ਆਖਰ ਕੰਪਿਊਟਰ ਅਧਿਆਪਕਾਂ ਦੀ ਸੁਣਵਾਈ ਕਦੋਂ ਹੋਵੇਗੀ ?

ਇਕ ਖੁੱਲਾ ਖਤ ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਨਾਮ…

ਕੰਪਿਊਟਰ ਅਧਿਆਪਕ 2011 ਵਿੱਚ ਰੈਗੂਲਰ ਹੋਣ ਦੇ ਬਾਵਜੂਦ ਵੀ ਇਨਸਾਫ਼ ਦੀ ਉਡੀਕ ਵਿੱਚ..

ਇਨਸਾਫ਼ ਉਡੀਕਦੇ 71 ਸਾਥੀ ਵੀ ਇਸ ਜਹਾਨ ਤੋਂ ਰੁਖਸਤ ਹੋ ਗਏ

ਪਰਮ ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ,

ਪਰਮ ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ,

ਸਰਦਾਰ ਹਰਜੋਤ ਸਿੰਘ ਬੈਂਸ ਜੀਓ.. 

ਸਭ ਤੋਂ ਪਹਿਲਾ ਮੈਂ ਆਪ ਜੀ ਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਨ ਤੇ ਮੁਬਾਰਕਵਾਦ ਦੇਣਾ ਚਾਹੁੰਦਾ ਹਾਂ ਅਤੇ ਇਸ ਮਹੱਤਵਪੂਰਣ ਅਹੁਦੇ ਨੂੰ ਸੰਭਾਲਣ ਤੋਂ ਬਾਅਦ, ਸਿੱਖਿਆ ਖੇਤਰ ਨੂੰ ਹੋਰ ਬਿਹਤਰ ਬਣਾਉਣ ਲਈ ਜੋ ਕਾਰਜ ਤੁਸੀਂ ਆਰੰਭੇ ਹਨ ਉਨ੍ਹਾਂ ਦੀ ਆਪ ਜੀ ਨੂੰ ਦਿਲੀ ਮੁਬਾਰਕਵਾਦ !! ਮੈਂ ਇੱਕ ਕੰਪਿਊਟਰ ਅਧਿਆਪਕ ਹਾਂ ਅਤੇ ਇਸ ਪੱਤਰ ਰਾਹੀ ਮੈਂ ਤੁਹਾਡਾ ਧਿਆਨ ਕੰਪਿਊਟਰ ਅਧਿਆਪਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਬੇਇਨਸਾਫ਼ੀ ਵੱਲ ਦਿਵਾਉਣਾ ਚਾਹੁੰਦਾ ਹਾਂ..

