….ਲੱਖ-ਲਾਹਨਤ ਜਿਸ ਕੀਤੀ ਇਹ ਹਰਕਤ: ਨਿਊਜ਼ੀਲੈਂਡ ‘ਚ ਕਿਸਾਨ ਅਮਰੀਕ ਸਿੰਘ ਪਟਵਾਰੀ ਦੇ ਮਿਲੀਅਨ ਡਾਲਰ ਦੇ ਗੋਲਡ ਕੀਵੀ ਫਲ ਨੂੰ ਕਿਸੇ ਨੇ ਜ਼ਹਿਰੀਲੀ ਦਵਾਈ ਪਾ ਖਤਮ ਕੀਤਾ

NZ PIC 2 may-1
ਕਹਿੰਦੇ ਨੇ ਕਿਸੇ ਨੂੰ ਲੱਖ-ਲਾਹਨਤ ਕਹਿਣਾ ਹੋਵੇ ਤਾਂ ਬੜੀ ਸੋਚ ਵਿਚਾਰ ਕੇ ਕਹਿਣਾ ਪੈਂਦਾ ਪਰ ਨਿਊਜ਼ੀਲੈਂਡ ਦੇ ਵਿਚ ਕਿਸੇ ਨੇ ਇਕ ਅਜਿਹਾ ਈਰਖਾ ਭਰਿਆ ਕੰਮ ਕੀਤਾ ਹੈ ਜਿਸ ਨੂੰ ਸੁਣ ਕੇ ਹਰ ਵਿਅਕਤੀ ਦੇ ਮੂੰਹੋ ਇਹੀ ਨਿਕਲੇਗਾ ਕਿ ਲੱਖ ਲਾਹਨਤ ਜਿਸ ਕੀਤੀ ਇਹ ਹਰਕਤ। ਹਰਕਤੀ ਕੀ ਹੈ ਪੜ੍ਹੋ ਪੂਰੀ ਘਟਨਾ।
ਸਾਲ 2010 ਦੇ ਵਿਚ ਨਿਊਜ਼ੀਲੈਂਡ ਵਸਦਾ ਪੰਜਾਬੀ ਭਾਈਚਾਰਾ ਉਸ ਵੇਲੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਸੀ ਜਦੋਂ ਇਕ 46 ਸਾਲਾ ਪੰਜਾਬੀ ਕਿਸਾਨ ਸ੍ਰੀ ਅਮਰੀਕ ਸਿੰਘ ਪਟਵਾਰੀ, ਪਿੰਡ ਕੜ੍ਹਾਲ ਖੁਰਦ  ਜ਼ਿਲ੍ਹਾ ਕਪੂਰਥਲਾ ਨੇ ਬੇਅ ਆਫ ਪਲੈਂਟੀ ਖੇਤਰ ਦੇ ਸ਼ਹਿਰ ਟੌਰੰਗਾ ਤੋਂ 30 ਕਿਲੋਮੀਟਰ ਦੂਰ 100 ਏਕੜ ਦਾ ਕੀਵੀ ਫਾਰਮ (ਓਚਅਡ) ਖਰੀਦਿਆ ਸੀ। ਪਹਿਲਾਂ ਉਸੇ ਸਾਲ ਆਈ ਬਿਮਾਰੀ ਪੀ.ਐਸ. ਏ. ਨੇ ਇਸ ਕਿਰਤੀ ਪੰਜਾਬੀ ਕਿਸਾਨ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਸਖਤ ਮਿਹਨਤ ਅਤੇ ਪਰਿਵਾਰ ਦੇ ਨਾਲ ਜਿੱਥੇ ਆਪਣੀ ਫਸਲ ਬਚਾਉਣ ਵਿਚ ਕਾਮਯਾਬ ਰਿਹਾ ਉਥੇ ਉਸਨੇ ਅਗਲੇ ਕੁਝ ਸਾਲਾਂ ਵਿਚ ਆਪਣਾ ਰਕਬਾ 100 ਏਕੜ ਤੋਂ ਵਧਾ ਕੇ 135 ਏਕੜ ਕਰ ਲਿਆ।
ਇਸ ਵੇਲੇ ਜਦੋਂ ਗੋਲਡ ਕੀਵੀ ਫਲ ਪੂਰੀ ਤਰ੍ਹਾਂ ਤੋੜਨ ਵਾਸਤੇ ਤਿਆਰ ਸੀ ਤਾਂ ਇਸ ਕਿਸਾਨ ਦੇ 13 ਏਕੜ ਗੋਲਡ ਕੀਵੀ ਫਰੂਟ ਵਾਲੀ ਫਸਲ ਨੂੰ ਕਿਸੇ ਨਜ਼ਰਬੱਟੂ ਜਾਂ ਕਹਿ ਲਈਏ ਲਾਹਨਤੀ ਦੀ ਅਜਿਹੀ ਭੈੜੀ ਨਜ਼ਰ ਪਈ ਕਿ ਉਸਨੇ ਚੰਗਾ ਮਾੜਾ ਨਾ ਸੋਚਦੇ ਹੋਏ ਅਜਿਹਾ ਕਾਰਾ ਕਰ ਦਿੱਤਾ ਜੋ ਕਿ ਨਿਊਜ਼ੀਲੈਂਡ ਵਰਗੇ ਸੁੰਦਰ ਅਤੇ ਈਮਾਨਦਾਰੀ ਭਰੇ ਦੇਸ਼ ਵਿਚ ਕੋਈ ਸੋਚ ਵੀ ਨਹੀਂ ਸਕਦਾ। ਇਕ ਗੰਦੀ ਤੇ ਨਫਰਤ ਭਰੀ ਸੋਚ ਵਾਲੇ ਕਿਸੇ ਵਿਅਕਤੀ ਨੇ ਫਸਲ ਨੂੰ ਸਿੰਜਣ ਅਤੇ ਸਪ੍ਰੇਅ ਕਰਨ ਲਈ ਜ਼ਮਾ ਕੀਤੇ ਗਏ ਪਾਣੀ (ਟੈਂਕੀ) ਦੇ ਵਿਚ ਅਜਿਹੀ ਜ਼ਹਿਰੀਲੀ ਦਵਾਈ ( ਦਵਾਈਆਂ ਦਾ ਮਿਸ਼ਰਣ) ਜੋ ਕਿ ਜੰਗਲਾਂ ਨੂੰ ਨਸ਼ਟ ਕਰਨ ਵਾਸਤੇ ਵਰਤਿਆ ਜਾਂਦਾ ਹੈ ਮਿਲਾ ਦਿੱਤਾ। ਪੰਜਾਬੀ ਕਿਸਾਨ ਦੇ ਸਟਾਫ ਨੇ 29 ਮਾਰਚ ਨੂੰ ਆਪਣੇ ਰੋਜ਼ਮਰਾ ਦੇ ਕੰਮ ਅਨੁਸਾਰ ਸਪ੍ਰੇਅ ਕਰ ਦਿੱਤੀ। ਇਸ ਸਪ੍ਰੇਅ ਦੌਰਾਨ ਕੋਈ ਅਹਿਸਾਸ ਨਹੀਂ ਹੋ ਸਕਿਆ ਕਿ ਜਿਹੜਾ ਪਾਣੀ ਵਰਤਿਆ ਜਾ ਰਿਹਾ ਹੈ ਉਹ ਨਿਰਾ ਜ਼ਹਿਰ ਬਣ ਚੁੱਕਾ ਹੈ। ਇਸ ਜ਼ਹਿਰੀਲੇ ਪਾਣੀ ਦੇ ਨਾਲ 13.5 ਏਕੜ ਨੂੰ ਆਖਰੀ ਸਪ੍ਰੇਅ ਕੀਤੀ ਗਈ ਸੀ ਤਾਂ ਕਿ ਗੋਲਡ ਕੀਵੀ ਤੋੜਨ ਤੋਂ ਪਹਿਲਾਂ ਉਨ੍ਹਾਂ ਦੀ ਇਥੇ ਦੀ ਕਿਸਾਨੀ ਮੁਤਾਬਿਕ ਸਫਾਈ ਹੋ ਸਕੇ। ਵਰਨਣਯੋਗ ਹੈ ਕਿ ਕਈ ਵਾਰ ਗਰਮੀਆਂ ਦੇ ਵਿਚ ਕਾਮੇ ਇਸ ਟੈਂਕੀ ਦਾ ਪਾਣੀ ਪੀ ਵੀ ਲਿਆ ਕਰਦੇ ਸਨ ਪਰ ਚੰਗੀ ਕਿਸਮਤ ਉਸ ਦਿਨ ਕਿਸੇ ਪਾਣੀ ਨਾ ਪੀਤਾ।
ਕਿਸਾਨ ਦੀ ਬਦਕਿਸਮਤੀ ਕਹਿ ਲਓ ਜਾਂ ਕਿਸੇ ਈਰਖਾਲੂ ਦੀ ਲਾਹਨਤੀ ਸੋਚ ਦਾ ਨਤੀਜਾ ਗੋਲਡ ਕੀਵੀ ਦੇ 13.5 ਏਕੜ ਬੂਟੇ ਇਕ ਹਫਤੇ ਬਾਅਦ ਹੀ ਮੁਰਝਾਉਣੇ ਸ਼ੁਰੂ ਹੋ ਗਏ। ਦਿਨਾਂ ਦੇ ਵਿਚ ਹੀ ਸਾਰਾ ਫਲ ਆਪਣੇ ਆਪ ਹੇਠਾਂ ਡਿਗਣ ਲੱਗਿਆ ਅਤੇ ਧਰਤੀ ‘ਤੇ ਫਲ ਦੇ ਢੇਰ ਲੱਗ ਗਏ। ਨੁਕਸਾਨ ਕਿੰਨਾ ਹੋਇਆ ਜੇਕਰ 30 ਕੀਵੀਆਂ ਦੀ ਗਿਣਤੀ ਵਾਲੀਆਂ ਟ੍ਰੇਆਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਲਗਪਗ 1,20,000 ਗੋਲਡ ਕੀਵੀ ਦੀਆਂ ਟ੍ਰੇਆਂ ਨਸ਼ਟ ਹੋ ਗਈਆਂ ਜਿਨ੍ਹਾਂ ਦੀ ਅੰਦਾਜ਼ਨ ਹੋਲਸੇਲ  ਕੀਮਤ 9,60,000 ਨਿਊਜ਼ੀਲੈਂਡ ਡਾਲਰ (4 ਕਰੋੜ 60 ਲੱਖ ਰੁਪਏ) ਹੋਵੇਗੀ ।
