ਸਮਾਜਿਕ ਵਿਵਸਥਾ ਨੂੰ ਕੇਵਲ ਲੋਕ ਬਦਲਦੇ ਹਨ

1457063295-4389ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਦੇ ਅੰਦਰ ਅਤੇ ਬਾਹਰ ਜੋ ਘਟਨਾਵਾਂ ਹਾਲ ਹੀ ਵਿਚ ਵਾਪਰੀਆਂ ਉਹਨਾਂ ਨੇ ਰਾਸ਼ਟਰਵਾਦ ਦੇ ਮੁੱਦੇ ਨੂੰ ਇੱਕ ਕੌਮੀ ਪੱਧਰ ਦੀ ਬਹਿਸ ਦੇ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ, ਜਿਸ ਵਿਚ ਜੇ ਐਨ ਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਪਰਿੰਟ ਅਤੇ ਬਿਜਲਈ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਨਾਲ ਨਾਲ ਈ-ਪੱਤਰਕਾਵਾਂ ਵਿਚ ਉਸ ਦੀ ਖ਼ੂਬ ਚਰਚਾ ਅਜੇ ਤੱਕ ਚੱਲ ਰਹੀ ਹੈ। ਅੰਤਰਿਮ ਜ਼ਮਾਨਤ ਉੱਤੇ ਰਿਹਾਈ ਉਪਰੰਤ ਜੇ ਐਨ ਯੂ ਵਿਦਿਆਰਥੀਆਂ ਦੇ ਸਨਮੁੱਖ ਦਿੱਤੇ ਕਨ੍ਹਈਆ ਦੇ ਭਾਸ਼ਣ ਨੂੰ ਅਨੇਕਾਂ ਟੀਵੀ ਚੈਨਲਾਂ ਨੇ ਲਾਈਵ ਟੈਲੀਕਾਸਟ ਕੀਤਾ। ਇਸ ਤੋਂ ਇਲਾਵਾ ਹਰ ਪ੍ਰਕਾਰ ਦੇ ਮੀਡੀਆ ਨੇ ਉਸ ਦੇ ਇੰਟਰਵਿਊ ਪ੍ਰਮੁੱਖਤਾ ਨਾਲ ਛਾਪੇ। ਜਿੱਥੋਂ ਤੱਕ ਪੰਜਾਬੀ ਪਰਿੰਟ ਮੀਡੀਆ ਦਾ ਸਬੰਧ ਹੈ, ਨਵਾਂ ਜ਼ਮਾਨਾ ਨੇ ਸੁਕੀਰਤ ਦੁਆਰਾ ਕਨ੍ਹਈਆ ਨਾਲ ਕੀਤੀ ਲੰਬੀ ਇੰਟਰਵਿਊ ਛਾਪ ਕੇ ਆਪਣੇ ਪਾਠਕਾਂ ਤੱਕ ਪਹੁੰਚਾਉਣ ਦਾ ਬਣਦਾ ਫ਼ਰਜ਼ ਸਭ ਤੋਂ ਪਹਿਲਾਂ ਅਦਾ ਕੀਤਾ। ਇੱਕ ਅੰਦਾਜ਼ੇ ਅਨੁਸਾਰ ਉਸ ਵੱਲੋਂ ਕੈਂਪਸ ਵਿਚ ਦਿੱਤੇ ਭਾਸ਼ਣ ਨੂੰ 30 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।