ਕੰਪਿਊਟਰ ਸਿੱਖਿਆ ਦੇ ਬਹੁਪੱਖੀ ਮਹੱਤਵ ਨੂੰ ਸਮਝਦਿਆਂ ਪੰਜਾਬ ਸਰਕਾਰ ਨੇ  ਸਾਲ 2004 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਦਾ ਇਕ ਸਾਰਥਕ ਫੈਸਲਾ ਲਿਆ ਜਿਸ ਤਹਿਤ ਕੰਪਿਊਟਰ ਅਧਿਆਪਕਾਂ ਨੇ 1 ਅਪ੍ਰੈਲ 2005 ਤੋਂ 3500 ਅਤੇ 4500 ਦੀ ਨਿਗੂਣੀ ਤਨਖਾਹ ਤੇ ਆਪਣੇ ਅਧਿਆਪਨ ਸ਼ਫਰ ਦੀ ਸ਼ੁਰੂਆਤ ਕੀਤੀ। ਸਮੇਂ ਦੀ ਮੰਗ ਅਨੁਸਾਰ ਇਸ ਤੋਂ ਬਾਅਦ ਵੀ ਕੰਪਿਊਟਰ ਅਧਿਆਪਕਾਂ ਦੀ ਭਰਤੀ ਸਿੱਖਿਆ ਵਿਭਾਗ ਵਲੋਂ ਬਕਾਇਦਾ ਇਸ਼ਤਿਹਾਰ ਦੇ ਕੇ ਸਾਲ 2006, 08, 09 ਅਤੇ 2012 ਵਿੱਚ ਵੀ ਕੀਤੀ ਗਈ। ਸਾਲ 2011 ਵਿੱਚ ਇਕ ਲੰਮੇ ਸੰਘਰਸ਼ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ਾਂ ਨੂੰ ਬੂਰ ਉਦੋਂ ਪਿਆ ਜਦੋਂ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਮਾਣਯੋਗ ਰਾਜਪਾਲ ਜੀ ਦੀ ਪ੍ਰਵਾਨਗੀ ਲੈਣ ਤੋਂ ਬਾਅਦ 2 ਦਸੰਬਰ 2010 ਨੂੰ  ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 01/07/2011 ਤੋਂ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਪੰਜਾਬ ਸੂਚਨਾ ਅਤੇ ਸੰਚਾਰ ਤਕਨਾਲੋਜੀ ਸਿੱਖਿਆ ਸੁਸਾਇਟੀ (ਪਿਕਟਸ) ਦੇ ਅਧੀਨ ਰੈਗੂਲਰ ਕਰ ਦਿੱਤੀਆਂ ਜਿਸ ਨਾਲ ਇਹ ਆਸ ਬੱਝੀ ਕਿ ਹੁਣ ਸਭ ਕੁੱਝ ਸਹੀ ਹੋ ਗਿਆ ਹੈ ਪਰੰਤੂ ਜਲਦ ਹੀ ਕੰਪਿਊਟਰ ਅਧਿਆਪਕਾਂ ਦਾ ਇਹ ਭੁਲੇਖਾ ਦੂਰ ਹੋ ਗਿਆ ਜਦੋਂ ਸੁਸਾਇਟੀ ਦੇ ਮੁਲਾਜ਼ਮ ਆਖ ਕੇ ਰੈਗੂਲਰ ਅਧਿਆਪਕਾਂ ਨਾਲ ਵਿਤਕਰਾ ਸ਼ੁਰੂ ਕੀਤਾ ਗਿਆ, 2015 ਵਿੱਚ ਚਾਰ ਸਾਲਾ 'ਏਸੀਪੀ' ਦੇਣ ਤੋਂ ਸਰਕਾਰ ਪਾਸਾ ਵੱਟ ਗਈ। ਇਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਛੇਵਾ-ਪੇਅ ਕਮਿਸ਼ਨ ਦੇਣ ਵਿੱਚ ਦੇਰ ਹੋਣ ਤੇ 1 ਜਨਵਰੀ 2017 'ਚ 5 ਫੀਸਦੀ ਅੰਤਰਿਮ ਰਾਹਤ ਦਿੱਤੀ ਤਦ ਵੀ ਕੰਪਿਊਟਰ ਅਧਿਆਪਕਾਂ ਨੂੰ ਉਸ ਤੋਂ ਬਾਹਰ ਰੱਖਿਆ ਗਿਆ। ਫਲਸਰੂਪ ਹੁਣ ਛੇਵਾ-ਪੇਅ ਕਮਿਸ਼ਨ ਵੀ ਨਹੀਂ ਲਾਗੂ ਕੀਤਾ ਗਿਆ। ਕਮਾਈ ਛੁੱਟੀਆਂ ਦੀ ਐਨਕੈਸ਼ਮਟ ਤੋਂ ਵੀ ਨਾਂਹ ਹੀ ਹੈ। ਲਗਭਗ 2700 ਕੰਪਿਊਟਰ ਅਧਿਆਪਕ ਅਜਿਹੇ ਵੀ ਹਨ ਜਿੰਨਾ ਉਪਰ ਈਪੀਐਫ ਵੀ ਲਾਗੂ ਨਹੀਂ। ਸਤਾਰਾਂ ਸਾਲ ਦੀ ਸਰਵਿਸ ਤੋਂ ਬਾਅਦ ਕੋਈ ਵਿਭਾਗੀ ਤਰੱਕੀ ਜਾਂ ਸੀਨੀਆਰਤਾ ਨਹੀਂ। ਇਸ ਤੋਂ ਵੱਧ ਵਿਤਕਰਾ ਕੀ ਹੋ ਸਕਦਾ ਹੈ ਕਿ ਕੋਰੋਨਾ ਡਿਊਟੀ ਦੌਰਾਨ ਕੋਰੋਨਾ ਨਾਲ ਹੀ ਆਪਣੀ ਜਾਨ ਗਵਾ ਚੁੱਕੇ ਬਠਿੰਡੇ ਦੇ ਇਕ ਸਾਥੀ ਨੂੰ ਬਾਕੀ ਮੁਲਾਜ਼ਮਾਂ ਵਾਂਗ 'ਕੋਰੋਨਾ ਯੋਧੇ' ਵਜੋਂ ਸਰਕਾਰ ਵਲੋਂ ਐਲਾਨਿਆ ਲਾਭ ਵੀ ਨਹੀਂ ਦਿੱਤਾ ਗਿਆ। ਮੰਤਰੀ ਸਹਿਬਾਨ ਜੀਓ, ਜਿੱਥੇ ਹੁਣ ਤੱਕ ਇਨਸਾਫ਼ ਉਡੀਕਦੇ 71 ਸਾਥੀ ਵੀ ਇਸ ਜਹਾਨ ਤੋਂ ਰੁਖਸਤ ਹੋ ਗਏ ਉਥੇ ਹੀ ਹੁਣ ਤਾਂ ਕੰਪਿਊਟਰ ਅਧਿਆਪਕ ਰਿਟਾਇਰ ਹੋਣੇ ਵੀ ਸ਼ੁਰੂ ਹੋ ਚੁੱਕੇ ਹਨ।

