ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ

 

amarjeet dhillon dabrikhana 190813 jag rachna koi jhooth nahi ii

ਸਾਰੇ ਹੀ ਧਾਰਮਿਕ ਗ੍ਰੰਥ ਵਿੰਗ ਵਲ ਪਾ ਕੇ ਇਸ ਬ੍ਰਹਿਮੰਡ ਨੂੰ ਰੱਬ ਦੁਆਰਾ ਰਚਿਆ ਗਿਆ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਰੱਬ ਨੇ ਹੀ ਇਸ ਨੂੰ ਖਤਮ ਵੀ ਕਰਨਾ ਹੈ। ਕਿਉਂਕਿ ਇਸ ਨੇ ਖਤਮ ਹੋ ਜਾਣਾ ਹੈ ਇਸ ਲਈ ਇਹ ਜੱਗ ਰਚਨਾ ਝੂਠੀ ਹੈ। ਸਾਰੇ ਧਾਰਮਿਕ ਗ੍ਰੰਥਾਂ ਦੇ ਕਰਤਾ ਇਸ ਕਹਾਣੀ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਜਿਵੇਂ ਉਹ ਇਸ ਦੇ ਚਸ਼ਮਦੀਦ ਗਵਾਹ ਹੋਣ। ਬਿਨਾਂ ਕਿਸੇ ਸਬੂਤ ਜਾਂ ਪ੍ਰਮਾਣ ਦੇ ਸਾਰੇ ਹੀ ਧਰਮ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਗੱਲ ਸੱਚੀ ਹੈ। ਮੁਸਲਮਾਨ ਕਹਿੰਦੇ ਹਨ ਕਿ ਅੱਲ੍ਹਾ ਨੇ ‘ਕੁੰਨ’ ਕਿਹਾ ਤੇ ਕੁੱਝ ਸਕਿੰਟਾਂ ਵਿਚ ਹੀ ਜੱਗ ਦੀ ਰਚਨਾ ਹੋ ਗਈ। ਇਸਾਈ ਕਹਿੰਦੇ ਹਨ ਕਿ ਰੱਬ ਨੇ ਛੇ ਦਿਨਾਂ ਵਿਚ ਦੁਨੀਆਂ ਬਣਾਈ ਤੇ ਸੱਤਵੇਂ ਦਿਨ ਆਰਾਮ ਕੀਤਾ। ਹਿੰਦੂ ਕਹਿੰਦੇ ਹਨ ਕਿ ਰੱਬ ਨੇ ਬ੍ਰਹਮਾਂ ਨੂੰ ਚਾਰ ਵੇਦ ਦਿੱਤੇ ਤੇ ਉਸ ਨੇ ਵੇਦ ਪੜ੍ਹ ਕੇ ਹੌਲੀ-2 ਇਸ ਦੁਨੀਆਂ ਦੀ ਰਚਨਾ ਕੀਤੀ। ਪਰ ਅਖ਼ੀਰ ਨੂੰ ਖ਼ਤਮ ਹੋਣ ਬਾਰੇ ਸਾਰੇ ਹੀ ਧਰਮ ਸਹਿਮਤ ਹਨ। ਹਿੰਦੂ ਆਤਮਾ ਦਾ ਫਲਸਫ਼ਾ ਪੇਸ਼ ਕਰਕੇ 84 ਲੱਖਾਂ ਜੂਨਾਂ ਦੀ ਗੱਲ ਕਰਦੇ ਹਨ। ਇਸਾਈ-ਮੁਸਲਮਾਨ ਕਿਆਮਤ ਦੇ ਦਿਨ ਸਾਰਿਆ ਦਾ ਹਿਸਾਬ ਕਿਤਾਬ ਕਰਕੇ ਸੁਰਗ-ਨਰਕ ਦੀਆਂ ਗੱਲਾਂ ਕਰਦੇ ਹਨ। ਅਸਲ ਵਿਚ ਇਹ ਸਾਰੇ ਹੀ ਕਲਪਿਤ ਕਿੱਸੇ ਹਨ ਅਤੇ ਮਨੁੱਖ ਦੇ ਮਨ ਵਿਚਲੇ ਵਿਆਪਕ ਭਿਆਨਕ ਡਰ ਤੋਂ ਹੀ ਰੱਬ ਅਤੇ ਦੇਵਤਿਆਂ ਵਗੈਰਾ ਦਾ ਜਨਮ ਹੋਇਆ।ਬਕੌਲ ਸ਼ਾਿੲਰ ‘ ਆਦਮੀ ਕੇ ਜ਼ਿਹਨ ਮੇਂ ਥਾ ਇਕ ਭਿਆਨਕ ਖ਼ੌਫ਼ ਉਸਕਾ ਕਿਸੀ ਨੇ ਖ਼ੁਦਾ ਨਾਮ ਰੱਖ ਦੀਆ ‘ ।ਰੱਬ ਦੇ ਸਰੂਪ ਲਗਾਤਾਰ ਬਦਲਦੇ ਰਹੇ ਤੇ ਹੁਣ ਵੀ ਲਗਾਤਾਰ ਬਦਲ ਰਹੇ ਹਨ। ਖਗੋਲ ਵਿਗਿਆਨ ਬ੍ਰਹਿਮੰਡ ਦੀ ਰਚਨਾ ਨੂੰ ਸਬੂਤਾਂ ਸਹਿਤ ਪੇਸ਼ ਕਰ ਕੇ ਕਹਿ ਰਿਹਾ ਹੈ ਕਿ ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ”। ਇਸ ਸੱਚ ਦੀ ਬਦੌਲਤ ਹੀ ਅਸੀਂ ਸਭ ਇੱਥੇ ਆਪਣੀ ਮੌਜ ਮਸਤੀ ਕਰ ਰਹੇ ਹਾਂ। ਲੁਟੇਰਾ ਪ੍ਰਬੰਧ ਅਤੇ ਵਿਹਲੜ ਲੋਕਾਂ ਦੀ ਅੱਯਾਸ਼ੀ ਕਾਰਨ ਬਹੁਤ ਸਾਰੇ ਕੰਮ ਕਰਨ ਵਾਲੇ ਮਨੁੱਖ ਦੁੱਖ ਸਹਿ ਰਹੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜੱਗ ਰਚਨਾ ਝੂਠ ਹੈ। ਇਹ ਲੁਟੇਰਾ ਪ੍ਰਬੰਧ ਝੂਠਾ ਹੈ।
ਇਸ ਜੱਗ ਰਚਨਾ ‘ਚ ਲਗਾਤਾਰ ਪਰਿਵਰਤਨ ਹੋ ਰਿਹਾ ਹੈ। ਵਿਗਿਆਨ ਦੱਸਦਾ ਹੈ ਕਿ ਸਾਨੂੰ ਨੰਗੀ ਅੱਖ ਨਾਲ ਕਿਣਕੇ ਤੋਂ ਵੀ ਛੋਟੇ ਦਿਸਦੇ ਤਾਰੇ ਅਸਲ ਵਿਚ ਸਾਡੇ ਸੂਰਜ ਤੋਂ ਵੀ ਕਈ ਗੁਣਾਂ ਵੱਡੇ ਹਨ। ਖਲਾਅ ਵਿਚ ਇਸ ਤਰ੍ਹਾਂ ਦੇ ਅਣਗਿਣਤ ਤਾਰੇ (ਸੂਰਜ) ਹਨ। ਇਹ ਤਾਰੇ (ਸੂਰਜ) ਗੈਸ ਧੂੜ ਤੋਂ ਬਣਦੇ ਵੀ ਰਹਿੰਦੇ ਹਨ ਅਤੇ ਲੰਬੀ ਉਮਰ ਭੋਗਣ ਤੋਂ ਬਾਅਦ ਮਰਦੇ ਵੀ ਰਹਿੰਦੇ ਹਨ। ਸਭ ਤੋਂ ਪਹਿਲਾਂ ਸੋਲਵੀਂ ਸਦੀ ਵਿਚ ਕਾਪਰਨਿਕਸ ਨੇ ਦੱਸਿਆ ਕਿ ਧਰਤੀ ਗੋਲ ਹੈ। ਇਹ ਆਪਣੀ ਧੁਰੀ ਦੁਆਲੇ ਘੁੰਮਦੀ ਹੋਈ ਸੂਰਜ ਦੀ ਪਰਿਕਰਮਾ ਕਰਦੀ ਹੈ। ਕਾਪਰਨੀਕਸ ਤਾਂ ਆਪਣੀ ਕਿਤਾਬ ਛਪਣ ਸਾਰ ਕੁਦਰਤੀ ਮੌਤ ਮਰ ਗਿਆ । ਜਰਦਾਨੋਂ- ਬਰੂਨੋ ਨੇ ਕਾਪਰਨਿਕਸ ਦੀ ਪ੍ਰੋੜ੍ਹਤਾ ਕੀਤੀ, ਪਰ ਧਾਰਮਿਕ ਮੂਲਵਾਦੀਆਂ ਨੇ ਬਰੂਨੋ ਨੂੰ ਜ਼ਿੰਦਾ ਜਲਾ ਦਿੱਤਾ। ਸਾਢੇ ਤਿੰਨ ਸੌ ਸਾਲ ਬਾਦ ਬਰੂਨੋ ਨੂੰ ਸਜ਼ਾ ਦੇਣ ਵਾਲੇ ਚਰਚ ਨੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਬਰੂਨੋ ਠੀਕ ਸੀ ਪਰ ਬਾਈਬਲ ਵਿਚ ਅਜੇ ਵੀ ਧਰਤੀ ਨੂੰ ਖੜ੍ਹੀ ਅਤੇ ਚਪਟੀ ਲਿਖਿਆ ਹੋਇਆ ਹੈ।