ਉਸ ਦੇ ਭਾਸ਼ਣਾਂ ਉੱਤੇ ਜੋ ਪ੍ਰਤੀਕਿਰਿਆਵਾਂ ਆਈਆਂ ਉਨ੍ਹਾਂ ਉੱਤੇ ਭਾਵਨਾਵਾਂ ਦਾ ਰੰਗ ਵੀ ਚੜ੍ਹਿਆ ਹੋਇਆ ਸੀ। ਕਈਆਂ ਨੇ ਤਾਂ ਉਸ ਦੀ ਤੁਲਨਾ ਸ। ਭਗਤ ਸਿੰਘ ਤੋਂ ਲੈ ਕੇ ਚੀ-ਗਵੇਰਾ ਅਤੇ ਲੈਨਿਨ ਤੱਕ ਨਾਲ ਕਰਨ ਨੂੰ ਦੇਰ ਨਾ ਲਾਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਬਦੀਲੀ ਦੇ ਇੱਛਕ ਆਮ ਲੋਕਾਂ ਨੂੰ ਉਸ ਦੇ ਭਾਸ਼ਣ ਨੇ ਇੱਕ ਚੁੰਬਕੀ ਸ਼ਖ਼ਸੀਅਤ ਵਾਂਗ ਆਪਣੇ ਵਲ ਖਿੱਚਿਆ। ਉਨ੍ਹਾਂ ਦਾ ਮੱਤઠ ਸੀ ਕਿ ਭਾਰਤ ਨੂੰ ਹੁਣ ਆਪਣਾ ਨੇਤਾ ਮਿਲ ਗਿਆ ਹੈ। ਇਸ ਦੇ ਉਲਟ ਉਸ ਨੂੰ ਖਲਨਾਇਕ ਦੇ ਰੂਪ ਵਿਚ ਪੇਸ਼ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਉਸ ਉੱਤੇ ਜਿਸਮਾਨੀ ਅਤੇ ਮਾਨਸਿਕ ਹਮਲੇ ਤਾਂ ਕੀਤੇ ਹੀ ਜਾ ਰਹੇ ਹਨ ਇਸ ਤੋਂ ਇਲਾਵਾ ਉਸ ਦੀ ਜ਼ਬਾਨ ਤੱਕ ਕੱਟਣ ਦੇ ਧਮਕੀ ਭਰੇ ਕਰੂਰ ਬਿਆਨ ਵੀ ਦਿੱਤੇ ਗਏ। ਇਹ ਵਰਤਾਰਾ ਵੱਖਰੇ ਵਿਚਾਰ ਰੱਖਣ ਵਾਲਿਆਂ ਪਰਤੀ ਅਸਹਿਣਸ਼ੀਲਤਾ ਦਾ ਖੁੱਲ੍ਹਾ ਅਤੇ ਗਿਣਿਆ ਮਿਥਿਆ ਪ੍ਰਗਟਾਵਾ ਸੀ।
ਕਨ੍ਹਈਆ ਖ਼ਿਲਾਫ਼ ਸਰਕਾਰ ਦੇ ਕਠੋਰ ਰਵੱਈਏ ਦੀ ਜਿੱਥੇ ਵਿਸ਼ਵ ਦੀਆਂ ਕਈ ਯੂਨੀਵਰਸਟੀਆਂ ਦੇ ਵਿਦਿਆਰਥੀ ਸੰਘਾਂ ਨੇ ਨਿਖੇਧੀ ਕੀਤੀ ਉੱਥੇ ਕੌਮਾਂਤਰੀ ਮੀਡੀਆ ਨੇ ਵੀ ਉਸ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਇਹਨਾਂ ਘਟਨਾਵਾਂ ਦੇ ਸੰਦਰਭ ਵਿਚ ਅਜਿਹਾ ਲੱਗਦਾ ਹੈ ਕਿ ਕਨ੍ਹਈਆ ਨੂੰ ਲੈ ਕੇ ਦੇਸ਼ ਵਿਚਾਰਧਾਰਕ ਪੱਖੋਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੋਵੇ। ਬੌਧਿਕ ਸੈਮੀਨਾਰਾਂ ਅਤੇ ਅਤੇ ਵੱਖ ਵੱਖ ਵਿਚਾਰ ਮੰਚਾਂ ਵੱਲੋਂ ਕੀਤੇ ਜਾਂਦੇ ਸਮਾਗਮਾਂ ਵਿਚ ਹਾਜ਼ਰੀ ਭਰਨ ਵਾਲੇ ਜਾਣਦੇ ਹਨ ਕਿ ਉਸ ਦੇ ਭਾਸ਼ਣ ਵਿਚ ਕੋਈ ਨਵੀਂ ਅਤੇ ਮੌਲਿਕ ਗੱਲ ਨਹੀਂ ਸੀ। ਦੇਸ਼ ਵਿਰੋਧੀ ਤਾਂ ਕਦਾਚਿਤ ਵੀ ਨਹੀਂ। ਫੇਰ ਵੀ ਫ਼ਿਰਕੂ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ, ਉਹਨੂੰ ਦੇਸ਼ ਧਰੋਹੀ ਹੋਣ ਦਾ ਫ਼ਤਵਾ ਦੇਣ ਲੱਗਿਆਂ।