ਸਤਿਕਾਰਯੋਗ ਮੰਤਰੀ ਜੀਓ, ਕੰਪਿਊਟਰ ਅਧਿਆਪਕ ਉੱਚ ਸਿੱਖਿਆ ਪ੍ਰਾਪਤ ਹਨ ਅਤੇ ਵਿਭਾਗ ਦੇ ਨਿਯਮਾਂ ਅਨੁਸਾਰ ਆਪਣੀ ਪੂਰੀ ਯੋਗਤਾ ਰੱਖਦੇ ਹਨ। ਜੇਕਰ ਕੰਪਿਊਟਰ ਅਧਿਆਪਕਾਂ ਦੀਆਂ ਉਪਲਬਧੀਆਂ ਦੀ ਗੱਲ ਕਰਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਮੌਜੂਦਾ ਸੂਚਨਾ ਤਕਨੀਕ ਦੇ ਯੁੱਗ ਵਿੱਚ ਕੰਪਿਊਟਰ ਅਧਿਆਪਕ ਵਿਭਾਗ ਦੀ ਰੀੜ ਦੀ ਹੱਡੀ ਬਣ ਕੇ ਉਭਰੇ ਹਨ। ਆਪਣੀ ਸਖਤ ਮਿਹਨਤ ਅਤੇ ਤਕਨੀਕ ਨਾਲ ਸਿੱਖਿਆ ਪ੍ਰਣਾਲੀ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਆਪਣਾ ਮਹੱਤਵਪੂਰਣ ਯੋਗਦਾਨ ਪਾ ਰਹੇ ਹਨ। ਵਿਭਾਗ ਦੇ ਵੱਖ-ਵੱਖ ਪੋਰਟਲਾਂ ਦਾ ਸੰਚਾਲਨ ਜਾਂ ਫਿਰ ਉਨ੍ਹਾਂ ਉਪਰ ਡਾਟਾ ਅਪਲੋਡ ਕਰਨਾ ਹੋਵੇ ਜਾਂ ਫਿਰ ਸਕੂਲ ਦੀਆਂ ਵੈਬਸਾਇਟ ਬਣਾਉਣੀਆਂ ਹੋਣ ਜਾਂ ਈ-ਕਨਟੈਂਟ ਬਣਾਉਣਾ ਹੋਵੇ ਜਾਂ ਵੱਖ-ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਰਾਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਉਪਲਬਧੀਆਂ ਬਾਰੇ ਜਾਣੂ ਕਰਵਾਉਣਾ ਹੋਵੇ, ਕੰਪਿਊਟਰ ਅਧਿਆਪਕ ਆਪਣਾ ਰੋਲ ਬਾਖੂਬੀ ਨਿਭਾ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਕੂਲ ਬੰਦ ਸਨ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇਕੋ-ਇਕ ਕੜੀ ਕੰਮ ਕਰ ਰਹੀ ਸੀ ਉਹ ਸੀ ‘ਆਨਲਾਈਨ ਸਿੱਖਿਆ’, ਉਸ ਸਮੇਂ ਵੀ ਕੰਪਿਊਟਰ ਅਧਿਆਪਕਾਂ ਨੇ ਆਨਲਾਈਨ ਦਾਖਲਾ ਫਾਰਮ, ਪੈਂਫਲਟ ਡਿਜਾਇਨ, ਗੂਗਲ ਫਾਰਮਸ, ਗੂਗਲ ਸ਼ੀਟਸ, ਜੂਮ ਐਪ, ਸੋਸ਼ਲ ਮੀਡਿਆ ਆਦਿ ਐਪਲੀਕੇਸ਼ਨਾਂ ਰਾਹੀ ਆਪਣਾ ਫਰਜ਼ ਸਫਲਤਾ ਨਾਲ ਨਿਭਾਇਆ। ਇੱਥੇ ਤੱਕ ਕੇ ਕੰਪਿਊਟਰ ਵਿਸ਼ੇ ਵਿੱਚ ਵਿਦਿਆਰਥੀ ਦੀ ਇਕ ਵੱਡੀ ਗਿਣਤੀ ਦਾ ਆਨਲਾਈਨ ਟੈਸਟ ਲੈ ਕੇ ਆਪਣਾ ਨਾਮ ‘ਇਡੀਆ’ ਅਤੇ ‘ਏਸ਼ੀਆ’ ਬੁੱਕ ਆਫ਼ ਰਿਕਾਰਡ ਵਿੱਚ ਸ਼ਾਨ ਨਾਲ ਦਰਜ ਕਰਵਾਇਆ, ਨਾਲ ਹੀ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਵੀ ਜਾਰੀ ਕੀਤੇ ਗਏ। 

