ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦੇ ਨਾਂ ਖੁੱਲ੍ਹੀ ਚਿੱਠੀ

ਸਤਿਕਾਰਯੋਗ ਸ੍ਰੀ ਚਰਨਜੀਤ ਸਿੰਘ ਚੰਨੀ ਜੀ,
ਸਤਿ ਸ੍ਰੀ ਅਕਾਲ
ਮੈਨੂੰ ਤੁਹਾਡੇ ਮੁੱਖ ਮੰਤਰੀ ਬਣਨ ਦੀ ਬੜ੍ਹੀ ਖ਼ੁਸ਼ੀ ਹੋ ਰਹੀ ਹੈ। ਖ਼ੁਸ਼ੀ ਕਿਉਂ ਹੋ ਰਹੀ ਹੈ? ਮੈਂ ਆਪਣੀ ਸਾਰੀ ਜ਼ਿੰਦਗ਼ੀ ਵਿਚ ਪਹਿਲੀ ਵਾਰ ਦੇਖਿਆ ਹੈ ਕਿ ਮੁੱਖ ਮੰਤਰੀ ਬਨਣ ਮਗਰੋਂ ਕੋਈ ਵਿਅਕਤੀ ਐਨਾ ਭਾਵੁਕ ਹੋਇਆ ਹੋਵੇ। ਆਪਣੀ ਗ਼ਰੀਬੀ ਨੂੰ ਮਹਿਸੂਸਦੇ ਹੋਏ ਉਸ ਦੀਆਂ ਅੱਖਾਂ ਨਮ ਹੋ ਜਾਣ। ਆਪਣੀ ਮਾਂ ਨਾਲ ਟੋਭੇ ਤੋਂ ਗਾਰਾ ਲਿਆਉਣਾ ਯਾਦ ਕਰਕੇ ਮਾਹੌਲ ਨੂੰ ਬੜਾ ਹੀ ਗੰਭੀਰ ਬਣਾ ਦੇਵੇ ਅਤੇ ਆਪਣੇ ਮੁੱਖ ਮੰਤਰੀ ਬਣਨ ਨੂੰ ਆਮ ਆਦਮੀ ਦਾ ਮੁੱਖ ਮੰਤਰੀ ਬਨਣਾ ਕਹੇ।
ਬਹੁਤ ਚੰਗਾ ਲੱਗਿਆ ਜਦੋਂ ਤੁਸੀਂ ਐਲਾਨ ਕੀਤਾ ਕਿ ਪਿੰਡਾਂ ਦੇ ਆਮ ਲੋਕਾਂ ਦੇ ਬਿਜਲੀ ਪਾਣੀ ਦੇ ਬਿਲ ਮੁਆਫ਼ ਕੀਤੇ ਜਾਂਦੇ ਹਨ ਅਤੇ ਪਿੰਡਾਂ ਦੇ ਹੋਰ ਗਰੀਬਾਂ ਦੇ ਪਿਛਲੇ ਬਿਲ ਚਾਹੇ ਦੱਸ ਲੱਖ ਜਾਂ ਪੰਜਾਹ ਲੱਖ ਦੇ ਹੋਣ, ਮੁਆਫ਼ ਕੀਤੇ ਜਾਂਦੇ ਹਨ। ਪਹਿਲੀ ਪ੍ਰੈਸ ਕਾਨਫਰੰਸ ਵਿਚ ਹੀ ਅਜਿਹੇ ਫ਼ੈਸਲੇ ਲੈਣੇ ਬੜਾ ਸ਼ੁੱਭ ਸ਼ਗਨ ਹੈ।
ਪਰ ਮੈਂ ਅੱਜ ਤੁਹਾਡੇ ਨਾਲ ਕੁੱਝ ਖੁੱਲੀਆਂ ਗੱਲਾਂ ਕਰਨਾ ਚਾਹੁੰਦਾ ਹੈ। ਇਹ ਖ਼ੁਲ੍ਹੀਆਂ ਗੱਲਾਂ ਸਿਰਫ਼ ਆਮ ਲੋਕਾਂ ਵਿਚੋਂ ਉੱਠੇ ਮੁੱਖ ਮੰਤਰੀ ਨਾਲ ਹੀ ਕੀਤੀਆਂ ਜਾ ਸਕਦੀਆਂ ਹਨ। ਰਾਜਿਆਂ-ਮਹਾਰਾਜਿਆਂ, ਅਮੀਰਾਂ, ਜਾਗੀਰਦਾਰਾਂ ਵਿਚੋਂ ਆਏ ਮੁੱਖ ਮੰਤਰੀਆਂ ਨਾਲ ਤਾਂ ਅਜਿਹੀਆਂ ਗੱਲਾਂ ਕਰਨਾ ਮੱਝ ਅੱਗੇ ਬੀਨ ਵਜਾਉਣ ਦੇ ਬਰਾਬਰ ਹੁੰਦਾ ਹੈ।