ਜ਼ਿਕਰ ਯੋਗ ਹੈ ਸੰਘਰਸ਼ਾਂ ਵਿਚ ਤਪੇ ਖੱਬੇ ਪੱਖੀ ਵਿਦਿਆਰਥੀ ਨੇਤਾ ਪੂਰੀ ਪ੍ਰਤੀਬੱਧਤਾ ਨਾਲ ਬੋਲਣ ਵਾਲੇ ਅਕਸਰ ਹੀ ਚੰਗੇ ਬੁਲਾਰੇ ਹੁੰਦੇ ਹਨ। ਕਈ ਤੱਥਆਤਨਿਕ ਭੁੱਲਾਂ ਦੇ ਬਾਵਜੂਦ ਬਿਨ੍ਹਾਂ ਕਿਸੇ ਸ਼ੱਕ ਇਸ ਨੂੰ ਇੱਕ ਇਤਿਹਾਸਕ ਭਾਸ਼ਣ ਤਾਂ ਕਿਹਾ ਹੀ ਜਾ ਸਕਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜੇਲ੍ਹ ਅਤੇ ਘੋਰ ਜਿਸਮਾਨੀ ਅਤੇ ਮਾਨਸਿਕ ਜਬਰ ਦੇ ਬਾਅਦ ਉਸ ਦੇ ਭਾਸ਼ਣ ਵਿਚ ਭੋਰਾ ਭਰ ਡਰ ਨਹੀਂ ਸੀ, ਅੱਪ-ਸ਼ਬਦ ਨਹੀਂ ਸੀ, ਪਰਤੀ ਹਿੰਸਾ ਨਹੀਂ ਸੀ, ਕੋਈ ਹਲਕੀ ਫੁਲਕੀ ਟਿੱਪਣੀ ਨਹੀਂ ਸੀ। ਜੇ ਉਸ ਦੇ ਭਾਸ਼ਣ ਵਿਚ ਅਜਿਹਾ ਹੁੰਦਾ ਤਾਂ ਪੂਰਾ ਵਿਦਿਆਰਥੀ ਅੰਦੋਲਨ ਕਮਜ਼ੋਰઠਪੈ ਜਾਣਾ ਸੀ।
ਉਹ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਕੁੱਝ ਘੰਟਿਆਂ ਦੇ ਵਕਫ਼ੇ ਪਿੱਛੋਂ ਵਿਦਿਆਰਥੀਆਂ ਦੇ ਸਾਹਮਣੇ ਖੜ੍ਹਾ ਸੀ, ਬਿਨ੍ਹਾਂ ਕਾਗ਼ਜ਼ ਪੈੱਨ। ਉਹ ਉਸ ਮੀਡੀਆ ਅਤੇ ਜਨਤਾ ਦੇ ਰੂਬਰੂ ਵੀ ਸੀ ਜਿਸ ਦਾ ਵੱਡਾ ਹਿੱਸਾ ਉਸ ਨੂੰ ਖ਼ਤਮ ਕਰਨ ਲਈ ਆਮਾਦਾ ਸੀ। ਇਹੀ ਕਾਰਨ ਹੈ ਕਿ ਉਹ ਦੇਸ਼ਕਾਲ ਮਹੱਤਵ ਪੂਰਨ ਬਣ ਗਿਆ। ਗ਼ੁਰਬਤ ਵਿਚੋਂ ਉੱਠੇ ਬੱਚੇ ਨੂੰ ਇਤਿਹਾਸ ਨੇ ਇੱਕ ਜ਼ੁੰਮੇਵਾਰੀ ਦਿੱਤੀ ਜਿਸ ਨੂੰ ਉਸ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਅਸਲ ਰਾਸ਼ਟਰ ਵਾਦ ਪ੍ਰਤੀ ਜਿਸ ਪ੍ਰਤੀਬੱਧਤਾ ਨਾਲ ਉਸ ਨੇ ਦੱਖਣ ਪੰਥੀ ਰਾਜਨੀਤੀ ਉੱਤੇ ਵਿਚਾਰਧਾਰਕ ਹਮਲਾ ਕੀਤਾ ਅਤੇ ਅੰਬੇਦਕਰ ਵਾਦੀ ਤੇ ਖੱਬੇ ਪੱਖੀ ਵਿਦਿਆਰਥੀ ਰਾਜਨੀਤੀ ਨੂੰ ਜੇਲ੍ਹ ਵਿਚ ਮਿਲੀ “ਲਾਲ ਨੀਲੀ ਕਟੋਰੀ” ਦੇ ਪ੍ਰਤੀਕ ਰਾਹੀਂ ਇੱਕ ਮੰਚ ਉੱਤੇ ਆਉਣ ਦਾ ਹੋਕਾ ਦਿੱਤਾ ਉਹ ਉਸ ਲੜਾਈ ਵਲ ਇਸ਼ਾਰਾ ਕਰਦਾ ਹੈ, ਜਿਸ ਤੋਂ ਬਗੈਰ ਭਾਰਤ ਅੰਦਰ ਫਾਸ਼ੀਵਾਦ ਖ਼ਿਲਾਫ਼ ਲੜਾਈ ਨਹੀਂ ਲੜੀ ਜਾ ਸਕਦੀ।

Prince Kumar, Younger Brother of JNU Student Union President Kanahiya alongwith Father Jai Shankar Singh and Mother Mina Devi  at his vilage Masnadpur Tola in Bihat,Begusarai on Saturday, feb 13,2016. They are in shock and anger after at arrest of Kanahaiya in recent JNU protest and clash connection. Express Photo By Prashant Ravi
ਦੇਸ਼ਾਂ ਦੇ ਤਮਾਮ ਲੋਕ ਜਿਹੜੇ ਵੱਖੋ ਵੱਖ ਤਰੀਕਿਆਂ ਨਾਲ ਉਸ ਦੀ ਲੜਾਈ ਲੜ ਰਹੇ ਹਨ ਉਹ ਸਭ ਇਸ ਲੜਾਈ ਦੇ ਸਾਂਝੇ ਯੋਧੇ ਅਤੇ ਦੇਸ਼ ਭਗਤ ਹਨ। ਸੰਘਰਸ਼ ਦਾ ਇਹ ਵਰਤਾਰਾ ਪਹਿਲਾਂ ਹੀ ਅਰੰਭ ਹੋ ਚੁੱਕਾ ਹੈ। ਦੇਸ਼ਾਂ ਅੰਦਰ ਵਿਦਿਆਰਥੀ ਅੰਦੋਲਨਾਂ ਦੀਆਂ ਕੜ੍ਹੀਆਂ ਇੱਕ ਦੂਜੇ ਨਾਲ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਹਨਾਂ ਅੰਦੋਲਨਾਂ ਦੀ ਸ਼ੁਰੂਆਤ ਐਫ ਟੀ ਆਈ ਆਈ ਦੇ ਅੰਦੋਲਨ ਤੋਂ ਹੋਈ, ਜਦੋਂ ਇੱਕ ਔਸਤ ਤੋਂ ਵੀ ਹੇਠਲੇ ਦਰਜੇ ਦੇ ਕਲਾਕਾਰ ਗਜੇੰਦਰ ਚੌਹਾਨ ਨੂੰ ਕੇਵਲ ਇਸ ਲਈ ਇਸ ਨਾਮਵਰ ਸੰਸਥਾ ਦਾ ਮੁਖੀ ਬਣਾ ਦਿੱਤਾ ਕਿਉਂ ਕਿ ਉਸ ਦੀਆਂ ਨਜ਼ਦੀਕੀਆਂ ਸੱਤਾਧਾਰੀਆਂ ਦੇ ਨਾਲ ਹਨ।
