ਓਮੀਕਰੋਨ ਖਤਰੇ ਦੀ ਘੰਟੀ ਕਮਿਊਨਿਟੀ ’ਚ ਖੜਕ ਹੀ ਪਈ

-ਬੌਕਸਿੰਗ ਡੇਅ ’ਤੇ ਨਾਈਟ ਕਲੱਬ, ਰੈਸਟੋਰੈਂਟ ਤੇ ਜਿਊਲਰੀ ਸ਼ਾਪ ਦਾ ਗੇੜਾ ਦੇਣ ਵਾਲਾ ਨਿਕਲਿਆ ਓਮੀਕਰੋਨ ਪਾਜ਼ੇਟਿਵ
– ਕੱਲ੍ਹ 11 ਵਜੇ ਇਸ ਸਬੰਧੀ ਹੋਵੇਗੀ ਵਿਸ਼ੇਸ਼ ਸਰਕਾਰੀ ਅਨਾਊਂਸਮੈਂਟ

ਔਕਲੈਂਡ 29 ਦਸੰਬਰ, 2021: ਓਮੀਕਰੋਨ ਕਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ  ਨਿਊਜ਼ੀਲੈਂਡ ਸਰਕਾਰ ਪਹਿਲਾਂ ਹੀ ਕਈ ਤਰ੍ਹਾਂ ਦੇ ਫਿਕਰਾਂ ਵਿਚ ਦਿਨ ਰਾਤ ਕੱਟ ਰਹੀ ਸੀ ਅਤੇ ਆਪਣੇ ਗੁਆਂਢੀ ਆਸਟਰੇਲੀਆ ਵਾਲਿਆਂ ਨੂੰ ਲਾਰਾ ਲਾਪਾ ਵੀ ਲਗਾ ਰਹੀ ਸੀ ਕਿ ਆਪਾਂ ਫਲਾਈਟਾਂ ਪਹਿਲਾਂ 17 ਜਨਵਰੀ ਨੂੰ ਅਤੇ ਫਿਰ ਫਰਵਰੀ ਅੰਤ ਵਿਚ ਖੋਲ੍ਹ ਦੇਣੀਆਂ ਹਨ। ਪਰ ਅੱਜ ਓਮੀਕਰੋਨ ਖਤਰੇ ਦੀ ਘੰਟੀ ਕਮਿਊਨਟੀ ਦੇ ਵਿਚ ਖੜਕ ਹੀ ਗਈ। 16 ਦਸੰਬਰ ਨੂੰ ਯੂ. ਕੇ. ਤੋਂ ਆਇਆ ਇਕ ਵਿਅਕਤੀ ਜੋ ਕਿ ਕਰੋਨਾ ਪਾਜ਼ੇਟਿਵ ਪਾਇਆ ਗਿਆ ਉਹ ਬੌਕਸਿੰਗ ਡੇਅ ਵਾਲੇ ਦਿਨ ਔਕਲੈਂਡ ਸਿਟੀ ਦੇ ਵਿਚ ਨਾਈਟ ਕਲੱਬ, ਬਾਰ, ਰੈਸਟੋਰੈਂਟ ਅਤੇ ਜਿਊਲਰੀ ਸ਼ਾਪ ਉਤੇ ਗਿਆ। ਇਹ ਵਿਅਕਤੀ ਐਮ. ਆਈ. ਕਿਊ ਤੋਂ ਬਾਅਦ ਤਿੰਨ ਦਿਨ ਆਪਣੇ ਘਰ ਹੀ ਇਕਾਂਤਵਾਸ ਕਰ ਰਿਹਾ ਸੀ, ਪਰ ਇਸਨੇ ਆਪਣੇ ਕਰੋਨਾ ਟੈਸਟ ਦੀ ਉਡੀਕ ਹੀ ਨਹੀਂ ਕੀਤੀ ਅਤੇ ਬਾਹਰ ਨਿਕਲ ਗਿਆ। ਜਿਹੜੇ ਲੋਕ ਉਸਦੇ ਸੰਪਰਕ ਵਿਚ ਆਏ ਉਨ੍ਹਾਂ ਨੂੰ ਅਗਲੇ 14 ਦਿਨ ਵਾਸਤੇ ਖਿਆਲ ਰੱਖਣ ਲਈ ਕਿਹਾ ਗਿਆ ਹੈ।
ਇਸ ਵੇਲੇ ਕਾਫੀ ਕੇਸ ਓਮੀਕਰੋਨ ਦੇ ਬਾਰਡਰ ਉਤੇ ਆ ਰਹੇ ਸਨ, ਪਰ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਸੀ। ਇਸ ਵੇਲੇ 71 ਓਮੀਕਰੋਨ ਦੇ ਕੇਸ ਇਕਾਂਤਵਾਸ ਦੇ ਪ੍ਰਬੰਧਕੀ ਹੋਟਲ ਵਿਚ ਹਨ। ਸਰਕਾਰ ਨੇ ਕਿਹਾ ਹੈ ਕਿ ਇਸ ਵੇਲੇ ਔਕਲੈਂਡ ਨੂੰ ਸੰਤਰੀ ਜ਼ੋਨ ਦੇ ਵਿਚ ਤਬਦੀਲ ਕਰਨ ਤੋਂ ਰੋਕਣ ਲਈ ਕੋਈ ਵਿਚਾਰ ਨਹੀਂ ਹੈ। ਕੱਲ੍ਹ 11 ਵਜੇ ਇਸ ਸਬੰਧੀ ਹੋਵੇਗੀ ਵਿਸ਼ੇਸ਼ ਸਰਕਾਰੀ ਅਨਾਊਂਸਮੈਂਟ।

Install Punjabi Akhbar App

Install
×