ਸਤਾਰਵੀਂ ਸਦੀ ਦੇ ਆਰੰਭ ਵਿਚ ਗੈਲੀਲਿਓ ਨੇ ਆਪਣੀ ਦੂਰਬੀਨ ਨਾਲ ਧਰਤੀ, ਚੰਨ ਅਤੇ ਪੰਜ ਗ੍ਰਹਿਆਂ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ। ਉਸ ਨੇ ਚੰਨ ਦੇ ਪਹਾੜ ਅਤੇ ਟੋਏ ਵੀ ਦੇਖ ਲਏ। (ਗੈਲੀਲਿਓ ਨੂੰ ਇਸ ਕਾਰਨ ਸਾਰੀ ਉਮਰ ਜੇਲ੍ਹ ‘ਚ ਸੜਨਾ ਪਿਆ ਸੀ, ਭਾਵੇਂ ਉਸ ਨੂੰ ਸਜ਼ਾ ਦੇਣ ਵਾਲੇ ਗਿਰਜੇ ਦੇ ਪੋਪ ਨੇ 300 ਸਾਲ ਦੇ ਬਾਅਦ ਹੁਣ ਮਾਫੀ ਵੀ ਮੰਗ ਲਈ ਹੈ।) ਉਸ ਤੋਂ ਬਾਅਦ ਹੋਰ ਵੱਡੀਆਂ ਦੂਰਬੀਨਾਂ ਨਾਲ ਹੋਰ ਗ੍ਰਹਿਆਂ ਦਾ ਵੀ ਪਤਾ ਲੱਗਣ ਲੱਗਾ। ਯੂਰੇਨਸ ਦੀ ਖੋਜ 1781 ‘ਚ ਹੋਈ। ਨੈਪਚੂਨ ਗ੍ਰਹਿ ਦੀ ਖੋਜ ਕਿਸੇ ਦੂਰਬੀਨ ਨਾਲ ਨਹੀਂ ਹੋਈ, ਸਗੋਂ ਬਰਤਾਨੀਆ ਦੇ ਇੱਕ ਨੌਜਵਾਨ ਗਣਿਤ ਖੋਜੀ ਜਾਹਨ ਆਦਮਜ਼ ਨੇ 1845 ‘ਚ ਪੜ੍ਹਨ ਮੇਜ਼, ‘ਤੇ ਬੈਠਿਆਂ ਹੀ ਹਿਸਾਬ ਲਾਇਆ ਕਿ ਸੂਰਜ ਦਾ ਇੱਕ ਅੱਠਵਾਂ ਗ੍ਰਹਿ ਵੀ ਹੋਣਾ ਚਾਹੀਦਾ ਹੈ। ਇਹ ਅੱਠਵਾਂ ਗ੍ਰਹਿ ਆਪਣੀ ਗੁਰੂਤਾ ਖਿੱਚ ਕਾਰਨ ਸੂਰਜ ਦੇ ਸੱਤਵੇਂ ਗ੍ਰਹਿ ਅਰੁਣ ਨੂੰ ਪ੍ਰਭਾਵਿਤ ਕਰ ਰਿਹਾ ਸੀ। ਬਾਅਦ ‘ਚ ਲੱਭੇ ਇਸ ਗ੍ਰਹਿ ਦਾ ਨਾਂ ਨੈਪਚੂਨ ਰੱਖ ਦਿੱਤਾ ਗਿਆ। ਇਹ 165 ਸਾਲਾਂ ‘ਚ ਸੂਰਜ ਦੀ ਪਰਿਕਰਮਾ ਕਰਦਾ ਹੈ। 9ਵਾਂ ਗ੍ਰਹਿ ਪਲੂਟੋ ਵੀ 1930 ‘ਚ ਗਣਿਤ ਵਿੱਦਿਆ ਦੇ ਹਿਸਾਬ ਨਾਲ ਹੀ ਖੋਜਿਆ ਗਿਆ। ਇਨ੍ਹਾਂ ਗ੍ਰਹਿਆਂ ਦੀ ਖੋਜ ਨਾਲ ਹੀ ਜੋਤਿਸ਼ ਵਿਦਿਆ ਪੂਰੀ ਤਰ੍ਹਾਂ ਝੂਠੀ ਅਤੇ ਤੀਰ ਤੁੱਕਾ ਸਾਬਤ ਹੋ ਗਈ ਹੈ। ਪਲੂਟੋ ਗ੍ਰਹਿ ਸੂਰਜ ਤੋਂ ਏਨਾ ਦੂਰ ਹੈ ਕਿ ਇਸ ਨੂੰ ਸੂਰਜ ਦਾ ਇਕ ਚੱਕਰ ਪੂਰਾ ਕਰਨ ਲੱਗਿਆਂ ਢਾਈ ਸੌ ਸਾਲ ਲੱਗ ਜਾਂਦੇ ਹਨ। ਇਨ੍ਹਾਂ ਗ੍ਰਹਿਆਂ ਤੋਂ ਇਲਾਵਾ ਸੂਰਜ ਦੇ ਦੁਆਲੇ ਇਕ ਉਲਕਾ ਪੱਟੀ ਵੀ ਘੁੰਮ ਰਹੀ ਹੈ। ਇਹ ਉਲਕਾ ਪੱਟੀ ਮੰਗਲ ਅਤੇ ਬ੍ਰਹਿਸਪਤੀ ਗ੍ਰਹਿ ਦੇ ਵਿਚਕਾਰ ਹੈ। ਇਸ ਉਲਕਾ ਪੱਟੀ ਵਿਚ ਹਜ਼ਾਰਾਂ ਛੋਟੇ ਗ੍ਰਹਿ ਹਨ। ਇਸ ਵਿਚ ਸਭ ਤੋਂ ਵੱਡਾ 930 ਕਿਲੋਮੀਟਰ ਵਿਆਸ ਵਾਲਾ ਸੀਅਰਜ਼ ਹੈ। ਇਸ ਤੋਂ ਬਿਨਾ ਬੋਦੀ ਵਾਲੇ ਤਾਰੇ (ਧੂਮਕੇਤੂ) ਵੀ ਸੂਰਜ ਦੁਆਲੇ ਘੁੰਮ ਰਹੇ ਹਨ। ਇਨ੍ਹਾਂ ਤੋਂ ਹੀ ਸੂਰਜ ਮੰਡਲ ਦੀ ਕਹਾਣੀ ਦੇ ਆਰੰਭ ਹੋਣ ਦਾ ਪਤਾ ਚਲਦਾ ਹੈ। ਧਰਤੀ ‘ਤੇ ਜੀਵਨ ਦੇ ਮੁਢਲੇ ਬੀਜ ਸ਼ਾਇਦ ਬੋਦੀ ਵਾਲੇ ਤਾਰੇ ਦੀ ਪੂਛ ਦੇ ਛੋਹਣ ਨਾਲ ਹੀ ਪੈਦਾ ਹੋਏ। ਧਰਤੀ ਦਾ ਇੱਕੋ-ਇਕ ਉਪਗ੍ਰਹਿ ਚੰਨ ਹੈ। (ਮੰਗਲ ਦੇ ਦੋ, ਬ੍ਰਹਿਸਪਤੀ ਦੇ ਚੌਦਾਂ, ਸ਼ਨੀ ਦੇ ਵੀਹ, ਯੂਰੇਨਸ ਦੇ ਪੰਦਰਾਂ ਅਤੇ ਨੈਪਚੂਨ ਦੇ ਅੱਠ ਚੰਨ ਹਨ)। ਬੁੱਧ ਅਤੇ ਸ਼ੁੱਕਰ ਦਾ ਕੋਈ ਵੀ ਚੰਨ (ਉਪਗ੍ਰਹਿ) ਨਹੀਂ ਹੈ। ਸੂਰਜ ਮੰਡਲ ਦੇ ਜਨਮ ਬਾਰੇ ਵਿਗਿਆਨੀਆਂ ਦੀ ਹੁਣ ਤਕ ਸਹੀ ਸੋਚ ਇਹੀ ਹੈ ਕਿ ਸੂਰਜ ਮੰਡਲ ਅਤੇ ਇਸ ਦਾ ਪਰਿਵਾਰ ਗੈਸ, ਧੂੜ ਦੇ ਇਕ ਬੱਦਲ ਤੋਂ ਸੁੰਗੜ ਕੇ ਬਣਿਆ। ਸੂਰਜ ਦੇ ਧਰਤ ਨੁਮਾ ਗ੍ਰਹਿਆਂ ਦੇ ਵਰਗ ‘ਚ ਇਨ੍ਹਾਂ ਦੀਆਂ ਤਹਿਆਂ ਦੀਆਂ ਚੱਟਾਨਾਂ ‘ਚ ਲੋਹਾ, ਮੈਗਨੀਜ਼, ਕੈਲਸ਼ੀਅਮ ਅਤੇ ਸਿਲੀਕਾਨ ਦੀ ਬਹੁਤਾਤ ਹੈ। ਦੂਜੇ ਵਰਗ ਦੇ ਵੱਡੇ ਗ੍ਰਹਿ ਸ਼ਨੀ ਅਤੇ ਬ੍ਰਹਿਸਪਤੀ ਹਨ। ਬ੍ਰਹਿਸਪਤੀ ਧਰਤੀ ਤੋਂ 318 ਗੁਣਾਂ ਭਾਰਾ ਅਤੇ ਇਸ ਦਾ ਵਿਆਸ ਗਿਆਰਾਂ ਧਰਤੀਆਂ ਜਿੰਨਾ ਹੈ। ਸ਼ਨੀ ਧਰਤੀ ਤੋਂ 95 ਗੁਣਾਂ ਭਾਰਾ ਅਤੇ ਇਸ ਦਾ ਵਿਆਸ 9 ਧਰਤੀਆਂ ਜਿੰਨਾਂ ਹੈ। ਬ੍ਰਹਿਸਪਤੀ ਅਤੇ ਸ਼ਨੀ ਉਪਰ ਤਰਲ ਹਾਈਡ੍ਰੋਜਨ ਅਤੇ ਹੀਲੀਅਮ ਗੈਸ ਬਹੁਤ ਜ਼ਿਆਦਾ ਹੈ। ਤੀਸਰੇ ਵਰਗ ਦੇ ਗ੍ਰਹਿ ਯੂਰੇਨਸ, ਨੈਪਚੂਨ ਅਤੇ ਪਲੂਟੋ ਹਨ। ਪਲੂਟੋ ਬਾਰੇ ਅਜੇ ਤੱਕ ਬਹੁਤ ਘੱਟ ਜਾਣਕਾਰੀ ਹੈ। ਯੂਰੇਨਸ ਅਤੇ ਨੈਪਚੂਨ ਧਰਤੀ ਨਾਲੋਂ ਲਗਭਗ ਚਾਰ ਗੁਣਾਂ ਵੱਡੇ ਹਨ। ਬ੍ਰਹਿਸਪਤੀ ਕੇਵਲ ਪੌਣੇ ਦਸ ਘੰਟੇ ਅਤੇ ਸ਼ਨੀ ਸਵਾ ਕੁ ਦਸ ਘੰਟਿਆਂ ਵਿਚ ਆਪਣੀ ਧੁਰੀ ਦੁਆਲੇ ਘੁੰਮ ਲੈਂਦੇ ਹਨ। ਧਰਤੀ ਨਾਲੋਂ 15 ਗੁਣਾਂ ਭਾਰਾ ਯੂਰੇਨਸ 11 ਘੰਟਿਆਂ ਅਤੇ ਧਰਤੀ ਨਾਲੋਂ 17 ਗੁਣਾਂ ਭਾਰਾ ਨੈਪਚੂਨ ਪੰਦਰਾਂ ਘੰਟਿਆਂ ‘ਚ ਆਪਣੀ ਧੁਰੀ ਦੁਆਲੇ ਘੁੰਮ ਲੈਂਦਾ ਹੈ।