ਇਸ ਅੰਦੋਲਨ ਦਾ ਜੇ ਐਨ ਯੂ ਨੇ ਹੀ ਨਹੀਂ ਬਲ ਕਿ ਦੇਸ਼ ਦੀਆਂ ਅਨੇਕ ਯੂਨੀਵਰਸਿਟੀਆਂ, ਸਿੱਖਿਆ ਸੰਸਥਾਵਾਂ, ਬੌਧਿਕ ਹਲਕਿਆਂ ਅਤੇ ਗੰਭੀਰ ਫ਼ਿਲਮ ਜਗਤ ਨੇ ਪੂਰਾ ਸਮਰਥਨ ਕੀਤਾ। ਇਸ ਉਪਰੰਤ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀਆਂ ਨੂੰ ਮਿਲਣ ਵਾਲੀ ਖੋਜ ਫੈਲੋਸ਼ਿੱਪ ਬੰਦ ਕੀਤੇ ਜਾਣ ਦੇ ਖ਼ਿਲਾਫ਼ ਇੱਕ ਇਤਿਹਾਸਕ ਅੰਦੋਲਨ ਹੋਇਆ ਜਿਸ ਦੌਰਾਨ ਯੂ ਜੀ ਸੀ (ਯੂਨੀਵਰਸਿਟੀ ਗਰਾਂਟ ਕਮਿਸ਼ਨ) ਦੇ ਮੁੱਖ ਦਫ਼ਤਰ ਅੱਗੇ ਲਗਾਤਾਰ 88 ਦਿਨ ਤੱਕ ਧਰਨਾ ਦਿੱਤਾ। ਇਸ ਧਰਨੇ ਵਿਚ ਜੇ ਐਨ ਯੂ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ, ਮਹਾਤਮਾ ਗਾਂਧੀ ਅੰਤਰ ਰਾਸ਼ਟਰੀ ਹਿੰਦੀ ਯੂਨੀਵਰਸਿਟੀ, ਸਮੇਤ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਪੱਖੀ ਤਾਕਤਾਂ ਨੇ ਹਿੱਸਾ ਲਿਆ। ਦਬਾਅ ਅੱਗੇ ਝੁਕਦਿਆਂ ਸਰਕਾਰ ਨੂੰ ਫੈਲੋਸ਼ਿੱਪ ਤਾਂ ਦੇਣੀ ਪਈ ਪਰ ਉਸ ਨੇ ਇਸ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ। ਸੰਘਰਸ਼ ਫੇਰ ਵੀ ਜਾਰੀ ਹੈ।
ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਹੈਦਰਾਬਾਦ ਯੂਨੀਵਰਸਿਟੀ ਦੇ ਅੰਬੇਦਕਰ ਵਾਦੀ ਵਿਦਿਆਰਥੀ ਸੰਗਠਨ ਦੇ ਕਾਰਜਕਰਤਾ ਰੋਹਿਲ ਬੇਮੁੱਲਾ ਦੀ ਕਹਾਣੀ, ਜਿਸ ਨੂੰ ਹੋਸਟਲ ਛੱਡਣ ਵਾਸਤੇ ਕੇਂਦਰੀ ਮੰਤਰੀਆਂ ਦੇ ਦਬਾਅ ਹੇਠ ਆ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਜਿੱਥੇ ਹੋਰ ਸਾਰੇ ਇਨਸਾਫ਼ ਪਸੰਦ ਲੋਕ ਬੇਮੁਲਾ ਨਾਲ ਖੜੇ ਹਨ ਉੱਥੇ ਜੇ ਐਨ ਯੂ ਉਸ ਨੂੰ ਇਨਸਾਫ਼ ਦਿਵਾਉਣ ਦੇ ਮਾਮਲੇ ਵਿਚ ਉਹਦੇ ਨਾਲ ਖੜੀ ਦਿਖਾਈ ਦੇ ਰਹੀ ਹੈ। ਇਹੀ ਹੈ ਕਨ੍ਹਈਆ ਦਾ ਕਰਿਸ਼ਮਾ!
