ਉਲੰਪਿਕ ਖੇਡਾਂ ਤੋਂ ਮਿਲਦੇ ਖੁਸ਼ੀਆਂ ਅਤੇ ਸਬਕ

ਉਲੰਪਿਕ ਖੇਡਾਂ ਵਿਚ ਜਿੱਤੇ ਸੱਤ ਮੈਡਲ ਭਾਰਤ ਵਾਸੀਆਂ ਲਈ ਅਥਾਹ ਖੁਸ਼ੀਆਂ ਦਾ ਸਬੱਬ ਬਣੇ ਹਨ।ਇਹ ਪ੍ਰਾਪਤੀ ਅਜ ਤਕ ਦੀਆਂ ਉਲੰਪਿਕ ਖੇਡਾਂ ਵਿਚ ਸਭ ਤੋਂ ਬਿਹਤਰ ਹੈ।ਜਿਸ ਵਾਸਤੇ ਭਾਰਤੀ ਖਿਡਾਰੀਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ।ਭਾਰਤ ਵਲੋਂ ਅਜ ਤਕ ਜਿੱਤੇ ਕੁੱਲ 42 ਮੈਡਲਾਂ ਵਿਚ ਸਭ ਤੋਂ ਵੱਧ ਸਾਡੀ ਕੌਮੀ ਖੇਡ ਹਾਕੀ ਦੇ 13 ਮੈਡਲ ਹਨ।ਇਸ ਖੇਡ ਨਾਲ ਭਾਰਤੀਆਂ ਖਾਸ ਕਰ ਪੰਜਾਬੀਆਂ ਦਾ ਡਾਅਡਾ ਪਿਆਰ ਹੈ।ਜਦੋਂ ਗੁੱਟੀਆਂ ਵਾਲੇ ਬਲਬੀਰ ਇਸ ਟੀਮ ਵਿਚ ਖੇਡਦੇ ਸਨ ਤਾਂ ਸਾਡੀ ਟੀਮ ਜਿੱਤਾ ਕੇ ਝੰਡੇ ਗੱਡਦੀ ਜਾਂਦੀ ਸੀ।1980 ਤੋਂ ਬਾਅਦ ਉਹ ਸਮਾਂ ਮੁੜ ਹੁਣ ਟੋਕੀਓ ਉਲੰਪਿਕ ਵਿਚ ਪਰਤਿਆ ਜਿਸ ਵਿਚ ਭਾਰਤੀ ਟੀਮ ਨੇ ਬਰੋਨਜ਼ ਮੈਡਲ ਜਿੱਤਿਆ।
ਲੜਕੀਆਂ ਨੇ ਵੀ ਹਾਕੀ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਥਾਂ ਚੌਥੀ ਹੀ ਨਸੀਬ ਹੋਈ।ਨੀਰਜ ਚੌਪੜਾ ਨੇ ਜੈਵਲਿਨ ਥਰੋ ਵਿਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ।ਹੋਰ ਜੇਤੂਆਂ ਵਿਚ ਪੀ.ਵੀ.ਸਿੰਧੂ ,ਲਵਲੀਨਾ ਬਰੋਗੋਤੇਨ,ਰਵੀ ਕੁਮਾਰ ਦਹੀਆ,ਬਜਰੰਗ ਪੂੰਨੀਆ ,ਮੀਰਾਬਾਈ ਚਾਨੂ ਖਿਡਾਰੀਆਂ ਨੇ ਸ਼ਾਨਦਾਰ ਖੇਡ ਨਾਲ ਮੈਡਲ ਜਿੱਤੇ।ਮੈਡਲਾਂ ਤੋਂ ਖੁੰਝਣ ਵਾਲੇ ਖਿਡਾਰੀਆਂ ਵਿਚ ਪੰਜਾਬ ਦੀ ਕਮਲਪ੍ਰੀਤ ਡਿਸਕਸ ਥਰੋ ਵਿਚ ਛੇਵੇਂ ਸਥਾਨ ਤੇ ਰਹੀ ,ਬੈਡਮਿੰਟਨ ,ਸ਼ੂਟਿੰਗ ,ਤੀਰਅੰਦਾਜ਼ੀ ,ਐਥਲੈਟਿਕਸ,ਘੋਲਾਂ ਅਤੇ ਬਾਕਸਿੰਗ ਆਦਿ ਖੇਡਾਂ ਵਿਚ ਜਿੱਤੇ ਗਏ ਤਗਮੇ ਅਤੇ ਪ੍ਰਾਪਤੀਆਂ ਦੀ ਚਰਚਾ ਕਰਨੀ ਬਣਦੀ ਹੈ।ਇਸ ਨਾਲ ਹੀ ਨਵੀਂ ਖੇਡ ਨੀਤੀ ਨੂੰ ਰਾਹ ਮਿਲ ਸਕੇਗਾ।ਇਹ ਸਬਕ ਸਾਡੇ ਰਾਹ ਦਸੇਰੇ ਬਣਨਗੇ।