ਕੋਵਿਡ ਡਿਊਟੀਆਂ ਹੋਣ ਜਾਂ ਚੋਣ ਡਿਊਟੀ ਸਭ ਤੋਂ ਪਹਿਲਾ ਡਿਊਟੀਆਂ ਕੰਪਿਊਟਰ ਅਧਿਆਪਕਾਂ ਦੀਆਂ ਹੀ ਲੱਗਦੀਆਂ ਹਨ ਪਰੰਤੂ ਜਦੋਂ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਟਾਲ-ਮਾਟੋਲ ਵਾਲੀ ਨੀਤੀ ਹੀ ਪਿਛਲੀਆਂ ਸਰਕਾਰਾਂ ਵਲੋਂ ਅਪਣਾਈ ਗਈ। ਇੱਥੋ ਤੱਕ ਹੁਣ ਤੱਕ ਤਕਰੀਬਨ ਜਿਵੇਂ ਉਪਰ ਦੱਸਿਆ ਗਿਆ ਹੈ ਕਿ 71 ਦੇ ਕਰੀਬ ਕੰਪਿਊਟਰ ਅਧਿਆਪਕ ਬੇਵਕਤੀ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਹਨ ਲੇਕਿਨ ਵਿਭਾਗ ਜਾਂ ਸਰਕਾਰ ਵਲੋਂ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਵਿੱਤੀ ਸਹਾਇਤਾ ਅਤੇ ਨਾ ਹੀ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਗਈ, ਹਰ ਵਾਰ ਤੁਸੀਂ ਪਿਕਟਸ ਸੁਸਾਇਟੀ ਦੇ ਮੁਲਾਜ਼ਮ ਹੋ, ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਜਦੋਂ ਕਿ ਸਾਡੇ ਰੈਗੂਲਰ ਹੁਕਮਾਂ ਵਿੱਚ ਸਾਨੂੰ ਪੰਜਾਬ ਸਿਵਲ ਸਰਵਿਸ ਰੂਲਜ ਤਹਿਤ ਸਭ ਲਾਭ ਮਿਲਣਯੋਗ ਹਨ। ਫਿਰ ਅਜਿਹੀ ਬੇਇਨਸਾਫ਼ੀ ਕਿਉਂ? ਸਤਿਕਾਰਯੋਗ ਮੰਤਰੀ ਜੀਓ! ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਲੰਧਰ ਦੇ ਇਕ ਕੰਪਿਊਟਰ ਅਧਿਆਪਕ ਹਰਜੀਤ ਸਿੰਘ ਨੇ ਦੁਨੀਆਂ ਦਾ ਪਹਿਲਾ ਪੰਜਾਬੀ ਬੋਲਣ, ਸਮਝਣ ਅਤੇ ਲਿੱਖਣ ਵਾਲਾ ਮਨੁੱਖੀ ਰੋਬੋਟ ‘ਸਰਬੰਸ ਸਿੰਘ’ ਤਿਆਰ ਕਰ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਲਈ ਬਹੁਤ ਹੀ ਸ਼ਾਨਮੱਤੀ ਪ੍ਰਾਪਤੀ ਹੈ। ਲੋੜ ਹੈ ਤਾਂ ਬਸ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੀ ਤਾਂ ਜੋ ਉਹ ਕੰਪਿਊਟਰ ਦੇ ਇਸ ਯੁੱਗ ਵਿੱਚ ਹੋਰ ਵੀ ਵਧੇਰੇ ਉਤਸ਼ਾਹ ਨਾਲ ਨਵੇਂ ਦਿਸਹੱਦੇ ਸਰ ਕਰ ਸਕਣ।

