ਯੂਨਾਨੀ ਵਿਰਾਸਤ ਦਾ ਰੋਲ ਮਾਡਲ ਸਨ, ਪੁਰਾਤਨ ਉਲੰਪਿਕ ਖੇਡਾਂ

ਯੂਨਾਨ (ਗਰੀਕ) ਨੂੰ ਉਲੰਪਿਕ ਖੇਡਾਂ ਦਾ ਜਨਮ ਦਾਤਾ ਹੋਣ ਦਾ ਮਾਣ ਹਾਸਲ ਹੈ.ਇਤਿਹਾਸਕਾਰਾਂ ਵਲੋਂ ਓਲੰਪਿਕ ਖੇਡਾਂ ਦੇ ਇਤਿਹਾਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ.ਇਤਿਹਾਸ ਦੇ ਇੱਕ  ਹਿੱਸੇ ਵਿਚ ਪੁਰਾਤਨ ਓਲੰਪਿਕ ਖੇਡਾਂ ਦਾ ਵਰਣਨ ਹੈ ਅਤੇ ਦੂਸਰੇ ਹਿੱਸੇ ਵਿਚ ਆਧੁਨਿਕ ਖੇਡਾਂ27 ਦਾ.ਆਧੁਨਿਕ ਖੇਡਾਂ ਦੀ ਸ਼ੁਰੂਆਤ ਸੰਨ 1896 ਵਿਚ ਪੁਰਾਣੀਆਂ ਖੇਡਾਂ ਦੇ ਬੇ-ਹਦ ਰੌਚਿਕ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ ਹੈ,ਜਿਸ ਕਰਕੇ ਪੂਰੇ ਵਿਸ਼ਵ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀਆਂ ਨਜਰਾਂ ਵਿਚ ਪੁਰਾਤਨ ਓਲੰਪਿਕ ਖੇਡਾਂ ਦਾ ਖਾਸ ਮਹਤਵ ਹੈ.ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਹਜਾਰਾਂ ਸਾਲ ਪਹਿਲਾਂ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਹੋਣ ਕਰਕੇ ਹਰ ਖੇਤਰ ਵਿਚ ਯੂਨਾਨ ਦੀ ਤੂਤੀ ਬੋਲਦੀ ਸੀ.ਵਿਦਿਅਕ ਕੋਰਸਾਂ ਦੀਆਂ ਕਿਤਾਬਾਂ ਵਿਚ ਅਸੀਂ ਅਕਸਰ ਪੜਦੇ ਆਏ ਹਾਂ ਕਿ ਫਲਾਣਾ ਸ਼ਬਦ ਫਲਾਣੇ ਯੂਨਾਨੀ ਸ਼ਬਦ ਤੋ ਲਿਆ ਗਿਆ ਹੈ.ਇਹ ਨੁਕਤਾ ਅਮੀਰ ਯੂਨਾਨੀ ਵਿਰਾਸਤ ਦੀ ਨਿਸ਼ਾਨ ਦੇਹੀ ਕਰਦਾ ਹੈ.ਇਤਿਹਾਸਕਾਰਾਂ ਅਨੁਸਾਰ ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਬੀਸੀ ਦੌਰਾਨ ਏਥਨ ਵਿਖੇ ਕਲੋਡੀਅਸ ਦਰਿਆ ਦੇ ਕਿਨਾਰੇ ਉਲੰਪੀਆਡ ਦੇ ਸਥਾਨ ਤੇ ਹੋਈ ਮੰਨੀ ਜਾਂਦੀ ਹੈ.ਇਹਨਾਂ ਖੇਡਾਂ ਦੇ ਆਰੰਭ ਕਾਲ ਦਾ ਸਭ ਤੋਂ ਪੁਖਤਾ ਸਬੂਤ ਬਣੀ ਪੁਰਾਤਤਵ ਵਿਗਿਆਨੀਆਂ ਨੂੰ ਉਲੰਪੀਆਡ ਦੇ ਖੰਡਰਾਤਾਂ ਦੀ ਖੁਦਾਈ ਦੌਰਾਨ ਕਰੋਈਬੋਸ ਨਾਮ ਦੇ ਇੱਕ ਐਥਲੀਟ ਦੀ ਤਾਂਬੇ ਤੋਂ ਬਣੀ ਮੂਰਤੀ.ਏਲਿਸ ਸ਼ਹਿਰ ਨਾਲ ਸਬੰਧਿਤ ਇਸ ਐਥਲੀਟ ਦੀ ਮੂਰਤੀ ਉੱਤੇ ਉਸ ਦੇ ਬਾਇਓ ਡਾਟਾ ਸਮੇਤ ਉਲੰਪਿਕ ਚੈੰਪੀਅਨ 776 ਬੀਸੀ ਉਕਰਿਆ ਹੋਇਆ ਹੈ.ਪਹਿਲੀ ਵਾਰ ਇਹ ਐਥਲੀਟ ਸਿਰਫ 192 ਮੀਟਰ (600 ਫੁੱਟ) ਲੰਬੀ ਫਰਾਟਾ ਦੌੜ ਜਿੱਤ ਕੇ ਚੈੰਪਅਨ ਬਣਿਆ ਸੀ ਜਿਸ ਨੂੰ ਸਟੇਡ ਕਿਹਾ ਜਾਂਦਾ ਸੀ . ਸਟੇਡੀਅਮ ਸ਼ਬਦ ਦੀ ਉਤਪਤੀ ਇਸੇ ਸਟੇਡ ਸ਼ਬਦ ਤੋਂ ਹੋਈ ਹੈ. ਇਸ ਤੋਂ ਸਾਬਤ ਹੁੰਦਾ ਹੈ ਕਿ ਹੋ ਸਕਦਾ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਆਰੰਭ ਹੋਈਆਂ ਹੋਣ.776 ਬੀ ਸੀ ਤੋਂ ਇਹਨਾਂ ਖੇਡਾਂ ਦਾ ਲਿਖਤੀ ਇਤਿਹਾਸ ਮਿਲਣ ਦੇ ਵੀ ਪ੍ਰਮਾਣ ਮਿਲਦੇ ਹਨ.ਇਹਨਾ ਖੇਡਾਂ ਦਾ ਦੌਰ ਲੱਗ ਭੱਗ 12 ਸਦੀਆਂ ਤੱਕ ਚਲਦਾ ਰਿਹਾ.ਚਾਰ ਸਾਲ ਬਾਅਦ ਹੋਣ ਵਾਲੀਆਂ ਇਹਨਾਂ ਖੇਡਾਂ ਦੀ ਹਰਮਨ ਪਿਆਰਤਾ ਦਾ ਪਤਾ ਇਥੋ ਲਗਦਾ ਹੈ ਕਿ ਇਹਨਾਂ ਵਿਚ ਭਾਗ ਲੈਣ ਲਈ ਯੂਨਾਨ ਦੇ ਕੋਨੇ ਕੋਨੇ ਤੋਂ ਇਲਾਵਾ ਰੋਮ ਅਤੇ ਤੁਰਕੀ ਆਦਿ ਤੋਂ ਖਿਡਾਰੀ ਆਉਂਦੇ ਸਨ.ਖੇਡਾਂ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਤਰਾਂ ਨਾਲ ਜੰਗ ਬੰਦੀ ਦੀ ਰਵਾਇਤ ਸੀ ਜਿਸ ਨੂੰ ਗਰੀਕੀ ਵਿਚ olympia Truce ਕਿਹਾ ਜਾਂਦਾ ਸੀ .ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਦੂਜੀ ਰਿਆਸਤ ਖਿਲਾਫ਼ ਚਲਦੀਆਂ ਫੌਜੀ ਕਾਰਵਾਈਆਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਸੀ .ਇਥੋਂ ਤੱਕ ਕਿ ਖੇਡਾਂ ਦੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਮੌਤ ਦੀਆਂ ਸਜਾਵਾਂ ਤੱਕ ਨੂੰ ਮੁਆਫ ਕਰ ਦਿੱਤਾ ਜਾਂਦਾ ਸੀ.ਇਸ ਰਵਾਇਤ ਦਾ ਉਦੇਸ਼ ਦੂਰ ਦੁਰਾਡੇ ਤੋਂ ਆਉਣ ਵਾਲੇ ਖਿਡਾਰੀਆਂ ਦੀ ਸੁਰਖਿਅਤ ਪਹੁੰਚ ਅਤੇ ਵਾਪਸੀ ਨੂੰ ਯਕੀਨੀ ਬਣਾਉਣਾ ਸੀ.394 ਏਡੀ ਵਿਚ ਜਦੋਂ ਏਥਨ ਤੇ ਰੋਮਨ ਰਾਜਿਆਂ ਦਾ ਕਬਜਾ ਹੋਇਆ ਤਾਂ ਈਸਾਈ (ਕੈਥੋਲਿਕ) ਧਰਮ ਨਾਲ ਸਬੰਧਿਤ ਰਾਜਾ ਕਲੋਡਿਅਸ ਪਹਿਲੇ ਨੇ ਇਹਨਾਂ ਖੇਡਾਂ ਨੂੰ ਆਪਣੇ ਧਰਮ ਦੇ ਅਨੁਸਾਰੀ ਨਾ ਹੋਣ ਦਾ ਫਤਵਾ ਜਾਰੀ ਕਰਦਿਆਂ ਬੰਦ ਕਰਵਾ ਦਿੱਤਾ.ਇਥੇ ਹੀ ਬਸ ਨਹੀਂ ਉਸ ਨੇ ਇਸ ਮਹਾਨ ਉਲੰਪਿਕ ਲਹਿਰ ਨਾਲ ਸਬੰਧਿਤ ਹਰ ਨਿਸ਼ਾਨੀ ਨੂੰ ਤਹਿਸ ਨਹਿਸ ਕਰ ਦਿੱਤਾ.ਰਹਿੰਦੀ ਕਸਰ ਕਲੋਡੀਅਸ ਦਰਿਆ ਵਿਚ ਆਉਂਦੇ ਹੜਾਂ ਨੇ ਪੂਰੀ ਕਰ ਦਿੱਤੀ.ਭਾਈਚਾਰਕ ਸਾਂਝ ਨੂੰ ਮਜਬੂਤੀ ਬਖਸ਼ਣ ਵਾਲੀ ਇਹ ਖੇਡ ਲਹਿਰ ਕਈ ਸਦੀਆਂ ਤੱਕ ਆਪਣੀ ਹਾਜਰੀ ਲਵਾ ਕੇ ਵਕਤ ਦੀ ਗਰਦਿਸ਼ ਹੇਠ ਦਬ ਕੇ ਦਮ ਤੋੜ ਗਈ.ਸੰਨ 1896 ਵਿਚ ਉਲੰਪਿਕ ਖੇਡਾਂ ਦੀ ਮੁੜ ਕੇ ਜੋਤ ਜਗਾਉਣ ਲਈ ਖੇਡ ਪ੍ਰੇਮੀ ਅਤੇ ਵਿਦਵਾਨ ਪੇਰੀਅਰ ਡੀ ਕੁਬਰਟਿਨ ਸ਼ਲਾਘਾ ਦੇ ਪਾਤਰ ਹਨ.ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ ਵਾਰੇ ਇਤਿਹਾਸਕਾਰ ਇੱਕ ਮੱਤ ਨਹੀਂ ਹਨ .