ਇਤਫਾਕ ਦੀ ਗੱਲ ਹੈ ਕਿ 1928 ਵਿਚ ਪਹਿਲੀ ਵਾਰ ਮੁੰਡਾ ਕਬੀਲੇ ਨਾਲ ਸੰਬੰਧਤ ਖਿਡਾਰੀ ਜੈਪਾਲ ਸਿੰਘ ਮੁੰਡਾ ਦੀ ਅਗਵਾਈ ਹੇਠ ਭਾਗ ਲਿਆ ਤਾਂ ਹਾਕੀ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ।1928 ਤੋਂ 1996 ਤਕ ਸਾਰੀਆਂ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਨੇ ਸੋਨ ਤਗਮੇ ਜਿੱਤ ਕੇ ਰਿਕਾਰਡ ਬਣਾਏ।ਪੰਜਾਬੀਆਂ ਲਈ ਹਾਕੀ ਤਾਂ ਇਕ ਖੇਡ ਧਰਮ ਬਣ ਚੁੱਕੀ ਹੈ।ਇਸ ਵਾਰ ਵੀ ਦਸ ਖਿਡਾਰੀ ਪੰਜਾਬ ਦੇ ਹੀ ਸਨ।1980 ਤੋਂ ਬਾਅਦ ਭਾਰਤੀ ਹਾਕੀ ਦੇ ਪਤਨ ਦਾ ਕਾਰਨ ਐਸਟਰੋਟਰਟ ਮੈਦਾਨਾਂ ਦਾ ਹੋਣਾ ਹੈ।ਭਾਰਤ ਵਿਚ ਆਸਟ੍ਰੇਲੀਆ ਅਤੇ ਯੂਰਪੀਨਾ ਦੇ ਮੁਕਾਬਲੇ ਅਜਿਹੇ ਸਾਧਨ ਮੁਹੱਈਆ ਨਹੀਂ ਕਰਵਾਏ ਜਾ ਸਕੇ ।ਸਾਧਨਾਂ ਦੀ ਘਾਟ ਨਾਲ ਜੂਝਦੀ ਸਾਡੀ ਖੇਡ ਪਨੀਰੀ ਮੈਡਲ ਕਿਵੇਂ ਜਿੱਤ ਸਕਦੀ ਹੈ।ਭਾਰਤੀ ਖੇਡਤੰਤਰ ਵਿਚ ਫੈਲਿਆ ਭਾਈ ਭਤੀਜਵਾਦ ਵੀ ਇਸਦੇ ਰਾਹ ਵਿਚ ਰੋੜਾ ਹੈ।
ਸਰਕਾਰਾਂ ਲਈ ਖੇਡਾਂ ਮਾਣ ਸਨਮਾਨ ਦਿਵਾਉਣ ਦਾ ਜਰੀਆ ਹਨ।ਇਸ ਲਈ ਹਰ ਸਰਕਾਰ ਨੂੰ ਇਸ ਵੱਲ ਖਾਸ ਤਵੱਜੋ ਦੇਣੀ ਚਾਹੀਦੀ ਹੈ।ਜਿਵੇਂ ਇਸ ਵਾਰ ਉਲੰਪਿਕ ਗਈ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੂੰ ਉੜੀਸਾ ਦੇ ਮੁੱਖ ਮੰਤਰੀ ਅਤੇ ਰਾਜ ਸਰਕਾਰ ਨੇ ਸਪਾਂਸਰ ਕਰਕੇ ਕੀਤਾ ਹੈ।ਉਹਨਾਂ ਅਗਲੇ ਸਾਲਾਂ ਲਈ ਵੀ ਇਹ ਜ਼ਿੰਮਾਂ ਆਪਣੇ ਸਿਰ ਲੈ ਲਿਆ ਹੈ।ਇਹ ਕੰਮ ਸਰਕਾਰਾਂ ਕਾਰਪੋਰੇਟ ਘਰਾਣਿਆਂ ਤੋਂ ਵੀ ਕਰਵਾ ਸਕਦੀਆਂ ਹਨ ਤਾਂ ਕਿ ਉਹਨਾਂ ਦੀ ਤਿਆਰੀ ਨਰਸਰੀ ਪੱਧਰ ਤੋਂ ਹੀ ਆਰੰਭੀ ਜਾ ਸਕੇ।
