਰਾਊਕੇ, ਸ਼ਮਸ਼ੇਰ ਸਿੰਘ ਚੀਮਾਬਾਠ, ਸ਼ੈਲੀ ਕਾਂਹਲੋ, ਰਘਬੀਰ ਸਿੰਘ ਸਰਾਏ ਆਦਿ ਨੇ ਗੁਰਜੀਤ ਸਿੰਘ ਔਜ਼ਲਾ ਦੀ ਦਾਅਵੇਦਾਰੀ ਅਤੇ ਜਿੱਤ ਲਈ ਪੂਰਨ ਸਮਰਥਨ ਦਾ ਸੰਦੇਸ਼ ਭੇਜਿਆ।

ਇਸ ਲੋਕ ਸਭਾ ਸੀਟ ਵੱਲ ਝਾਤੀ ਮਾਰੀ ਜਾਵੇ ਤਾਂ ਕਾਂਗਰਸ ਇਸ ਸੀਟ ‘ਤੇ ਅਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ। ਉਥੇ ਹੀ ਭਾਜਪਾ ਮੁੜ ਤੋਂ ਇਸ ਸੀਟ ਨੂੰ ਹਾਸਲ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਦਾ ਇਤਿਹਾਸ ਰਿਹਾ ਹੈ ਕਿ ਜਦੋਂ-ਜਦੋਂ ਵੀ ਕੋਈ ਧੜੱਲੇਦਾਰ ਉਮੀਦਵਾਰ ਜਾਂ ਸੈਲੀਬ੍ਰਿਟੀ ਆਇਆ ਜਨਤਾ ਝੱਟ ਉਸ ਦੇ ਪਿੱਛੇ ਹੋ ਜਾਂਦੀ ਹੈ। ਪਿਛਲਾ ਇਤਿਹਾਸ ਦੇਖੀਏ ਤਾਂ 1952 ਤੋਂ ਲੈ ਕੇ 2017 ਤਕ 3 ਉਪ ਚੋਣਾਂ ਸਮੇਤ ਕੁੱਲ 16 ਚੋਣਾਂ ਹੋਈਆਂ। ਜਿਨ੍ਹਾਂ ਵਿਚ 12 ਵਾਰ ਕਾਂਗਰਸ ਅਤੇ 4 ਵਾਰ ਭਾਜਪਾ ਦੇ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਅੰਮ੍ਰਿਤਸਰ ਤੋਂ ਗੁਰਮੁਖ ਸਿੰਘ ਮੁਸਾਫ਼ਰ ਪਹਿਲੇ ਸੰਸਦ ਮੈਂਬਰ ਚੁਣੇ ਗਏ ਸਨ ਜੋ ਤਿੰਨ ਵਾਰ ਇਸ ਸੀਟ ਤੋਂ ਚੋਣ ਜਿੱਤੇ ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਰਘੁਨੰਦਨ ਲਾਲ ਭਾਟੀਆ ਨੇ ਵੀ ਅਪਣੀਆਂ 6 ਚੋਣਾਂ 1972, 1980, 1984, 1991, 1996 ਅਤੇ 1999 ਵਿਚ ਜਿੱਤ ਦਰਜ ਕੀਤੀ। ਉਸ ਸਮੇਂ ਕਾਂਗਰਸ ਕੋਲ ਰਘੁਨੰਦਨ ਲਾਲ ਭਾਟੀਆ ਇਕ ਅਜਿਹੀ ਸਿਆਸੀ ਤੋਪ ਸੀ, ਜਿਸ ਦੇ ਸਾਹਮਣੇ ਭਾਜਪਾ ਦੇ ਕੋਲ ਕੋਈ ਦਮਦਾਰ ਚਿਹਰਾ ਨਹੀਂ ਸੀ। ਪਰ ਫਿਰ ਭਾਜਪਾ ਦੇ ਯੱਗ ਦੱਤ ਸ਼ਰਮਾ ਨੇ ਜਿੱਤ ਹਾਸਲ ਕੀਤੀ। ਜੋ ਕਾਂਗਰਸੀ ਉਮੀਦਵਾਰ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਸ਼ਾਲੀ ਚਿਹਰਾ ਸਾਬਤ ਹੋਏ। ਦਰਅਸਲ ਰਘੁਨੰਦਨ ਲਾਲ ਭਾਟੀਆ ਦੀ ਜਿੱਤ ਦਾ ਕਾਰਨ ਕਾਂਗਰਸ ਪਾਰਟੀ ਨਾ ਹੋ ਕੇ ਉਨ੍ਹਾਂ ਦਾ ਅਪਣਾ ਵਜੂਦ ਸੀ। ਫਿਰ ਭਾਜਪਾ ਨੇ ਵੀ ਇਹੀ ਪੈਂਤੜੇ ਖੇਡਦੇ ਹੋਏ ਵਿਸ਼ਵ ਪ੍ਰਸਿੱਧ ਚਿਹਰੇ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ। ਜਿਸ ਦੇ ਮੁਕਾਬਲੇ ਕਾਂਗਰਸ ਨੇ ਵਿਆਪਕ ਜਨ ਆਧਾਰ ਵਾਲੇ ਨੇਤਾ ਓਮ ਪ੍ਰਕਾਸ਼ ਸੋਨੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜੋ ਪਹਿਲਾਂ ਕਦੇ ਵੀ ਚੋਣ ਨਹੀਂ ਹਾਰੇ ਸਨ। ਪਰ ਚਿਹਰੇ ਦੀ ਦੀਵਾਨੀ ਅੰਮ੍ਰਿਤਸਰ ਦੀ ਜਨਤਾ ਨੇ ਨਵਜੋਤ ਸਿੱਧੂ ਦੇ ਹੱਕ ‘ਚ ਫ਼ਤਵਾ ਦੇ ਦਿਤਾ ਸੀ। ਅਤੇ ਇਹ ਸੀਟ ਭਾਜਪਾ ਦੀ ਝੋਲੀ ਵਿਚ ਚਲੀ ਗਈ। ਦੂਜੀ ਵਾਰ ਫਿਰ ਕਾਂਗਰਸ ਨੇ ਅਪਣੇ ਸਿਆਸੀ ਧੁਰੰਤਰ ਸੁਰਿੰਦਰ ਸਿੰਗਲਾ ਨੂੰ ਭੇਜਿਆ। ਪਰ ਉਹ ਸਿੱਧੂ ਦੀ ਖਿੱਚ ਨੂੰ ਨਹੀਂ ਤੋੜ ਸਕੇ।

