ਆਸਟ੍ਰੇਲੀਆਈ ਫੈਡਰਲ ਪੁਲਿਸ, ਜਨਤਕ ਸ਼ਿਕਾਇਤਾਂ ਨੂੰ ਨਹੀਂ ਲੈ ਰਹੀ ਗੰਭੀਰਤਾ ਨਾਲ -ਓਮਬਡਜ਼ਮੈਨ

ਫੈਡਰਲ ਸਰਕਾਰ ਅਤੇ ਪਾਰਲੀਮੈਂਟ ਵੱਲੋਂ ਸਥਾਪਿਤ ਕੀਤੀ ਹੋਈ ਏਜੰਸੀ ਜਿਸਨੂੰ ‘ਕਾਮਨਵੈਲਥ ਓਮਬਡਜ਼ਮੈਨ’ ਕਿਹਾ ਜਾਂਦਾ ਹੈ, ਨੇ ਇੱਕ ਰਿਪੋਰਟ ਰਾਹੀਂ ਦਰਸਾਇਆ ਹੈ ਕਿ ਆਸਟ੍ਰੇਲੀਆਈ ਫੈਡਰਲ ਪੁਲਿਸ, ਜਨਤਕ ਸ਼ਿਕਾਇਤਾਂ ਨੂੰ ਪੂਰਨ ਤੌਰ ਤੇ ਸਹੀਬੱਧ ਸਮੇਂ ਅੰਦਰ ਨਜਿੱਠਣ ਜਾਂ ਕਾਰਵਾਈਆਂ ਕਰਨ ਵਿੱਚ ਗੰਭੀਰਤਾ ਨਹੀਂ ਦਿਖਾ ਰਹੀ ਹੈ।
ਅਦਾਰੇ ਨੇ ਆਪਣੀ ਰਿਪੋਰਟ ਵਿੱਚ ਦਰਸਾਇਆ ਹੈ ਕਿ ਜਨਤਕ ਸ਼ਿਕਾਇਤਾਂ ਦੇ ਆਂਕੜੇ ਦਰਸਾਉਂਦੇ ਹਨ ਕਿ 49.5% ਸ਼ਿਕਾਇਤਾਂ ਨੂੰ ਤਾਂ ਸਮਾਂਬੱਧ ਤਰੀਕਿਆਂ ਨਾਲ ਨਿਪਟਾਇਆ ਗਿਆ ਪਰੰਤੂ 2 ਹੋਰ ਅਜਿਹੀਆਂ ਸ਼੍ਰੇਣੀਆਂ ਵੀ ਆਉਂਦੀਆਂ ਹਨ ਜਿੱਥੇ ਕਿ ਇਹ ਪ੍ਰਤੀਸ਼ਤਤਾ ਕੇਵਲ 20% ਦੀ ਹੀ ਰਹੀ ਹੈ। ਅਜਿਹੀਆਂ ਸ਼੍ਰੇਣੀਆਂ ਤਹਿਤ ਕਿਸੇ ਨਾਲ ਹੋਈ ਬੇਇਜ਼ੱਤੀ ਜਾਂ ਗ੍ਰਾਹਕ ਨੂੰ ਮਾੜੀਆਂ ਸੇਵਾਵਾਂ ਤੋਂ ਲੈ ਕੇ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਸਾਲ 2007/08 ਜਦੋਂ ਦੀ ਓਮਬਡਜ਼ਮੈਨ ਨੇ ਅਜਿਹੀਆਂ ਰਿਪੋਰਟਾਂ ਪੇਸ਼ ਕਰਨੀਆਂ ਸ਼ੁਰੂ ਕੀਤੀਆਂ ਹਨ, ਤਾਂ ਇਹ ਮੁੱਦਾ ਜਿਉਂ ਦਾ ਤਿਉਂ ਹੀ ਹੈ ਅਤੇ ਇਸ ਵਿੱਚ ਤਸੱਲੀ-ਬਖ਼ਸ਼ ਸੁਧਾਰ ਨਹੀਂ ਹੋ ਪਾ ਰਹੇ ਹਨ।