137 ਕਰੋੜ ਤੋਂ ਵੱਧ ਆਬਾਦੀ ਵਾਲਾ ਦੇਸ਼ ਜਨਸੰਖਿਆ ਪੱਖੋਂ ਤਾਂ ਦੂਜੇ ਨੰਬਰ ਤੇ ਹੈ ਪਰ ਤਗਮਾ ਸੂਚੀ ਵਿਚ ਇਸ ਦਾ 47ਵਾਂ ਸਥਾਨ ਰਿਹਾ।ਇਹ ਸਥਾਨ ਸਭ ਤੋਂ ਪਹਿਲਾਂ ਸਾਡੀ ਖੁਰਾਕ ਅਤੇ ਕੋਚਿੰਗ ਦੀ ਕਮੀ ਵਲ ਧਿਆਨ ਖਿੱਚਦਾ ਹੈ।ਖੁਰਾਕ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਮ 36 ਫੀਸਦੀ ਭਾਰਤੀ ਬੱਚਿਆਂ ਦਾ ਭਾਰ ਪੰਜ ਸਾਲ ਦੀ ਉਮਰ ਤਕ ਘੱਟ ਪਾਇਆ ਗਿਆ।1915-16 ਦੇ ਨੈਸ਼ਨਲ ਫੈਮਲੀ ਹੈਲਥ ਸਰਵੇ ਅਨੁਸਾਰ 59 ਫੀਸਦੀ ਬੱਚਿਆਂ ਵਿਚ ਖੂਨ ਦੀ ਘਾਟ ਪਾਈ ਗਈ।ਕੁਪੋਸ਼ਣ ਕਾਰਨ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਕਮੀ ਆਉਂਦੀ ਹੈ।ਜਦ ਦੇਸ਼ ਦੇ 59 ਫੀਸਦੀ ਬੱਚੇ ਅਨੀਮੀਆ ਤੋਂ ਪੀੜਤ ਹਨ ਤਾਂ ਇਸਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਇਹ ਬੱਚੇ ਕਿਸੇ ਵੀ ਖੇਡ ਖੇਡਣ ਦੇ ਸਮਰਥ ਨਹੀਂ ਹਨ।ਬਾਕੀ ਅਸੀਂ ਭਾਲ ਕਰਨੀ ਹੈ 51 ਫੀਸਦੀ ਬੱਚਿਆਂ ਵਿਚੋਂ।
ਸਾਡੀਆਂ ਖੁਰਾਕੀ ਸੇਵਾਵਾਂ ਸਾਡੇ ਬੱਚਿਆਂ ਕੋਲੋਂ ਖਿਡਾਰੀ ਬਣਨ ਦੀਆਂ ਸੰਭਾਵਨਾਵਾਂ ਖੋਹ ਰਹੀਆਂ ਹਨ।ਦੂਜੇ ਬੰਨੇ ਜਿਹੜੇ ਬੱਚੇ ਖਿਡਾਰੀ ਬਣਨ ਲਈ ਯਤਨ ਕਰਦੇ ਹਨ ਉਹਨਾਂ ਦੀ ਪਿੱਠ ਤੇ ਕੋਈ ਨਾ ਖੜਾ ਹੋਣਾ ਕਰਕੇ ਵੀ ਪਿਛੜ ਜਾਂਦੇ ਹਨ।ਜਿਵੇਂ ਕਿ ਅਸੀਂ ਗਰੀਬ ਖਿਡਾਰੀਆਂ ਦੀ ਤਰਸਯੋਗ ਹਾਲਤ ਬਾਰੇ ਸੁਣਦੇ ਪੜ੍ਹਦੇ ਰਹਿੰਦੇ ਹਨ।ਨਰੋਈ ਸਿਹਤ ਨਾਲ ਨਿੱਗਰ ਨਤੀਜਿਆਂ ਦੀ ਉਮੀਦ ਲਗਾਈ ਜਾ ਸਕਦੀ ਹੈ।