‘ਕੋਰੋਨਾ ਤਾਲਾਬੰਦੀ’ ਤੋਂ ਬਾਅਦ ਸਕੂਲ ਖੋਲ੍ਹਣ ਲਈ, ਕੀ ਕਰਨਾ ਲੋੜੀਏ

ਮੂਲ ਲੇਖਿਕਾ: ਵਿਮਲਾ ਰਾਮਾਚੰਦਰਨ

ਅਨੁਵਾਦ ਤੇ ਪੇਸ਼ਕਸ਼ : ਯਸ਼ ਪਾਲ

”ਇਹ ਜਰੂਰੀ ਬਣਦਾ ਹੈ ਕਿ ਅਧਿਆਪਕ ਸਿਲੇਬਸਾਂ ਨੂੰ ਪੂਰਾ ਕਰਨ ਦੀ ਕਾਹਲ ਨਾ ਕਰਨ ਅਤੇ ਵਿਦਿਆਰਥੀਆਂ ਦੇ ਭਾਵਨਾਤਮਕ ਜਖ਼ਮ ਭਰਨ ਦੀ ਲੋੜ ਨੂੰ ਸਮਝਣ।”
ਸੰਸਾਰ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਭਾਰਤ ਨੇ ਮਾਰਚ ਦੇ ਅਖੀਰ ਵਿੱਚ ਸੰਪੂਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ। ਇਹ ਐਲਾਨ ਤਾਲਾਬੰਦੀ ਲੱਗਣ ਤੋਂ ਸਿਰਫ ਚਾਰ ਘੰਟੇ ਪਹਿਲਾਂ ਹੀ ਕੀਤਾ ਗਿਆ। ਮੁਲਕ ਭਰ ਵਿੱਚ ਸਕੂਲ ਬੰਦ ਕਰ ਦਿੱਤੇ ਗਏ। ਸਕੂਲ ਕਦ ਖੁੱਲ੍ਹਣਗੇ, ਇਸਦੀ ਜਾਣਕਾਰੀ ਤਾਂ ਸਾਨੂੰ ਅਜੇ ਤੱਕ ਵੀ ਨਹੀਂ। ਪਰ ਅਧਿਕਾਰੀਆਂ ਵੱਲੋਂ ਸਿਲੇਬਸ ਘੱਟ ਕਰਨ ਦੀਆਂ ਚਰਚਾਵਾਂ ਸੰਬੰਧੀ ਕਈ ਤਰ੍ਹਾਂ ਦੀਆਂ ਘੋਸ਼ਣਾਵਾਂ ਤੇ ਅਗਵਾਈ ਸੇਧਾਂ ਜਾਰੀ ਕੀਤੀਆਂ ਗਈਆਂ ਹਨ। ਪ੍ਰਾਇਮਰੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਅਜੇ ਹੋਰ ਕਈ ਮਹੀਨੇ ਘਰ ਰਹਿਣ ਦੀਆਂ ਹਦਾਇਤਾਂ ਵੀ ਹਨ।
ਲੰਬੇ ਕੋਰੋਨਾ ਲਾਕਡਾਊਨ ਨੇ ਝੰਬੇ ਵਿਦਿਆਰਥੀ, ਅਧਿਆਪਕ ਤੇ ਮਾਪੇ
ਸਭਨਾਂ ਸਮਾਜਿਕ ਤਬਕਿਆਂ ਤੇ ਜਮਾਤਾਂ ਦੇ ਬੱਚਿਆਂ ਦੇ ਉੱਪਰ ਲਗਾਤਾਰ ਕੋਰੋਨਾ ਵਾਇਰਸ ਦੇ ਖਤਰੇ ਦੀਆਂ ਘੰਟੀਆਂ ਦੀ ਗੋਲਾਬਾਰੀ ਹੋ ਰਹੀ ਹੈ ਤੇ ਇਹ ਵੀ ਕਿ ਇਸ ਖਤਰੇ ਤੋਂ ਬਚਣ ਲਈ ਆਪਣੇ ਆਪ ਨੂੰ ਘਰਾਂ ਵਿੱਚ ਹੀ ਕਿਵੇਂ ਬੰਦ ਰੱਖਿਆ ਜਾਵੇ। ਜਦ ਕਿ ਦੂਜੇ ਪਾਸੇ ਅਸੀਂ ਹਜਾਰਾਂ ਹੀ ਪਰਿਵਾਰਾਂ ਨੂੰ ਤਪਦੇ ਸੂਰਜ ਦੀ ਤਿੱਖੀ ਧੁੱਪ ਵਿੱਚ ਤੂੜੀਆਂ ਹੋਈਆਂ ਗੱਡੀਆਂ ਤੇ ਬੱਸਾਂ ਵਿੱਚ ਆਪਣੇ ਜੱਦੀ ਘਰਾਂ ਨੂੰ ਪਰਤਦਿਆਂ ਵੇਖ ਰਹੇ ਹਾਂ। ਸਭ ਤੋਂ ਦੁਖਦਾਈ ਇਹ ਕਿ ਭੁੱਖਣ ਭਾਣਿਆਂ ਤੇ ਬੇ-ਆਸ ਹੋਇਆਂ ਨੂੰ ਮਕਾਨ ਮਾਲਕਾਂ ਵੱਲੋਂ ਪਰਿਵਾਰਾਂ ਨੂੰ ਘਰਾਂ ਤੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਹ ਕਿਰਾਇਆ ਦੇਣ ਤੋਂ ਅਸਮਰੱਥ ਹਨ। ਫੈਕਟਰੀ ਮਾਲਕਾਂ / ਨਿਯੁਕਤੀਕਾਰਾਂ ਵੱਲੋਂ ਕਾਮਿਆਂ ਨੂੰ ਨੌਕਰੀਓਂ ਹਟਾ ਦਿੱਤਾ ਗਿਆ ਤੇ ਘਰੇਲੂ ਕਾਮਿਆਂ ਨੂੰ ਉਹੋ ਲੋਕ ਹੀ ਅਛੂਤ ਸਮਝਣ ਲੱਗ ਪਏ, ਜਿਹੜੇ ਆਪਣੇ ਸਾਰੇ ਘਰੇਲੂ ਕੰਮਾਂ ਕਾਰਾਂ ਤੇ ਬੱਚਿਆਂ ਦੀ ਸੰਭਾਲ ਲਈ ਉਨ੍ਹਾਂ ‘ਤੇ ਹੀ ਨਿਰਭਰ ਸਨ। ਛੋਟੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਨੌਕਰੀ ਖੁੱਸ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਠੇਕਾ-ਅਧਾਰਿਤ ਕਰਮਚਾਰੀਆਂ ‘ਤੇ ਨੌਕਰੀਓਂ ਕੱਢੇ ਜਾਣ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਹੀ ਕਈ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਨੌਕਰੀਓਂ ਕੱਢੇ ਕਈ ਅਧਿਆਪਕਾਂ ਦੀਆਂ ਮਗਨਰੇਗਾ ਕੰਮ ਲਈ ਲਾਈਨ ਵਿੱਚ ਲੱਗਿਆਂ ਦੀਆਂ ਰਿਪੋਰਟਾਂ ਵੀ ਹਨ।
1947 ਦੀ ਵੰਡ ਦੌਰਾਨ ਹੋਏ ਦਰਦਨਾਕ ਦੁਪਾਸੀ-ਪ੍ਰਵਾਸ ਤੋਂ ਬਾਅਦ, ਭਾਰਤ ਨੇ ਇਸ ਕਿਸਮ ਦਾ ਕੋਈ ਅਜਿਹਾ ਸਦਮਾ ਨਹੀਂ ਸੀ ਦੇਖਿਆ।
ਹਾਸ਼ੀਏ ‘ਤੇ ਖੜ੍ਹੇ ਗਰੀਬ ਬੱਚੇ – ਏਜੰਡੇ ਤੋਂ ਬਾਹਰ ਕਿਉਂ?