ਕੁਝ ਦਾ ਖਿਆਲ ਹੈ ਕਿ ਉਪਰੋਕਤ ਦਰਿਆ ਦੇ ਨੇੜੇ ਮੌਜੂਦ ਪਹਾੜੀ ਉੱਤੇ ਯੂਨਾਨੀਆਂ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਜੀਅਸ ਦੇਵਤਾ ਦਾ ਮੰਦਰ ਸੀ/ਹੈ ਵਿਖੇ ਦੇਵਤਾ ਦੇ ਸਤਿਕਾਰ ਵਿਚ ਤਿਉਹਾਰ ਮਨਾਇਆ ਜਾਂਦਾ ਸੀ.ਇਸ ਪਵਿਤਰ ਮੰਨੇ ਜਾਂਦੇ ਅਵਸਰ ਤੇ ਸ਼ਰਧਾਲੂਆਂ ਦੇ ਮਨੋਰੰਜਨ ਵਾਸਤੇ ਕੁਝ ਖੇਡ ਕਰਤਵ ਦਿਖਾਏ ਜਾਂਦੇ ਸਨ ਜਿਹਨਾਂ ਨੇ ਹੌਲੀ ਹੌਲੀ ਵਿਆਪਕ ਖੇਡ ਮੇਲੇ ਦਾ ਰੂਪ ਧਾਰਨ ਕਰ ਲਿਆ.ਉਸ ਸਮੇਂ ਯੂਨਾਨ ਦੇਸ਼ ਕਰੀਬ ਵੀਹ ਰਿਆਸਤਾਂ (provicial states)ਵਿਚ ਵੰਡਿਆ ਹੋਇਆ ਸੀ.ਇਹਨਾਂ ਵਿਚ ਏਥਨ ਅਤੇ ਸਪਾਰਟਾ ਦੀਆਂ ਰਿਆਸਤਾਂ ਸ਼ਕਤੀਸ਼ਾਲੀ ਸਨ.ਜਿਥੇ ਏਥਨ ਵਿਚ ਸਮਕਾਲੀ ਲੋਕਤੰਤਰਿਕ ਰਾਜ ਪ੍ਰਣਾਲੀ ਸੀ ਉਥੇ ਸਪਾਰਟਾ ਵਿਚ ਇੱਕ ਪੁਰਖਾ ਰਾਜ ਪ੍ਰਬੰਧ ਸੀ.ਏਥਨ ਦਾ ਰਾਜ ਪ੍ਰਬੰਧ ਜਿਥੇ ਅਪਣੇ ਨਾਗਰਿਕਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਲ ਧਿਆਨ ਦਿੰਦਾ ਸੀ ਉਥੇ ਸਪਾਰਟਾ ਦਾ ਰਾਜਾ ਆਪਣੇ ਨਾਗਰਿਕਾਂ ਦੇ ਮਹਿਜ ਸਰੀਰਕ ਪਖੋਂ ਰਿਸ਼ਟ ਪੁਸ਼ਟ ਹੋਣ ਤੇ ਜੋਰ ਦਿੰਦਾ ਸੀ. ਇਹਨਾ ਵਖ ਵਖ ਰਾਜ ਪ੍ਰਣਾਲੀਆਂ ਦੇ ਫਲਸਰੂਪ ਏਥਨ ਵਿਚ ਯੋਧੇ ਅਤੇ ਵਿਦਵਾਨ ਦੋਵੇਂ ਪੈਦਾ ਹੋਏ ਜਿਵੇਂ ਸੁਕਰਾਤ ਅਰਸਤੂ ਅਤੇ ਸਿਕੰਦਰ ਮਹਾਨ ਆਦਿ.ਜਦੋਂ ਕਿ ਸਪਾਰਟਾ ਰਿਆਸਤ ਵਿਚ ਕੇਵਲ ਬਲਸ਼ਾਲੀ ਯੋਧੇ ਪੈਦਾ ਹੋਏ.ਸਪਾਰਟਾ ਦੀ ਫੌਜੀ ਹਕੂਮਤ ਵਲੋਂ ਸਰੀਰਕ ਤੌਰ ਤੇ ਅਪਾਹਜ ਜਾ ਕੰਮਜੋਰ ਬਚਿਆਂ ਨੂੰ ਟਿਬਰੀ ਨਾਮ ਦੀ ਪਹਾੜੀ ਤੋਂ ਸੁੱਟ ਕੇ ਮਾਰ ਦਿੱਤਾ ਜਾਂਦਾ ਸੀ.ਬਚਿਆਂ ਦੀ ਸ਼ਨਾਖਤੀ ਪਰੇਡ ਕਰਵਾਈ ਜਾਂਦੀ ਸੀ .