ਯੂਕੇ: ਛੇ ਵਿੱਚੋਂ ਇੱਕ ਬਾਲਗ ਨੂੰ ਲੱਗ ਚੁੱਕੀ ਹੈ ਪੂਰੀ ਕੋਰੋਨਾ ਵੈਕਸੀਨ

ਗਲਾਸਗੋ/ਲੰਡਨ -ਯੂਕੇ ਵਿੱਚ ਚੱਲ ਰਹੀ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਛੇ ਬਾਲਗਾਂ ਵਿੱਚੋਂ ਇੱਕ ਨੂੰ ਕੋਰੋਨਾ ਵਾਇਰਸ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਵਾਇਰਸ ਸੰਬੰਧੀ ਸਕਾਰਾਤਮਕ ਅੰਕੜਿਆਂ ਅਨੁਸਾਰ ਹੁਣ 8.9 ਮਿਲੀਅਨ ਤੋਂ ਵੱਧ ਲੋਕਾਂ ਨੂੰ ਦੋ ਖੁਰਾਕਾਂ ਮਿਲ ਚੁੱਕੀਆਂ ਹਨ, ਜੋ ਬਾਲਗ ਆਬਾਦੀ ਦਾ 17% ਬਣਦੀਆਂ ਹਨ। ਵੇਲਜ਼ ਇਸ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ, ਜਿੱਥੇ ਲੱਗਭਗ ਚੌਥਾਈ ਬਾਲਗ ਸੰਖਿਆ (22.8%) ਨੂੰ ਟੀਕੇ ਲਗਾਏ ਗਏ ਹਨ। ਇਸ ਤੋਂ ਬਾਅਦ ਉੱਤਰੀ ਆਇਰਲੈਂਡ (17.2%), ਇੰਗਲੈਂਡ (16.8%) ਅਤੇ ਸਕਾਟਲੈਂਡ (15.5%) ਹਨ। ਪਿਛਲੇ ਹਫ਼ਤੇ ਵਿੱਚ ਦੇਸ਼ ਭਰ ਵਿੱਚ ਦਿੱਤੀਆਂ ਗਈਆਂ 2.4 ਮਿਲੀਅਨ ਖੁਰਾਕਾਂ ਨਾਲ ਇਸ ਗਿਣਤੀ ਵਿੱਚ ਵਾਧਾ ਹੋਇਆ ਹੈ। ਇੰਗਲੈਂਡ ਅਤੇ ਸਕਾਟਲੈਂਡ ਵਿੱਚ 45 ਸਾਲ ਤੋਂ ਵੱਧ ਉਮਰ ਦੇ ਗਰੁੱਪਾਂ ਨੂੰ ਉਨ੍ਹਾਂ ਦੇ ਕੋਰੋਨਾ ਵਾਇਰਸ ਟੀਕੇ ਬੁੱਕ ਕਰਨ ਲਈ ਬੁਲਾਇਆ ਗਿਆ ਹੈ। ਇਸੇ ਤਰ੍ਹਾਂ ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਆਪਣੀ ਵੈਕਸੀਨ ਲਗਵਾਉਣ ਲਈ ਅੱਗੇ ਆਉਣ ਲਈ ਕਿਹਾ ਗਿਆ ਹੈ। ਦਸੰਬਰ ਦੇ ਸ਼ੁਰੂ ਤੋਂ ਹੀ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੀ ਪਹਿਲੀ ਖੁਰਾਕ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਇੰਗਲੈਂਡ ਵਿੱਚ ਐੱਨ.ਐੱਚ.ਐੱਸ. ਇੰਗਲੈਂਡ ਅਨੁਸਾਰ, ਉਨ੍ਹਾਂ ਵਿਚੋਂ ਲੱਗਭਗ ਤਿੰਨ-ਚੌਥਾਈ ਨੂੰ ਦੂਜੀ ਖੁਰਾਕ ਮਿਲ ਗਈ ਹੈ। ਸਕਾਟਲੈਂਡ ਵਿੱਚ 80 ਸਾਲ ਦੇ ਉੱਪਰ ਦੇ ਲੱਗਭਗ 72% ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ, ਇਸ ਤੋਂ ਬਾਅਦ ਵੇਲਜ਼ 67% ਅਤੇ ਉੱਤਰੀ ਆਇਰਲੈਂਡ ਵਿੱਚ ਇਹ ਗਿਣਤੀ 41% ਹੈ।

Install Punjabi Akhbar App

Install
×