” ਬੱਚੇ ਸਦਮੇ ‘ਚ ਹਨ, ਡੌਰ-ਭੌਰ ਹਨ ਅਤੇ ਇਹ ਸਮਝਣ ‘ਚ ਅਸਮਰੱਥ ਵੀ ਹਨ ਕਿ ਉਨ੍ਹਾਂ ਦੇ ਆਲੇ ਦੁਆਲੇ ਇਹ ਕੀ ਵਾਪਰ ਰਿਹਾ ਹੈ। ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਬਹੁਤ ਹੀ ਗਰੀਬ ਪਰਿਵਾਰਾਂ ਦੇ ਬੱਚੇ ਨਾ ਸਿਰਫ ਪੜ੍ਹਾਈ-ਸਿਖਲਾਈ ਦੀ ਚੱਲ ਰਹੀ ਪ੍ਰਕਿਰਿਆ ਨਾਲੋਂ ਟੁੱਟ ਗਏ ਹਨ ਸਗੋਂ ਉਹ ਦੁਪਹਿਰ ਦੇ ਖਾਣੇ (ਮਿੱਡ-ਡੇਅ-ਮੀਲ) ਤੋਂ ਵੀ ਵਾਂਝੇ ਹੋ ਗਏ ਹਨ ਜਿਸ ਨੇ ਉਹਨਾਂ ਨੂੰ ਸਕੂਲਾਂ ਅੰਦਰ ਟਿਕਾ ਕੇ ਰੱਖਿਆ ਹੋਇਆ ਸੀ।

” ਜਦ ਕਿ ਅਮੀਰ ਤੇ ਮੱਧਵਰਗੀ ਤਬਕੇ ਦੀ ਕੰਪਿਊਟਰ ਤੇ ਸਮਰਾਟ ਫੋਨ ਤੱਕ ਪਹੁੰਚ ਕਾਰਨ ਸਕੂਲਾਂ ਤੋਂ ਚਲਾਈ ਜਾ ਰਹੀ ਆਨਲਾਈਨ ਸਿੱਖਿਆ ਤੱਕ ਵੀ ਉਨ੍ਹਾਂ ਦੀ ਰਸਾਈ ਹੈ ਪਰ ਦੂਜੇ ਪਾਸੇ ਬੱਚਿਆਂ ਦੀ ਵੱਡੀ ਬਹੁ ਗਿਣਤੀ ਵਿਸ਼ੇਸ਼ ਕਰਕੇ ਸਰਕਾਰੀ ਸਕੂਲਾਂ ਅੰਦਰ ਤੇ ਸਸਤੇ ਪ੍ਰਾਈਵੇਟ ਸਕੂਲਾਂ ਅੰਦਰ ਪੜ੍ਹ ਰਹੇ ਬੱਚੇ ਅਜਿਹੇ ਅਵਸਰਾਂ ਤੋਂ ਵਾਂਝੇ ਹਨ। ਇਸ ਲਈ ਇਹ ਬੇਹੱਦ ਹੈਰਾਨੀਜਨਕ ਹੈ ਕਿ ਅੱਜ ਸਿੱਖਿਆ ਸੰਬੰਧੀ ਚੱਲ ਰਹੀ ਬਹਿਸ ਦਾ ਬਹੁਤਾ ਸਮਾਂ ‘ਤੇ ਜੋਰ ਆਨਲਾਈਨ ਸਿੱਖਿਆ-ਸਿਖਲਾਈ ਬਾਰੇ ਤੇ ਇਸਦੇ ਨਫੇ-ਨੁਕਸਾਨ ਉੱਪਰ ਹੀ ਲੱਗ ਰਿਹਾ ਹੈ। ਸਕੂਲ ਬੰਦ ਹੋਣ ਨਾਲ ਮੂਲੋਂ ਹੀ ਹਾਸ਼ੀਏ ‘ਤੇ ਖੜ੍ਹੇ ਅਤੇ ਗਰੀਬ ਬੱਚਿਆਂ ਉੱਪਰ ਪੈ ਰਹੇ ਅਸਰਾਂ ਉੱਤੇ ਕੋਈ ਬਹਿਸ ਜਾਂ ਵਿਚਾਰ ਚਰਚਾ ਨਹੀਂ ਹੋ ਰਹੀ।
” ਅਫਸੋਸ ਹੈ ਕਿ, ਨਾ ਹੀ ਸਰਕਾਰ ਅਤੇ ਨਾ ਹੀ ਐਨ.ਸੀ.ਈ.ਆਰ.ਟੀ. ਤੇ ਐੱਸ.ਸੀ.ਈ.ਆਰ.ਟੀ. ਵਰਗੀਆਂ ਸਰਕਾਰੀ ਸੰਸਥਾਵਾਂ ਇਸ ਬਾਰੇ ਗੱਲ ਕਰ ਰਹੀਆਂ ਹਨ ਕਿ ਉਹ ਬੱਚਿਆਂ ਦੇ ਮੁੜ ਸਕੂਲ ਪਰਤਣ ਨੂੰ ਕਿਵੇਂ ਸਹਿਜ ਬਣਾ ਸਕਦੀਆਂ ਹਨ ਅਤੇ ਉਨ੍ਹਾਂ ਅੰਦਰਲੇ ਸਦਮੇ ਤੇ ਡਰ ਨੂੰ ਕਿਵੇਂ ਸੰਬੋਧਤ ਹੋ ਸਕਦੀਆਂ ਹਨ। ਇਸ ਮੁੱਦੇ ਉੱਪਰ ਵੀ ਬਹੁਤ ਘੱਟ ਚਰਚਾ ਚਲਦੀ ਹੈ ਕਿ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਾਪਸ ਪਰਤਣ ‘ਤੇ ਪੇਂਡੂ ਸਕੂਲ ਉਨਾਂ ਨਾਲ ਕਿਵੇਂ ਰਾਬਤਾ ਬਣਾਉਣ।
” ਨਾ ਹੀ ਇਹ ਸੰਸਥਾਵਾਂ ਉਹਨਾਂ ਬੱਚਿਆਂ ਦੀ ਸਰੀਰਕ, ਮਾਨਸਿਕ ਤੇ ਭਾਵਨਾਤਮਕ ਅਵਸਥਾ ਪ੍ਰਤੀ ਕੋਈ ਸਰੋਕਾਰ ਦਿਖਾ ਰਹੀਆਂ ਹਨ ਜਿਹੜੇ ਮਹਾਂਨਗਰਾਂ ਤੋਂ ਆਪਣੇ ਜੱਦੀ ਪਿੰਡਾਂ ਨੂੰ ਉਲਟ-ਪ੍ਰਵਾਸ ਦੇ ਸਦਮੇ ਵਿੱਚੋਂ ਵੀ ਲੰਘੇ ਸਨ ਜਿੰਨ੍ਹਾਂ ਨੇ ਦਰਦਨਾਕ ਸਫਰ, ਭੁੱਖ ਤੇ ਕੁਪੋਸ਼ਣ ਨੂੰ ਹੰਢਾਇਆ ਹੈ । ਇਹ ਇੱਕ ਦ੍ਰਿਸ਼ਟਾਂਤ ਹੈ ਕਿ ਕਿਵੇਂ ਕਿਸੇ ਸੰਕਟ ਤੋਂ ਪਹਿਲਾਂ, ਸੰਕਟ ਦੌਰਾਨ ਤੇ ਸੰਕਟ ਤੋਂ ਬਾਅਦ, ਫੈਸਲੇ ਲੈਣ ਸਮੇਂ, ਕੁੱਝ ਤਬਕੇ ਅਣਡਿੱਠ ਹੋ ਜਾਂਦੇ ਹਨ।