ਬਚਪਨ ਦੌਰਾਨ ਹੀ ਉਹਨਾਂ ਨੂੰ ਕੁਝ ਸਮੇਂ ਵਾਸਤੇ ਫੌਜੀ ਬੈਰਕਾਂ ਵਿਚ ਰਖਿਆ ਜਾਂਦਾ ਸੀ.ਸਪਾਰਟਾ ਦੇ ਰਾਜੇ ਦਾ ਫੁਰਮਾਨ ਸੀ ਕਿ ਉਸ ਨੂੰ ਕੇਵਲ ਤੇ ਕੇਵਲ ਸਰੀਰਕ ਪਖੋਂ ਰਿਸ਼ਟ ਪੁਸ਼ਟ ਨਾਗਰਿਕਾਂ ਦੀ ਲੋੜ ਹੈ. ਫੌਜੀ ਸਿਖਲਾਈ ਹਰ ਇੱਕ ਨਾਗਰਿਕ ਵਾਸਤੇ ਲਾਜਮੀ ਸੀ.ਉਹਨਾ ਸਮਿਆਂ  ਦੌਰਾਨ ਹੀ ਏਥਨ ਵਾਸੀਆਂ ਵਲੋਂ ਇਸ ਕਹਾਵਤ ਨੂੰ ਜਨਮ ਦਿੱਤਾ ਗਿਆ ਪਰਤੀਤ ਹੁੰਦਾ ਹੈ ਕਿ ‘ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ’ .ਇਹਨਾਂ ਖੇਡਾਂ ਦੀ ਸ਼ੁਰੂਆਤ ਦੇ ਧਾਰਮਿਕ ਕਾਰਨ ਤੋਂ ਇਲਾਵਾ ਇੱਕ ਹੋਰ ਦੰਦ ਕਥਾ ਇਹਨਾਂ ਦੀ ਸ਼ੁਰੂਆਤ ਨਾਲ ਜੁੜੀ ਹੋਈ ਹੈ .ਕਿਹਾ ਜਾਂਦਾ ਹੈ ਕਿ ਯੂਨਾਨ ਦੀ ਇੱਕ ਰਿਆਸਤ ਦੇ ਤਾਕਤਵਰ ਰਾਜੇ ਨੇ ਆਪਣੀ ਧੀ ਦੇ ਵਿਆਹ ਵਾਸਤੇ ਇਹ ਸ਼ਰਤ ਰਖੀ ਕਿ ਜਿਹੜਾ ਰਾਜਕੁਮਾਰ ਉਸ ਦੀ ਧੀ ਨੂੰ ਆਪਣੇ ਰਥ ਤੇ ਬਿਠਾ ਕੇ ਸਹੀ ਸਲਾਮਤ ਉਸ ਤੋਂ ਜਾ ਉਸ ਵਲੋਂ ਨਿਯਤ ਕੀਤੇ   ਯੋਧਿਆਂ  ਤੋਂ ਬਚ ਕੇ ਮਿਥੀ ਹੱਦ ਨੂੰ ਪਾਰ ਕਰ ਜਾਵੇਗਾ ਉਹ ਆਪਣੀ ਧੀ ਦਾ ਵਿਆਹ ਉਸੇ ਰਾਜਕੁਮਾਰ ਨਾਲ ਕਰੇਗਾ.ਇਸ ਸ਼ਰਤ ਨੂੰ ਪੂਰਾ ਕਰਦਿਆਂ ਕਈ ਰਾਜਕੁਮਾਰ ਰਾਜੇ ਹਥੋਂ ਕਤਲ ਹੋ ਗਏ .ਆਖਰ ਏਥਨ ਦਾ ਰਾਜਕੁਮਾਰ ਇਹ ਸ਼ਰਤ ਪੂਰੀ ਕਰਨ ਵਿਚ ਸਫਲ ਹੋ ਗਿਆ.ਉਸ ਨੇ ਸ਼ਰਤ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਸ ਸਾਰਥੀ ਨਾਲ ਗੰਢ ਤੁੱਪ ਕਰ ਲਈ ਸੀ ਜਿਸ ਨੇ ਉਸ ਦਾ ਪਿਛਾ ਕਰਨ ਵਾਲੇ ਰਥ ਦੀ ਰਥਵਾਨੀ ਕਰਨੀ ਸੀ .