ਮਾਨਤਾ ਤਾਂ ਹਮੇਸ਼ਾ ਇਹੀ ਰਹੀ ਹੈ ਕਿ ਜਦੋਂ ਵੀ ਕੋਈ ਸ਼ਿਕਾਇਤ ਦਾਖਿਲ ਕੀਤੀ ਜਾਂਦੀ ਹੈ ਤਾਂ ਉਸਨੂੰ 7 ਦਿਨਾਂ ਦੇ ਅੰਦਰ ਅੰਦਰ, ਨਿਪਟਾਣਾ ਹੁੰਦਾ ਹੈ ਅਤੇ ਜਾਂ ਫੇਰ ਉਸਦੀ ਪੜਤਾਲ ਜਾਂ ਚੱਲ ਰਹੀ ਤਹਿਕੀਕਾਤ ਦੀ ਰਿਪੋਰਟ ਪੇਸ਼ ਕਰਨੀ ਹੁੰਦੀ ਹੈ। ਪਰੰਤੂ ਇਹ ਵੀ ਇੱਕ ਕੌੜਾ ਸੱਚ ਹੈ ਕਿ ਏ.ਐਫ਼.ਪੀ. ਅਜਿਹੀਆਂ ਹਾਲਤਾਂ ਵਿੱਚ ਸੁਸਤ ਹੋ ਰਹੀ ਹੈ ਅਤੇ ਕਈ ਖ਼ਿਤਿਆਂ ਵਿੱਚ ਨਾਕਾਮੀ ਵੀ ਦਿਖਾਈ ਦੇ ਰਹੀ ਹੈ।
ਓਮਬਡਜ਼ਮੈਨ ਨੇ ਤਾਂ ਇਹ ਵੀ ਕਿਹਾ ਹੈ ਕਿ ਕਈ ਵਾਰੀ ਰਿਪੋਰਟ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਤਰੀਕਿਆਂ ਨਾਲ ਪੇਸ਼ ਕੀਤੀ ਗਈ ਹੈ ਜਿਸ ਵਿੱਚ ਕਿ ਸਾਫ਼ ਤੌਰ ਤੇ ਦਿਖਾਈ ਦਿੰਦਾ ਹੈ ਕਿ ਪੜਤਾਲ ਅਸਪਸ਼ਟ ਹੈ, ਦਸਤਖ਼ਤਾਂ ਤੋਂ ਬਗੈਰ ਹੈ ਅਤੇ ਜਾਂ ਫੇਰ ਉਸ ਦੇ ਸ਼ੁਰੂ ਹੋਣ ਜਾਂ ਖ਼ਤਮ ਹੋਣ ਦੀ ਕੋਈ ਤਾਰੀਖ਼ ਹੀ ਨਹੀਂ ਪਾਈ ਹੋਈ ਹੈ।
ਤਾਰੀਖਾਂ ਵਿੱਚ ਵੀ ਕਾਫੀ ਗੜਬੜ ਦਿਖਾਈ ਦਿੰਦੀ ਹੈ। ਕਿਸੇ ਰਿਪੋਰਟ ਵਿੱਚ ਪੜਤਾਲ ਤੋਂ ਵੀ ਪਹਿਲਾਂ ਦੀ ਤਾਰੀਖ ਪਾ ਦਿੱਤੀ ਗਈ ਹੈ ਅਤੇ ਇੱਕ ਰਿਪੋਰਟ ਤਾਂ ਪੜਤਾਲ ਸ਼ੁਰੂ ਕਰਨ ਦੀ ਤਾਰੀਖ਼ ਤੋਂ ਢਾਈ ਸਾਲ ਤੋਂ ਵੀ ਜ਼ਿਆਦਾ ਸਮਾਂ ਬਾਅਦ ਪੇਸ਼ ਕੀਤੀ ਗਈ ਹੈ ਅਤੇ ਇਸ ਦੇ ਕਾਰਨ ਵੀ ਅਸਪਸ਼ਟ ਦਿਖਾਈ ਦੇ ਰਹੇ ਹਨ।
ਓਮਬਡਜ਼ਮੈਨ ਨੇ ਇਸ ਬਾਬਤ ਸਰਕਾਰ ਨੂੰ ਗੰਭੀਰਤਾ ਨਾਲ ਕਦਮ ਚੁੱਕਣ ਦੇ ਨਾਲ ਨਾਲ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੂੰ ਹੋਰ ਵੀ ਵਧੀਆ ਟ੍ਰੇਨਿੰਗ ਦੇਣ ਦੀ ਗੱਲ ਵੀ ਦਰਸਾਈ ਹੈ ਅਤੇ ਇਹੀ ਤਰੀਕਾ ਹੈ ਕਿ ਜਿਸ ਨਾਲ ਪੁਲਿਸ ਵਿਭਾਗ ਨੂੰ ਜਨਤਾ ਦੀਆਂ ਨਜ਼ਰਾਂ ਵਿੱਚ ਪੂਰਾ ਅਤੇ ਖਰਾ ਉਤਾਰਿਆ ਜਾ ਸਕਦਾ ਹੈ।