ਸਤਿਕਾਰਯੋਗ ਮੰਤਰੀ ਜੀਓ! ਇਸ ਸਮੇ ਕੰਪਿਊਟਰ ਅਧਿਆਪਕ ਰੈਗੂਲਰ ਹੋ ਕੇ ਵੀ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਆਖਰ ਇਕ ਮੁਲਾਜ਼ਮ ਆਪਣੀ ਨੌਕਰੀ ਇਕ ਕਾਗਜ਼ ਉਪਰ ਦਰਜ ਕੀਤੇ ਗਏ ਹੁਕਮਾਂ ਅਨੁਸਾਰ ਹੀ ਕਰਦਾ ਹੈ ਲੇਕਿਨ ਕੰਪਿਊਟਰ ਅਧਿਆਪਕਾਂ ਕੋਲ ਰੈਗੂਲਰ ਆਰਡਰ ਹੋਣ ਦੇ ਬਾਵਜੂਦ ਵੀ ਮਿਲਣਯੋਗ ਹੱਕ ਨਹੀਂ ਮਿਲ ਰਹੇ… ਸਵਾਲ ਮੈਂ ਆਪ ਜੀ ਦੇ ਉੱਪਰ ਛੱਡ ਰਿਹਾ ਹਾਂ ਕਿ ਇਤਿਹਾਸ ਵਿੱਚ ਅਜਿਹਾ ਕਦੇ ਹੋਇਆ ਹੈ ਕਿ ਕਿਸੇ ਕਰਮਚਾਰੀ ਨੂੰ ਲਿਖਤ ਵਿੱਚ ਸਭ ਕੁੱਝ ਸੁਵਿਧਾਵਾਂ ਦਿੱਤੀਆਂ ਹੋਣ ਪਰੰਤੂ ਦਰ-ਹਕੀਕਤ ਉਹ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਦਰ-ਦਰ ਭਟਕਦਾ ਹੋਵੇ। ਜਿੰਨਾ ਦੇ ਪਰਿਵਾਰ ਵਿੱਚੋਂ ਇਕੋ-ਇਕ ਕਮਾਉਣ ਵਾਲਾ ਜੀਅ ਅਚਨਚੇਤ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਉਨ੍ਹਾਂ ਦੇ ਪਰਿਵਾਰ ਦਾ ਕੀ ਹਾਲ ਹੋ ਰਿਹਾ ਹੋਵੇਗਾ ਤੁਸੀਂ ਭਲੀਭਾਂਤ ਸਮਝ ਸਕਦੇ ਹੋ। ਪਰਿਵਾਰ ਹਾੜੇ ਕੱਢ ਰਹੇ ਹਨ ਕਿ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ ਮਗਰ ਸਭ ਵਿਅਰਥ ਹੈ। ਸੋ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਕੰਪਿਊਟਰ ਅਧਿਆਪਕਾਂ ਦੀ ਤਨਖਾਹ ਛੇਵੇ-ਪੇਅ ਕਮਿਸ਼ਨ ਨਾਲ ਫਿਕਸ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਕੰਪਿਊਟਰ ਅਧਿਆਪਕਾਂ ਤੇ ਨਿਯੁਕਤੀ ਪੱਤਰ ਅਨੁਸਾਰ ਪੰਜਾਬ ਸਿਵਲ ਨਿਯਮਾਵਲੀ ਲਾਗੂ ਕੀਤੀ ਜਾਵੇ। ਏਸੀਪੀ ਸਕੀਮ ਤਹਿਤ 4 ਸਾਲਾਂ ਅਤੇ 9 ਸਾਲਾਂ ਏਸੀਪੀ ਲਾਗੂ ਕੀਤੀ ਜਾਵੇ। ਡੈੱਥ ਪਰਿਓਰਟੀ ਕੇਸਾਂ ਅਧੀਨ ਹੁਣ ਤੱਕ ਇਸ ਜਹਾਨ ਤੋਂ ਰੁਖਸਤ ਹੋ ਚੁੱਕੇ ਅਧਿਆਪਕਾਂ ਦੇ ਵਾਰਸਾਂ ਨੂੰ ਪਿਕਟਸ ਜਾਂ ਕਿਸੇ ਹੋਰ ਸੁਸਾਇਟੀ ਵਿੱਚ ਨੌਕਰੀ ਦਿੱਤੀ ਜਾਵੇ। ਮੈਡੀਕਲ ਰੀ-ਇੰਬ੍ਰਸਮੈਂਟ, ਸੀਨੀਆਰਤਾ, ਐਨ.ਪੀ.ਐਸ(ਨਿਊ ਪੈਨਸ਼ਨ ਸਕੀਮ) ਅਤੇ ਪ੍ਰੋਮੋਸ਼ਨ ਚੈਨਲ ਲਾਗੂ ਕੀਤੇ ਜਾਣ। 