ਉਸ ਰਥਵਾਨ ਨੇ ਮਿਲੀ ਭੁਗਤ ਨਾਲ ਸਬੰਧਿਤ ਰਥ ਦਾ ਪਹੀਆ ਕੰਮਜੋਰ ਪਾ ਲਿਆ ਜੋ ਕੁਝ ਦੂਰੀ ਉੱਤੇ ਜਾ ਕੇ ਤਹਿ ਸ਼ੁਦਾ ਸਕੀਮ ਅਨੁਸਾਰ ਟੁੱਟ ਗਿਆ ਅਤੇ ਰਾਜ ਕੁਮਾਰ ਮਿਥੀ ਹੱਦ ਟੱਪਣ ਵਿਚ ਸਫਲ ਹੋ ਗਿਆ.ਇਸ ਵਿਆਹ ਦੀ ਖੁਸ਼ੀ ਵਿਚ ਉਸ ਨੇ ਜੀਅਸ ਦੇਵਤਾ ਦੇ ਮੰਦਰ ਵਿਖੇ ਇੱਕ ਬਹੁਤ ਵੱਡਾ ਸਮਾਗਮ ਕਰਵਾਇਆ ਜਿਸ ਦੌਰਾਨ ਤਰਾਂ ਤਰਾਂ ਦੇ ਕਰਤਵ ਮੁਕਾਬਲੇ ਕਰਵਾਏ ਗਏ ਜੋ ਅੱਗੇ ਜਾ ਕੇ ਪੁਰਾਤਨ ਉਲੰਪਿਕ ਖੇਡਾਂ ਦੀ ਬੁਨਿਆਦ ਬਣੇ.ਔਰਤਾਂ ਨੂੰ ਪੁਰਾਤਨ ਉਲੰਪਿਕ ਖੇਡਾਂ ਵਿਚ ਭਾਗ ਲੈਣ ਅਤੇ ਖੇਡਾਂ ਨੂੰ ਦੇਖਣ ਦੀ ਸਖਤ ਮਨਾਹੀ ਸੀ. ਇਸ ਨਿਯਮ ਦੀ ਉਲੰਘਣਾ ਕਰਨ ਵਾਲੀ ਔਰਤ ਵਾਸਤੇ ਮੌਤ ਦੀ ਸਜਾ ਦਾ ਕਨੂੰਨ ਸੀ.ਇੱਕ ਵਾਰ ‘ਕਾਲਿਪੇਤੀਆਰਾ’ਨਾਮ ਦੀ ਔਰਤ ਮਰਦਾਵਾਂ ਭੇਸ ਬਦਲ ਕੇ ਇਸ ਲਈ ਇਹਨਾਂ ਖੇਡਾਂ ਨੂੰ ਦੇਖਣ ਚਲੇ ਗਈ ਤਾਂ ਕਿ ਉਹ ਆਪਣੇ ਪੁਤਰ ਨੂੰ ਖੇਡਾਂ ਚ ਭਾਗ ਲੈਂਦਿਆਂ ਦੇਖ ਸਕੇ.ਜਦੋਂ ਉਹਦਾ ਪੁਤਰ ਮੁਕਾਬਲਾ ਜਿੱਤ ਕੇ ਉਲੰਪਿਕ ਚੈੰਪੀਅਨ ਬਣਿਆ ਤਾਂ ਉਹ ਖੁਸ਼ੀ ਵਿਚ ਉਛਲਣ ਲੱਗ ਪਈ.ਇਸ ਦੌਰਾਨ ਉਸ ਦੇ ਔਰਤ ਹੋਣ ਵਾਰੇ ਭੇਦ ਖੁੱਲ ਗਿਆ. ਉਸ ਔਰਤ ਦੇ ਪੁਤਰ ਤੋਂ ਇਲਾਵਾ ਉਸ ਦਾ ਪਿਤਾ ਅਤੇ ਭਰਾ ਵੀ ਆਪਣੇ ਸਮੇਂ ਦੇ ਚੈੰਪੀਅਨ ਸਨ ਜਿਹਨਾਂ ਦਾ ਸਤਿਕਾਰ ਕਰਕੇ ਔਰਤ ਨੂੰ ਮੁਆਫ ਕਰ ਦਿੱਤਾ ਗਿਆ.ਇਸ ਉਪਰੰਤ ਉਲੰਪੀਆਡ ਸਟੇਡੀਅਮ ਵਿਚ ਦਾਖਲ ਹੋਣ ਵਾਲਿਆਂ ਦੀ ਬਕਾਇਦਾ ਜਾਂਚ ਕਰਨੀ ਆਰੰਭ ਕਰ ਦਿੱਤੀ ਗਈ.ਖੁਦਾਈ ਦੌਰਾਨ ਮਿਲੀਆਂ ਮੂਰਤੀਆਂ ਅਤੇ ਧਾਤੂ ਵਸਤਾਂ ਉੱਤੇ ਉਕਰੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਖਿਡਾਰੀ ਅਲਫ ਨੰਗੇ ਹੋ ਕੇ ਇਹਨਾਂ ਖੇਡਾਂ ਵਿਚ ਸ਼ਿਰਕਤ ਕਰਦੇ ਸਨ.