ਇਕ

ਜਦੋਂ ਜਦੋਂ ਵੀ ਕੋਈ ਇਨਸਾਨ ਸੰਸਥਾਵਾਂ ਤੋਂ ਉੱਤੇ ਦੀ ਹੋਣ ਦਾ ਭੁਲੇਖਾ ਪਾਲ ਲੈਂਦਾ ਹੈ ਤਾਂ ਤਵਾਰੀਖ ਉਸ ਨੂੰ ਆਪਣੇ ਹਿਸਾਬ ਨਾਲ ਜਵਾਬ ਦਿੰਦੀ ਹੈ। ਇਕ ਇਕੱਲਾ ਜਾਂ ਇਕ ਧੜਾ ਕਿਸੇ ਸਮੂਹ ਦੀ ਕਾਮਯਾਬੀ ਦਾ ਹਿੱਸਾ ਤਾਂ ਹੋ ਸਕਦਾ ਹੈ। ਪਰ ਇਹ ਨਹੀਂ
ਹੋ ਸਕਦਾ ਕਿ ਕੋਈ ਸਮੂਹ ਹੀ ਕਿਸੇ ਇਕ ਦੇ ਸਹਾਰੇ ਖੜ੍ਹਾ ਹੋਵੇ। ਵੇਲੇ ਵੇਲੇ ਸਿਰ ਵਕਤ ਇਹ ਸਾਬਤ ਵੀ ਕਰਦਾ ਰਿਹਾ ਹੈ ਪਰ ਫੇਰ ਵੀ ਇਨਸਾਨੀ ਫ਼ਿਤਰਤ ਹੈ ਕਿ ਉਹ ਭੁੱਲਣ ‘ਚ ਬਹੁਤ ਸਮਰੱਥ ਹੈ। ਗੱਡਾ ਕੁੱਤੇ ਦੇ ਤਾਂ ਕੀ, ਇਕੱਲੇ ਬਲਦਾਂ ਦੇ ਸਹਾਰੇ ਵੀ ਨਹੀਂ ਚਲਦਾ। ਮਹਿਜ਼ ਇਕ ਚੂਲ ਢਿੱਲੀ ਪੈ ਜਾਵੇ ਤਾਂ ਵੀ ਖਲ੍ਹਾਰ ਪੈ ਜਾਂਦੀ ਹੈ। ਅੰਗਰੇਜ਼ੀ ਦੀ ਕਹਾਵਤ ਹਰ ਰੋਜ ਚਿਤਰਾਉਂਦੀ ਹੈ ਕਿ ਅਣਗਿਣਤ ਉਹ ਲੋਕ ਕਬਰਾਂ ‘ਚ ਸੁੱਤੇ ਪਏ ਹਨ ਜਿਨ੍ਹਾਂ ਬਿਨਾਂ ਕਦੇ ਸਰਦਾ ਨਹੀਂ ਸੀ ਹੁੰਦਾ। ਕਹਾਵਤਾਂ ‘ਚ ਭਾਵੇਂ ਗ਼ਲਤ ਹੋਣ ਦੀ ਰਤੀ ਭਰ ਵੀ ਗੁੰਜਾਇਸ਼ ਨਹੀਂ ਹੁੰਦੀ ਪਰ ਫੇਰ ਵੀ ਜਦੋਂ ਹੋਮੇ ਦੀ ਐਨਕ (ਜੋ ਕਿ ਅੱਜ ਕੱਲ੍ਹ ਸਾਡੇ ਪੱਕੀ ਲੱਗ ਗਈ ਹੈ) ਲਾਹੇ ਤੋਂ ਬਿਨਾਂ ਸੁਣੀਦੀਆਂ ਹਨ ਤਾਂ ਲਗਦਾ ਬਿਲਕੁਲ ਸਹੀ ਹਨ ਪਰ ਹੈ ਇਹ ਗੱਲ ਸਾਡੇ ਗੁਆਂਢੀ ‘ਤੇ ਜਾਂ ਮੇਰੇ ਵਿਰੋਧੀ ‘ਤੇ, ਸੋਲ੍ਹਾਂ ਆਨੇ ਸਹੀ ਢੁਕਦੀ ਹੈ।
ਅੱਜ ਤੱਕ ਸੰਸਾਰ ‘ਚ ਜੇ ਕਿਸੇ ਇਕੱਲੇ ਨੇ ਕਾਫ਼ਲਾ ਬਣਾਉਣ ‘ਚ ਕਾਮਯਾਬੀ ਹਾਸਿਲ ਕੀਤੀ ਹੈ ਤਾਂ ਉਸ ਦਾ ਪਹਿਲਾ ਹਥਿਆਰ ਨਿਮਰਤਾ, ਦੂਜਾ ਹਥਿਆਰ ਸੱਚ ਦਾ ਸਾਥ, ਅਤੇ ਤੀਜਾ ਜ਼ਮੀਨ ਤੇ ਤੁਰਨਾ ਰਿਹਾ। ਆਕੜ, ਝੂਠ ਅਤੇ ਹਵਾ ‘ਚ ਉੱਡਣਾ ਮਨ ਨੂੰ ਬਹੁਤ ਭਾਉਂਦੇ ਹਨ ਇਹ ਗੱਲ ਵੱਖਰੀ ਹੈ ਕਿ ਇਹ ਨਜ਼ਾਰੇ ਚਿਰ ਸਦੀਵੀ ਨਹੀਂ ਹੁੰਦੇ। ਬਹੁਤ ਛੋਟੀ ਜਿਹੀ ਜ਼ਿੰਦਗੀ, ਅੱਤ ਦੀ ਤੇਜ ਚਾਲ, ਹਜ਼ਾਰਾਂ ਜਿੰਦ ਨੂੰ ਜੰਜਾਲ, ਪਤਾ ਨਹੀਂ ਕਦੋਂ ਅਸੀਂ ਸਿੱਖਾਂਗੇ ਜ਼ਿੰਦਗੀ ਮਾਣਨਾ! ਸੁਣਿਆ ਸੀ ਬਾਬੇ ਨਾਨਕ ਜੀ ਨੇ ਇਕ ਪੰਥ ਚਲਾਇਆ ਸੀ ਪਰ ਉਸ ਪੰਥ ‘ਚੋਂ ਅੱਗੇ ਹੋਰ ਅਣਗਿਣਤ ਪਥ ਨਿਕਲ ਤੁਰੇ ਹਨ ਕਿ ਹੁਣ ਤਾਂ ਬਾਬੇ ਨਾਨਕ ਦੇ ਸਿੱਖ ਲੱਭਣ ਲਈ ਮਸ਼ੱਕਤ ਕਰਨੀ ਪੈਂਦੀ ਹੈ। ਕੋਈ ਆਪਣੀ ਜਥੇਬੰਦੀ ਨੂੰ ਸਰਵਸ਼ਰੇਸ਼ਟ ਕਹਿ ਰਿਹਾ ਹੈ, ਕੋਈ ਆਪਣੀ ਪਾਰਟੀ ਨੂੰ ਸਿਰਾ ਕਹਿ ਰਿਹਾ ਹੈ, ਕੋਈ ਕਹਿੰਦਾ ਸੱਚ ਬੋਲਣ ਨਾਲ ਮੁਲਕ ਦਾ ਅਕਸ ਖ਼ਰਾਬ ਹੋ ਰਿਹਾ ਤੇ ਕੋਈ ਮਸਾਲੇ ਲਾ-ਲਾ ਕੇ ਪਰੋਸ ਰਿਹਾ। ਆਪੋ-ਧਾਹੀ ਪਈ ਹੋਈ ਹੈ। ਰੌਲਾ ਹਰ ਕੋਈ ਕੋਠੇ ਚੜ੍ਹ ਕੇ ਪਾ ਰਿਹਾ ਪਰ ਹੱਲ ਕੱਢਣ ਦਾ ਕੋਈ ਤਰੀਕਾ ਨਹੀਂ ਸੁਝਾ ਰਿਹਾ। ਬੁੱਧੀਜੀਵਤਾ ਬੁੱਧੀ ਤੋਂ ਵੱਡੀ ਹੋ ਗਈ ਜਾਪਦੀ ਹੈ। ਜਿਹੜੀ ਕਿਸੇ ਨਾਲ ਲਾ ਕੇ ਖਾਣ ਨਹੀਂ ਦੇ ਰਹੀ। ਛੱਡੋ ਦੋਸਤੋ ਇਕੱਲੇ ਇਕੱਲੇ ਅਲਾਪ ਲਾਉਣਾ, ਆਓ ਰਲ ਮਿਲ ਕੇ ਆਲਾ ਦੁਆਲਾ ਸੁਆਰ ਲਈਏ। ਹੋ ਸਕਦਾ ਮੇਰੀ ਮੱਤ ਥੋੜ੍ਹੀ ਹੋਵੇ, ਮੈਨੂੰ ਦੁਰਕਾਰੋ ਨਾ। ਤੁਸੀਂ ਨਿਮਰਤਾ ਨਾਲ ਮੇਰੇ ਤੋਂ ਵੀ ਕੰਮ ਲੈ ਸਕਦੇ ਹੋ। ਜਦੋਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਤਾਂ ਇਕ ਚੰਗਾ ਸਮਾਜ ਸਿਰਜ ਲਵਾਂਗੇ। ਇਕ ਤੋਂ ਹੋਂਦ ਸ਼ੁਰੂ ਹੋਈ ਹੈ ਤੇ ਆਓ ‘ਇਕ’ ਹੋ ਕੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕਰੀਏ ਜਿਹੜੀਆਂ ਇਕੱਲੇ ਇਕੱਲੇ ਤੇ ਭਾਰੂ ਪੈ ਰਹੀਆਂ ਹਨ।

Install Punjabi Akhbar App

Install
×