ਨਵਜੋਤ ਸਿੱਧੂ ਵਲੋਂ ਚੋਣ ਲੜਨੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਹ ਸੀਟ ਉਸ ਸਮੇਂ ਫਿਰ ਕਾਂਗਰਸ ਦੇ ਖਾਤੇ ਵਿਚ ਚਲੀ ਗਈ ਜਦੋਂ ਕਾਂਗਰਸ ਪਾਰਟੀ ਨੇ ਇੱਥੋਂ ਕੈਪਟਨ ਅਮਰਿੰਦਰ ਸਿੰਘ ਵਰਗੇ ਮਹਾਂਰਥੀ ਨੂੰ ਖੜ੍ਹਾ ਕਰ ਦਿਤਾ। ਭਾਵੇਂ ਕਿ ਭਾਜਪਾ ਨੇ ਵੀ ਇਹ ਸੀਟ ਜਿੱਤਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਅਰੁਣ ਜੇਤਲੀ ਖੜ੍ਹਾ ਕੀਤਾ ਹੋਇਆ ਸੀ।

ਪਰ ਚੋਣ ਮਹਾਂਯੁੱਧ ਵਿਚ ਕੈਪਟਨ ਅਮਰਿੰਦਰ ਸਿੰਘ ਬਾਜ਼ੀ ਮਾਰ ਗਏ। ਫਿਰ ਜਦੋਂ 2017 ਵਿਚ ਕੈਪਟਨ ਦੇ ਵਿਧਾਨ ਸਭਾ ਚੋਣ ਲੜਨ ਦੌਰਾਨ ਇਹ ਸੀਟ ਖ਼ਾਲੀ ਹੋ ਗਈ ਤਾਂ ਇੱਥੋਂ ਕੋਈ ਉਮੀਦਵਾਰ ਜ਼ਿਮਨੀ ਚੋਣ ਲੜਨ ਲਈ ਤਿਆਰ ਨਹੀਂ ਸੀ ਕਿਉਂਕਿ ਕੇਂਦਰ ਵਿਚ ਮੋਦੀ ਸਰਕਾਰ ਦਾ ਬੋਲਬਾਲਾ ਹੋ ਗਿਆ ਸੀ। ਭਾਜਪਾ ਨੇ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਆਪ ਨੇ ਵੀ ਸਥਾਨਕ ਨੇਤਾ ਉਪਕਾਰ ਸੰਧੂ ਨੂੰ ਚੋਣ ਮੈਦਾਨ ‘ਚ ਉਤਾਰਿਆ।

