ਐਨ.ਜ਼ੈÎੱਡ ਵੋਮੈਨਜ਼ ਕਬੱਡੀ ਫੈਡਰੇਸ਼ਨ ਵੱਲੋਂ ‘ਟੀਮ ਨਿਊਜ਼ੀਲੈਂਡ’ ਚੁਨਣ ਲਈ ਟੌਰੰਗਾ ਵਿਖੇ ਪਹਿਲਾ ਟ੍ਰਾਇਲ 12 ਅਕਤੂਬਰ ਨੂੰ

‘ਐਨ. ਜ਼ੈਡ ਵੋਮੈਨਜ਼ ਕਬੱਡੀ ਫੈਡਰੇਸ਼ਨ’ ਜੋ ਕਿ ਤੀਜੇ ਮਹਿਲਾ ਵਿਸ਼ਵ ਕਬੱਡੀ ਕੱਪ ਦੇ ਨਾਲ ਹੀ ਇਥੇ ਹੋਂਦ ਵਿਚ ਆਈ ਸੀ, ਨੇ ਆਪਣੇ ਘੇਰਾ ਵਧਾਉਂਦਿਆਂ ਨਿਊਜ਼ੀਲੈਂਡ ਦੀਆਂ ਸਾਰੀਆਂ ਨਾਗਰਿਕਤਾ ਪ੍ਰਾਪਤ ਕੁੜੀਆਂ ਨੂੰ ਇਕ ਬਰਾਬਰ ਮੌਕਾ ਦੇਣ ਦਾ ਐਲਾਨ ਕੀਤਾ ਹੈ। ਇਸ ਵੇਲੇ ਨਿਊਜ਼ੀਲੈਂਡ ਦੀ ਮਹਿਲਾ ਕਬੱਡੀ ਟੀਮ ਦੇ ਵਿਚ ਲਗਪਗ 20 ਤੋਂ 25 ਕੁੜੀਆਂ ਲਗਾਤਾਰ ਕਬੱਡੀ ਖੇਡ ਦੀ ਪ੍ਰੈਕਟਿਸ ਕਰ ਰਹੀਆਂ ਹਨ ਅਤੇ 12 ਕੁੜੀਆਂ ਤੀਜੇ ਵਿਸ਼ਵ ਕੱਪ ਦੇ ਵਿਚ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਉਪਤੇਜੂ ਹੋ ਕੇ ਮੁੜੀਆਂ ਸਨ। ਇਨ੍ਹਾਂ ਕੁੜੀਆਂ ਨੂੰ ਵਿਸ਼ਵ ਕਬੱਡੀ ਕੱਪ ਦੌਰਾਨ ਸਟਾਰ ਬਣਦਿਆਂ ਵੇਖ ਇਥੇ ਦੀ ਰਾਸ਼ਟਰੀ ਰਗਬੀ ਟੀਮ ਦੀਆਂ ਕੁੜੀਆਂ ਵੀ ਕਬੱਡੀ ਖੇਡਣ ਦੇ ਲਈ ਤਰਲੋ-ਮੱਛੀ ਹੋਈਆਂ ਨਜ਼ਰ ਆ ਰਹੀਆਂ ਹਨ। ਸੋ ਹੁਣ ਇਨ੍ਹਾਂ ਸਾਰੀਆਂ ਕੁੜੀਆਂ ਚੋਂ ਚੋਣ ਕਰਕੇ ਇਕ ਰਾਸ਼ਟਰੀ ਪੱਧਰ ਸਾਂਝੀ ਟੀਮ ਬਣਾਉਣ ਦੀ ਕਵਾਇਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ. ਤਾਰਾ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਬੰਧੀ ਦੋ ਵੱਖ-ਵੱਖ ਥਾਵਾਂ ‘ਤੇ ਟ੍ਰਾਇਲ ਕੀਤੇ ਜਾ ਰਹੇ ਹਨ। ਪਹਿਲਾ ਟ੍ਰਾਇਲ 12 ਅਕਤੂਬਰ ਨੂੰ ਟੌਰੰਗਾ ਦੇ ਇਕ ਖੇਡ ਮੈਦਾਨ ਵਿਚ ਰੱਖਿਆ ਜਾ ਰਿਹਾ ਹੈ ਅਤੇ ਦੂਜਾ ਟ੍ਰਾਈਲ 2 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਰੱਖਿਆ ਜਾਵੇਗਾ। ਇਨ੍ਹਾਂ ਟ੍ਰਾਇਲਾਂ ਦੇ ਵਿਚ ਕੋਈ ਵੀ ਨਿਊਜ਼ੀਲੈਂਡ ਸਿਟੀਜ਼ਨ ਕੁੜੀ ਭਾਗ ਲੈ ਕੇ ਟੀਮ ਦੇ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰ ਸਕਦੀ ਹੈ। ਖਿਡਾਰਨਾਂ ਦੀ ਚੋਣ ਸਾਬਕਾ ਕੈਪਟਨ ਆਰੋਹਾ ਸਾਵੇਗ (ਰੇਡਰ) ਅਤੇ ਰਾਵੀਨੀਆ ਐਵਰਲਿਟ (ਜਾਫੀ) ਵੱਲੋਂ ਕੀਤੀ ਜਾਵੇਗੀ। ਜਿਹੜੀਆਂ ਕੁੜੀਆਂ ਇਨ੍ਹਾਂ ਟ੍ਰਾਇਲਾਂ ਦੇ ਵਿਚ ਭਾਗ ਲੈਣਾ ਚਾਹੁੰਦੀਆਂ ਹੋਣ ਉਹ ਸ. ਤਾਰਾ ਸਿੰਘ ਬੈਂਸ ਦੇ ਨਾਲ ਫੋਨ ਨੰਬਰ 021 029 62 843 ‘ਤੇ ਸੰਪਰਕ ਕਰ ਸਕਦੀਆਂ ਹਨ। ਪੁਰਸ਼ਾਂ ਦਾ ਪੰਜਵਾਂ ਅਤੇ ਮਹਿਲਾਵਾਂ ਦਾ ਚੌਥਾ ਵਿਸ਼ਵ ਕੱਪ 5 ਦਸੰਬਰ ਤੋਂ 15 ਦਸੰਬਰ ਤੱਕ ਕਰਵਾਉਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

Welcome to Punjabi Akhbar

Install Punjabi Akhbar
×