ਇਲਾਹਾਬਾਦ ਯੂਨੀਵਰਸਿਟੀ ਅਜਿਹੀ ਹੈ ਜਿਸ ਨੇ ਦੇਸ਼ ਨੂੰ ਵੱਡੇ ਨੇਤਾ ਦਿੱਤੇ ਹਨ। ਜਦੋਂ ਇੱਥੋਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਧਾਨ ਰਿਚਾ ਸਿੰਹੁ ਦੀ ਅਗਵਾਈ ਹੇਠ ਸਿਰੇ ਦੇ ਤੁਅਸਵੀ ‘ਨੇਤਾ’ ਸੰਸਦ ਅਦਿੱਤਿਆ ਨਾਥ ਨੂੰ ਕੈਂਪਸ ਅੰਦਰ ਦਾਖਲ ਹੋਣ ਤੋਂ ਰੋਕਿਆ ਤਾਂ ਉਸ ਸਮੇਂ ਤੋਂ ਉਸ ਦੇ ਖ਼ਿਲਾਫ਼ ਗੰਦ ਬਕਿਆ ਜਾ ਰਿਹਾ ਹੈ, ਅਤੇ ਤਰ੍ਹਾਂ ਤਰ੍ਹਾਂ ਦੇ ਕੁ-ਚੱਕਰ ਚਲਾਏ ਜਾ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਵਿੱਦਿਅਕ ਅਦਾਰਿਆਂ ਅੰਦਰ ਅਖੌਤੀ ਧਰਮ ਨਿਰਪੱਖ ਸੰਵਿਧਾਨ ਨੂੰ ਤਾਕ ਤੇ ਰੱਖ ਕੇ ਹਿੰਦੂਤਵ ਵਾਦੀ ਤਾਕਤਾਂ ਦਾ ਏਜੰਡਾ ਸਤਾ ਦੇ ਬੁੱਤੇ ਸਿਲੇਬਸਾਂ ਵਿਚ ਘਸੋੜਿਆ ਜਾ ਰਿਹਾ ਹੈ। ਇੱਕ ਪਾਸੇ ਕੁੜੀਆਂ ਨੂੰ ਜ਼ੀਨਾਂ ਨਾ ਪਾਉਣ ਦੇ ਫ਼ਤਵੇ ਦਿੱਤੇ ਜਾ ਰਹੇ ਹਨ ਜਦੋਂ ਕਿ ਦੂਜੇ ਪਾਸੇ ਨਾਂਗੇ ਸਾਧਾਂ ਨੂੰ ਸੰਸਕ੍ਰਿਤੀ ਦੇ ਰਾਖੇ ਦੱਸਿਆ ਜਾ ਰਿਹਾ ਹੈ।
ਜੇ ਐਨ ਯੂ ਅੰਦਰ ਹੋਈ ਇੱਕ ਘਟਨਾ ਦੇ ਬਾਅਦ ਜਿਸ ਤਰ੍ਹਾਂ 3 ਵਿਦਿਆਰਥੀਆਂ ਨੂੰ ਰਾਜ ਧਰੋਹ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਉਸ ਨੇ ਅੰਗਰੇਜ਼ਾਂ ਦੇ ਰੌਲਟ ਐਕਟ ਦੀ ਯਾਦ ਦੇਸ਼ ਵਾਸੀਆਂ ਨੂੰ ਫੇਰ ਤਾਜ਼ਾ ਕਰਵਾ ਦਿੱਤੀ ਹੈ। ਵਿਦਿਆਰਥੀ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਕਨ੍ਹਈਆ ਦੇ ਭਾਸ਼ਣ ਨੂੰ ਇਹਨਾਂ ਪ੍ਰਸਥਿਤੀਆਂ ਵਿਚ ਹੀ ਦੇਖਣਾ ਚਾਹੀਦਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਭਾਰਤੀ ਲੋਕਾਂ ਦੀ ਮਾਨਸਿਕਤਾ ਅਜਿਹੀ ਬਣ ਗਈ ਹੈ ਕਿ ਉਹ ਹਰ ਪੈਰ ਤੇ ਕਿਸੇ ‘ਹੀਰੋ’ ਦੀ ਤਲਾਸ਼ ਵਿਚ ਰਹਿੰਦੇ ਹਨ। ਇਸੇ ਮਾਨਸਿਕਤਾ ਦੇ ਕਾਰਨ ‘ਪਾਗਲ’ ਹੋਏ ਇਹ ਲੋਕ ਕੇਜਰੀਵਾਲ ਤੋਂ ਕਨ੍ਹਈਆ ਤੱਕ ਦੇ ਮੋਢਿਆਂ ਉੱਤੇ ਆਪਣੀਆਂ ਆਸਾ ਉਮੀਦਾਂ ਦਾ ਪਹਾੜ ਲੱਦਣ ਲਈ ਬੇ-ਕਰਾਰ ਹਨ। ਉਨ੍ਹਾਂ ਨੂੰ ਅਜਿਹਾ “ਜਾਦੂਗਰ ਆਗੂ” ਚਾਹੀਦਾ ਹੈ ਜੋ ਮਹਿਜ਼ 5 ਸਾਲ ਅੰਦਰ ਉਨ੍ਹਾਂ ਦੀ ਤਕਦੀਰ ਬਦਲ ਦੇਵੇ ਲੇਕਿਨ ਉਨ੍ਹਾਂ ਨੂੰ ਕੇਵਲ ਵੋਟ ਪਾਉਣ ਦੀ ਹੀ ਜ਼ਹਿਮਤ ਉਠਾਉਣੀ ਪਵੇ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕ ਕਮਜ਼ੋਰ ਅਤੇ ਆਤਮ ਵਿਸ਼ਵਾਸ ਤੋਂ ਹੀਣਾ ਸਮਾਜ ਜਾ ਦੇਸ਼ ਹੀ ਕਿਸੇ ਹੀਰੋ ਜਾ ਮਸੀਹਾ ਦੀ ਭਾਲ ਕਰਦਾ ਹੈ। ਜੇਕਰ ਦੁਨੀਆ ਦੇ ਇਤਿਹਾਸ ਉੱਤੇ ਪੰਛੀ ਝਾਤ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਮਾਜਿਕ ਵਿਵਸਥਾ ਨੂੰ ਲੋਕ ਬਦਲਦੇ ਹਨ , ਨੇਤਾ ਨਹੀਂ। ਅੰਦੋਲਨ, ਆਗੂ ਪੈਦਾ ਕਰਦੇ ਹਨ , ਆਗੂ, ਅੰਦੋਲਨ ਪੈਦਾ ਨਹੀਂ ਕਰਦੇ। ਅੰਦੋਲਨ ਨੂੰ ਵਿਅਕਤੀ ਮੁਖੀ ਬਣਾ ਦੇਣ ਦੀ ਪ੍ਰਵਿਰਤੀ ਸੱਤਾਧਾਰੀਆਂ, ਉਨ੍ਹਾਂ ਦੇ ਸਮਰਥਕਾਂ ਅਤੇ ਸਤਾ ਦੇ ਚਾਹਵਾਨਾਂ ਵਾਸਤੇ ਤਾਂ ਫ਼ਾਇਦੇ ਮੰਦ ਹੋ ਸਕਦੀ ਹੈ, ਲੇਕਿਨ ਬਜ਼ਾਰੀਕਰਨ ਦੇ ਖ਼ਿਲਾਫ਼ ਜੋ ਇੱਕ ਦੇਸ਼ ਵਿਆਪੀ ਅੰਦੋਲਨ ਉੱਸਲਵੱਟੇ ਲੈ ਰਿਹਾ ਹੈ ਉਸ ਦੀ ਚਾਹਤ ਰੱਖਣ ਵਾਲਿਆਂ ਲਈ ਹੀਰੋ ਪੂਜਾ ਘਾਤਕ ਹੋਵੇਗੀ।

ਹਰਜਿੰਦਰ ਸਿੰਘ ਗੁਲਪੁਰ

h.gulpur@gmail.com

Install Punjabi Akhbar App

Install
×