ਅਕਾਲੀ-ਭਾਜਪਾ ਗੱਠਜੋੜ ਵਲੋਂ ਇਸ ਸੰਸਦੀ ਹਲਕੇ ਤੋਂ ਭਾਜਪਾ ਵਲੋਂ ਉਮੀਦਵਾਰ ਮੈਦਾਨ ‘ਚ ਉਤਾਰਿਆ ਜਾਣਾ ਹੈ। ਤਿੰਨ ਸਾਲ ਪਹਿਲਾਂ ਹੋਈ ਉਪ ਚੋਣ ‘ਚ ਭਾਜਪਾ ਵਲੋਂ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਹੁਣ ਮੁੜ ਤੋਂ ਉਹ ਸਰਗਰਮ ਹਨ ਤੇ ਕਈ ਵਿਧਾਨ ਹਲਕਿਆਂ ‘ਚ ਲੋਕਾਂ ਨਾਲ ਮੀਟਿੰਗ ਵੀ ਕਰ ਚੁੱਕੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਉਹ ਖੁਦ ਸੰਸਦੀ ਚੋਣਾਂ ਦੀ ਦੌੜ ‘ਚ ਸ਼ਾਮਲ ਨਹੀਂ ਕਿਉਂਕਿ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਸੇਵਾ ਕਾਲ ਦੀ ਮਿਆਦ ਬਾਕੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਾਰਟੀ ਵਲੋਂ ਉਮੀਦਵਾਰਾਂ ਦੀ ਚੋਣ ਬਾਰੇ ਕੋਈ ਪ੍ਰਤੀਕਿਰਿਆ ਸ਼ੁਰੂ ਨਹੀਂ ਕੀਤੀ ਗਈ। ਉਂਝ ਸ਼ਵੇਤ ਮਲਿਕ ਸਮੇਤ ਅਨਿਲ ਜੋਸ਼ੀ ਦੇ ਨਾਂ ਵੀ ਇਥੇ ਚਰਚਾ ‘ਚ ਹਨ। ਭਾਜਪਾ ਹਲਕਿਆਂ ‘ਚ ਚਰਚਾ ਹੈ ਕਿ ਜੇਕਰ ਕਾਂਗਰਸ ਕੋਈ ਵੱਡੀ ਸਖਸ਼ੀਅਤ ਮੈਦਾਨ ‘ਚ ਉਤਾਰਦੀ ਹੈ ਤਾਂ ਭਾਜਪਾ ਵੀ ਕਿਸੇ ਨਾਮੀ ਵਿਅਕਤੀ ਨੂੰ ਚੋਣ ਮੈਦਾਨ ‘ਚ ਲਿਆ ਸਕਦੀ ਹੈ ਤੇ ਇਸ ਸਬੰਧੀ ਸਨੀ ਦਿਓਲ ਨਾਂ ਦੀ ਚਰਚਾ ਵੀ ਹੈ।ਖੱਬੀਆਂ ਧਿਰਾਂ ‘ਚੋਂ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਕੇਂਦਰੀ ਪੱਧਰ ‘ਤੇ ਇਕ ਵਾਰ ਫਿਰ ਕਾਂਗਰਸ ਨਾਲ ਗੱਠਜੋੜ ਦੀ ਗੱਲਬਾਤ ਕੀਤੇ ਜਾਣ ਦੀ ਚਰਚਾ ਹੈ। ਜੇਕਰ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਹੁੰਦਾ ਹੈ ਤਾਂ ਖੱਬੇ-ਪੱਖੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਦੇ ਸਕਦੇ ਹਨ। ਅਜਿਹਾ ਨਾ ਹੋਣ ਦੀ ਸਥਿਤੀ ‘ਚ ਸਾਰੀਆਂ ਖੱਬੇ-ਪੱਖੀ ਧਿਰਾਂ ਇਕਜੁੱਟ ਹੋ ਕੇ ਇਸ ਹਲਕੇ ਤੋਂ ਸਾਂਝਾ ਉਮੀਦਵਾਰ ਮੈਦਾਨ ‘ਚ ਉਤਾਰ ਸਕਦੀਆਂ ਹਨ।

Install Punjabi Akhbar App

Install
×