ਸਤਿਕਾਰਯੋਗ ਮੁੱਖ ਮੰਤਰੀ ਜੀ, ਪਹਿਲੀ ਗੱਲ ਮੈਂ ਇਹ ਕਰਨੀ ਚਾਹੁੰਦਾ ਹਾਂ ਕਿ ਵਜ਼ੀਰਾਂ, ਐਮ.ਐਲ.ਏਜ਼ ਦੀਆਂ ਕਈ ਕਈ ਪੈਨਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਇਹੋ ਹੈ ਕਿ ਵਜ਼ੀਰਾਂ ਐਮ.ਐਲ.ਏਜ਼ ਨੂੰ ਪੈਨਸ਼ਨਾਂ ਕਿਉਂ? ਇਹ ਚੁਣੇ ਹੋਏ ਲੋਕ-ਨੁਮਾਇੰਦੇ ਤਾਂ ਸਮਾਜ ਦੀ ਸੇਵਾ ਕਰਨ ਲਈ ਹੀ ਅੱਗੇ ਆਉਂਦੇ ਹਨ ਨਾ ਕਿ ਕੋਈ ਨੌਕਰੀ ਕਰਨ। ਪੈਨਸ਼ਨਾਂ ਤਾਂ ਸਰਕਾਰੀ ਅਤੇ ਪਬਲਿਕ ਸੈਕਟਰ ਦੇ ਕਰਮਚਾਰੀਆਂ ਨੂੰ ਮਿਲਣੀਆਂ ਹੁੰਦੀਆਂ ਹਨ।ਉਹ ਵੀ ਜਿਹੜੀਆਂ 2004 ਤੋਂ ਮਗਰੋਂ ਖੋਹੀਆਂ ਜਾ ਚੁੱਕੀਆਂ ਹਨ।
ਦੂਜੀ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਐਮ.ਐਲ.ਏਜ਼, ਵਜ਼ੀਰਾਂ ਦੀ ਪੈਨਸ਼ਨ ਦੀ ਆਮਦਨ ਉੱਤੇ ਇਨਕਮ ਟੈਕਸ ਵੀ ਸਰਕਾਰ ਭਰਦੀ ਹੈ। ਜਿਹੜਾ ਕਿ ਨੰਗਾ-ਚਿੱਟਾ ਭ੍ਰਿਸ਼ਟਾਚਾਰ ਹੈ। ਇਨਕਮ ਟੈਕਸ ਤਾਂ ਉਹ ਭਰਦਾ ਹੁੰਦਾ ਹੈ ਜਿਸ ਦੀ ਆਮਦਨ ਹੋਵੇ। ਤੁਹਾਡੇ ਲਈ ਇਹ ਕੰਮ ਕਰਨਾ ਉਂਜ ਵੀ ਔਖਾ ਨਹੀਂ, ਕਿਉਂਕਿ ਐਸੰਬਲੀ ਵਿਚ ਮਤਾ ਹੀ ਪਾਸ ਕਰ ਦੇਣਾ ਹੈ। ਇਸ ਨਾਲ ਸਰਕਾਰ ਦਾ ਖਰਚਾ ਘਟੇਗਾ।
ਸਰਕਾਰ ਨੂੰ ਕਰੋੜਾਂ-ਅਰਬਾਂ ਦੀ ਆਮਦਨ ਹੋ ਸਕਦੀ ਹੈ ਜੇ ਤੁਸੀਂ ਨਵਜੋਤ ਸਿੱਧੂ ਦੇ ਕਹਿਣ ਅਨੁਸਾਰ ਰੇਤਾ ਬਜ਼ਰੀ ਲਈ ਕਾਰਪੋਰੇਸ਼ਨ ਬਣਾ ਕੇ ਠੇਕਾ ਸਿਸਟਮ ਖ਼ਤਮ ਕਰ ਦੇਵੋ। ਨਾਲੇ ਸਰਕਾਰ ਨੂੰ ਆਮਦਨ ਹੋਵੇ, ਨਾਲੇ ਲੋਕਾਂ ਨੂੰ ਸਸਤਾ ਰੇਤਾ-ਬਜਰੀ ਮਿਲੇ।