ਸਤਿਕਾਰਯੋਗ ਮੰਤਰੀ ਜੀਓ! ਕੰਪਿਊਟਰ ਅਧਿਆਪਕ ਤੁਹਾਡੇ ਵਲ ਬਹੁਤ ਆਸ ਲਗਾਈ ਬੈਠੇ ਹਨ, ਉਮੀਦ ਹੈ ਕਿ ਤੁਸੀ ਤਕਰੀਬਨ 6800 ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਜਰੂਰ ਕਰੋਗੇ। ਪਿਛਲੀਆਂ ਸਰਕਾਰਾਂ ਵਲੋਂ ਹਮੇਸ਼ਾ ਸਾਡੇ ਕੇਡਰ ਪ੍ਰਤੀ ਬੇਰੁੱਖੀ ਵਾਲੀ ਨੀਤੀ ਹੀ ਅਪਣਾਈ ਗਈ। ਆਸ ਹੈ ਕਿ ਜਿੰਨਾ ਚਾਵਾਂ ਨੇ ਪੰਜਾਬ ਦੀ ਅਵਾਮ ਨੇ ਖਾਸਕਰ ਤੁਹਾਡੇ ਸਿੱਖਿਆ ਖੇਤਰ ਲਈ ਕੀਤੇ ਵਾਅਦਿਆ ਨੂੰ ਮੁੱਖ ਰੱਖ ਕੇ ਤੁਹਾਨੂੰ ਇਨ੍ਹਾਂ ਵੱਡਾ ਜਿੱਤ ਦਾ ਫਤਵਾ ਦਿੱਤਾ ਹੈ ਤੁਸੀ ਉਨ੍ਹਾਂ ਦੇ ਸੁਪਨਿਆਂ ਨੂੰ ਟੁੱਟਣ ਨਹੀਂ ਦੇਵੋਗੇ। ਕਿਉਂਕਿ ਜਦੋਂ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ ਤਦ ਹੀ ਉਹ ਸਵੈਮਾਣ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਦੇ ਹਨ। ਅੰਤ ਵਿੱਚ ਇਹ ਸ਼ੇਅਰ ਨਾਲ ਆਪਣੇ ਪੱਤਰ ਦੀ ਇੱਥੇ ਹੀ ਸਮਾਪਤੀ ਕਰਾਂਗਾ !

ਇਤਿਹਾਸ ਵਿਚ ਜੇ ਨਾਇਕ ਬਣਨਾ ਹੈ ਤਾਂ ਜ਼ਰੂਰੀ,

ਕੁਝ ਬਾਤ ਨਵੀਂ ਕਹਿਣਾ, ਕੋਈ ਇਨਕਲਾਬ ਕਰਨਾ। 

ਧੰਨਵਾਦ ਜੀਓ, 

(ਜਗਜੀਤ ਸਿੰਘ ਗਣੇਸ਼ਪੁਰ)

+91 94655-76022