ਅਜਿਹਾ ਵਧ ਤੋਂ ਵਧ ਕਾਰਗੁਜਾਰੀ ਦਿਖਾਉਣ ਦੀ ਗਰਜ ਨਾਲ ਕੀਤਾ ਜਾਂਦਾ ਸੀ ਕਿਓੰ ਕੀ ਉਸ ਜਮਾਨੇ ਦੇ ਕਪੜੇ ਖਿਡਾਰੀਆਂ ਦੀ ਕਾਰਗੁਜਾਰੀ ਵਿਚ ਰੁਕਾਵਟ ਪੈਦਾ ਕਰਦੇ ਸਨ .ਪੁਰਾਤਨ ਉਲੰਪਿਕ ਖੇਡਾਂ ਚਾਰ ਸਾਲ ਬਾਅਦ 6 ਅਗਸਤ ਤੋਂ 18 ਸਤੰਬਰ ਦੇ ਵਿਚਕਾਰ ਕਰਵਾਈਆਂ ਜਾਂਦੀਆਂ ਸਨ. ਇਹਨਾ ਦੀ ਅਟਲਤਾ ਕਾਰਨ ਸਮਕਾਲੀ ਇਤਿਹਾਸਕਾਰ ਘਟਨਾਵਾਂ ਦਾ ਹਵਾਲਾ ਦੇਣ ਸਮੇਂ ਉਲੰਪਿਕ ਖੇਡਾਂ ਦੀ ਪੈਰਵੀ ਕਰਦੇ ਸਨ .ਪੁਰਾਣੀਆਂ  ਉਲੰਪਿਕ ਖੇਡਾਂ ਵਿਚ ਸਮੇ ਦੇ ਨਾਲ ਈਵੈੰਟਸ ਦੀ ਗਿਣਤੀ ਵਧਦੀ ਗਈ.ਇਹਨਾਂ ਵਿਚ ਮੁਖ ਤੌਰ ਤੇ ਰਥ ਦੌੜਾਂ ,ਘੋੜ ਦੌੜਾਂ , ਮੱਲ ਯੁਧ (ਕੁਸ਼ਤੀ ਅਤੇ ਮੁੱਕੇ ਬਾਜੀ ਦਾ ਸੁਮੇਲ),ਵਖ ਵਖ ਦੂਰੀ ਦੀਆਂ ਦੌੜਾਂ,ਲੰਬੀ ਛਾਲ,ਉਚੀ ਛਾਲ ,ਡਿਸਕਸ ਥਰੋਅ ,ਜੈਵਲੀਅਨ ਥਰੋਅ,ਤਲਵਾਰਬਾਜੀ ,ਤੀਰ ਅੰਦਾਜੀ ਅਤੇ ਪਟੈਥਲਿਨ (ਪੰਜ ਟਰੈਕ ਅਤੇ ਫ਼ੀਲਡ ਇਵੈੰਟਸ)ਆਦਿ ਪ੍ਰਮੁਖ ਖੇਡ  ਪ੍ਰਤੀਯੋਗਤਾਵਾਂ ਸ਼ਾਮਿਲ ਸਨ. ਰਥ ਦੌੜਾਂ ਦੀ ਈਵੈਂਟ ਨੂੰ ਸਭ ਤੋਂ ਖਤਰਨਾਕ ਅਤੇ ਜੋਖਮ ਵਾਲੀ ਮੰਨਿਆ ਜਾਂਦਾ ਸੀ .ਰਥ ਅੱਗੇ ਦੋ ਅਤੇ ਚਾਰ ਘੋੜ ਜੋੜੇ ਜਾਂਦੇ ਸਨ.ਰਥ ਦੌੜ ਦਾ ਫਾਸਲਾ 2.5 ਮੀਲ ਤੋਂ 8 ਮੀਲ ਦਾ ਰਖਿਆ ਹੁੰਦਾ ਸੀ.ਲੰਬੀ ਦੂਰੀ ਦੀ ਮੈਰਾਥਨ ਦੌੜ ਭਾਵੇਂ ਪੁਰਾਤਨ ਉਲੰਪਿਕ ਖੇਡਾਂ ਦੀ ਸੂਚੀ ਵਿਚ ਸ਼ਾਮਿਲ ਨਹੀਂ ਸੀ ਪਰ ਯੂਨਾਨੀ ਇਤਿਹਾਸ ਨਾਲ ਸਬੰਧਿਤ ਇੱਕ ਦਿਲਚਸਪ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੰਨ 1908 ਦੀਆਂ ਉਲੰਪਿਕ ਖੇਡਾਂ ਵਿਚ ਇਸ ਮਹਤਵਪੂਰਣ ਅਤੇ ਜਾਨ ਹੂਲਵੀਂ ਈਵੈਂਟ ਨੂੰ ਆਧੁਨਿਕ ਉਲੰਪਿਕ ਖੇਡਾਂ ਵਿਚ ਸ਼ਾਮਿਲ ਕੀਤਾ ਗਿਆ.