ਲਾਕਡਾਊਨ ਹਟਾਉਣ ਤੋਂ ਫੌਰੀ ਬਾਅਦ ਫੌਰੀ ਧਿਆਨਯੋਗ ਮੁੱਦੇ
” ਪੇਂਡੂ ਸਕੂਲਾਂ ਅੰਦਰ ਮੁੜ ਪਰਤਣ ਵਾਲੇ ਅਤੇ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਨੂੰ ਪੜ੍ਹਾਈ-ਸਿਖਲਾਈ ਦੀ ਪ੍ਰਕਿਰਿਆ ਨੂੰ ਮੁੜ ਰਵਾਂ ਕਰਨ ਦੇ ਸਮਰੱਥ ਬਣਾਉਣ ਲਈ ਮਨੋਵਿਗਿਆਨਕ ਤੇ ਭਾਵਨਾਤਮਕ ਸਹਾਰੇ ਦੀ ਲੋੜ ਹੋਵੇਗੀ। ਬਾਲ ਵਿਕਾਸ ਦੇ ਖੇਤਰ ਦੀ ਇੱਕ ਅਹਿਮ ਹਸਤੀ ਸ਼੍ਰੀਮਤੀ ਨੰਦਿਤਾ ਚੌਧਰੀ ਚੇਤੇ ਕਰਾਉਂਦੀ ਹੈ ਕਿ ਹੋ ਸਕਦਾ ਹੈ ਕਿ ਕੁੱਝ ਬੱਚਿਆਂ ਨੇ ਆਪਣੇ ਕਿਸੇ ਪਰਿਵਾਰਕ ਜੀਅ ਦੀ ਬਿਮਾਰੀ ਜਾਂ ਮੌਤ ਨੂੰ ਹੰਢਾਇਆ ਹੋਵੇ, ਕੁੱਝ ਪਰਿਵਾਰਕ ਉਜਾੜੇ ਜਾਂ ਉਜਾੜੇ ਦੇ ਡਰ ਵਿੱਚੋਂ ਦੀ ਲੰਘੇ ਹੋਣ ਅਤੇ ਕੁੱਝ ਨੇ ਉਨ੍ਹਾਂ ਸ਼ਹਿਰਾਂ ਤੋਂ ਸੈਂਕੜੇ ਮੀਲ ਸਫਰ ਤੈਅ ਕੀਤਾ ਹੋਵੇ ਜਿਨ੍ਹਾਂ ‘ਚੋਂ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਬੇਦਖਲ ਕਰ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਨ੍ਹਾਂ ਬੱਚਿਆਂ ਲਈ ਵੀ ਮਹਾਂਮਾਰੀ ਦਾ ਖੌਫ਼ ਬੇਹੱਦ ਅਸਰ-ਅੰਦਾਜ ਹੋਇਆ ਹੋਵੇਗਾ ਜਿੰਨਾਂ ਨੇ ਸਿੱਧੇ ਤੌਰ ‘ਤੇ ਕੋਈ ਅਜਿਹਾ ਸਦਮਾ ਜਾਂ ਦੁਰ-ਵਿਹਾਰ ਨਾ ਵੀ ਹੰਢਾਇਆ ਹੋਵੇ।
” ਸਥਿੱਤੀ ਤੇ ਇਸਦੇ ਸਿੱਟਿਆਂ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਅਸਮਰਥ ਹੋਣ ਤੋਂ ਬਿਨਾ ਵੀ ਬੱਚੇ ਸਿੱਧੇ ਜਾਂ ਗੁੱਝੇ ਤੌਰ ‘ਤੇ ਅਸਰ-ਅੰਦਾਜ ਹੋਏ ਹਨ। ਡਰ ਤੋਂ ਅਨਿਸਚਤਤਾ ਰਹਿਣ ਕਰਕੇ ਅਤੇ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਦੇ ਮੰਜਿਰਾਂ/ਦ੍ਰਿਸ਼ਾਂ ਦੀਆਂ ਖਬਰਾਂ/ਰਿਪੋਰਟਾਂ ਦੇਖਣ ਨਾਲ ਹਰ ਉਮਰ ਦੇ ਬੱਚੇ ਪ੍ਰਭਾਵਿਤ ਹੋਏ ਹੋਣਗੇ। ਇਹ ਹਨ ਸਾਰੇ ਮੁੱਦੇ ਜਿੰਨ੍ਹਾਂ ਨਾਲ ਸਕੂਲਾਂ ਨੂੰ ਸਿੱਝਣਾ ਹੋਵੇਗਾ, ਜਦ ਬੱਚੇ ਆਪਣੇ ਘਰੋਂ ਮੁੜ ਸਕੂਲ ਪਰਤਣਗੇ। ਇਹ ਜਿੰਮੇਵਾਰੀ ਸਕੂਲ ਅਧਿਆਪਕਾਂ ਤੇ ਪ੍ਰਬੰਧਕਾਂ ਦੀ ਬਣਦੀ ਹੈ ਕਿ ਉਹ ਬੱਚਿਆਂ ਦੇ ਸਹਾਰੇ ਲਈ ਰਣਨੀਤੀਆਂ/ਢੰਗ ਤਰੀਕੇ ਬਣਾਉਣ।
ਸਕੂਲ ਕੀ ਕਰਨ ਤੇ ਕੀ ਕਰ ਸਕਦੇ ਹਨ ?
