ਜੋੜੀਆਂ ਜੱਗ ਥੋੜ੍ਹੀਆਂ: ਨਿਊਜ਼ੀਲੈਂਡ ‘ਚ ਭਾਰਤੀ ਬਜ਼ੁਰਗ ਜੋੜੀ ਸਭ ਤੋਂ ਵੱਧ ‘ਲੰਬਾ ਸਮਾਂ ਵਿਆਹਿਆਂ’ ਦੀ ਸ਼੍ਰੇਣੀ ਵਿਚ ਪਹਿਲੇ ਨੰਬਰ ‘ਤੇ

NZ PIC 16 Feb-2ਨਿਊਜ਼ੀਲੈਂਡ ਦੇ ਵਿਚ ਸਭ ਤੋਂ ‘ਲੰਬਾ ਸਮਾਂ ਵਿਆਹਿਆਂ’ ਵਜੋਂ ਜੀਅ ਰਹੇ ਜੋੜੇ ਦੇ ਵਿਚ ਇਕ ਭਾਰਤੀ ਜੋੜੇ ਨੂੰ ਚੁਣਿਆ ਗਿਆ ਹੈ। ਜੈਰਾਮ ਰਾਵਜੀ ਅਤੇ ਉਨ੍ਹਾਂ ਦੀ ਪਤਨੀ ਗੰਗਾ ਰਾਵਜੀ ਇਸ ਵੇਲੇ 100 ਨੂੰ ਢੁੱਕਣ ਵਾਲੇ ਹਨ ਅਤੇ ਅਪ੍ਰੈਲ ਦੇ ਵਿਚ ਆਪਣੇ ਵਿਆਹ ਦੀ 81ਵੀਂ ਸਾਲਗਿਰਾ ਮਨਾਈ ਜਾ ਰਹੀ ਹੈ। ਇਸ ਜੋੜੇ ਦੀ ਮੰਗਣੀ ਉਦੋਂ ਹੋ ਗਈ ਸੀ ਜਦੋਂ ਉਹ 6 ਸਾਲ ਦੇ ਹੀ ਸਨ ਅਤੇ ਸ਼ਾਦੀ 19 ਸਾਲ ਦੇ ਵਿਚ ਹੋ ਗਈ ਸੀ। ਸ੍ਰੀ ਰਾਵਜੀ ਭਾਰਤ ਦੀ ਆਜ਼ਾਦੀ ਵੇਲੇ ਮਹਾਤਮਾ ਗਾਂਧੀ ਦੇ ਨਾਲ ਸਹਿਯੋਗ ਕਰਦਿਆਂ 10 ਮਹੀਨਿਆਂ ਦੀ ਸਜ਼ਾ ਵੀ ਭੁਗਤ ਚੁੱਕੇ ਹਨ। 1928 ਦੇ ਵਿਚ ਉਹ ਜਦੋਂ 11 ਕੁ ਸਾਲ ਦੇ ਸਨ ਤਾਂ ਨਿਊਜ਼ੀਲੈਂਡ ਆ ਗਏ ਸਨ। ਇਨ੍ਹਾਂ ਦੀ ਆਪਣੀ ਸੰਤਾਨ 6 ਜੀਆਂ ਦੀ ਹੈ, 15 ਪੋਤੇ-ਪੋਤੀਆਂ ਹਨ ਅਤੇ 25 ਪੜਪੋਤੇ-ਪੋਤੀਆਂ ਹਨ। ਆਪਣੇ ਵਿਆਹ ਦੀ ਸਫਲਤਾ ਦਾ ਰਾਜ ਉਨ੍ਹਾਂ ਇਕ ਦੂਜੇ ਲਈ ਸਮਰਪਣ ਦੀ ਭਾਵਨਾ ਦੱਸਿਆ। 1953 ਤੋਂ ਉਹ ਆਪਣੇ ਪਰਿਵਾਰ ਦੇ ਨਾਲ  ਪਹਿਲਾਂ ਵਾਂਗਾਨੂਈ ਵਿਖੇ ਰਹਿੰਦੇ ਸਨ ਅਤੇ 1981 ਦੇ ਵਿਚ ਆਕਲੈਂਡ ਆ ਕੇ ਰਹਿਣ ਲੱਗੇ ਸਨ। ਇਸ ਵੇਲੇ ਇਨ੍ਹਾਂ ਦੇ ਪਰਿਵਾਰ ਦੇ ਬੱਚੇ ਚੌਥੀ ਪੀੜ੍ਹੀ ਦੇ ਵਿਚ ਪ੍ਰਵੇਸ਼ ਕੀਤੇ ਹੋਏ ਹਨ। ਇਨ੍ਹਾਂ ਦੀ ਇਕ ਬੇਟੀ ਵੀ 50ਵੀਂ ਵਿਆਹ ਦੀ ਸਾਲਗਿਰਾ ਮਨਾ ਚੁੱਕੀ ਹੈ। ਇਸ ਭਾਰਤੀ ਜੋੜੀ ਨੂੰ ਉਮੀਦ ਹੈ ਕਿ ਉਨ੍ਹਾਂ ਦੇ 100ਵੇਂ ਜਨਮ ਦਿਵਸ ਉਤੇ ਇੰਗਲੈਂਡ ਦੀ ਮਹਾਰਾਣੀ ਵਧਾਈ ਪੱਤਰ ਭੇਜੇਗੀ।

Install Punjabi Akhbar App

Install
×