ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਮਾਣਯੋਗ ਸ੍ਰੀ ਮਾਈਕਲ ਵੁੱਡਹਾਊਸ ਵੱਲੋਂ ਅੱਜ ਸਰਕਾਰ ਦੀ ਨਵੀਂ ਆਨ ਲਾਈਨ ਨੀਤੀ ਬਾਰੇ ਜਾਣਕਾਰੀ ਦਿੰਦਿਆ ਪ੍ਰੈਸ ਨੋਟ ਵਿਚ ਕਿਹਾ ਹੈ ਕਿ ਹੁਣ ਵਰਕ ਅਤੇ ਵਿਜ਼ਟਰ ਵੀਜ਼ਾ ਵੀ ਆਨ ਲਾਈਨ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਅਗਸਤ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇਹ ਸੁਵਿਧਾ ਸ਼ੁਰੂ ਕੀਤੀ ਗਈ ਸੀ ਜੋ ਕਿ ਬਹੁਤ ਸਫਲ ਰਹੀ। ਹੁਣ ਇਮੀਗ੍ਰੇਸ਼ਨ ਨੇ ਸਾਰੀਆਂ ਅਰਜ਼ੀਆਂ ਆਨ ਲੈਣੀਆ ਸ਼ੁਰੂ ਕਰੇਗਾ ਜਿਸ ਦੇ ਅਧੀਨ ਵਰਕ ਅਤੇ ਵਿਜ਼ਟਰ ਵੀਜ਼ਾ ਬਿਨਾਂ ਸਟਿੱਕਰ ਅਤੇ ਪਾਸਪੋਰਟ ਤੋਂ ਮੁਹੱਈਆ ਕਰਵਾਇਆ ਜਾ ਸਕੇਗਾ। ਆਨ ਲਾਈਨ ਵੀਜ਼ਾ ਅਪਲਾਈ ਕਰਨ ਦੇ ਵਿਚ ਇਮੀਗ੍ਰੇਸ਼ਨ ਅਡਵਾਈਜਰ ਅਤੇ ਵਕੀਲ ਆਪਣੀਆਂ ਸੇਵਾਵਾਂ ਅਰਜ਼ੀਦਾਤਾ ਅਧਿਕਾਰਿਤ ਹੋਣ ਬਾਅਦ ਪਹਿਲਾਂ ਦੀ ਤਰ੍ਹਾਂ ਦਿੰਦੇ ਰਹਿਣਗੇ ਅਤੇ ਜਦ ਕਿ ਲੋਕ ਖੁਦ ਵੀ ਆਪਣਾ ਵੀਜ਼ਾ ਆਪ ਹੀ ਆਨ ਲਾਈਨ ਅਪਲਾਈ ਕਰ ਸਕਣਗੇ। ਸਿੱਖਿਆ ਸੰਸਥਾਨ ਅਤੇ ਰੁਜ਼ਗਾਰ ਦਾਤਾ ਵੀ ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਅਰਜ਼ੀ ਦਾਖਲ ਕਰਨ ਦੇ ਵਿਚ ਸਹਾਇਤਾ ਕਰ ਸਕਣਗੇ। ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਦਾਖਲੇ ਲਈ ਵੀਜ਼ਾ ਰਹਿਤ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਅਤੇ ਵਿਜ਼ਟਰਾਂ ਲਈ ਈ-ਵੀਜ਼ਾ ਸਹੂਲਤ ਸ਼ੁਰੂ ਹੋ ਚੁੱਕੀ ਹੈ ਅਤੇ ਇਸਦਾ ਅਗਲਾ ਪੜਾਅ ਇਸੇ ਸਾਲ ਦੇ ਅੰਤ ਵਿਚ ਪੂਰੇ ਵਿਸ਼ਵ ਦੇ ਲਈ ਰੱਖਿਆ ਜਾਵੇਗਾ।
‘ਇਮੀਗ੍ਰੇਸ਼ਨ ਆਨਲਾਈ’ ਨੇ ਇਹ ਸਪਸ਼ਟ ਕੀਤਾ ਹੈ ਕਿ ਵੀਜ਼ਾ ਪ੍ਰਣਾਲੀ ਨੂੰ ਹੋਰ ਸੌਖਿਆ ਅਤੇ ਤੇਜ਼ ਕੀਤਾ ਜਾ ਰਿਹਾ ਹੈ ਤਾਂ ਕਿ ਨਿਊਜ਼ੀਲੈਂਡ ਦੇ ਵਿਚ ਸਿੱਖਿਆ ਉਦਯੋਗ ਅਤੇ ਸੈਰ ਸਪਾਟਾ ਨੂੰ ਹੋਰ ਵਿਕਸਤ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਦੇਸ਼ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਸ ਵੇਲੇ 60% ਵੀਜ਼ਾ ਅਰਜ਼ੀਆਂ ਆਨ ਲਾਈਨ ਪ੍ਰਾਪਤ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ 28.4 ਮਿਲੀਅਨ ਬੱਜਟ 2015 ਦੇ ਨਿਵੇਸ਼ ਨਾਲ 80% ਤੱਕ ਕੀਤਾ ਜਾਵੇਗਾ। ਲਗਦਾ ਹੈ ਇਸ ਵੇਲੇ ਤਕਨਾਲੋਜ਼ੀ ਨੇ ‘ਆਨ ਲਾਈਨ ਆਨ ਟਾਈਮ’ ਦੀ ਨਵੀਂ ਕਹਾਵਤ ਦੁਨੀਆ ਨੂੰ ਦਿੱਤੀ ਹੈ।