” ਇਸ ਲਈ ਲੋੜ ਹੈ ਕਿ ਸਕੂਲ ਬੱਚਿਆਂ ਲਈ ਬੱਝਵੀਆਂ ਸਰਗਰਮੀਆਂ ਤੇ ਸੰਵਾਦ ਰਚਾਉਣ ਦੀ ਵਿਉਂਤਬੰਦੀ ਕਰਨ। ਬਿਹਤਰ ਹੈ ਕਿ ਨਿੱਕੇ ਨਿੱਕੇ ਗਰੁੱਪਾਂ ਵਿੱਚ, ਤਾਂ ਜੋ ਉਹ। ਆਪਣੀ ਗੱਲ ਰੱਖ ਸਕਣ। ਤੇ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ ਤੇ ਵਲਵਲਿਆਂ ਦਾ ਇਜ਼ਹਾਰ ਕਰ ਸਕਣ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ, ਇਸ ਪੱਖੋਂ ਅਧਿਆਪਕਾਂ ਨੂੰ ਸੰਵੇਦਨਸ਼ੀਲ ਬਣਾਉਣ ਤੇ ਸਿੱਖਿਅਤ ਕਰਨ ਦੀ ਲੋੜ ਹੋਵੇਗੀ ਤਾਂ ਜੋ ਉਹ ਪਾਠਕ੍ਰਮ ਮੁਕਾਉਣ ਦੀ ਕਾਹਲ ਨਾ ਕਰਨ ਜਾਂ ਸਿੱਧੇ ਹੀ ਰਸਮੀ ਪੜ੍ਹਾਈ ਸ਼ੁਰੂ ਕਰਵਾਉਣ ਨਾ ਲੱਗ ਜਾਣ। ਅਧਿਆਪਕਾਂ ਤੇ ਵਿਦਿਆਰਥੀਆਂ ਦੋਹਾਂ ਲਈ, ਇੱਕ ਦੂਜੇ ਦੀ ਸਹਾਇਤਾ ਕਰਨ ਤੇ ਜਖ਼ਮ-ਭਰਪਾਈ ਕਰਨ ਲਈ, ਸੁਚੇਤ ਤੌਰ ‘ਤੇ ਵਾਹਵਾ ਰਾਖਵਾਂ ਸਮਾਂ ਕੱਢਣਾ ਹੋਵੇਗਾ।
” ਮੈਨੂੰ ਯਾਦ ਹੈ ਕਿ 2001 ਦੇ ਕੱਛ ‘ਚ ਆਏ ਭੁਚਾਲ ਅਤੇ 2004 ਦੇ ਦੱਖਣੀ ਤੱਟੀ ਭਾਰਤ ਵਿੱਚ ਆਈ ਸੁਨਾਮੀ ਤੋਂ ਬਾਅਦ ਅਧਿਆਪਕ ਸੋਚਦੇ ਸਨ ਕਿ ਬੱਚਿਆਂ ਨੂੰ ਕਿਵੇਂ ਮੌਕਾ ਦੇਣ ਤਾਂ ਜੋ ਆਪਣੀ ਗੱਲ ਕਹਿ ਸਕਣ। ਉਹ ਬੱਚਿਆਂ ਦੀਆਂ ਅੱਖਾਂ ਵਿੱਚ ਡਰ ਤੇ ਚਿੰਤਾ ਭਾਂਪ ਰਹੇ ਸਨ। ਇੱਕ ਸਹਿਯੋਗੀ ਸਿੱਖਿਆ ਸ਼ਾਸਤਰੀ ਸ਼੍ਰੀ ਸੁਭੀਰ ਸ਼ੁਕਲਾ ਦੇ ਵਿਚਾਰ ਅਨੁਸਾਰ ਬੱਚਿਆਂ ਲਈ ਭਾਵਨਾਤਮਕ ਬਹਾਲੀ ਦੀ ਲੋੜ ਹੋਵੇਗੀ ਅਤੇ ਇਸ ਖਾਤਰ ਸਕੂਲਾਂ ਲਈ ਲਾਜਮੀ ਹੈ ਕਿ ਉਹ ਬੱਚਿਆਂ ਦੇ ਛੋਟੇ-ਛੋਟੇ ਸਮੂਹਾਂ ਵਿਚ ਉਨ੍ਹਾਂ ਦੀ ਗੱਲ ਸੁਣਨ, ਉਨ੍ਹਾਂ ਨਾਲ ਗੱਲ ਕਰਨ ਤੇ ਨਾਟ ਸਰਗਰਮੀਆਂ ਲਈ ਆਪਣੇ ਆਪ ਨੂੰ ਤਿਆਰ ਕਰਨ। ਇੱਕ ਖੁੱਲ੍ਹਾ-ਡੁੱਲ੍ਹਾ ਗੈਰ-ਰਸਮੀ ਮਾਹੌਲ, ਜਿੱਥੇ ਬੱਚੇ ਖੁੱਲ੍ਹ ਸਕਣ ਤੇ ਉੱਧੜ ਸਕਣ।
” ਕੋਰੋਨਾ ਸੰਕਟ ਨੂੰ ਤੇ ਬੱਚਿਆਂ ਦੇ ਅਨੁਭਵਾਂ ਨੂੰ ਸਿੱਧੇ ਤੌਰ ‘ਤੇ ਗੱਲਾਂ-ਬਾਤਾਂ ਤੇ ਪੇਸ਼ਕਾਰੀਆਂ ਰਾਹੀਂ ਤਾਂ ਸੰਬੋਧਿਤ ਹੋਣਾ ਜਰੂਰੀ ਹੈ ਹੀ ਪਰੰਤੂ ਇਸਤੋਂ ਵੀ ਵਧੇਰੇ ਜਰੂਰੀ ਹੈ ਅਸਿੱਧੇ ਤੌਰ ‘ਤੇ ਕਲਾਤਮਿਕ ਤੇ ਸਿਰਜਣਾਤਮਕ ਇਜ਼ਹਾਰਾਂ ਰਾਹੀਂ ਜੋ ਕਿ ਡੂੰਘੀਆਂ ਅੰਦਰੂਨੀ ਚਿੰਤਾਵਾਂ ਨੂੰ ਸੰਬੋਧਿਤ ਹੋਣ ਲਈ ਵੱਧ ਅਸਰਦਾਰ ਸਮਝੇ ਜਾਂਦੇ ਹਨ। ਸਕੂਲੀ ਮਹੌਲ ਨੂੰ ਬਾਲ ਅਨੁਕੂਲ ਬਣਾਉਣ ਲਈ ਬੱਚਿਆਂ ਨੂੰ ਆਹਰੇ ਲਾਉਣਾ, ਬੱਚਿਆਂ ਦੁਆਰਾ ਬਣਾਏ ਚਿੱਤਰ ਤੇ ਪੋਸਟਰ, ਬੱਚਿਆਂ ਤੇ ਅਧਿਆਪਕਾਂ ਦੁਆਰਾ ਲਿਖੀਆਂ ਕਹਾਣੀਆਂ ਚਿਪਕਾਉਣਾ ਤੇ ਹੋਰ ਕਲਾਤਮਿਕ ਰਚਨਾਵਾਂ, ਜਖ਼ਮ-ਭਰਪਾਈ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਲੋੜੀਂਦੀ ਗੁੰਜਾਇਸ਼ ਤੇ ਸਮਾਂ ਮੁਹੱਈਆ ਕਰਨਗੇ।