ਵਿਗਿਆਨਕ ਖੋਜ ਅਨੁਸਾਰ ਅਨੰਤ ਕਾਲ ਤੋਂ ਇਕ ਗੈਸ ਧੂੜ ਦਾ ਬੱਦਲ ਆਪਣੀ ਧੁਰੀ ਦੁਆਲੇ ਹੌਲੀ-2 ਘੁੰਮ ਰਿਹਾ ਸੀ। ਭਾਰੇ ਕਣਾਂ ਦੁਆਲੇ ਹੌਲੇ ਕਣ ਹੌਲੀ-2 ਖਿੱਚੇ ਗਏ। ਰਿਣ ਚਾਰਜ, ਧਣ ਚਾਰਜ ਦੇ ਦੁਆਲੇ ਚੱਕਰ ਕੱਟਣ ਲੱਗਿਆ। ਕਰੋੜਾਂ ਸਾਲਾਂ ਦੇ ਗ੍ਰਹਿ ਆਕਾਰ ਬਣਦੇ ਗਏ। ਕੇਂਦਰ ਵਿਚ ਬੜੀ ਤੇਜ਼ੀ ਨਾਲ ਪਦਾਰਥ ਇਕੱਠਾ ਹੁੰਦਾ ਗਿਆ। ਵੱਡੇ ਆਕਾਰ ਪੁੰਜ ਸੁੰਗੜਣ ਨਾਲ ਉਸ ਦੀ ਗਤੀ ਹੋਰ ਤੇਜ਼ ਹੋ ਗਈ। ਉਸਦੀ ਗੁਰੂਤਾ ਦਰ ਸੁੰਗੜਨ ਦਰ ਵਧਣ ਨਾਲ ਕੇਂਦਰ ਭਾਗ ਦਾ ਤਾਪਮਾਨ ਕਰੋੜਾਂ ਦਰਜੇ ਸੈਂਟੀਗਰੇਡ ਤਕ ਪੁੱਜ ਗਿਆ। ਸੰਘਣੀਆਂ, ਗਰਮ ਗੈਸਾਂ ਦੇ ਨਿਊਕਲੀ ਸੰਗਠਨ ਨਾਲ ਊਰਜਾ, ਗਰਮੀ ਅਤੇ ਪ੍ਰਕਾਸ਼ ਨਾਲ ਸੂਰਜ ਬਣ ਗਿਆ। ਸੂਰਜ ਤੋਂ ਦੂਰ ਘੁੰਮ ਰਹੀ ਗੈਸ ਠੰਢੀ ਹੋਣ ਕਾਰਨ ਬਾਹਰਲੇ ਆਦਿ ਗ੍ਰਹਿਆਂ ਉਪਰ ਤਰਲ ਬਣ ਕੇ ਵਰ੍ਹਦੀ ਰਹੀ। ਅੰਦਰਲੇ ਚਾਰ ਗ੍ਰਹਿ ਸੂਰਜੀ ਇਤਿਹਾਸ ਦੇ ਕਰੀਬ ਪਹਿਲੇ ਵੀਹ ਲੱਖ ਸਾਲਾਂ ‘ਚ ਹੀ ਬਣ ਗਏ। ਯੂਰੇਨਸ ਤੇ ਨੈਪਚੂਨ ਦਾ ਜਨਮ ਫਾਸਲਿਆਂ ਤੇ ਹੋਇਆ। ਸੂਰਜੀ ਭਾਗ ਦੇ ਸੁੰਗੜ ਰਹੇ ਬੱਦਲ ‘ਚੋਂ ਉੱਡੀ ਹਾਈਡ੍ਰੋਜਨ ਅਤੇ ਹੀਲੀਅਮ ਗੈਸ ਇਨ੍ਹਾਂ ਦੀ ਖਿੱਚ ਵਿਚ ਆ ਜਾਣ ਕਾਰਨ ਇਨ੍ਹਾਂ ਦਾ ਆਕਾਰ ਵਧਦਾ ਗਿਆ। ਧਰਤੀ ਦੇ ਅੰਦਰਲੇ ਭਾਗ ‘ਚ ਪਿਘਲੇ ਹੋਏ ਲੋਹੇ ਦੀ ਕੋਰ ਬਣੀ ਅਤੇ ਹਲਕੇ ਸਿਲੀਕੇਟ ਤਰਦੇ ਹੋਏ ਉਪਰ ਆ ਗਏ। ਸਾਢੇ ਚਾਰ ਅਰਬ ਸਾਲ ਪਹਿਲਾਂ ਬਣਨ ਵੇਲੇ ਧਰਤੀ ਬਹੁਤ ਗਰਮ ਸੀ। ਇਸ ਉਪਰ ਉਲਕਾਂਪਾਤਾਂ ਦਾ ਮੀਂਹ ਵਰ੍ਹਦਾ ਰਹਿੰਦਾ ਅਤੇ ਜਵਾਲਾ ਮੁਖੀ ਫਟਦੇ ਰਹਿੰਦੇ। ਇਨ੍ਹਾਂ ਦੇ ਗੈਸ ਵਾਸ਼ਪ ‘ਚ ਧਰਤੀ ਠੰਢੀ ਹੋਣ ਲੱਗੀ ਅਤੇ ਇਸ ‘ਤੇ ਵਰਖਾ ਪੈਣ ਲੱਗੀ। ਇਕ ਅਰਬ ਸਾਲ ਪਹਿਲਾਂ ਧਰਤੀ ‘ਤੇ ਜੀਵਨ ਚਿੰਨ੍ਹ ਦਿਖਾਈ ਦੇਣ ਲੱਗੇ। ਜਦੋਂ ਧਰਤੀ, ਚੰਨ ਅਤੇ ਸੂਰਜ ਨਹੀਂ ਸੀ ਬਣੇ ਉਦੋਂ ਕੇਵਲ ਇੱਥੇ ਗੈਸ ਧੂੜ ਸੀ। ਪਦਾਰਥ ਬਾਰੇ ਪਤਾ ਦਿੰਦੇ ਧੂਮਕੇਤੂ (ਉਲਕਾਪਾਤ) ਬੋਦੀ ਵਾਲੇ ਤਾਰੇ ਅਜੇ ਵੀ ਮੌਜੂਦ ਸਨ। ਇਹਨਾਂ ਬੋਦੀ ਵਾਲਿਆਂ ਤਾਰਿਆਂ ਵਿਚ ਦੀ ਰਾਕਟ ਲੰਘਾ ਕੇ ਵਿਗਿਆਨੀਆਂ ਨੇ ਇਨ੍ਹਾਂ ਦੇ ਪਦਾਰਥਾਂ ਦਾ ਰਸਾਇਣੀ ਵਿਸ਼ਲੇਸ਼ਣ ਕੀਤਾ ਹੈ। ਪਹਿਲਾਂ ਲੋਕ ਬੋਦੀ ਵਾਲੇ ਤਾਰਿਆਂ ਤੋਂ ਡਰਿਆ ਕਰਦੇ ਸਨ। ਹੁਣ ਵਿਗਿਆਨੀਆਂ ਨੂੰ ਇਨ੍ਹਾਂ ਦੀ ਉਡੀਕ ਰਹਿੰਦੀ ਹੈ। ਬੋਦੀ ਵਾਲਾ ਤਾਰਾ ਜਾਂ ਧੂਮਕੇਤੂ ਅਸਲ ਵਿਚ ਗੈਸ, ਧੂੜ ਦਾ ਇਕ ਗੋਲਾ ਹੁੰਦਾ ਹੈ ਜੋ ਸੂਰਜ ਤੋਂ ਆਪਣੀ ਧੁਰੀ ਅਨੁਸਾਰ ਵੱਖ-2 ਰੂਪਾਂ ‘ਚ ਦਿੱਸਦਾ ਹੈ। ਧੂਮਕੇਤੂਆਂ ‘ਚ ਮੁੱਢਲੇ ਪ੍ਰਾਚੀਨ ਗੈਸ ਦੇ ਵੱਡੇ ਬੱਦਲ ਚੋਂ ਬਚੇ ਕੁਝ ਅੰਸ਼ ਹਨ। ਜਿਨ੍ਹਾਂ ਤੋਂ ਸੁੰਗੜ ਕੇ ਸੂਰਜ ਮੰਡਲ ਬਣਿਆ। ਹਰ ਤਾਰੇ ਦਾ ਜਨਮ ਹੁੰਦਾ ਹੇੈ ਅਤੇ ਫਿਰ ਮੌਤ ਹੁੰਦੀ ਹੈ। ਕੋਈ ਪੰਜ ਅਰਬ ਵਰ੍ਹੇ ਪਹਿਲਾਂ ਸੂਰਜ ਦਾ ਜਨਮ ਹੋਇਆ ਸੀ, ਹੁਣ ਇਹ ਪੂਰੇ ਜੋਬਨ ਵਿਚ ਹੈ। ਲੱਗਪਗ ਪੰਜ ਕੁ ਅਰਬ ਵਰ੍ਹੇ ਹੋਰ ਇਹ ਇਸੇ ਤਰ੍ਹਾਂ ਤਪਦਾ ਰਹੇਗਾ। (ਕੁਝ ਤਾਰੇ ਅਜੇ ਵੀ ਜਨਮ ਲੈ ਰਹੇ ਹਨ)
ਅੰਤ ਵਿਚ ਸੂਰਜ ਬਹੁਤ ਵਿਰਾਟ ਰੂਪ ਧਾਰ ਕੇ ਲਾਲ ਦਾਨਵ ਬਣ ਜਾਵੇਗਾ। ਇਹ ਧਰਤੀ ਚੰਨ ਸਮੇਤ ਕਈ ਗ੍ਰਹਿਆਂ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਉਦੋਂ ਇਸ ਧਰਤੀ ਉਪਰ ਅਤਿ ਅਧੁਨਿਕ ਵਿਕਸਤ ਜੀਵ ਹੋਣਗੇ। ਜਿਸ ਤਰ੍ਹਾਂ ਹੋਰ ਜੀਵਾਂ ਤੋਂ ਮਨੁੱਖ ਦਾ ਵਿਕਾਸ ਹੋਇਆ ਹੈ, ਇਸੇ ਤਰ੍ਹਾਂ ਮਨੁੱਖ ਦੀਆਂ ਨਸਲਾਂ ਤੋਂ ਵਿਕਾਸ ਕਰਕੇ ਉਹ ਜੀਵ ਉਸ ਸਮੇਂ ਦੇ ਹਾਣੀ ਹੋ ਜਾਣਗੇ ਅਤੇ ਕਿਸੇ ਸੁਰੱਖਿਅਤ ਗ੍ਰਿਹ ਤੇ ਚਲੇ ਜਾਣਗੇ।

ਇਹ ਬ੍ਰਹਿਮੰਡ ਵਾਰ-2 ਫੈਲਦਾ ਹੈ ਤੇ ਵਾਰ ਵਾਰ ਸੁੰਗੜਦਾ ਹੈ। ਸਿਫਰ ਤੋਂ ਸ਼ੁਰੂ ਹੋ ਕੇ ਫਿਰ ਸਿਫਰ ਵੱਲ ਵਧਦਾ ਹੈ। ਸਮਾਂ ਪਰਮਾਣੂਆਂ ਦੀ ਗਤੀ, ਪ੍ਰਮਾਣੂਆਂ ਦੇ ਮੂਲ ਕਣਾਂ, ਅਤੇ ਇਲੈਕਟ੍ਰਾਨ ਦੀ ਗਤੀ ‘ਚੋਂ ਪੈਦਾ ਹੁੰਦਾ ਹੈ। ਇਹ ਸੁੰਗੜਨਾ, ਇਹ ਫੈਲਣਾ, ਇਹ ਬਣਨਾ, ਇਹ ਖਤਮ ਹੋਣਾ ਅਤੇ ਫਿਰ ਬਣਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਪਦਾਰਥ ਇਸੇ ਤਰ੍ਹਾਂ ਸਦਾ ਇਸ ਬ੍ਰਹਿਮੰਡ ‘ਚ ਮੌਜੂਦ ਸੀ ਅਤੇ ਮੌਜੂਦ ਰਹੇਗਾ। ਇਸਦੇ ਰੂਪ ਬਦਲਦੇ ਰਹਿਣਗੇ। ਅਸਲ ਵਿਚ ਤਬਦੀਲੀ ਬ੍ਰਹਿਮੰਡ ਦਾ ਠੋਸ ਸੱਚ ਹੈ। ਸਮਾਂ ਅਤੇ ਸਥਾਨ ਮਨੁੱਖ ਦੇ ਘੜੇ ਸੰਕਲਪ ਹਨ। ਅੱਜ ਦੇ ਅਨੁਮਾਨਾਂ ਅਨੁਸਾਰ ਵੱਡਾ ਧਮਾਕਾ (ਬਿਗ-ਬੈਂਗ) ਦਸ ਤੋਂ ਵੀਹ ਬਿਲੀਅਨ ਸਾਲ ਪਹਿਲਾਂ ਹੋਇਆ। ਬੇਅੰਤ (ਇਲਫਿਨਟ) ਤਾਪਮਾਨ ਵਿਚ ਪਹਿਲੇ 100 ਸੈਕਿੰਡਾਂ ਵਿਚ ਸਮਾਂ, ਸਥਾਨ ਅਤੇ ਊਰਜਾ ਹੋਂਦ ਵਿਚ ਆਏ। ਸ਼ਕਤੀਸ਼ਾਲੀ-ਕਮਜ਼ੋਰ ਬਿਜਲੀ ਤਾਕਤਾਂ ਦਾ ਨਿਖੇੜ ਹੋਇਆ। ਕੁਆਰਕ ਬਣੇ, ਸਥਿਰ ਹੋਏ। ਜਿਨ੍ਹਾਂ ਤੋਂ ਬਾਅਦ ਪ੍ਰੋਟੋਨ, ਨਿਊਟ੍ਰੋਨ ਅਤੇ ਇਲੈਕਟ੍ਰਾਨ ਸਥਿਰ ਹੋਏ। ਇਉਂ ਪਹਿਲਾਂ ਐਟਮ ਬਣਿਆ। ਅਗਲੇ ਤਿੰਨ ਮਿੰਟਾਂ ਵਿਚ ਹੀਲੀਅਮ ਐਟਮ ਬਣੇ ਅਤੇ ਫਿਰ ਇਕ ਮਿਲੀਅਨ ਸਾਲ ਹਾਈਡ੍ਰੋਜਨ ਐਟਮ ਬਣਦੇ ਰਹੇ। ਘੱਟੋ-ਘੱਟ ਇਕ ਬਿਲੀਅਨ ਸਾਲ ਬਾਅਦ ਗਲੈਕਸੀਆਂ ਬਣਨੀਆਂ ਸ਼ੁਰੂ ਹੋਈਆਂ। ਇਨ੍ਹਾਂ ਗਲੈਕਸੀਆਂ ਵਿਚ ਤਾਰਿਆਂ ਦੀ ਘਾੜਤ ਕੋਈ 4-5 ਬਿਲੀਅਨ ਸਾਲ ਬਾਅਦ ਹੋਈ। ਇਸ ਸਮੇਂ ਦਿੱਸਦੇ ਬ੍ਰਹਿਮੰਡ ਵਿਚ ਗਲੈਕਸੀਆਂ ਦੀ ਗਿਣਤੀ 1010 ਹੈ। (ਭਾਵ 10 ਨਾਲ 10 ਜ਼ੀਰੋ ਜਾਂ 10,0000000000) ਸੋ ਬ੍ਰਹਿਮੰਡ ਵਿਚ ਔਸਤ ਤਾਰਿਆਂ ਦੀ ਗਿਣਤੀ 1022 ਹੈ। ਬ੍ਰਹਿਮੰਡ ਵਿਚ ਇੰਨੇ ਤਾਰੇ (ਸੂਰਜ) ਹਨ। ਇਨ੍ਹਾਂ ਵਿਚ 16% ਤਾਰੇ ਸਾਡੇ ਸੂਰਜ ਵਰਗੇ ਹਨ। ਭਾਵ 0.16×1022 ਤਾਰੇ ਸਾਡੇ ਸੂਰਜ ਵਰਗੇ ਹਨ। ਇਹਨਾਂ ਵਿਚ 50% ਤੇ ਸੂਰਜ ਵਰਗਾ ਗ੍ਰਹਿ ਪ੍ਰਬੰਧ ਹੋਣ ਦੀਆਂ ਸੰਭਾਵਨਾਵਾਂ ਹਨ। ਇਨ੍ਹਾਂ ਉਪਰ ਸਾਡੀ ਧਰਤੀ ਵਾਂਗ ਜੀਵਨ ਉਪਜਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਬੇਸ਼ੱਕ ਅਜੇ ਇਹ ਅਨੁਮਾਨ ਹੀ ਹੈ। ਅਨੰਤ ਕਾਲ ਪਹਿਲਾਂ ਇਸ ਬ੍ਰਹਿਮੰਡ ਦੀ ਸ਼ੁਰੂਆਤ ਸਿਫਰ ਤੋਂ ਹੋਈ। ਇਹ ਧਨ ਆਵੇਸ਼ ਤੋਂ ਰਿਣ ਆਵੇਸ਼ ਤੇ ਬਣਿਆ। ਜਿਵੇਂ 1+1=0, ਰਿਣ ਆਵੇਸ਼ ਧਨ ਆਵੇਸ਼ ਦੇ ਚਾਰੇ ਪਾਸੇ ਚੱਕਰ ਲਗਾਉਣ ਲੱਗਿਆ। ਇਸ ਦੀ ਗਤੀ ਕਾਰਣ ਇਲੈਕਟ੍ਰਾਨ ਅਤੇ ਪ੍ਰੋਟਾਨ ਬਣੇ। ਇਲੈਕਟ੍ਰਾਨ, ਨਿਊਟ੍ਰਾਨ ਅਤੇ ਪ੍ਰੋਟ੍ਰਾਨ ਤੋਂ ਹਾਈਡ੍ਰੋਜਨ ਅਤੇ ਆਕਸੀਜਨ ਗੈਸਾਂ ਬਣੀਆਂ। ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਪਾਣੀ ਬਣਿਆ। ਇਲੈਕਟ੍ਰਾਨ ਰਿਣ ਚਾਰਜਿਤ ਅਤੇ ਪ੍ਰੋਟਾਨ ਧਨ ਚਾਰਜਿਤ ਹੈ। ਨਿਊਟ੍ਰਾਨ ਉਪਰ ਕੋਈ ਚਾਰਜ ਨਹੀਂ ਹੁੰਦਾ ਹੈ। ਇਹ ਸਾਰੇ ਊਰਜਾ ਦੇ ਕਣ ਹਨ। ਮਹਾਨ ਵਿਗਿਆਨੀ ਆਇਨਸਟਾਈਨ ਦੇ ਸਿਧਾਂਤ ਅਨੁਸਾਰ ਪੁੰਜ ਵੀ ਊਰਜਾ ਦਾ ਹੀ ਰੂਪ ਹੈ। ਪੁੰਜ ਨੂੰ ਊਰਜਾ ਵਿਚ ਬਦਲਿਆ ਜਾ ਸਕਦਾ ਹੈ।