ਬਿਜਲੀ ਸਮਝੌਤੇ ਰੱਦ ਕਰਨ ਨਾਲ ਕਾਰਪੋਰੇਟ ਘਰਾਣਿਆਂ ਨੂੰ ਵਾਧੂ ਪੈਸੇ ਦੇਣੇ ਬੰਦੇ ਕੀਤੇ ਜਾ ਸਕਦੇ ਹਨ। ਸ਼ਰਾਬ ਮਾਫ਼ੀਆ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ। ਮੈਂ ਬੜ੍ਹਾ ਹੈਰਾਨ ਹੁੰਦਾ ਹਾਂ ਜਦੋਂ ਦੇਖਦਾ ਹਾਂ, ਵੱਡੀਆਂ ਵੱਡੀਆਂ ਵਿਸ਼ਾਲ ਖੇਤਰ ਵਿਚ ਮਾਫ਼ੀਆਂ ਵਲੋਂ ਡਿਸ਼ਟਿਲੱਰੀਆਂ ਚਲਾਈਆਂ ਜਾਂਦੀਆਂ ਹਨ। ਵੱਡੇ ਵੱਡੇ ਢੋਲਾਂ, ਬੋਤਲਾਂ, ਜਾਅਲੀ ਲੈਬਲਾਂ ਦੀਆਂ ਅਖ਼ਬਾਰਾਂ, ਚੈਨਲਾਂ ਵਿਚ ਫ਼ੋਟੋਆਂ ਦੇਖ ਕੇ ਬੜਾ ਹੈਰਾਨ ਹੋਈਦਾ ਹੈ ਅਤੇ ਇਹ ਸ਼ਰਾਬ ਵੀ ਠੇਕਿਆਂ ਉੱਤੇ ਹੀ ਵਿਕਦੀ ਹੋਵੇਗੀ। ਕੀ ਇਹ ਸਾਰਾ ਕੁੱਝ ਸਿਆਸੀ ਸਰਪ੍ਰਸਤੀ ਹੇਠ ਨਹੀਂ ਹੁੰਦਾ?
ਟ੍ਰਾਂਸਪੋਰਟ ਮਾਫ਼ੀਆ ਵੀ ਆਪਣੇ ਥਾਂ ਧੜੱਲੇ ਨਾਲ ਇੱਕੋ ਨੰਬਰ ਉੱਪਰ ਕਈ ਕਈ ਗੱਡੀਆਂ ਚਲਾ ਰਿਹਾ ਹੈ ਅਤੇ ਪ੍ਰਾਈਮ ਟਾਇਮ ਵੀ ਧੱਕੇ ਨਾਲ ਲੈ ਜਾਂਦੇ ਹਨ। ਸ਼ਾਮਲਾਤ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਲੰਮੇ-ਲੰਮੇ ਅਰਸਿਆਂ ਲਈ ਦਿੱਤੀਆਂ ਜਾ ਰਹੀਆਂ। ਰਹਿੰਦੀ ਕਸਰ ਸਿਆਸਤਦਾਨ ਗ਼ਲਤ ਢੰਗਾਂ ਨਾਲ ਸ਼ਾਮਲਾਤ ਜ਼ਮੀਨਾਂ ਹੱਥਿਆ ਕੇ ਕੱਢ ਲੈਂਦੇ ਹਨ।
ਜੇ ਇਹਨਾਂ ਮਸਲਿਆਂ ਨੂੰ ਬੜੇ ਦਿਲ ਗੁਰਦੇ ਨਾਲ ਹੱਥ ਪਾਇਆ ਜਾਵੇ ਤਾਂ ਕਰੋੜਾਂ-ਅਰਬਾਂ ਰੁਪਏ ਸਰਕਾਰ ਨੂੰ ਆ ਸਕਦੇ ਹਨ ਜਿਸ ਨਾਲ ਲੋਕਾਂ ਦੀ ਹਾਲਤ ਸੁਧਰ ਸਕਦੀ ਹੈ।
ਇੱਕ ਗੱਲ, ਜਿਹੜੀ ਕੰਨਾਂ ਨੂੰ ਸੁਣਨ ਲਈ ਬੜੀ ਭੈੜੀ ਲਗਦੀ ਹੈ ਉਹ ਹੈ ਹਿੰਦੂ ਚਿਹਰਾ, ਜੱਟ ਸਿੱਖ ਚਿਹਰਾ, ਦਲਿਤ-ਸਿੱਖ ਚਿਹਰਾ, ਇਹ ਜ਼ਾਤ ਪਾਤ, ਹਿੰਦੂ, ਸਿੱਖ, ਮੁਸਲਮਾਨ ਇੱਕਵੀਂ ਸਦੀ ਵਿਚ ਵੀ ਸਾਡਾ ਖਹਿੜਾ ਕਿਉਂ ਨਹੀਂ ਛੱਡ ਰਹੀਆਂ? ਕਿਉਂ ਭੁੱਲ ਜਾਂਦੇ ਹਾਂ ਅਸੀਂ ਗੁਰਬਾਣੀ ਦਾ ਉਪਦੇਸ਼-ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ। ਕਿਸੇ ਨੂੰ ਗ਼ਰੀਬ ਕਹਿਣਾ ਉਸਦੀ ਹੱਤਕ ਹੈ। ਗ਼ਰੀਬਾਂ ਲਈ ਪਲਾਟ, ਗ਼ਰੀਬਾਂ ਲਈ ਆਟਾ, ਦਾਲ, ਚੀਨੀ, ਚਾਹ-ਪੱਤੀ। ਵਾਹ! ਜਿਹੜੇ ਲੋਕ ਅੰਨ ਪੈਦਾ ਕਰ ਰਹੇ ਹਨ, ਉਹਨਾਂ ਨੂੰ ਮੰਗਤੇ ਬਣਾ ਰਹੇ ਹਾਂ?
ਅੰਤ ਵਿਚ ਇੱਕ ਗੱਲ ਮੈਂ ਉਹ ਕਰਨ ਲੱਗਾ ਹਾਂ, ਜਿਹੜੀ ਅੱਜ ਹੀ 21 ਸਤੰਬਰ 2021 ਨੁੰ ਵਾਪਰੀ ਹੈ, ਉਹ ਹੈ ਅਖ਼ਬਾਰਾਂ ਵਿਚ ਆਪ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਛਪੇ ਵੱਡੇ ਵੱਡੇ ਇਸ਼ਤਿਹਾਰ। ਭਲਾਂ ਇੱਕ ਆਮ ਆਦਮੀ ਵਿਚੋਂ ਬਣੇ ਮੁੱਖ ਮੰਤਰੀ ਨੂੰ ਸਰਕਾਰ ਦਾ ਲੱਖਾਂ-ਕਰੋੜਾਂ ਦਾ ਖਰਚਾ ਕਰਨ ਦੀ ਕੀ ਜ਼ਰੂਰਤ ਸੀ ਅਜਿਹੇ ਇਸ਼ਤਿਹਾਰਾਂ ਉੱਤੇ? ਅੱਜ ਸਰਕਾਰ ਦਾ ਪੈਸਾ ਪੈਸਾ ਬਚਣਾ ਚਾਹੀਦਾ ਹੈ। ਇਹ ਇਸ਼ਤਿਹਾਰ, ਇਹ ਫ਼ਲੈਕਸ, ਹੋਰਡਿੰਗਜ਼, ਅਖ਼ਬਾਰਾਂ ਅਤੇ ਚੈਨਲਾਂ ਵਿਚ ਇਸ਼ਤਿਹਾਰਾਂ ਨਾਲ ਕੋਈ ਲਾਭ ਕਦੇ ਕਿਸੇ ਨੂੰ ਨਹੀਂ ਹੋਇਆ। ਇਹ ਵੀ ਇਕ ਕਿਸਮ ਦਾ ਵੀ.ਆਈ.ਪੀ. ਸਭਿਆਚਾਰ ਹੈ ਜਿਸ ਤੋਂ ਗੁਰੇਜ਼ ਕਰਨ ਦੀ ਗੱਲ ਆਪ ਨੇ ਹੀ ਆਖੀ ਹੈ।
ਉਮੀਦ ਹੈ, ਆਪ ਮੇਰੇ ਵਰਗੇ ਪੰਜਾਬ ਦੇ ਇੱਕ ਸਧਾਰਨ ਵਿਅਕਤੀ ਦੀਆਂ ਬੇਬਾਕ ਗੱਲਾਂ ਸੁਣ ਕੇ ਮੋੜਵਾਂ ਹੁੰਗਾਰਾ ਭਰੋਗੇ।

(ਧੰਨਵਾਦ)
21 ਸਤੰਬਰ 2021
ਆਪ ਦਾ ਹਿੱਤੂ
ਰਿਪੁਦਮਨ ਸਿੰਘ ਰੂਪ
+91 98767-68960

Install Punjabi Akhbar App

Install
×