” ਇਸੇ ਤਰ੍ਹਾਂ ਹੀ ਗੀਤ-ਸੰਗੀਤ, ਖੇਡਾਂ ਤੇ ਗਰੁੱਪ ਸਰਗਰਮੀਆਂ ਵੀ ਮੱਦਦਗਾਰ ਹੋਣਗੀਆਂ। ਇਸ ਵਿੱਚ ਬੇਹੱਦ ਲਾਜ਼ਮੀ ਇਹ ਹੈ ਕਿ ਅਧਿਆਪਕਾਂ ਨੂੰ ਸਿਲੇਬਸ ਮੁਕਾਉਣ ਦੀ ਕਾਹਲੀ ਕਰਨ ਲਈ ਨਹੀਂ ਕਹਿਣਾ ਹੋਵੇਗਾ। ਸਿੱਖਿਆ ਪ੍ਰਬੰਧਕਾਂ ਨੂੰ ਇਸ ਜਖ਼ਮ-ਭਰਪਾਈ ਲਈ ਲੋੜੀਂਦੇ ਸਮੇਂ ਦੀ ਲੋੜ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਇਸਨੂੰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੱਕ ਸਪੱਸ਼ਟ ਤੇ ਜੋਰ ਨਾਲ ਪਹੁੰਚਾ ਕੇ ਲਾਗੂ ਕਰਾਉਣ ਦੀ ਲੋੜ ਹੋਵੇਗੀ। ਜੇ ਅਜਿਹੇ ਦਿਸ਼ਾ ਨਿਰਦੇਸ਼ ਯਕੀਨਨ ਤਿਆਰ ਹੋ ਜਾਂਦੇ ਹਨ ਤੇ ਜਾਰੀ ਹੁੰਦੇ ਹਨ, ਸਰਕਾਰੀ ਸਕੂਲ ਸ਼ਾਇਦ ਇਹਨਾਂ ਨੂੰ ਅੱਧੇ-ਅਧੂਰੇ ਹੀ ਲਾਗੂ ਕਰਨ ਤੇ ਪ੍ਰਾਈਵੇਟ ਖੇਤਰ ਇਸਨੂੰ ਮੂਲ਼ੋਂ ਹੀ ਨਕਾਰ ਦੇਵੇ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਮਾਨਸਿਕ ਤੇ ਭਾਵਨਾਤਮਕ ਅਵਸਥਾ ਨੂੰ ਅਣਡਿੱਠ ਕਰਕੇ ਮੁੜ ਰਸਮੀ ਪੜ੍ਹਾਈ ਸਿਖਲਾਈ ਦੇ ਅਮਲ ਵਿੱਚ ਧੱਕ ਦੇਵੇ।
” ਜਦ ਇੱਕ ਵਾਰ ਇਹ ਕੰਮ ਰੋੜ੍ਹੇ ਪੈ ਗਿਆ ਤੇ ਇਸ ਪ੍ਰਕਿਰਿਆ ਨੇ ਜੋਰ ਫੜ ਲਿਆ ਤਾਂ ਅਧਿਆਪਕਾਂ ਨੂੰ ਤੇਜ ਰਫਤਾਰ ਪੜ੍ਹਾਈ-ਸਿਖਲਾਈ ਜਮਾਤਾਂ ਲਾਉਣ ਲਈ ਤਿਆਰ ਰਹਿਣ ਦੀ ਲੋੜ ਹੋਵੇਗੀ ਤਾਂ ਜੋ ਉਹ ਬੱਚਿਆਂ ਨੂੰ ਪਹਿਲੀ ਸਿਖਲਾਈ ਮੁੜ ਤਾਜਾ ਕਰਾ ਸਕਣ ਅਤੇ ਉਨ੍ਹਾਂ ਦੀ ਸਮਰੱਥਾ ਅਨੁਸਾਰ ਆਪਣੀ ਸ਼੍ਰੇਣੀ ਦੇ ਪਾਠਕ੍ਰਮ ਦੇ ਲੋੜੀਂਦੇ ਪੱਧਰ ਤੱਕ ਪਹੁੰਚਾਉਣ ‘ਚ ਸਹਾਈ ਹੋ ਸਕਣ।
ਲਾਕਡਾਊਨ ਆਨਲਾਈਨ ਸਿੱਖਿਆ ਬਨਾਮ ਗਰੀਬ ਬੱਚੇ
” ਇਹ ਸਵੀਕਾਰ ਕਰਨਾ ਜਰੂਰੀ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਗਰੀਬ ਬੱਚਿਆਂ ਦੀ ਵੱਡੀ ਬਹੁ ਗਿਣਤੀ ਕਿਸੇ ਕਿਸਮ ਦੀ ਆਨਲਾਈਨ ਪੜ੍ਹਾਈ-ਸਿਖਲਾਈ ਤੱਕ ਰਸਾਈ/ਪਹੁੰਚ ਨਹੀਂ ਹੋ ਸਕੀ ਹੋਵੇਗੀ। ਬੱਚਿਆਂ ਦਾ ਸਿਖਲਾਈ ਪੱਧਰ ਲਾਕਡਾਊਨ ਤੋਂ ਪਹਿਲਾਂ ਵੀ ਇੱਕ ਗੰਭੀਰ ਮੁੱਦਾ ਸਮਝਿਆ ਜਾਂਦਾ ਰਿਹਾ ਹੈ। ਬੱਚਿਆਂ ਨੂੰ ਆਪਣੇ ਸਹੀ ਪੱਧਰ ਅਨੁਸਾਰ ਪੜ੍ਹਾਉਣਾ ਸਿਖਾਉਣਾ, ਵੱਡਾ ਫਰਕ ਪਾਉਣ ਵਾਲਾ ਕਾਰਜ ਗਿਣਿਆ ਜਾਂਦਾ ਹੈ। ਬਹੁਤੇ ਬੱਚਿਆਂ ਨੇ ਇੱਕੋ ਜਿਹੀਆਂ ਭਾਰੀ ਮੁਸੀਬਤਾਂ, ਘਰੇਲੂ ਹਿੰਸਾ, ਲੰਬੇ ਸਫਰ ਨੂੰ ਹੰਢਾਇਆ ਹੋਵੇਗਾ ਅਤੇ ਆਪਣੇ ਪਰਿਵਾਰਾਂ ਅੰਦਰ ਵੱਡਿਆਂ ਨੂੰ ਡਰੇ ਹੋਏ ਤੇ ਦੁਖੀ ਹਾਲਤ ਵਿੱਚ ਦੇਖਿਆ ਹੋਵੇਗਾ। ਇਸ ਲਈ ਇੱਕ ਬੱਝਵੀਂ ਤੇ ਪੂਰੀ ਵਿਉੰਤ-ਬੱਧ ਤੇਜ ਰਫਤਾਰ ਸਿਖਲਾਈ ਪ੍ਰੋਗਰਾਮ ਬਣਾਉਣਾ ਹੋਵੇਗਾ, ਜਦੋਂ ਜਖਮ-ਭਰਪਾਈ ਪ੍ਰਕਿਰਿਆ ਨੇਪਰੇ ਚਾੜ੍ਹੀ ਜਾ ਰਹੀ ਹੋਵੇਗੀ। ਇਹ ਕਾਰਜ ਉਨ੍ਹਾਂ ਰਾਜਾਂ ਦੇ ਪੇਂਡੂ ਸਕੂਲਾਂ ਅੰਦਰ ਚੁਣੌਤੀ ਭਰਿਆ ਹੋਵੇਗਾ ਜਿੰਨ੍ਹਾਂ ਨੇ ਸ਼ਹਿਰਾਂ ਤੋਂ ਵੱਡੀ ਪੱਧਰ ‘ਤੇ ਉਲਟ-ਪਰਵਾਸ ਵੇਖਿਆ ਹੈ।