ਜਦ ਰਿਣ ਆਵੇਸ਼ ਧਨ ਆਵੇਸ਼ ਦੇ ਚਾਰੇ ਪਾਸੇ ਚੱਕਰ ਲਗਾਉਣ ਲੱਗਿਆ, ਇਸ ਦੀ ਗਤੀ ਕਾਰਨ ਇਲੈਕਟ੍ਰਾਨ, ਪ੍ਰੋਟਾਨ ਬਣੇ ਤਾਂ ਇਨ੍ਹਾਂ ਕਣਾਂ ਦੀ ਗਤੀ ਕਾਰਨ ਕਿਰਣਾਂ ਬਣੀਆਂ। ਪ੍ਰਮਾਣੂੰ ਤੋਂ ਅਣੂੰ, ਅਣੂੰ ਤੋਂ ਕਣ, ਕਣ ਤੋਂ ਗੈਸ, ਗੈਸ ਤੋਂ ਦ੍ਰਵ, ਦ੍ਰਵ ਤੋਂ ਠੋਸ, ਠੋਸ ਤੋਂ ਗ੍ਰਹਿ, ਨਛੱਤਰ, ਤਾਰੇ ਆਦਿ ਤਕ ਯਾਤਰਾ ਚੱਲੀ। ਧਰਤੀ ਵਰਗੀ ਜਗ੍ਹਾ ਅਨੁਕੂਲ ਪ੍ਰਸਥਿਤੀਆਂ ਹੋਣ ਕਾਰਨ ਪਾਣੀ ਵਿਚ ਧਰਤੀ ਤੇ ਪੌਦੇ ਉੱਗੇ। ਸਭ ਤੋਂ ਪਹਿਲਾਂ ਰਸਾਇਣਕ ਕ੍ਰਿਆਵਾਂ ਰਾਹੀਂ ਇਕ ਸੈਲਾ ਜੀਵ ਅਮੀਬਾ ਬਣਿਆ। ਸਿਫਰ ਨੂੰ ਅਜ ਤਕ ਦੀ ਅਵਸਥਾ ਤਕ ਪਹੁੰਚਣ ਲਈ ਅਣਗਿਣਤ ਸਮਾਂ ਲੱਗਿਆ। ਇਨਸਾਨ ਜਾਨਵਰ ਤੋਂ ਇਕਦਮ ਅਲੱਗ ਨਹੀਂ ਹੋਇਆ। ਕੁਦਰਤ ਦੇ ਹਾਲਾਤ ਬਦਲਣ ਨਾਲ ਇਕ ਸੈਲਾ ਜੀਵ ਵਿਕਾਸ ਕਰਦਾ-2 ਮੱਛੀ, ਸੱਪ, ਸ਼ੇਰ, ਹਾਥੀ, ਬਾਂਦਰ, ਚਿੰਪੈਂਜੀ, ਅਤੇ ਆਦਿ ਮਾਨਵ ਬਣਿਆ। ਆਦਿ ਮਾਨਵ ਜਾਨਵਰਾਂ ਤੋਂ ਭਿੰਨ ਸੀ। ਉਸ ਨੂੰ ਅੱਜ ਦਾ ਮਾਨਵ ਬਣਨ ਵਾਸਤੇ 50,000 ਸਾਲ ਲੱਗੇ। ਪਹਿਲਾ ਮਾਨਵ ਉਮਰ ਭਰ ਬਚਪਨ ਦੀ ਸਥਿਤੀ ਵਿਚ ਰਹਿੰਦਾ ਸੀ। ਹੌਲੀ-2 ਇਹ ਸਮਾਂ ਘਟਦਾ ਗਿਆ। ਅੱਜ ਦਾ ਬੱਚਾ ਦੋ ਸਾਲ ਜਾਂ ਇਸ ਤੋਂ ਘੱਟ ਅਵਸਥਾ ਵਿਚ ਰਹਿੰਦਾ ਹੈ। ਬੱਚਾ ਵੀ ਜੇਕਰ ਜਾਨਵਰ ਨਾਲ ਰਹੇ ਤਾਂ ਜਾਨਵਰ ਬਣ ਜਾਂਦਾ ਹੈ। ਸਮਾਜ ਹੀ ਉਸ ਨੂੰ ਜਨਮ, ਮਰਨ, ਅਗਲੇ, ਪਿਛਲੇ, ਜਨਮ ਅਤੇ ਆਤਮਾ ਪ੍ਰਮਾਤਮਾ ਆਦਿ ਦੀਆਂ ਗੱਲਾਂ ਦੱਸਦਾ ਹੈ। ਅਸਲ ਵਿਚ ਔਰਤ ਅਤੇ ਮਰਦ ਦੇ ਬਰੀਕ ਸ਼ੁਕਰਾਣੂਆਂ ਦੇ ਮਿਲਣ ਕਾਰਨ ਮਨੁੱਖ ਦੀ ਹੋਂਦ ਬਣਦੀ ਹੈ (ਹੁਣ ਕਲੋਨ ਵਿਧੀ ਨਾਲ ਇਕੱਲੇ ਨਰ ਜਾਂ ਮਦੀਨ ਤੋਂ ਹੀ ਮਨੁੱਖੀ ਹੋਂਦ ਸੰਭਵ ਹੋ ਗਈ ਹੈ।) ਉਹ ਭੋਜਨ ਰਾਹੀਂ ਖੁਰਾਕ ਪ੍ਰਾਪਤ ਕਰਕੇ ਆਪਣੇ ਸਰੀਰ ਦਾ ਨਿਰਮਾਣ ਕਰਦਾ ਹੈ। ਪੂਰਨ ਵਿਕਾਸ ਤੋਂ ਬਾਅਦ ਹੌਲੀ-2 ਇਹ ਭਾਗ ਨਸ਼ਟ ਹੋਣ ਲਗਦੇ ਹਨ। ਉਹ ਆਪਣੀ ਔਲਾਦ ਰਾਹੀਂ ਧਰਤੀ ‘ਤੇ ਫਿਰ ਵਿਚਰਦਾ ਹੈ। ਅੱਜ ਅਸੀਂ ਸਮਾਜ ਦੀ ਜਿਸ ਅਵਸਥਾ ਵਿਚ ਹਾਂ, ਇਸ ਨੂੰ ਇਸ ਤਰ੍ਹਾਂ ਬਨਾਉਣ ‘ਚ ਅਨੇਕਾਂ ਮਨੁੱਖਾਂ ਦਾ ਹੱਥ ਹੈ। ਜਿਸ ਤਰਾਂ ਇਕ ਪੌਦੇ ਤੋਂ ਸੇਬ ਡਿੱਗਣ ਦੀ ਘਟਨਾ ਨੂੰ ਦੇਖ ਕੇ ਨਿਊਟਨ ਨੇ ਗੁਰੂਤਾ ਖਿੱਚ ਦਾ ਸਿਧਾਂਤ ਦਿੱਤਾ ਸੀ। ਚਾਹ ਕੇਤਲੀ ‘ਚੋਂ ਨਿਕਲਦੀ ਹੋਈ ਭਾਫ ਕਾਰਨ ਢੱਕਣ ਖੜਕਣ ਕਾਰਨ ਭਾਫ ਦੀ ਤਾਕਤ ਦਾ ਪਤਾ ਲੱਗਿਆ। ਭਾਫ ਇੰਜ਼ਣ ਬਣੇ, ਫਿਰ ਡੀਜ਼ਲ ਇੰਜ਼ਣ ਬਣੇ ਅਤੇ ਫਿਰ ਇਲੈਕਟ੍ਰਿਕ ਇੰਜਣ ਬਣੇ। ਬਿਜਲੀ ‘ਚ ਇਕ ਅਰਧ ਚਾਲਕ ਤੇ ਕੁਚਾਲਕ ਦੋ ਤਰ੍ਹਾਂ ਦੇ ਅਰਧ ਚਾਲਕਾਂ ਤੋਂ ਟਰਾਂਜਿਸਟਰ ਚਾਰ ਤਰ੍ਹਾਂ ਦੇ ਅਰਧ ਚਾਲਕਾਂ ਤੋਂ ਥਾਈਰਿਸਟਰ, ਫਿਰ ਮਿਲੇ-ਜੁਲੇ ਸਰਕਟ, ਮਾਈਕਰੋਪ੍ਰੋਸੈਸਰ, ਕੰਪਿਊਟਰਜ਼ ਚੱਲਣ ਫਿਰਨ ਵਾਲੇ ਕੰਪਿਊਟਰਜ਼ ਅਤੇ ਹੋਰ ਉੱਤਮ ਤੋਂ ਉੱਤਮ ਉਪਕਰਣ ਬਣੇ। ਇਹ ਸਿਫਰ ਤੋਂ ਮਨੁੱਖ ਦੀ ਤਰੱਕੀ ਦੀ ਕਹਾਣੀ ਹੈ। ਬੱਸ ਸਿਫਰ ਹੀ ਸੱਚ ਹੈ ਜੋ ਅਨੰਤ ਹੈ। ਜਿਸ ਤਰ੍ਹਾਂ ਸਿਫਰ ਤੋਂ ਅੱਜ ਦਾ ਸੰਸਾਰ ਬਣਨ ਲਈ ਅਨੰਤ ਸਮਾਂ ਲੱਗਿਆ, ਇਸ ਤਰ੍ਹਾਂ ਸੰਸਾਰ ਨੂੰ ਸਿਫਰ ਬਣਨ ਲਈ ਵੀ ਅਨੰਤ ਸਮਾਂ ਲੱਗੇਗਾ।

