ਵੱਡੀ ਗਿਣਤੀ ਵਿਚ ਇਸਾਈ ਧਰਮ ਧਾਰਨ ਕਰਨ ਵੱਲ ਆਕਰਸ਼ਿਤ ਹੋ ਰਹੇ ਨੇ ਵਿਮੁਕਤ ਜਾਤੀਆਂ ਦੇ ਲੋਕ 

  • ਹੁਣ ਪਿੰਡਾਂ ਵਿਚ ਵੀ ਉੱਸਰ ਰਹੇ ਹਨ ਗਿਰਜਾ ਘਰ
(ਇਕ ਪਿੰਡ ਵਿਚ ਉੱਸਰਿਆ ਗਿਰਜਾ ਘਰ। ਤਸਵੀਰ ਗੁਰਭੇਜ ਸਿੰਘ ਚੌਹਾਨ)
(ਇਕ ਪਿੰਡ ਵਿਚ ਉੱਸਰਿਆ ਗਿਰਜਾ ਘਰ। ਤਸਵੀਰ ਗੁਰਭੇਜ ਸਿੰਘ ਚੌਹਾਨ)

ਫਰੀਦਕੋਟ 31 ਮਾਰਚ  –ਭਾਵੇਂ ਸਿੱਖ ਧਰਮ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਵਿਦੇਸ਼ੀ ਲੋਕਾਂ ਨੇ ਵੱਡੀ ਗਿਣਤੀ ਵਿਚ ਸਿੱਖ ਧਰਮ ਧਾਰਨ ਕਰ ਲਿਆ ਹੈ ਅਤੇ ਕਰ ਰਹੇ ਹਨ ਪਰ ਮੁੱਢ ਕਦੀਮਾਂ ਤੋਂ ਸਿੱਖ ਧਰਮ ਨਾਲ ਸਬੰਧਤ ਲੋਕ ਅੱਜ ਕੱਲ੍ਹ ਕਈ ਤਰਾਂ ਦੇ ਡੇਰਾਵਾਦ ਤੋਂ ਇਲਾਵਾ ਈਸਾਈ ਧਰਮ ਵੱਲ ਕਿਉਂ ਆਕਰਸ਼ਿਤ ਹੋ ਰਹੇ ਹਨ, ਇਹ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ। ਇਨ੍ਹਾਂ ਲੋਕਾਂ ਵਿਚ ਸਭ ਤੋਂ ਜਿਆਦਾ ਗਿਣਤੀ ਵਿਮੁਕਤ ਜਾਤੀਆਂ ਦੀ ਹੈ ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਈਸਾਈ ਧਰਮ ਨੂੰ ਅਪਣਾ ਲਿਆ ਹੈ ਅਤੇ ਹੁਣ ਆਮ ਪਿੰਡਾਂ ਵਿਚ ਗਿਰਜਾ ਘਰ ਉੱਸਰੇ ਵੇਖੇ ਜਾ ਸਕਦੇ ਹਨ, ਜਿੱਥੇ ਜਾਕੇ ਇਹ ਲੋਕ ਇਸਾਈ ਧਰਮ ਅਨੁਸਾਰ ਆਪਣੀ ਪ੍ਰਾਰਥਨਾ ਕਰਦੇ ਹਨ। ਇਸ ਪਿੱਛੇ ਕੁੱਝ ਅਜਿਹੇ ਕਾਰਨ ਨਜ਼ਰ ਆ ਰਹੇ ਹਨ ਜਿਸ ਕਰਕੇ ਇਹ ਲੋਕ ਇਸ ਧਰਮ ਨੂੰ ਆਪਣਾ ਰਹੇ ਹਨ। ਇਸ ਸਬੰਧੀ ਕੁੱਝ ਲੋਕਾਂ ਨਾਲ ਗੱਲ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਲੋਕਾਂ ਦੇ ਮਨ ਵਿਚ ਇਹ ਗੱਲ ਬਿਠਾਈ ਗਈ ਹੈ ਕਿ ਪ੍ਰਭੂ ਈਸਾ ਮਸੀਹ ਦੇ ਦਰ ਤੇ ਪ੍ਰਾਰਥਨਾ ਕਰਨ ਨਾਲ ਹਰ ਤਰਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਅਤੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਕੁੱਝ ਲੋਕਾਂ ਨੇ ਇਹ ਦਾਅਵਾ ਵੀ ਕੀਤਾ ਕਿ ਉਹ ਕਿਸੇ ਦੁੱਖ ਦਰਦ ਤੋਂ ਪੀੜਤ ਸਨ ਪਰ ਪ੍ਰਾਰਥਨਾ ਤੋਂ ਬਾਅਦ ਉਹ ਬਿੱਲਕੁੱਲ ਠੀਕ ਹੋ ਗਏ। ਦੂਸਰਾ ਇਨ੍ਹਾਂ ਲੋਕਾਂ ਲਈ ਇਸਾਈ ਧਰਮ ਵਲੋਂ ਪਿੰਡਾਂ ਵਿਚ ਸਕੂਲ ਵੀ ਖੋਲ੍ਹੇ ਗਏ ਹਨ, ਜਿੱਥੇ ਇਨ੍ਹਾਂ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਵੀ ਦਿੱਤੀ ਜਾ ਰਹੀ ਹੈ।

ਕੁੱਝ ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਧਰਮ ਵਿਚ ਸ਼ਾਮਲ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਪਾਸਪੋਰਟ ਬਣਵਾਉਣ ਲਈ ਕਿਹਾ ਅਤੇ ਵਿਦੇਸ਼ ਭੇਜਣ ਦੇ ਲਾਲਚ ਦਿੱਤੇ। ਜਿਸ ਕਰਕੇ ਉਹ ਉਨ੍ਹਾਂ ਲੋਕਾਂ ਦੀਆਂ ਚਾਲਾਂ ਵਿਚ ਆ ਗਏ ਅਤੇ ਵਿਦੇਸ਼ ਜਾਣ ਦੇ ਲਾਲਚ ਵਿਚ ਲੱਖਾਂ ਰੁਪਏ ਦੀ ਠੱਗੀ ਵੀ ਖਾ ਲਈ। ਇਹ ਲੋਕ ਅਨਪੜ੍ਹਤਾ ਅਤੇ ਗਰੀਬੀ ਕਾਰਨ ਅਜਿਹੇ ਲੋਕਾਂ ਦੇ ਛੇਤੀ ਝਾਂਸੇ ਵਿਚ ਆ ਜਾਂਦੇ ਹਨ। ਵੇਖਿਆ ਜਾਵੇ ਤਾਂ ਵਿਮੁਕਤ ਕਬੀਲਿਆਂ ਦੇ ਇਨ੍ਹਾਂ ਲੋਕਾਂ ਦਾ ਪਿਛੋਕੜ ਸਿੱਖੀ ਨਾਲ ਜੁੜਿਆ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਵੱਖ ਵੱਖ ਜਾਤੀਆਂ ਚੋਂ ਪੰਜ ਪਿਆਰੇ ਸਾਜਕੇ ਉਨ੍ਹਾਂ ਨੂੰ ਸਿੱਖ ਧਰਮ ਨਾਲ ਜੋੜਿਆ ਸੀ ਪਰ ਸਾਡੇ ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਇਨ੍ਹਾਂ ਲੋਕਾਂ ਨੂੰ ਅਣਗੌਲਿਆ ਕਰਕੇ ਸਿੱਖ ਧਰਮ ਤੋਂ ਦੂਰ ਕਰ ਦਿੱਤਾ ਹੈ। ਅਜਿਹੇ ਲੋਕਾਂ ਨੇ ਰਾਜਨੀਤਕ ਮੁਫਾਦਾਂ ਕਾਰਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵੱਲ ਧਿਆਨ ਹੀ ਨਹੀਂ ਦਿੱਤਾ। ਜਿਸ ਕਰਕੇ ਉੱਚ ਜਾਤੀਆਂ ਨਾਲ ਸਬੰਧਤ ਸਿੱਖ ਪਰਵਾਰ ਵੀ ਕਈ ਤਰਾਂ ਦੇ ਡੇਰਾਵਾਦ ਨਾਲ ਜੁੜ ਗਏ। ਜੇਕਰ ਸਿੱਖੀ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਧਰਮ ਤੋਂ ਭਟਕੇ ਲੋਕਾਂ ਨੂੰ ਸਹੀ ਸੇਧ ਦੇਵੇ ਅਤੇ ਪੂਰਨ ਸਿੱਖੀ ਸਰੂਪ ਧਾਰਨ ਕਰਨ ਵਾਲੇ ਬੱਚਿਆਂ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਕਰੇ ਅਤੇ ਹੋਰ ਸਹੂਲਤਾਂ ਦੇਵੇ ਤਾਂ ਗੁਮਰਾਹ ਹੋਏ ਇਹ ਲੋਕ ਮੁੜ ਆਪਣੇ ਧਰਮ ਨਾਲ ਜੁੜ ਸਕਦੇ ਹਨ।

Install Punjabi Akhbar App

Install
×