” ਉਚੇਰੀਆਂ ਸ਼੍ਰੇਣੀਆਂ ਦੇ ਬੱਚਿਆਂ, ਲੜਕੇ ਤੇ ਲੜਕੀਆਂ, ਅੱਗੇ ਸਕੂਲ ਛੱਡੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਆਰਥਿਕ ਤੰਗੀ ਦੇ ਚਲਦਿਆਂ ਮਾਪਿਆਂ ਦੇ ਰੁਜਗਾਰ ਖੁੱਸਣ ਤੇ ਕਸ਼ਟਦਾਇਕ ਉਲਟ-ਪ੍ਰਵਾਸ ਕਾਰਨ ਵੱਡੇ ਬੱਚਿਆਂ ਲਈ ਦਿਹਾੜੀਦਾਰ ਵਜੋਂ ਕੰਮ ਕਰਨ ਦੀ ਮਜਬੂਰੀ ਹੋ ਸਕਦੀ ਹੋਵੇਗੀ। ਵੱਡੀਆਂ ਲੜਕੀਆਂ ਨੂੰ ਨਾ ਸਿਰਫ ਪਾਣੀ ਲਿਆਉਣ ਤੇ ਲੱਕੜੀਆਂ ਇਕੱਠੀਆਂ ਕਰਨ , ਪਸ਼ੂਆਂ ਨੂੰ ਚਰਾਉਣ ਵਰਗੀਆਂ ਹੋਰ ਘਰੇਲੂ ਜਿੰਮੇਵਾਰੀਆਂ ਚੁੱਕਣੀਆਂ ਪੈ ਸਕਦੀਆਂ ਹਨ ਸਗੋਂ ਕਿਸੇ ਵੀ ਆਰਥਿਕ ਮੰਦਹਾਲੀ ਦਾ ਮਤਲਬ ਪਰਿਵਾਰਾਂ ਦੇ ਵਿੱਤੀ ਸਰੋਤਾਂ ਦੇ ਘਟਣ ਵਿਚ ਵੀ ਨਿਕਲਦਾ ਹੈ।
” ਅਕਸਰ ਹੀ ਘਰ ਚ ਸਭ ਤੋਂ ਪਹਿਲੀ ਗ਼ਾਜ ਲੜਕੀ ਦੀ ਸਿੱਖਿਆ ‘ਤੇ ਡਿਗਦੀ ਹੈ ਕਿਉਂਕਿ ਸੈਕੰਡਰੀ ਸਿੱਖਿਆ ਉੱਪਰ ਵਧੇਰੇ ਖਰਚ ਆਉਂਦਾ ਹੈ , ਸਰਕਾਰੀ ਸਕੂਲਾਂ ਵਿੱਚ ਵੀ। ਵੱਡੇ ਲੜਕਿਆਂ ਨੂੰ ਸਕੂਲ ਛੱਡਣਾ ਪੈ ਸਕਦਾ ਹੈ ਅਤੇ ਆਪਣੇ ਪਰਿਵਾਰ ਦੀ ਆਮਦਨ ਦੀ ਪੂਰਤੀ ਲਈ ਕੋਈ ਨਾ ਕੋਈ ਕੰਮ ਕਰਨਾ ਪੈ ਸਕਦਾ ਹੈ। ਸਮੂਹ ਸਿੱਖਿਆ ਭਾਈਚਾਰਾ, ਸਰਕਾਰ ਤੇ ਸਕੂਲਾਂ ਨਾਲ ਜੁੜੀਆਂ ਸਮਾਜਿਕ ਸੰਸਥਾਵਾਂ ਨੂੰ ਮਾਲੀ ਸਹਾਇਤਾ ਜੁਟਾਉਣ ਲਈ ਅਜਿਹੇ ਪ੍ਰੋਗਰਾਮ ਉਲੀਕਣੇ ਪੈ ਸਕਦੇ ਹਨ ਜਿਨ੍ਹਾਂ ਰਾਹੀਂ ਇਹ ਯਕੀਨੀ ਹੋ ਸਕੇ ਕਿ ਬੱਚੇ ਸਕੂਲ ਨਾ ਛੱਡਣ।
ਅਧਿਆਪਕ ਦਾ ਸਮਾਜਿਕ ਰੁਤਬਾ, ਜਿੰਮੇਵਾਰੀਆਂ ਤੇ ਸਮੱਸਿਆਵਾਂ
” ਉਪਰੋਕਤ ਕਾਰਜ ਸਥਾਨਕ ਤੇ ਵਿਸ਼ੇਸ਼ ਸੰਦਰਭ ਮੁਤਾਬਕ ਯੋਜਨਾ ਬਣਾਉਣ ਦੀ ਮੰਗ ਕਰਦਾ ਹੈ ਜੋ ਕਿ ਹਰ ਇੱਕ ਪੰਚਾਇਤ ਪੱਧਰ ‘ਤੇ ਜਾਂ ਸਕੂਲ ਸਮੂਹ ਪੱਧਰ ‘ਤੇ ਬਣਾਈ ਜਾ ਸਕਦੀ ਹੈ। ਅਧਿਆਪਕਾਂ ਤੇ ਸਕੂਲ ਮੁਖੀਆਂ ਲਈ ਨੂੰ ਆਪਣੇ ਆਪ ਨੂੰ ਸਲਾਹਕਾਰਾਂ ਤੇ ਰਖਵਾਲਿਆਂ ਵਜੋਂ ਢਾਲਣਾ ਪਵੇਗਾ। ਪਿਛਲੇ ਦੋ ਤਿੰਨ ਦਹਾਕਿਆਂ ਤੋਂ ਅਧਿਆਪਕਾਂ ਨੂੰ ਭੰਡਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਕੰਮਚੋਰ ਵਜੋਂ ਵੇਖਿਆ ਜਾ ਰਿਹਾ ਹੈ। ਅਧਿਆਪਕਾਂ ਪ੍ਰਤੀ ਨਜਰੀਏ ‘ਚ ਇਹ ਤਬਦੀਲੀ , ਸਮਾਜ ਅੰਦਰ ਲਗਾਤਾਰ ਅਧਿਆਪਕ ਦੇ ਰੁਤਬੇ ਨੂੰ ਖੋਰਾ ਲੱਗਣ ਕਾਰਨ ਆਈ ਹੈ। ਸਿੱਖਿਆ ਦਾ ਮਿਆਰ ਡਿੱਗਣ ਲਈ ਅਧਿਆਪਕਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਇਸਦੇ ਬਦਲੇ ਵਿੱਚ ਅਧਿਆਪਕਾਂ ਵਲੋਂ ਸਿੱਖਿਆ ਦੇ ਡਿਗਦੇ ਮਿਆਰ ਲਈ ਬੱਚਿਆਂ ਦੀ ਪਰਿਵਾਰਕ ਹਾਲਤ ਤੇ ਆਰਥਿਕ ਪੱਧਰ ਨੂੰ ਇੱਕ ਮੂਲ ਕਾਰਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਅਧਿਆਪਕਾਂ ਦੀ ਗੈਰਹਾਜ਼ਰ ਰਹਿਣ ਦੀ ਪ੍ਰਵਿਰਤੀ ਸੰਬੰਧੀ ਖੋਜ ਅਧਿਐਨ ਨੇ, ਅਧਿਆਪਕਾਂ ਦੀ ਭਰਤੀ ਰਾਹੀਂ ‘ਘੱਟ ਖਰਚੀਲੇ’ ਬਦਲ ਦੀ ਵਕਾਲਤ ਨੇ ਅਤੇ ਸਿੱਖਿਆ ਦੇ ਵਧ ਰਹੇ ਨਿੱਜੀਕਰਨ ਨੇ ਅਧਿਆਪਕ ਪ੍ਰਤੀ ਸਾਡੇ ਭਰੋਸੇ ਨੂੰ ਤੇ ਅਧਿਆਪਕ ਦੇ ਸਮਾਜਿਕ ਰੁਤਬੇ ਨੂੰ ਢਾਹ ਲਾਈ ਹੈ।