ਡਾ. ਵਾਟਸਨ ਵੱਲੋਂ 1953 ਵਿਚ ਡੀ. ਐਨ. ਏ. ਦੀ ਸੰਰਚਨਾ ਪਤਾ ਲਗਾਉਣ ਤੋਂ ਬਾਅਦ ਜੀਵਨ ਦੀਆਂ ਪ੍ਰੀਕ੍ਰਿਆਵਾਂ ਨੂੰ ਸਮਝਣ ਵਿਚ ਕਾਫੀ ਮਦਦ ਮਿੱਲੀ ਹੈ। ਡੀ. ਐਨ. ਏ. (ਡੀ ਆਕਸੀ ਰਿਬੋਜ ਨਿਊਕਲਿਕ ਐਸਿਡ) ਦੀ ਡਬਲ ਹੈਲੀਕਸ ਸੰਰਚਨਾ ਦੀ ਖੋਜ ਨਾਲ ਜੈਵ ਵਿਗਿਆਨ ਦੇ ਅਧਿਐਨ ਵਿਚ ਕ੍ਰਾਂਤੀਕਾਰੀ ਮੋੜ ਆਇਆ। ਵਿਗਿਆਨੀਆਂ ਨੇ ਜੀਵਤ ਕੋਸ਼ਿਕਾਵਾਂ ਦੀ ਪ੍ਰਣਾਲੀ ਦਾ ਪਤਾ ਲਗਾ ਕੇ ਖਾਸ (ਜੀਨ) ਦੀ ਪਹਿਚਾਣ ਕੀਤੀ। ਇਕ ਜੀਵ ਤੋਂ ਦੂਜੇ ਵਿਚ ਉਨ੍ਹਾਂ ਨੂੰ ਤਬਦੀਲ ਕਰਨ ਦੀ ਵਿਧੀ ਵਿਕਸਿਤ ਕੀਤੀ ਗਈ। ਹੁਣ ਜੀਵ ਦੀ ਸੰਰਚਨਾ ਕੀਤੀ ਜਾ ਸਕਦੀ ਹੈ ਅਤੇ ਮਨੁੱਖੀ ਕਲੋਨ (ਸਮਰੂਪ) ਵਿਕਸਿਤ ਕੀਤਾ ਜਾ ਸਕਦਾ ਹੈ। ਮਨੁੱਖ ਦੇ 75000 ਤਕ ਦੇ ਜੀਨਾਂ ਦੀ ਪਹਿਚਾਣ ਕਰ ਲਈ ਗਈ ਹੈ। ਬਾਕੀ ਜੀਨਾਂ ਦੀ ਪਹਿਚਾਣ ਵੀ ਜਲਦੀ ਕਰ ਲਏ ਜਾਣ ਦੀ ਸੰਭਾਵਨਾ ਹੈ। ਮਾਨਵ ਜੀ-ਨੋਮ ਮੁਹਿੰਮ ਇਕ ਵਿਸ਼ਵ ਵਿਆਪੀ ਖੋਜ ਯੋਜਨਾ ਹੈ। ਇਹ 1990 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਸੰਨ 2025 ਤਕ ਪੂਰੇ ਹੋ ਜਾਣ ਦੀ ਸੰਭਾਵਨਾ ਹੈ। ਜੀਨ ਅਤੇ ਵਾਤਾਵਰਣ ਇਕ ਦੂਜੇ ਉੱਪਰ ਨਿਰਭਰ ਕਰਦੇ ਹਨ। ਜੀਨ ਅਧਿਐਨ ਰਾਹੀਂ ਮਨੁੱਖ ਜਾਤੀ ‘ਚ ਪਾਈਆਂ ਜਾਂਦੀਆਂ 6 ਹਜ਼ਾਰ ਤਰ੍ਹਾਂ ਦੀਆਂ ਪਿੱਤਰੀ ਖਰਾਬੀਆਂ ਨੂੰ ਜੀਨ ਸੰਸ਼ੋਧਨ ਤਕਨੀਕ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਧਰਤੀ ਉਸ ਸੰਤਰੇ ਵਰਗਾ ਗੋਲਾ ਹੈ ਜਿਹੜਾ ਜ਼ਰਾ ਕੁ ਫਿੱਸਿਆ ਹੋਵੇ। ਇਸ ਦਾ ਵਿਆਸ 8000 ਮੀਲ ਹੈ। ਅਸੀਂ ਧਰਤੀ ਦੇ ਕੇਂਦਰ ਤੋਂ 4000 ਮੀਲ ਦੀ ਵਿੱਥ ‘ਤੇ ਰਹਿੰਦੇ ਹਾਂ ਪਰ ਜੀਵਨ ਦੀਆਂ ਨਿਸ਼ਾਨੀਆਂ ਕੇਵਲ 3 ਮੀਲ ਹੇਠਾਂ ਤਕ ਮਿਲਦੀਆਂ ਹਨ। ਇਸ ਦੀ ਸਤ੍ਹਾ ਤੋਂ 5 ਮੀਲ ਤੋਂ ਵੱਧ ਉਪਰ ਵੱਲ ਵੀ ਨਹੀਂ ਮਿਲਦੀਆਂ। ਬਾਕੀ ਸਾਰਾ ਅਪਾਰ-ਪਸਾਰਾ ਖਾਲੀ ਤੇ ਨਿਰਜਿੰਦ ਹੈ। ਸਮੁੰਦਰ ਵਿਚ ਡੂੰਘੀ ਤੋਂ ਡੂੰਘੀ ਖੱਡ 5 ਮੀਲ ਹੈ। ਅੱਜ ਸਭ ਤੋਂ ਛੋਟੇ ਕਣ ਇਲੈਕਟ੍ਰਾਨ, ਪ੍ਰੋਟਾਨ ਜਾਂ ਵਿਕਰਣਾਂ ਦੀ ਖੋਜ ਹੋ ਗਈ ਹੈ। ਇਸ ਤਰ੍ਹਾਂ ਬ੍ਰਹਿਮੰਡ ਦੇ ਭੇਦ ਦਿਨੋਂ ਦਿਨ ਖੁਲ੍ਹਦੇ ਜਾਣਗੇ। ਠੋਸ ਵਿਚ ਪ੍ਰਮਾਣੂਆਂ ਦੇ ਵਿਚਕਾਰ ਸਭ ਤੋਂ ਜ਼ਿਆਦਾ ਖਿਚਾਅ ਹੈ। ਦ੍ਰਵ ਵਿਚ ਉਸ ਤੋਂ ਘੱਟ ਖਿਚਾਅ ਹੈ। ਜਿਵੇਂ-2 ਖਿਚਾਅ ਘੱਟ ਹੁੰਦਾ ਹੈ ਉਵੇਂ-2 ਗਤੀ ਵਧਦੀ ਜਾਂਦੀ ਹੈ। ਇਕ ਅਵਸਥਾ ਆਉਂਦੀ ਹੈ ਜਦੋਂ ਪੁੰਜ ਸਿਫਰ ਹੋ ਜਾਂਦਾ ਹੈ ਅਤੇ ਗਤੀ ਅਨੰਤ ਹੋ ਜਾਂਦੀ ਹੈ। ਪ੍ਰਮਾਣੂ ਊਰਜਾ ਵੀ ਗਤੀ ਦੇ ਕਾਰਨ ਹੀ ਹੈ। ਸੂਰਜ ਦੀ ਤਾਪ ਊਰਜਾ ਉਸ ਵਿਚ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ ਹਾਈਡ੍ਰੋਜਨ ਅਤੇ ਹੀਲੀਅਮ ਦੇ ਕਾਰਨ ਹੀ ਹੈ। ਇਹ ਸਭ ਅਣੂਆਂ ਦੀ ਗਤੀ ਕਾਰਨ ਹੈ। ਬੰਨ੍ਹ ਦੇ ਉੱਪਰ ਖੜੇ ਪਾਣੀ ਵਿਚ ਊਰਜਾ ਨਹੀਂ ਹੁੰਦੀ। ਇਹ ਊਰਜਾ ਉਸ ਦੇ ਡਿੱਗਣ ਨਾਲ ਗਤੀ ਦੀ ਅਵਸਥਾ ਵਿਚ ਪੈਦਾ ਹੁੰਦੀ ਹੈ। ਵਿਅਕਤੀ ਦੇ ਗੁਣ-ਔਗੁਣ ਉਸ ਦੇ ਦਾਦਾਦਾਦੀ, ਨਾਨਾ-ਨਾਨੀ ਅਤੇ ਮਾਂ-ਬਾਪ ਤੋਂ ਮਿਲਦੇ ਡੀ. ਐਨ. ਏ. ਅਤੇ ਆਰ. ਐਨ. ਏ. ਦੇ ਕਾਰਨ ਹੁੰਦੇ ਹਨ। ਆਦਿ ਮਾਨਵ ਕੇਵਲ ਇੰਦਰੀਆਂ ਦੇ ਅਨੁਭਵ ਬਾਰੇ ਜਾਣਦਾ ਸੀ। ਇਸ ਲਈ ਉਸ ਨੇ ਸੰਸਾਰ ਪੰਜ ਤੱਤਾਂ ਦਾ ਬਣਿਆ ਮਿਥ ਲਿਆ। ਅੱਜ ਵਿਗਿਆਨ ਨੇ 107 ਤੱਤਾਂ ਦਾ ਪਤਾ ਲਗਾ ਲਿਆ। ਆਦਿ ਮਾਨਵ ਦੀਆਂ ਝੂਠੀਆਂ ਕਲਪਨਾਵਾਂ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਮਾਨਸਿਕ ਰੂਪ ਵਿਚ ਗੁਲਾਮ ਰੱਖਿਆ। ਸੰਘਰਸ਼ ਤੋਂ ਡਰਨ ਵਾਲੇ ਲੋਕ ਹੀ ਕਿਸਮਤ ਦੀਆਂ ਗੱਲਾਂ ਫੈਲਾਉਂਦੇ ਹਨ। ਪਰਿਵਰਤਨ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਖਿਚਾਅ ਹੈ ਇਸ ਲਈ ਧਕਾਅ ਹੈ। ਕ੍ਰਿਆ ਹੈ ਇਸ ਲਈ ਪ੍ਰਤੀਕ੍ਰਿਆ ਹੈ। ਹਨੇਰਾ ਹੈ ਇਸ ਲਈ ਚਾਨਣ ਹੈ। ਪਿਆਰ ਹੈ ਇਸ ਲਈ ਨਫ਼ਰਤ ਹੈ। ਜਨਮ ਹੈ ਇਸ ਲਈ ਮੌਤ ਹੈ। ਸਾਡਾ ਦਿਮਾਗ ਜੋ ਯਾਦਾਸ਼ਤ ‘ਚ ਸਥਿਰ, ਦ੍ਰਿਸ਼ ਗੱਲਾਂ ਆਦਿ ਦਾ ਵਿਸ਼ਲੇਸ਼ਣ ਕਰਦਾ ਹੈ ਉਸ ਨੂੰ ਮਨ ਕਿਹਾ ਜਾਂਦਾ ਹੈ। ਮਨ ਨੂੰ ਸਥਿਰ ਕਰਨ ਦੀ ਲੋੜ ਨਹੀਂ। ਮਨ ਨੂੰ ਭਟਕਣ ਦਿਓ। ਫਿਰ ਹੀ ਨਵੀਆਂ ਖੋਜਾਂ ਹੋਣਗੀਆਂ। ਜੇ ਸਾਡੇ ਸਾਰਿਆਂ ਦਾ ਮਨ ਸਥਿਰ ਹੋ ਗਿਆ ਤਾਂ ਦਿਮਾਗ ਪੱਥਰ ਹੋ ਜਾਵੇਗਾ ਅਤੇ ਇਹ ਮਨੁੱਖ ਜਾਤੀ ਦੀ ਮੌਤ ਹੈ।