ਅਜੇ ਵੀ ਬੂਟਿਆਂ ਨੂੰ ਲੱਗੇ ਕੀਵੀ ਆਪਣੇ ਆਪ ਹੇਠਾਂ ਡਿਗਣੇ ਸ਼ੁਰੂ ਹਨ ਅਤੇ ਬੂਟੇ ਸੁਕਣ ਲੱਗੇ ਹੋਏ ਹਨ। ਪਰਿਵਾਰ ਨੇ ਜਦੋਂ ਬੱਚਿਆਂ ਵਾਂਗ ਪਾਲੇ ਇਹ ਬੂਟੇ ਤੇ ਫਲ ਮਿੱਟੀ ਵਿਚ ਮਿਲਦੇ ਵੇਖੇ ਤਾਂ ਹਰ ਮੈਂਬਰ ਦੀਆਂ ਅੱਖਾਂ ਦੇ ਵਿਚੋਂ ਹੰਝੂ ਦੇ ਦਰਿਆ ਵਗਣੇ ਸ਼ੁਰੂ ਹੋਏ।  ਐਡੇ ਵੱਡੇ ਹੋਏ ਨੁਕਸਾਨ ਨੂੰ ਭਾਵੇਂ ਅਮਰੀਕ ਸਿੰਘ ਪਟਵਾਰੀ ਹੋਰਾਂ ਵੱਡੇ ਜਿਗਰੇ ਨਾਲ ਸਹਿਣ ਕਰਨ ਦੀ ਹਿੰਮਤ ਵਿਖਾਈ ਹੈ ਪਰ ਉਨ੍ਹਾਂ ਦੀ ਇਕ ਤਮੰਨਾ ਹੈ ਕਿ ਅਜਿਹੇ ਭੈੜੇ ਸਖਸ਼ ਨੂੰ ਦੁਨੀਆ ਸਾਹਮਣੇ ਜ਼ਰੂਰ ਪੇਸ਼ ਕਰਨਾ ਹੈ। ਭਾਵੇਂ ਪੁਲਿਸ ਇਸ ਸਾਰੀ ਘਟਨਾ ਦੀ ਡੂੰਘੀ ਜਾਂਚ ਕਰ ਰਹੀ ਹੈ ਪਰ ਫਿਰ ਵੀ ਉਨ੍ਹਾਂ ਆਪਣੇ ਸਾਰੇ ਸਟਾਫ ਅਤੇ ਮਿੱਤਰਾਂ ਦੋਸਤਾਂ ਨੂੰ ਇਕ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਇਸ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਉਸ ਈਰਖਾਲੂ ਵਿਅਕਤੀ ਦੀ ਭਿਣਕ ਲਗਦੀ ਹੈ ਤਾਂ ਉਹ ਜਰੂਰ ਉਨ੍ਹਾਂ ਨੂੰ ਦੱਸਣ। ਦੱਸਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ ਅਤੇ 20000 ਡਾਲਰ ਦਾ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਵਿਸ਼ਵਾਸ਼ ਪ੍ਰਗਟ ਕੀਤਾ ਕਿ ਨਿਊਜ਼ੀਲੈਂਡ ਪੁਲਿਸ, ਰਿਸਰਚ ਸੈਂਟਰ ਅਤੇ ਹੋਰ ਸਬੰਧਿਤ ਅਦਾਰੇ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਵਿਅਕਤੀ ਨੂੰ ਕਟਿਹਿਰੇ ਵਿਚ ਜਰੂਰ ਖੜ੍ਹਾ ਕਰਨਗੇ ਪਰ ਫਿਰ ਵੀ ਜੇਕਰ ਕੋਈ ਅਜਿਹੀ ਸੂਚਨਾ ਦਿੰਦਾ ਹੈ ਤਾਂ ਉਸ ਨੂੰ ਬਣਦਾ ਇਨਾਮ ਜਰੂਰ ਦਿੱਤਾ ਜਾਵੇਗਾ।

Install Punjabi Akhbar App

Install
×