” ਇਸ ਬਿਰਤਾਂਤ ਦਾ ਜੋਰ ਨਾਲ ਖੰਡਨ ਕਰਨਾ ਬਣਦਾ ਹੈ। ਉੱਚ ਪਾਏ ਦੇ ਅਧਿਆਪਕਾਂ ਦੇ ਅਧਿਐਨ ਸਬੰਧੀ ਸ਼੍ਰੀ ਗਿਰੀਧਰ ਵੱਲੋਂ ਲਿਖੀ ਤਾਜੀ ਛਪੀ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਅਜਿਹੇ ਹਜਾਰਾਂ ਹੀ ਅਧਿਆਪਕ ਹਨ ਜਿਹੜੇ ਨਾ ਸਿਰਫ ਸਖਤ ਮਿਹਨਤ ਹੀ ਕਰਦੇ ਹਨ ਸਗੋਂ ਸੱਚਮੁੱਚ ਹੀ ਇਹ ਯਕੀਨ ਰੱਖਦੇ ਹਨ ਕਿ ਸਾਰੇ ਬੱਚੇ ਸਿੱਖ ਸਕਦੇ ਹਨ। ਇਸ ਨੂੰ ਗਿਰੀਧਰ ਰਾਓ ਇੰਝ ਬਿਆਨ ਹਨ:
” ” ਜੇ ਮੈਂ ਸਿੱਖਿਆ ਸ਼ਾਸਤਰ ਦੇ ਮੂਲ ਸਿਧਾਂਤਾਂ ਤੇ ਅਮਲਾਂ ਦਾ ਨਿਚੋੜ ਕੱਢਾਂ, ਜੋ ਅਸੀਂ ਇਹਨਾਂ ਕਲਾਸਰੂਮਾਂ ਵਿੱਚ ਦੇਖਿਆ, ਉਨ੍ਹਾਂ ਵਿੱਚੋਂ ਸਭ ਤੋਂ ਅੱਗੇ ਹੋਵੇਗਾ ਅਧਿਆਪਕਾਂ ਦਾ ਇਹ ਯਕੀਨ ਕਿ, ‘ ਹਰ ਬੱਚਾ ਸਿੱਖ ਸਕਦਾ ਹੈ, ਜਿੰਮੇਵਾਰੀ ਸਾਡੀ ਹੈ। ‘ ਇਹ ਅਧਿਆਪਕ ਸਿਖਲਾਈ ਅਮਲ ਨੂੰ ਦਿਲਚਸਪ ਬਣਾਉਣ ਦਾ ਯਤਨ ਕਰਦੇ ਹਨ ਅਤੇ ਬੱਚਿਆਂ ਅੰਦਰਲੇ ਹਾਸਿਲ ਗਿਆਨ ਦਾ ਸਤਿਕਾਰ ਕਰਦੇ ਹਨ ਜਿਸਦੇ ਆਧਾਰ ‘ਤੇ ਉਹ ਨਵਾਂ ਗਿਆਨ ਸਿਰਜਦੇ ਹਨ। …. ਇਹ ਅਧਿਆਪਕ ਸੰਕਲਪਾਂ ਨੂੰ ਆਪਣੇ ਆਲੇ-ਦੁਆਲੇ ਦੇ ਸੰਸਾਰ ਨਾਲ ਜੋੜਨ ‘ਚ ਬੱਚਿਆਂ ਦੀ ਮੱਦਦ ਕਰਦੇ ਹਨ। ”
” ਅਧਿਆਪਕਾਂ ਨੂੰ ਆਪਣਾ ਕਾਰਜ ਬੇਹਤਰ ਕਰਨ ਖਾਤਰ ਉਤਸ਼ਾਹਿਤ ਕਰਨ ਲਈ, ਉਨ੍ਹਾਂ ਨੂੰ ਸਕੂਲ ਅੰਦਰ ਤੇ ਕਲਾਸਰੂਮ ਅੰਦਰ ਵਧੇਰੇ ਖੁਦਮੁਖਤਿਆਰੀ ਦੇਣੀ ਤੇ ਸਭ ਤੋਂ ਵੱਧ ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਤੇ ਸਮਝਣਾ ਲਾਜ਼ਮੀ ਬਣਦਾ ਹੈ। ਅਸੀਂ ਪਹਿਲਾਂ ਤੋਂ ਹੀ ਜਾਣੂ ਹਾਂ ਕਿ ਅਧਿਆਪਕ ਦੀ ਧਾਰਨਾ ਇੱਕ ਕਾਰਗਰ ਸਿਖਲਾਈ ਪ੍ਰੋਗਰਾਮ ਦੀ ਸਭ ਤੋਂ ਮਜਬੂਤ ਆਧਾਰ-ਸ਼ਿਲਾ ਹੈ। ਹਾਲਾਂਕਿ ਸਾਨੂੰ ਹਮੇਸ਼ਾਂ ਹੀ ਇਸਦੀ ਜਾਣਕਾਰੀ ਰਹੀ ਹੈ ਪਰੰਤੂ ਫਿਰ ਵੀ ਬਹੁਤੇ ‘ਇਨ-ਸਰਵਿਸ’ ਅਧਿਆਪਕ ਸਿਖਲਾਈ ਪ੍ਰੋਗਰਾਮ ਉਸ ਵਿਸ਼ੇ ਵਿਸ਼ੇਸ਼ ਗਿਆਨ ਉੱਪਰ ਹੀ ਕੇਂਦਰਤ ਹੁੰਦੇ ਹਨ ਜਿਹੜੇ ‘ਮੁਸ਼ਕਲ ਨੁਕਤੇ’ ਵਜੋਂ ਦੇਖੇ ਜਾਂਦੇ ਹਨ। ਹਾਂ ਠੀਕ ਹੈ ਕਿ ਅਧਿਆਪਕ ਦੇ ਵੀ, ਜਿਹੜੇ ਕਿ ਸਮਾਜ ਦਾ ਅੰਗ ਹੁੰਦੇ ਹਨ, ਪੱਕੇ ਵਿਸ਼ਵਾਸ ਤੇ ਪੂਰਵ ਧਾਰਨਾਵਾਂ ਹੁੰਦੀਆਂ ਹਨ।
” ਸਾਨੂੰ ਇਹਨਾਂ ਸਭਨਾਂ ਮੁੱਦਿਆਂ ਨੂੰ, ਸਮੇਤ ਅਧਿਆਪਕ ਦੀਆਂ ਸਮੱਸਿਆਵਾਂ ਦੇ, ਇੱਕ ਵਿਉੰਤ-ਬੱਧ ਢੰਗ ਰਾਹੀਂ ਸੰਬੋਧਿਤ ਹੋਣ ਦੀ ਲੋੜ ਹੈ। ਇਹ ਲਾਕਡਾਊਨ ਨਾ ਸਿਰਫ ਬੱਚਿਆਂ ਲਈ ਹੀ ਸਦਮੇ ਭਰੀ ਹੈ ਸਗੋਂ ਅਧਿਆਪਕ ਵੀ ( ਸਾਡੇ ਸਭਨਾਂ ਵਾਂਗ) ਅਸਰ-ਅੰਦਾਜ਼ ਹੋਏ ਹਨ। ਉਨ੍ਹਾਂ ਵਿੱਚੋਂ ਕਈਆਂ ਨੂੰ ਆਪਣੀਆਂ ਪਰਿਵਾਰਕ ਤੇ ਭਾਈਚਾਰਕ ਸਮੱਸਿਆਵਾਂ ਨਾਲ ਸਿੱਝਣਾ ਪਿਆ ਹੋਵੇਗਾ। ਉਨ੍ਹਾਂ ਨੂੰ ਆਪ ਵੀ ਤੇ ਆਪਣੇ ਪਰਿਵਾਰਾਂ ਨੂੰ ਵੀ ਇਸ ਵਾਇਰਸ ਦੀ ਲਾਗ ਲੱਗਣ ਦਾ ਡਰ ਲਗਦਾ ਹੋਵੇਗਾ। ਸਕੂਲਾਂ ਦੇ ਮੁੜ ਖੋਲ੍ਹਣ ਤੋਂ ਪਹਿਲਾਂ ਇਹ ਬੇਹੱਦ ਲਾਜ਼ਮੀ ਹੋਵੇਗਾ ਕਿ ਅਧਿਆਪਕਾਂ ਨੂੰ ਗਰੁੱਪਾਂ ਵਿੱਚ ਇਕੱਠੇ ਕਰ ਕੇ (ਸਕੂਲ ਪੱਧਰ ‘ਤੇ ਜਾਂ ਕਲੱਸਟਰ ਪੱਧਰ ‘ਤੇ) ਆਪਣੇ ਡਰ ਤੇ ਸਰੋਕਾਰਾਂ ਨੂੰ ਰੱਖਣ ਦਾ ਮੌਕਾ ਦਿੱਤਾ ਜਾਵੇ। ਜਦ ਉਹ ਭਾਵਨਾਤਮਕ ਤੌਰ ‘ਤੇ ਤਿਆਰ ਹੋ ਜਾਣ ਤਾਂ ਉਨ੍ਹਾਂ ਨੂੰ ਬੱਚਿਆਂ ਤੱਕ ਪਹੁੰਚ ਕਰਨ ਤੇ ਉਨ੍ਹਾਂ ਨਾਲ ਸੰਵੇਦਨਾ ਤੇ ਸੂਝ ਨਾਲ ਕੰਮ ਕਰਨ ਲਈ ਲੋੜੀਂਦੇ ਹੁਨਰ ਦੀ ਸਿਖਲਾਈ ਦੀ ਲੋੜ ਹੋਵੇਗੀ। ਇਸ ਸਿਖਲਾਈ ਲਈ ਠੋਸ ਰਣਨੀਤੀ ਬਣਾਉਣੀ ਹੋਵੇਗੀ। ਇਹ ਕਾਰਜ ਸਕੂਲ ਖੁਲਣ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਜੋ ਜਦ ਬੱਚੇ ਸਕੂਲ ਪਹੁੰਚਣ ਤਾਂ ਸਕੂਲ ਮੁਖੀ ਤੇ ਅਧਿਆਪਕ ਤਿਆਰ ਬਰ ਤਿਆਰ ਹੋਣ।
ਬੇਹੱਦ ਸੰਵੇਦਨਸ਼ੀਲ ਮੁੱਦਾ – ਮੂਲ਼ੋਂ ਹੀ ਸੰਵੇਦਨਹੀਣ ਸਰਕਾਰਾਂ ਤੇ ਅਫ਼ਸਰਸ਼ਾਹੀ
” ਪਰ ਵੱਡਾ ਸੁਆਲ ਇਹ ਹੈ ਕਿ ਕੀ ਸਾਡੀਆਂ ਕੇਂਦਰ/ਰਾਜ ਸਰਕਾਰਾਂ ਨੇ ਇਹ ਸੋਚਿਆ ਵੀ ਹੈ ਕਿ ਉਹ ਸਕੂਲ ਕਿਵੇਂ ਖੋਲ੍ਹਣਗੀਆਂ ਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੋਵੇਗੀ। ਕੁੱਝ ਰਾਜਾਂ ਦੇ ਅਧਿਕਾਰੀ ਕਹਿ ਰਹੇ ਹਨ ਕਿ ਉਹ ਦਾਖਲਿਆਂ ਦੇ ਉਛਾਲ ਲਈ ਤਿਆਰ ਹੋ ਰਹੇ ਹਨ, ਕੁੱਝ ਸਿਲੇਬਸ ਨੂੰ ਘੱਟ ਕਰਨ ‘ਤੇ ਕੇਂਦਰਤ ਕਰਦੇ ਜਾਪਦੇ ਹਨ ਅਤੇ ਕੁੱਝ ਹੋਰ ਪ੍ਰੀਖਿਆਵਾਂ ਲਈ ਵਧੇਰੇ ਚਿੰਤਤ ਹਨ।
” ਮੈਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਬੱਚਿਆਂ ਤੇ ਅਧਿਆਪਕਾਂ ਦੀਆਂ ਭਾਵਨਾਤਮਕ ਤੇ ਮਨੋਵਿਗਿਆਨਕ ਲੋੜਾਂ ਬਾਰੇ ਗੱਲ ਕਰਦੇ ਨਹੀਂ ਸੁਣਿਆ , ਨਾ ਹੀ ਸਕੂਲ ਖੁੱਲ੍ਹਣ ਤੋਂ ਪਹਿਲਾਂ ਕਿਸੇ ਕਿਸਮ ਦੀ ਵਿਸਥਾਰਤ ਯੋਜਨਾ / ਵਿਉਂਤਬੰਦੀ ਬਾਰੇ ਸੁਣਿਆ ਹੈ ਜਾਂ ਪੜ੍ਹਿਆ ਹੈ। ਹੋ ਸਕਦਾ ਹੈ, ਅਫਸਰਸ਼ਾਹੀ ਤੇ ਸਿਆਸੀ ਨੇਤਾਵਾਂ ਨੇ ਇਸ ਮੌਕੇ ਅਜੇ ਇਸ ਬਾਰੇ ਸੋਚਣ ਦੀ ਗੁੰਜਾਇਸ਼ ਹੀ ਨਾ ਰੱਖੀ ਹੋਵੇ। ਪਰ ਅਚਨਚੇਤੀ ਤਾਲਾਬੰਦੀ ਵਾਂਗ ਹੀ ਬਿਨਾ ਕਿਸੇ ਲੋੜੀਂਦੀ ਮੁੱਢਲੀ ਤਿਆਰੀ ਦੇ ਸਕੂਲ ਖੋਲ੍ਹਣ ਦਾ ਅਚਾਨਕ ਫੈਸਲਾ ਵੀ ਤਬਾਹਕੁੰਨ ਸਾਬਤ ਹੋ ਸਕਦਾ ਹੈ।
” ਸਰਵਪੱਖੀ ਤੇ ਸਾਰਥਕ ਸਿੱਖਿਆ, ਲੰਮੇ ਸਮੇਂ ਤੋਂ ਨਜ਼ਰ-ਅੰਦਾਜ਼ ਕੀਤੀ ਗਈ ਹੈ। ਸਿਲੇਬਸ, ਪਾਠਕ੍ਰਮ ਤੇ ਪਰੀਖਿਆ ਤੇ ਇਨ੍ਹਾਂ ਨਾਲ ਹੀ ਸੰਬੰਧਤ ਮੁੱਦੇ ਭਾਰੂ ਰਹੇ ਹਨ। ਸਿੱਖਿਆ ਦੇ ਬਹੁਪੱਖੀ ਪਸਾਰ — ਸਮਾਜਿਕ, ਮਨੋਵਿਗਿਆਨਕ, ਸਰੀਰਕ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਰਵਪੱਖੀ ਵਿਕਾਸ, ਸਰੋਕਾਰ ਦਾ ਮੁੱਦਾ ਨਹੀਂ ਰਿਹਾ । ਬਾਲ ਵਿਕਾਸ ਤੇ ਸਰੀਰਕ ਸਿੱਖਿਆ ਨਾਲ ਜੁੜੇ ਬੁਨਿਆਦੀ ਮੁੱਦਿਆਂ ਨੂੰ ਸੰਬੋਧਿਤ ਹੋਣ ਲਈ ਇਹ ਇੱਕ ਵਧੀਆ ਮੌਕਾ ਵੀ ਬਣ ਸਕਦਾ ਹੈ। ਇੱਕ ਸਿੱਖਿਅਕ ਪ੍ਰਕਿਰਿਆ ਜਿਹੜੀ ਬੱਚਿਆਂ ਨੂੰ ਹੌਂਸਲੇ ਤੇ ਭਰੋਸੇ ਨਾਲ ਸੰਸਾਰ ਅੰਦਰ ਜਿੰਦਗੀ ਜਿਉਣ ਦੇ ਸਮਰੱਥ ਬਣਾਏਗੀ।

yashpal.vargchetna@gmail.com

‘ਦ ਵਾਇਰ ਅੰਗਰੇਜ਼ੀ’ ਤੋਂ ਧੰਨਵਾਦ ਸਹਿਤ
( * ਮੂਲ ਲੇਖਿਕਾ NIEPAਨਵੀਂ ਦਿੱਲੀ ਦੀ ਸਾਬਕਾ ਪ੍ਰੋਫੈਸਰ ਹੈ)

Install Punjabi Akhbar App

Install
×