ਇਸ ਘਟਨਾ ਅਨੁਸਾਰ ਏਥਨ ਰਾਜ ਦੀਆਂ ਫੌਜਾਂ ਦਾ ਦੁਸ਼ਮਨ ਰਿਆਸਤ ਦੀਆਂ ਫੌਜਾਂ ਨਾਲ ਯੁਧ ਏਥਨ ਤੋਂ ਛੱਬੀ ਮੀਲ ਦੀ ਦੂਰੀ ਤੇ ਸਥਿਤ ਮੈਰਾਥਨ ਮੈਦਾਨ ਵਿਚ ਹੋਇਆ ਸੀ.ਫਿਡਪੀਡਸ ਨਾਮ ਦੇ ਜਿਸ ਸੈਨਿਕ ਨੇ ਫੌਜੀ ਹੁਕਮ ਦੀ ਪਾਲਣਾ ਕਰਦਿਆਂ

ਸੂਰਜ ਦੇ ਅਸਤ ਹੋਣ ਤੋਂ ਪਹਿਲਾਂ ਏਥਨ ਵਾਸੀਆਂ ਨੂੰ ਜਿੱਤ ਦੀ ਖਬਰ ਦਿੱਤੀ ਸੀ ਉਹ ਤੇਜੀ ਨਾਲ ਖਤਮ ਕੀਤੇ ਪੰਧ ਕਾਰਨ ਲੱਗੇ ਹੱਦੋਂ ਵਧ ਜੋਰ ਸਦਕਾ ਖਬਰ ਦਿੰਦੇ ਸਾਰ ਦਮ ਤੋੜ ਗਿਆ ਸੀ. ਉਸ ਜਾੰਬਾਜ ਸੈਨਿਕ ਦੀ ਯਾਦ ਨੂੰ ਤਰੋਤਾਜਾ ਰਖਣ ਲਈ ਇਹ ਦੌੜ ਸ਼ੁਰੂ ਕੀਤੀ ਗਈ ਜਿਸ ਦੀ ਲੰਬਾਈ 26 ਮੀਲ 385 ਗਜ ਰਖੀ ਗਈ ਹੈ.ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੁਰਾਤਨ ਉਲੰਪਿਕ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਉਲੰਪੀਆਡ ਸਥਿਤ ਜੀਅਸ ਦੇਵਤਾ ਦੇ ਮੰਦਰ ਵਿਖੇ ਲੱਗੇ ਪਵਿਤਰ ਮੰਨੇ ਜਾਂਦੇ ਜੈਤੂਨ ਦੇ ਰੁਖਾਂ ਦੀ ਛਿੱਲ,ਟਾਹਣੀਆਂ ਅਤੇ ਪੱਤਿਆਂ ਤੋਂ ਬਣੇ ਤਾਜ ਪਹਿਨਾਏ ਜਾਂਦੇ ਸਨ.ਉਸ ਵਕਤ ਇਸ ਨੂੰ ਸਭ ਤੋਂ ਕੀਮਤੀ ਇਨਾਮ ਮੰਨਿਆ ਜਾਂਦਾ ਸੀ.ਇਸ ਤੋਂ ਇਲਾਵਾ ਜੀਤੂਨ ਦਾ ਤੇਲ ਵੀ ਜੇਤੂਆਂ ਨੂੰ ਦਿੱਤਾ ਜਾਂਦਾ ਸੀ.ਯੂਨਾਨੀ ਲੋਕ ਜੈਤੂਨ ਨੂੰ ਤਾਕਤ ਅਤੇ ਬੁਧੀ ਦੀ ਦੇਵੀ ਦੇ ਪਰਤੀਕ ਵਜੋਂ ਮਾਨਤਾ ਦਿੰਦੇ ਆਏ ਹਨ.

(ਹਰਜਿੰਦਰ ਸਿੰਘ ਗੁਲਪੁਰ) 0061411218801

Install Punjabi Akhbar App

Install
×