ਮਨੁੱਖ ਨੂੰ ਵੱਧ ਤੋਂ ਵੱਧ ਡਰਾਉਣ ਲਈ ਹੀ ਕੁਝ ਲੋਕਾਂ ਵਲੋਂ ਇਸ ਜੱਗ ਰਚਨਾ ਨੂੰ ਝੂਠ ਕਿਹਾ ਜਾਂਦਾ ਹੈ, ਤਾਂ ਕਿ ਮਨੁੱਖ ਦਾਨ ਪੁੰਨ ਕਰੀ ਜਾਵੇ ਤੇ ਇਸ ਦਾਨ ਪੁੰਨ ਦੇ ਆਸਰੇ ਵਿਹਲੜ ਲੋਕ ਮੌਜਾਂ ਮਾਣ ਸਕਣ। ਜੇ ਝੂਠ ਹੈ ਤਾਂ ਉਹ ਨਰਕ-ਸਵਰਗ ਦੇ ਅਗਲੇ ਪਿਛਲੇ ਜਨਮ ਦੀਆਂ ਗੱਲਾਂ, ਇਨ੍ਹਾਂ ਨਰਕਾਂ-ਸੁਰਗਾਂ ਦੇ ਝੂਠੇ ਡਰਾਵੇ ਅਤੇ ਲਾਲਚ ਦੇ ਕੇ ਇਸ ਜੱਗ ਰਚਨਾ ਨੂੰ ਝੂਠ ਕਹਿੰਦੇ ਲੋਕਾਂ ਵਲੋਂ ਕਿਰਤੀ ਲੋਕਾਂ ਦੀ ਕਮਾਈ ਲੁੱਟੀ ਜਾਂਦੀ ਹੈ। ”ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ ਸਾਨੂੰ ਕਹਿੰਦੇ ਨੇ ਇਹ ਜਹਾਨ ਝੂਠਾ।” ਆਪਣੇ ਮਨ ਵਿਚੋਂ ਡਰ ਦਾ ਤਿਆਗ ਕਰਕੇ ਸਾਨੂੰ ਇਸ ਜ਼ਿੰਦਗੀ ਅਤੇ ਸਮਾਜ ਨੂੰ ਖੂਬਸੂਰਤ ਬਣਾਉਣ ਲਈ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ।

(ਅਮਰਜੀਤ ਢਿੱਲੋਂ ਦਬੜੀਖਾਨਾ)

001 431 374 6646

ਵਟਸ ਐਪ 94171 20427

bajakhanacity@gmail.com

Install Punjabi Akhbar App

Install
×