ਨਿਊਜ਼ੀਲੈਂਡ ਪੁਲਿਸ ‘ਚ ਮਹਿਲਾਵਾਂ ਦੇ 75 ਸਾਲ ਪੂਰੇ: ਭਾਰਤੀ ਤੌਰ ਤਰੀਕਿਆਂ ਨਾਲ ਮਨਾਏ ਗਏ ਪੁਲਿਸ ਜਸ਼ਨ ਵਿਚ ਪਹਿਲਾਂ ਪ੍ਰਾਰਥਨਾ ਤੇ ਫਿਰ ਪਿਆ ਪੁਲਿਸ ਭੰਗੜਾ

NZ NEWS 30 June-1

ਨਿਊਜ਼ੀਲੈਂਡ ਪੁਲਿਸ ਵਿਭਾਗ ਇਨ੍ਹੀਂ ਦਿਨੀਂ ਮਹਿਲਾਵਾਂ ਦੀ ਪੁਲਿਸ ‘ਚ ਭਾਗੀਦਾਰੀ ਦਾ 75ਵਾਂ ਸ਼ਾਨਦਾਰ ਸਾਲ ਮਨਾ ਰਿਹਾ ਹੈ। ਨਿਊਜ਼ੀਲੈਂਡ ਪੁਲਿਸ ਵਿਭਾਗ ਵੱਲੋਂ ਰਾਸ਼ਟਰ-ਵਿਆਪੀ ਜਸ਼ਨ ਉਲੀਕੇ ਗਏ ਹਨ। ਵੱਖ-ਵੱਖ ਪੁਲਿਸ ਜ਼ਿਲ੍ਹਿਆਂ ਦੇ ਵਿਚ ਵਿਭਿੰਗ ਤਰੀਕਿਆਂ ਅਤੇ ਪ੍ਰਰੰਪਰਾਵਾਂ ਮੁਤਾਬਿਕ ਇਹ ਜਸ਼ਨ ਮਨਾਏ ਜਾ ਰਹੇ ਹਨ। ਅੱਜ ਆਕਲੈਂਡ ਵਿਖੇ ਹੈਂਡਰਸਨ ਪੁਲਿਸ ਵੱਲੋਂ ਮਨਾਏ ਗਏ ਜਸ਼ਨ ਨੂੰ ਭਾਰਤੀ ਤੌਰ ਤਰੀਕਿਆਂ ਨਾਲ ਮਨਾਇਆ ਗਿਆ। ਉਸ ਪ੍ਰਮਾਤਮਾ ਨੂੰ ਯਾਦ ਕਰਦਿਆਂ ਸ੍ਰੀ ਰਾਮ ਮੰਦਿਰ ਤੋਂ ਪਹੁੰਚੇ ਪੁਜਾਰੀ ਜਨਾਂ ਨੇ ਪਹਿਲਾਂ ਪ੍ਰਾਰਥਨਾ ਕੀਤੀ ਤੇ ਫਿਰ ਦੂਜੀਆਂ ਧਾਰਮਿਕ ਰਸਮਾਂ। ਉਪਰੰਤ ਸਾਬਕਾ ਪੁਲਿਸ ਮਹਿਲਾਵਾਂ ਨੇ ਆਪਣੇ ਪੁਲਿਸ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਜੋ ਸਭ ਦੀ ਖਿੱਚ ਦਾ ਕਾਰਨ ਬਣਿਆ ਉਹ ਸੀ ਨਿਊਜ਼ੀਲੈਂਡ ਪੁਲਿਸ ਦਾ ਭੰਗੜਾ। ਪੰਜ ਮੈਂਬਰੀ ਭੰਗੜਾ ਟੀਮ ਜਿਸ ਦੇ ਵਿਚ ਇਕ ਪੰਜਾਬੀ ਮਹਿਲਾ, ਦੋ ਪੰਜਾਬੀ ਪੁਰਸ਼, ਇਕ ਸਾਮੋਅਨ ਮਹਿਲਾ ਅਤੇ ਇਕ ਯੂਰਪੀਅਨ ਮਹਿਲਾ ਸ਼ਾਮਿਲ ਸੀ। ਭੰਗੜਾ ਟੀਮ ਨੇ ਪੰਜਾਬੀ ਗਾਣੇ ਦੇ ਉਤੇ ਖੂਬ ਐਕਸ਼ਨ ਭੰਗੜਾ ਪਾਇਆ ਤੇ ਹਾਜ਼ਿਰ ਸਾਰੇ ਪੁਲਿਸ ਸਟਾਫ ਦੀ ਵਾਹ-ਵਾਹ ਖੱਟੀ। ਪੁਲਿਸ ਮਹਿਲਾਵਾਂ ਦੇ ਇਤਿਹਾਸ ਵੱਲ ਵੇਖੀਏ ਤਾਂ  3 ਜੂਨ 1941 ਨੂੰ ਪਹਿਲੀ ਵਾਰ ਇਥੇ ਦੀ ਪੁਲਿਸ ਵਿਚ 10 ਮਹਿਲਾਵਾਂ ਭਰਤੀ ਹੋਈਆਂ ਸਨ ਤੇ ਵਲਿੰਗਟਨ ਵਿਖੇ ਟ੍ਰੇਨਿੰਗ ਲੱਗੀ ਸੀ। ਮਹਿਲਾ ਪੁਲਿਸ ਭਰਤੀ ਦੇ ਵਿਚ ਇਹ ਦੇਸ਼ ਭਾਵੇਂ ਕੁਝ ਪਿੱਛੇ ਰਿਹਾ ਪਰ ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਹੱਕ ਸਭ ਤੋਂ ਪਹਿਲਾਂ ਦਿੱਤਾ ਗਿਆ ਸੀ। ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ 32.2% ਮਹਿਲਾਵਾਂ ਹਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਮਹਿਲਾਵਾਂ ਸੀਨੀਅਰ ਪੋਸਟਾਂ ਲਈ ਮੁੱਖ ਦਫਤਰ ਵਿਖੇ ਤਾਇਨਾਤ ਹਨ। ਰੈਂਕ ਮੁਤਾਬਿਕ ਮਹਿਲਾ ਕਾਂਸਟੇਬਲ 21.4%, ਸਰਜਾਂਟ 11.6%, ਸੀਨੀਅਰ ਸਰਜਾਂਟ 11.4%, ਇੰਸਪੈਕਟਰ 12.3% ਅਤੇ ਸੁਪਰਇਨਟੈਂਡੈਂਟ 14% ਹਨ। ਜੇਕਰ ਭਾਰਤ ਵਿਚ ਮਹਿਲਾ ਪੁਲਿਸ ਦੀ ਦਰ ਵੇਖੀ ਜਾਵੇ ਤਾਂ ਇਹ ਸਿਰਫ 2% ਹੈ।
ਭਾਰਤ ਵਾਸੀਆਂ ਖਾਸ ਕਰ ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੀ ਪੁਲਿਸ ਅਫਸਰ ਮਨਦੀਪ ਕੌਰ ਸਿੱਧੂ ਹੈ ਜੋ ਕਿ 2004 ਦੇ ਵਿਚ ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋਈ ਸੀ।  ਅੱਜ ਕੱਲ੍ਹ ਮਨਦੀਪ ਕੌਰ ਸਿੱਧੂ ਏਥਨਿਕ ਲਾਇਜ਼ਨ ਆਫੀਸਰ ਦੇ ਤੌਰ ‘ਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਅਰਬੀਅਕ ਕਮਿਊਨਿਟੀ ਸੰਗ ਜ਼ਿੰਮੇਵਾਰੀ ਵਾਲਾ ਕੰਮ ਕਰ ਰਹੀ ਹੈ। ਅੱਜ ਹੋਏ ਜਸ਼ਨ ਦੇ ਵਿਚ ਮੰਦੀਪ ਕੌਰ ਸਿੱਧੂ ਨੇ ਪਹਿਲਾਂ ਮਹਿਲਾਵਾਂ ਨੂੰ ਵਧਾਈ ਦਿੱਤੀ ਅਤੇ ਫਿਰ ਮਹਿਲਾ ਪੁਲਿਸ ਵਿਭਾਗ ਦੇ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਿਸ ਕਾਲਜ ਦੇ ਵਿਚ ਭਾਰਤੀ ਖਾਣੇ ਲਈ ਸਹੂਲਤ ਨਹੀਂ ਹੁੰਦੀ ਸੀ, ਜਦ ਕਿ ਹੁਣ ਪੁਲਿਸ ਨੇ ਭਾਰਤੀਆਂ ਦੀ ਆਮਦ ਵੇਖਦਿਆਂ ਇਸਦਾ ਬਹੁਤੇ ਥਾਂ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲਾਇਜ਼ਨ ਅਫਸਰਾਂ ਨੂੰ ਹੁਣ ਜਿਆਦਾ ਅਧਿਕਾਰ ਹਨ, ਉਹ ਕਮਿਊਨਿਟੀਆਂ ਦੇ ਹੋਰ ਨੇੜੇ ਹੋਏ ਹਨ, ਪੁਲਿਸ ਹੁਣ ਧਾਰਮਿਕ ਅਦਾਰਿਆਂ ਦੇ ਨਾਲ ਰਾਬਤਾ ਬਣਾਉਂਦੀ ਹੈ, ਪੀੜ੍ਹਤ ਵਿਅਕਤੀਆਂ ਨੂੰ ਸਮਝਦੀ ਹੈ, ਘਟਨਾਵਾਂ ਦੇ ਕੀ ਨਤੀਜੇ ਨਿਕਲਣਗੇ? ਬਾਰੇ ਜਾਗੂਰਿਕ ਕਰਦੀ ਹੈ। ਮਹਿਲਾਵਾਂ ਦੇ 75 ਸਾਲ ਪੂਰੇ ਹੋਣ ਵਾਲੇ ਜਸ਼ਨ ਅਜੇ ਜੁਲਾਈ ਮਹੀਨੇ ਦੇ ਅੰਤ ਤੱਕ ਚੱਲਣਗੇ ਅਤੇ ਪਹਿਲੀ ਅਗਸਤ ਨੂੰ ਵਲਿੰਗਟਨ ਵਿਖੇ ਪ੍ਰੇਡ ਹੋਵੇਗੀ ਅਤੇ ਅਕਤੂਬਰ ਮਹੀਨੇ ਪੁਲਿਸ ਕਾਲਜ ਦੇ ਵਿਚ ਨੁਮਾਇਸ਼ ਲੱਗੇਗੀ।

Install Punjabi Akhbar App

Install
×