ਰਾਜ ਦੇ ਮੁੱਖ ਸਿਹਤ ਅਫ਼ਸਰ ਡਾ. ਜ਼ੀਨੇਟ ਯੰਗ ਨੇ ਕਰੋਨਾ ਬਾਰੇ ਅਪਡੇਟ ਕਰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਇੱਕ ਵਿਅਕਤੀ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਸਦੀ ਪੜਤਾਲ ਦੌਰਾਨ ਇਹ ਪਤਾ ਲੱਗਾ ਹੈ ਕਿ ਉਹ ਬ੍ਰਿਸਬੇਨ ਵਿੱਚ ਆਪਣੇ ਇਨਫੈਕਸ਼ਨ ਦੌਰਾਨ ਲਗਾਤਾਰ 6 ਦਿਨਾਂ ਤੱਕ ਸਮਾਜਿਕ ਤੌਰ ਤੇ ਵਿਚਰਦਾ ਰਿਹਾ ਹੈ।
ਉਕਤ ਵਿਅਕਤੀ ਨੇ 17 ਜੁਲਾਈ ਨੂੰ ਬ੍ਰਿਸਬੇਨ ਵਿੱਚ ਆਪਣਾ ਹੋਟਲ ਕੁਆਰਨਟੀਨ ਪੂਰਾ ਕੀਤਾ ਸੀ ਅਤੇ ਫੇਰ ਉਹ ਸੀ.ਬੀ.ਡੀ. ਦੇ ਇੱਕ ਹੋਟਲ ਵਿੱਚ ਰਿਹਾ ਅਤੇ ਉਥੇ ਹੀ ਬਿਮਾਰ ਹੋ ਗਿਆ ਅਤੇ ਬੀਤੇ ਸੋਮਵਾਰ ਉਸਦਾ ਟੈਸਟ ਕਰਨ ਤੇ ਉਹ ਕਰੋਨਾ ਪਾਜ਼ਿਟਿਵ ਪਾਇਆ ਗਿਆ।
ਇਸ ਦੇ ਨਾਲ ਹੀ ਸਮੁੰਦਰੀ ਕਿਨਾਰੇ ਇੱਕ ਸ਼ਿਪ ਵਿੱਚ ਵੀ ਕਰੋਨਾ ਦੇ 19 ਨਵੇਂ ਮਾਮਲੇ ਪਾਏ ਗਏ ਹਨ। ਇਸ ਸ਼ਿਪ ਦੇ ਅੱਜ ਵੇਪਾ ਉਪਰ ਪਹੁੰਚਣਾ ਤੈਅ ਹੈ ਅਤੇ ਇਥੇ ਪਹੁੰਚਣ ਤੋਂ ਬਾਅਦ ਇਸ ਦੇ ਇਨਫੈਕਟਿਡ ਕਰੂ ਮੈਂਬਰਾਂ ਨੂੰ ਹਸਪਤਾਲ ਆਦਿ ਵਿੱਚ ਭਰਤੀ ਕੀਤਾ ਜਾਵੇਗਾ।
ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਕਟੌਰੀਆ ਅਤੇ ਦੱਖਣੀ-ਆਸਟ੍ਰੇਲੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਕੁਆਰਨਟੀਨ ਹੋਣਾ ਪਵੇਗਾ ਅਤੇ ਹਰ ਹਾਲਤ ਵਿੱਚ ਇਹ ਲਾਜ਼ਮੀ ਹੈ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਹ ਜੁਰਮਾਨੇ ਦੇ ਨਾਲ ਨਾਲ ਹੋਟਲ ਵਿੱਚ ਕੁਆਰਨਟੀਨ ਹੋਣ ਦਾ ਵੀ ਭਾਗੀਦਾਰ ਹੋਵੇਗਾ।