ਵਿਦੇਸ਼ੀ ਖਿਡਾਰੀਆਂ ਦੀ ਡਾਈਟ ਅਤੇ ਕੋਚਿੰਗ ਵੱਲ ਵਿਸ਼ੇਸ਼ ਖਿਆਲ ਕੀਤੇ ਜਾਣ ਕਰਕੇ ਹੀ ਉਹ ਜਿੱਤਾਂ ਦੀਆਂ ਲੜੀਆਂ ਪ੍ਰੋਈ ਜਾਂਦੇ ਹਨ।ਸਾਡੇ ਖਿਡਾਰੀ ਮੈਦਾਨ ਵਿਚ ਵੀ ਉਹਨਾਂ ਮੁਕਾਬਲੇ ਵੱਡੀ ਉਮਰ ਵਿਚ ਪੁੱਜਦੇ ਹਨ।
ਸਾਧਨਾਂ ਦੀ ਕਮੀ ਨਾਲ ਜੂਝਦੇ ਲੋਕ ਆਪਣੇ ਹੋਣਹਾਰ ਬੱਚਿਆਂ ਨੂੰ ਮਹਿੰਗੀਆਂ ਖੁਰਾਕਾਂ ਦੇਣ ਦੇ ਸਮਰਥ ਨਹੀਂ ਹੁੰਦੇ।ਇਸ ਕਰਕੇ ਸਰਕਾਰਾਂ ਨੂੰ ਇਕ ਅਜਿਹੀ ਨੀਤੀ ਘੜਨੀ ਚਾਹੀਦੀ ਹੈ ਜਿਸ ਨਾਲ ਇਕ ਖਿਡਾਰੀ ਨੂੰ ਨਰਸਰੀ ਪੱਧਰ ਤੇ ਹੀ ਉਸਦੀ ਸਿਹਤ ਅਤੇ ਸਿਖਲਾਈ ਦੀ ਪੂਰੀ ਜ਼ਿੰਮੇਵਾਰੀ ਉਠਾ ਲਈ ਜਾਵੇ।ਬਾਹਰਲੇ ਦੇਸ਼ ਇਸੇ ਕਰਕੇ ਸਾਨੂੰ ਪਿਛਾੜ ਜਾਂਦੇ ਹਨ।ਲੋੜ ਹੈ ਨਰਸਰੀ ਪੱਧਰ ਤੇ ਬੱਚਿਆਂ ਦੀ ਕਾਂਟ ਛਾਂਟ ਕਰਨ ਦੀ।ਜਿਹਨਾਂ ਵਿਚ ਖਿਡਾਰੀ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹਨ ਉਹਨਾਂ ਨੂੰ ਤਰਾਸ਼ਣ ਲਈ ਯੋਗ ਕੋਚ ਲਗਾਏ ਜਾਣ ਜੋ ਇਮਾਨਦਾਰੀ ਨਾਲ ਉਹਨਾਂ ਨੂੰ ਦੇਸ਼ ਦੇ ਸਟਾਰ ਬਨਾਉਣ ।ਜੇਕਰ ਚਾਰ ਪੰਜ ਸਾਲ ਦੇ ਬੱਚੇ ਦੀ ਤਿਆਰੀ ਆਰੰਭ ਹੋ ਜਾਵੇ ਤਾਂ ਉਸਨੂੰ ਕੋਈ ਸਟਾਰ ਬਣਨ ਤੋਂ ਨਹੀਂ ਰੋਕ ਸਕਦਾ।ਇਸ ਵਾਸਤੇ ਸਰਕਾਰਾਂ ਨੂੰ ਇਲਾਕਿਆਂ ਦੀ ਸ਼ਨਾਖਤ ਕਰਕੇ ਉਥੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਨੀਆਂ ਚਾਹੀਦੀਆਂ ਹਨ।ਖੇਡ ਸਹੂਲਤਾਂ ਦੇ ਮਾਮਲੇ ਵਿਚ ਕਿਸੇ ਵੀ ਸਰਕਾਰ ਨੂੰ ਹੱਤ ਪਿੱਛੇ ਨਹੀਂ ਖਿੱਚਣੇ ਚਾਹੀਦੇ।ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ,ਕੇਂਦਰ ਹੋਵੇ ਜਾਂ ਰਾਜ ਸਰਕਾਰ ਹਰ ਇਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਦੇਸ਼ ਕੌਮ ਦੇ ਹੀਰਿਆਂ ਨੂੰ ਚਮਕਾ ਕੇ ਦੇਸ਼ ਦਾ ਗੌਰਵ ਕੌਮਾਂਤਰੀ ਮੰਚ ਤੇ ਵਧਾਉਣਾ ।
ਖਿਡਾਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਵਿਚ ਘਾਟਾਂ ਕਾਰਨ ਹੀ ਅਸੀਂ ਪਿਛੜਦੇ ਜਾ ਰਹੇ ਹਾਂ।ਜਦੋਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਨਿਜੀ ਯਤਨ ਹੀ ਸਭ ਤੋਂ ਅੱਗੇ ਆਉਂਦੇ ਹਨ।ਪਤਾ ਨਹੀਂ ਸਰਕਾਰਾਂ ਕਿਹੜੀ ਸੌਣੀ ਸੁੱਤੀਆ ਰਹਿੰਦੀਆਂ ਹਨ।ਜਦਕਿ ਖੇਡਾਂ ਦੀ ਮਹਾਨਤਾ ਨੂੰ ਸਾਰਾ ਸੰਸਾਰ ਜਾਣਦਾ ਅਤੇ ਸਮਝਦਾ ਹੈ।ਸਾਡੇ ਦੇਸ਼ ਦੇ ਭ੍ਰਿਸ਼ਟਾਚਾਰੀ ਸਿਸਟਮ ਨੇ ਸਭ ਕੁਝ ਖਾ ਲਿਆ ਹੈ।ਖਿਡਾਰੀਆਂ ਦੀ ਡਾਈਟ ਅਤੇ ਸਹੂਲਤਾਂ ਦਾ ਆਨੰਦ ਪਤਾ ਨਹੀਂ ਕੌਣ ਮਾਣੀ ਜਾ ਰਿਹਾ ।ਖਿਡਾਰੀਆਂ ਦੀ ਤਿਆਰੀ ਨਰਸਰੀ ਪੱਧਰ ਤੇ ਹੋਵੇ,ਹਰ ਪ੍ਰਾਇਮਰੀ ਸਕੂਲ ਵਿਚ ਇਕ ਸਰੀਰਕ ਸਿੱਖਿਆ ਅਧਿਆਪਕ, ਸੈਕੰਡਰੀ ਸਕੂਲ ਵਿਚ ਇਕ ਕੋਚ ਹੋਣਾ ਲਾਜ਼ਮੀ ਕੀਤਾ ਜਾਵੇ।ਪ੍ਰਾਇਮਰੀ ਵਿਚੋਂ ਯੋਗ ਖਿਡਾਰੀਆਂ ਦੀ ਚੋਣ ਕਰਕੇ ਅਗਲੇ ਸਕੂਲ ਦੇ ਪੀ .ਟੀ .ਆਈ ਨੂੰ ਸੌਂਪੀ ਜਾਵੇ।ਇਸ ਤਰ੍ਹਾਂ ਹੇਠੋਂ ਪਨੀਰੀ ਤਿਆਰ ਹੋ ਕੇ ਅੱਗੇ ਤੋਂ ਅਗੇਰੇ ਵਧੇਗੀ।
ਜਿਵੇਂ ਸੰਸਾਰਪੁਰ ਨੂੰ ਹਾਕੀ ਅਤੇ ਮਾਹਿਲਪੁਰ ਨੂੰ ਫੁੱਟਬਾਲ ਦਾ ਘਰ ਮੰਨਿਆ ਗਿਆ ਹੈ।ਅਜਿਹੇ ਇਲਾਕਿਆਂ ਵਿਚ ਸਪੈਸ਼ਲ ਖੇਡ ਸਹੂਲਤਾਂ ਪ੍ਰਦਾਨ ਕਰਕੇ ਨਰੋਆ ਸਟੱਫ ਤਿਆਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹਰੋ ਇਲਾਕਿਆਂ ਵਿਚ ਵੀ ਖੇਤੀ ਖੋਜ ਕੇਂਦਰ ਵਾਂਘ ਖੇਡ ਖੋਜ ਕੇਂਦਰ ਸਥਾਪਿਤ ਕੀਤੇ ਜਾਣ।ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਵਿਚ ਗੂੜ੍ਹਾ ਤਾਲਮੇਲ ਹੋਣਾ ਚਾਹੀਦਾ ਹੈ।ਇਹ ਹਰ ਥਾਂ ਇਕ ਦੂਜੇ ਦੇ ਸਹਿਯੋਗੀ ਬਣਕੇ ਕੰਮ ਕਰਨ ਤਾਂ ਚੰਗੀ ਉਮੀਦ ਜਾਗ ਸਕਦੀ ਹੈ।ਇਸੇ ਤਰ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਦਾ ਤਾਲਮੇਲ ਹੋਣਾ ਲੋੜੀਂਦਾ ਹੈ।ਰਾਜਨੀਤੀ ਖੇਡ ਮੈਦਾਨ ਵਿਚ ਨਹੀਂ ਖੇਡਣੀ ਚਾਹੀਦੀ। ਇਥੇ ਤਾਂ ਸਚਾਈ ਅਤੇ ਮਜ਼ਬੂਤੀ ਦਾ ਹੀ ਪ੍ਰਦਰਸ਼ਨ ਹੁੰਦਾ ਹੈ।ਆਪਸੀ ਭਾਈਚਾਰਾ ਅਤੇ ਸਾਂਝੀਵਾਲਤਾ ਸਿਰਜੀ ਜਾਂਦੀ ਹੈ।ਸੌੜੀ ਸੋਚ ਵਾਲਿਆਂ ਨੂੰ ਖੇਡ ਭਾਵਨਾ ਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ।ਯੋਗ ਖਿਡਾਰੀਆਂ ਦੀ ਚੋਣ ਹੋਣੀ ਵੀ ਜ਼ਰੂਰੀ ਹੈ।ਨਰੋਈ ਖੇਡ ਨੀਤੀ ,ਪੌਸ਼ਟਿਕ ਖੁਰਾਕ, ਕੌਮਾਂਤਰੀ ਪੱਧਰ ਦੇ ਸਾਧਨ ਅਤੇ ਕੋਚਿੰਗ, ਇਮਾਨਦਾਰੀ ਨਾਲ ਕਰਵਾਈ ਜਾਵੇ ਤਾਂ ਅਸੀਂ ਕਦੀ ਕਿਸੇ ਤੋਂ ਪਿੱਛੇ ਨਹੀਂ ਰਹਿ ਸਕਦੇ।ਹੁਣ ਦੇਖਣਾ ਇਹ ਹੈ ਕਿ ਅਸੀਂ ਉਲੰਪਿਕ ਦੇ ਨਤੀਜਿਆਂ ਤੋਂ ਬਾਅਦ ਆਪਣੀਆਂ ਕਮੀਆਂ ਨੂੰ ਕਿਥੋਂ ਤਕ ਦੂਰ ਕਰਨ ਵਿਚ ਸਫਲ ਹੁੰਦੇ ਹਾਂ।ਜਦੋਂ ਕੋਈ ਕੌਮਾਂਤਰੀ ਖਿਡਾਰੀ ਰੇੜ੍ਹੀ ਤੇ ਸਬਜ਼ੀ ਵੇਚਣ ਲਈ ਮਜ਼ਬੂਰ ਹੁੰਦਾ ਹੈ ਤਾਂ ਮਾਪਿਆਂ ਅਤੇ ਦੇਸ਼ ਵਾਸੀਆਂ ਦਾ ਸੀਨਾ ਵਲੂੰਧਰਿਆਂ ਜਾਂਦਾ ਹੈ।ਸਾਨੂੰ ਭਰਪੂਰ ਆਸ ਹੋ ਕੇ ਕੇਂਦਰ ਅਤੇ ਰਾਜ ਸਰਕਾਰ ਇਹਨਾਂ ਵਿਚਾਰਾਂ ਨੂੰ ਅਪਣਾਕੇ ਖੇਡ ਜਗਤ ਵਿਚ ਆਪਣਾ ਨਾਂ ਜ਼ਰੂਰ ਚਮਕਾਵੇਗੀ।

(ਬਲਜਿੰਦਰ ਮਾਨ)
+91 98150-18947

Install Punjabi Akhbar App

Install
×